ਉੱਤਰਾਖੰਡ: ਬਰਫ਼ ਹੇਠਾਂ ਆ ਕੇ 10 ਪਰਬਤਾਰੋਹੀਆਂ ਦੀ ਹੋਈ ਮੌਤ

ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਅੱਜ ਦਰੋਪਦੀ ਕਾ ਡੰਡਾ-2 ਚੋਟੀ ਤੋਂ ਡਿੱਗੇ ਬਰਫ਼ ਦੇ ਤੋਦਿਆਂ ’ਚ ਫਸਣ ਕਰਕੇ 41 ਮੈਂਬਰੀ ਟੀਮ ਦੇ ਦਸ ਸਿਖਿਆਰਥੀ ਪਰਬਤਾਰੋਹੀਆਂ ਦੀ ਮੌਤ ਹੋ ਗਈ ਜਦੋਂਕਿ ਆਫ਼ਤ ਪ੍ਰਬੰਧਨ ਦੀ ਟੀਮ ਨੇ 8 ਜਣਿਆਂ ਨੂੰ ਤੋਦਿਆਂ ਹੇਠੋਂ ਸੁਰੱਖਿਅਤ ਬਾਹਰ ਕੱਢ ਲਿਆ। ਮਾਰੇ ਗਏ ਦਸ ਪਰਬਤਾਰੋਹੀਆਂ ’ਚੋਂ ਚਾਰ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਟੀਮ ਦੇ ਹੋਰਨਾਂ ਮੈਂਬਰਾਂ ਦੀ ਭਾਲ ਜਾਰੀ ਹੈ। ਬਰਫ਼ ਦੇ ਤੋਦੇ ਅੱਜ ਸਵੇਰੇ ਪੌਣੇ ਨੌਂ ਵਜੇ ਦੇ ਕਰੀਬ ਡਿੱਗੇ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਫੋਨ ਕਰਕੇ ਰਾਹਤ ਕਾਰਜਾਂ ਵਿੱਚ ਫੌਜ ਦੀ ਮਦਦ ਮੰਗੀ ਹੈ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਰਫ਼ ਦੇ ਤੋਦੇ ਡਿੱਗਣ ਕਰਕੇ ਹੋਈਆਂ ਮੌਤਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇਸ ਦੌਰਾਨ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਕਿਹਾ ਕਿ ਐੱਸਡੀਆਰਐੱਫ ਦੇ ਪੰਜ ਅਤੇ ਨਹਿਰੂ ਇੰਸਟੀਚਿਊਟ ਆਫ਼ ਮਾਊਂਟੇਨਰਿੰਗ (ਐੱਨਆਈਐੱਮ) ਦੇ ਤਿੰਨ ਇੰਸਟਰੱਕਟਰਾਂ ’ਤੇ ਅਧਾਰਿਤ ਟੀਮ ਨੂੰ ਰਾਹਤ ਤੇ ਬਚਾਅ ਕਾਰਜਾਂ ਲਈ ਸੰਸਥਾ ਦੇ ਡੋਕਰਾਨੀ ਬਾਮਕ ਗਲੇਸ਼ੀਅਰ ਬੇਸ ਕੈਂਪ ’ਤੇ ਤਾਇਨਾਤ ਕੀਤਾ ਗਿਆ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਹਵਾਈ ਸੈਨਾ ਨੂੰ ਰਾਹਤ ਤੇ ਬਚਾਅ ਕਾਰਜ ਤੇਜ਼ ਕਰਨ ਦੀ ਹਦਾਇਤ ਕੀਤੀ ਹੈ। ਰਾਜਨਾਥ ਨੇ ਕਿਹਾ ਕਿ ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਗੱਲਬਾਤ ਕਰਨ ਮਗਰੋਂ ਭਾਰਤੀ ਹਵਾਈ ਸੈਨਾ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

Total Views: 378 ,
Real Estate