
ਅਮਰੀਕਾ ਵਿੱਚ ਭਾਰਤੀਆਂ ਪ੍ਰਤੀ ਨਫ਼ਰਤ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਆਮ ਲੋਕਾਂ ਨੂੰ ਧਮਕੀਆਂ ਦੇਣ ਦੀਆਂ ਕਈ ਘਟਨਾਵਾਂ ਤੋਂ ਬਾਅਦ ਹੁਣ ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਧਮਕੀ ਦਿੱਤੀ ਗਈ ਹੈ। ਉਨ੍ਹਾਂ ਨੂੰ ਫੋਨ ‘ਤੇ ਧਮਕੀਆਂ ਦੇ ਕੇ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ ਗਿਆ ਹੈ। ਅਮਰੀਕਾ ‘ਚ ਭਾਰਤੀਆਂ ਪ੍ਰਤੀ ਮੰਦਭਾਵਨਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਹੁਣ ਮਾਮਲਾ ਉਦੋਂ ਕਾਫੀ ਗੰਭੀਰ ਹੋ ਗਿਆ ਜਦੋਂ ਇਨ੍ਹਾਂ ਧਮਕੀਆਂ ਦਾ ਸ਼ਿਕਾਰ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਬਣ ਗਈ। ਭਾਰਤ ਦੇ ਚੇਨਈ ‘ਚ ਜਨਮੀ ਜੈਪਾਲ ਨੂੰ ਇਕ ਵਿਅਕਤੀ ਨੇ ਫੋਨ ਕਰਕੇ ਨਾ ਸਿਰਫ ਉਨ੍ਹਾਂ ਨੂੰ ਅਪਸ਼ਬਦ ਬੋਲੇ ਸਗੋਂ ਉਨ੍ਹਾਂ ਨੂੰ ਭਾਰਤ ਪਰਤਣ ਦੀ ਚਿਤਾਵਨੀ ਵੀ ਦਿੱਤੀ। ਜੈਪਾਲ ਨੇ ਸੋਸ਼ਲ ਮੀਡੀਆ ‘ਤੇ ਪੰਜ ਧਮਕੀ ਭਰੇ ਆਡੀਓ ਸੰਦੇਸ਼ ਸਾਂਝੇ ਕੀਤੇ ਹਨ। ਇਨ੍ਹਾਂ ਆਡੀਓਸ ਵਿੱਚ ਉਨ੍ਹਾਂ ਨੂੰ ਧਮਕੀਆਂ ਦਿੰਦੇ ਹੋਏ ਅਸ਼ਲੀਲ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਧਮਕੀ ਭਰੇ ਸੁਨੇਹਿਆਂ ਵਿੱਚ ਸਾਫ਼ ਸੁਣਨ ਨੂੰ ਮਿਲ ਰਿਹਾ ਹੈ ਕਿ ਇੱਕ ਵਿਅਕਤੀ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦੇ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੇ ਮੂਲ ਦੇਸ਼ ਭਾਰਤ ਵਾਪਸ ਜਾਣ ਲਈ ਕਹਿ ਰਿਹਾ ਹੈ। 55 ਸਾਲਾ ਪ੍ਰਮਿਲਾ ਜੈਪਾਲ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਸਿਏਟਲ ਦੀ ਪ੍ਰਤੀਨਿਧਤਾ ਕਰਦੀ ਹੈ। ਉਨ੍ਹਾਂਨੇ ਇੱਕ ਟਵੀਟ ਵਿੱਚ ਧਮਕੀ ਭਰੇ ਸੰਦੇਸ਼ਾਂ ਨੂੰ ਜਨਤਕ ਕਰਨ ਪਿੱਛੇ ਕਾਰਨਾਂ ਨੂੰ ਵੀ ਸਪੱਸ਼ਟ ਕੀਤਾ। ਉਨ੍ਹਾਂ ਕਿਹਾ ਕਿ ਅਕਸਰ ਸਿਆਸਤਦਾਨ ਆਪਣੇ ਸੁਰੱਖਿਆ ਖਤਰਿਆਂ ਨੂੰ ਉਜਾਗਰ ਨਹੀਂ ਕਰਦੇ ਪਰ ਅਸੀਂ ਹਿੰਸਾ ਨੂੰ ਆਮ ਵਾਂਗ ਸਵੀਕਾਰ ਨਹੀਂ ਕਰ ਸਕਦੇ। ਅਸੀਂ ਨਸਲਵਾਦ ਅਤੇ ਲਿੰਗਵਾਦ ਨੂੰ ਵੀ ਸਵੀਕਾਰ ਨਹੀਂ ਕਰ ਸਕਦੇ ਜੋ ਇਸ ਹਿੰਸਾ ਦੀ ਜੜ੍ਹ ਹੈ ਅਤੇ ਇਸਨੂੰ ਉਤਸ਼ਾਹਿਤ ਕਰਦਾ ਹੈ। ਪ੍ਰਮਿਲਾ ਜੈਪਾਲ ਨੂੰ ਕੁਝ ਮਹੀਨੇ ਪਹਿਲਾਂ ਸਿਏਟਲ ਸਥਿਤ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਇੱਕ ਵਿਅਕਤੀ ਨੇ ਪਿਸਤੌਲ ਨਾਲ ਧਮਕੀ ਦਿੱਤੀ ਸੀ। ਬ੍ਰੈਟ ਫੋਰਸੇਲ ਨਾਂ ਦੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਤਾਜ਼ਾ ਧਮਕੀ ਦਾ ਮਾਮਲਾ ਭਾਰਤੀ-ਅਮਰੀਕੀਆਂ ਪ੍ਰਤੀ ਅਮਰੀਕੀ ਭਾਈਚਾਰੇ ਦੀ ਵੱਧ ਰਹੀ ਨਫ਼ਰਤ ਨੂੰ ਦਰਸਾਉਂਦਾ ਹੈ। ਇਸੇ ਮਹੀਨੇ 1 ਸਤੰਬਰ ਨੂੰ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਨਫ਼ਰਤ ਦਾ ਸ਼ਿਕਾਰ ਬਣਾਉਂਦੇ ਹੋਏ ਬਦਸਲੂਕੀ ਕੀਤੀ ਗਈ ਸੀ। ਇਸ ਤੋਂ ਪਹਿਲਾਂ 26 ਅਗਸਤ ਨੂੰ ਟੈਕਸਾਸ ‘ਚ ਇਕ ਭਾਰਤੀ-ਅਮਰੀਕੀ ਔਰਤ ਨਾਲ ਮੈਕਸੀਕਨ ਅਮਰੀਕੀ ਔਰਤ ਨੇ ਜਨਤਕ ਤੌਰ ‘ਤੇ ਦੁਰਵਿਵਹਾਰ ਅਤੇ ਹਮਲਾ ਕੀਤਾ ਸੀ।



















