
ਸ੍ਰੀ ਮੁਕਤਸਰ ਸਾਹਿਬ 7 ਨਵੰਬਰ (ਕੁਲਦੀਪ ਸਿੰਘ ਘੁਮਾਣ)-ਸਮਾਜ ਸੇਵੀ ਸੰਸਥਾ “ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ (ਰਜਿ.) ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਦੀ ਸੰਸਥਾ ਵੱਖ ਵੱਖ ਵਿਸ਼ਿਆਂ ਤੇ ਸਮਾਜ ਸੇਵਾ ਦੇ ਬਣਦੇ ਫਰਜ਼ਾਂ ਦੀ ਅਦਾਇਗੀ ਕਰਦੀ ਆ ਰਹੀ ਹੈ ਉੱਥੇ ਹੁਣ ਬੇਜ਼ੁਬਾਨ ਪੰਛੀਆਂ ਦੇ ਰੈਣ ਬਸੇਰੇ ਲਈ ਕੁਦਰਤੀ ਸਰੋਤਾਂ ਤੋਂ ਬਣੇ ਆਲ੍ਹਣਿਆਂ ਦਾ ਇੰਤਜ਼ਾਮ ਕੀਤਾ ਜਾਵੇਗਾ ।ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਾਤਾਵਰਨ ਪ੍ਰੇਮੀ ਅਤੇ ਕੁਦਰਤੀ ਖੇਤੀ ਮਾਹਿਰ ਰਾਮ ਸਿੰਘ ਮਾਨ ਮਰਾੜ ਦੀ ਸਹਾਇਤਾ ਨਾਲ ਇਸ ਉੱਦਮ ਨੂੰ ਸਿਰੇ ਚਾੜ੍ਹਿਆ ਜਾਵੇਗਾ। ਸੰਸਥਾ ਦੀ ਚੇਅਰਪਰਸਨ ਕੁਲਵਿੰਦਰ ਕੌਰ ਬਰਾੜ ਨੇ ਦੱਸਿਆ ਕਿ ਦਿਨ ਬ ਦਿਨ ਪਲੀਤ ਹੋ ਰਿਹਾ ਵਾਤਾਵਰਣ ਅਤੇ ਪੰਛੀਆਂ ਦੀਆਂ ਦੀ ਘਟ ਰਹੀ ਗਿਣਤੀ ਡੂੰਘੀ ਚਿੰਤਾ ਦਾ ਵਿਸ਼ਾ ਹੈ ।ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਾਤਾਵਰਨ ਪ੍ਰੇਮੀ ਰਾਮ ਸਿੰਘ ਮਰਾੜ ਨੇ ਆਖਿਆ ਕਿ ਸੰਸਥਾ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਦਾ ਫੈਸਲਾ ਲਿਆ ਜੋ ਕਿ ਅਤਿ ਸ਼ਲਾਘਾਯੋਗ ਕਦਮ ਹੈ ।ਉਨ੍ਹਾਂ ਦੁਆਰਾ ਸੰਸਥਾ ਨਾਲ ਮਿਲ ਕੇ ਕੁਦਰਤੀ ਸਰੋਤਾਂ ਜਿਵੇਂ ਕਿ ਸਬਜ਼ੀਆਂ ਦੇ ਪੱਕ ਕੇ ਸੁੱਕੇ ਹੋ ਚੁੱਕੇ ਖੋਲਾਂ ਵਿੱਚ ਸੁਰਾਖ ਕਰਕੇ ਉਨ੍ਹਾਂ ਨੂੰ ਦਰੱਖਤਾਂ ਤੇ ਟੰਗਿਆ ਜਾਵੇਗਾ ਜਿਸ ਕਾਰਨ ਪੰਛੀ ਖ਼ੁਦ ਬਖ਼ੁਦ ਆਪਣੇ ਇਸ ਘਰ ਵੱਲ ਖਿੱਚੇ ਆਉਣਗੇ। ਉਨ੍ਹਾਂ ਇਸ ਗੱਲ ਤੇ ਡੂੰਘੀ ਚਿੰਤਾ ਪ੍ਰਗਟਾਈ ਕਿ ਜਿਸ ਤਰ੍ਹਾਂ ਸਾਡੇ ਵਾਤਾਵਰਨ ਵਿੱਚ ਪੰਛੀਆਂ ਦੀ ਸੰਖਿਆ ਘਟ ਰਹੀ ਹੈ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਇਹ ਪੰਛੀ ਚਿੜੀਆਘਰਾਂ ਵਿੱਚ ਦੇਖਣ ਲਈ ਮਿਲਣਗੇ ।ਇਸ ਗੱਲ ਦੀ ਨੌਬਤ ਨਾ ਆਵੇ ਸੰਸਥਾ ਦੇ ਇਸ ਉਪਰਾਲੇ ਨੂੰ ਢੁਕਵਾਂ ਕਰਾਰ ਦਿੰਦਿਆਂ ਮਰਾੜ ਨੇ ਆਖਿਆ ਕਿ ਉਹ ਹਰ ਸੰਭਵ ਇਨ੍ਹਾਂ ਬੇਜ਼ੁਬਾਨਾਂ ਲਈ ਘਰਾਂ ਦਾ ਇੰਤਜ਼ਾਮ ਕਰਨ ਵਿਚ ਆਪਣਾ ਪੂਰਾ ਸਾਥ ਦੇਣਗੇ ।



















