
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ CBI ਦਾ ਸੰਮਨ ਮਿਲਣ ਤੋਂ ਬਾਅਦ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। CM ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੂੰ ਅੱਜ ਦਾ ਭਗਤ ਸਿੰਘ ਦੱਸਿਆ। ਇਸ ਸਬੰਧੀ ਟਵੀਟ ਕਰਦਿਆਂ ਕੇਜਰੀਵਾਲ ਨੇ ਕਿਹਾ,”ਜੇਲ ਦੀਆਂ ਸਲਾਖਾਂ ਅਤੇ ਫਾਂਸੀ ਦਾ ਫੰਦਾ ਵੀ ਭਗਤ ਸਿੰਘ ਦੇ ਬੁਲੰਦ ਇਰਾਦਿਆਂ ਨੂੰ ਢਾਹ ਨਹੀਂ ਲਗਾ ਸਕਿਆ । ਇਹ ਆਜ਼ਾਦੀ ਦੀ ਦੂਜੀ ਲੜਾਈ ਹੈ। ਮਨੀਸ਼ ਅਤੇ ਸਤੇਂਦਰ ਅੱਜ ਦੇ ਭਗਤ ਸਿੰਘ ਹਨ।75 ਸਾਲਾਂ ਬਾਅਦ ਦੇਸ਼ ਨੂੰ ਇੱਕ ਸਿਖਿਆ ਮੰਤਰੀ ਮਿਲਿਆ, ਜਿਸ ਨੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਸੁਨਹਿਰੇ ਭਵਿੱਖ ਦੀ ਉਮੀਦ ਦਿੱਤੀ ਹੈ। ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਹਨ।”
ਸੀਬੀਆਈ ਦਿੱਲੀ ਦੀ ਸ਼ਰਾਬ ਪਾਲਿਸੀ ਨੂੰ ਲੈ ਕੇ ਜਾਂਚ ਕਰ ਰਹੀ ਹੈ, ਜਿਸ ਵਿੱਚ ਸਿਸੋਦੀਆ ‘ਤੇ ਪਹਿਲਾਂ ਹੀ FIR ਦਰਜ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਸੀਬੀਆਈ ਇਸ ਮਾਮਲੇ ਵਿੱਚ ਕਈ ਛਾਪੇ ਵੀ ਮਾਰ ਚੁੱਕੀ ਹੈ ਅਤੇ ਇਹ ਕਾਰਵਾਈ ਲਗਾਤਾਰ ਜਾਰੀ ਹੈ। ਇਸ ਤੋਂ ਪਹਿਲਾਂ ਈਡੀ ਵੱਲੋਂ ਦਿੱਲੀ ਦੇ ਸਿਹਤ ਮੰਤਰੀ ਸਤੇੱਦਰ ਜੈਨ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਦਿੱਲੀ ਉੱਚ ਅਦਾਲਤ ਨੇ ਜੈਨ ਵਿਰੁੱਧ ਕਾਰਵਾਈ ਸੋਮਵਾਰ ਨੂੰ ਬੰਦ ਕਰ ਦਿੱਤੀ ਸੀ।


















