ਕੈਨੇਡਾ: 2 ਪੰਜਾਬੀ ਲਾਪਤਾ, ਪੁਲਿਸ ਵਲੋਂ ਲੋਕਾਂ ਨੂੰ ਮਦਦ ਦੀ ਅਪੀਲ

ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ‘ਚ 2 ਪੰਜਾਬੀਆਂ ਦੇ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਨਿਊ ਵੈਸਟਮਿੰਸਟਰ ਸ਼ਹਿਰ ਤੋਂ 61 ਸਾਲ ਦੇ ਕੁਲਵੰਤ ਸਹੋਤਾ ਜਦਕਿ ਓਨਟਾਰੀਓ ਦੇ ਬਰੈਂਪਟਨ ਸ਼ਹਿਰ ਦੀ ਪੁਲਿਸ 22 ਸਾਲ ਦੇ ਹਰਨੀਲ ਗਰੇਵਾਲ ਦੀ ਭਾਲ ਕਰ ਰਹੀ ਹੈ। ਕੁਲਵੰਤ ਸਹੋਤਾ ਨੂੰ ਆਖਰੀ ਵਾਰ 18 ਜੁਲਾਈ ਨੂੰ ਦੁਪਹਿਰ ਲਗਭਗ 2 ਵਜੇ 14 ਸਟ੍ਰੀਟ ਅਤੇ ਹੈਮਿਲਟਨ ਸਟ੍ਰੀਟ ਇਲਾਕੇ ਵਿਚ ਦੇਖਿਆ ਗਿਆ। ਕੁਲਵੰਤ ਸਹੋਤਾ ਪਛਾਣ ਜਾਰੀ ਕਰਦਿਆਂ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦਾ ਸਰੀਰ ਭਾਰਾ ਅਤੇ ਸਿਰ ਦੇ ਵਾਲ ਚਿੱਟੇ ਹਨ ਜਦਕਿ ਛੋਟੀ ਦਾੜ੍ਹੀ ਵੀ ਰੱਖੀ ਹੋਈ ਹੈ। ਉਸ ਨੇ ਕਾਲੀ ਜੈਕਟ, ਕਾਲੀ ਸ਼ਰਟ, ਕਾਲੀ ਨਿੱਕਰ ਅਤੇ ਗੂੜ੍ਹੇ ਰੰਗ ਦੇ ਹਾਈਕਿੰਗ ਸਟਾਈਲ ਸ਼ੂਜ਼ ਪਹਿਨੇ ਹੋਏ ਸਨ।
ਸਾਰਜੈਂਟ ਜਸਟਿਨ ਥੋਮ ਨੇ ਕਿਹਾ ਕਿ ਕੁਲਵੰਤ ਸਹੋਤਾ ਦੇ ਪਰਿਵਾਰਕ ਮੈਂਬਰ ਉਨ੍ਹਾਂ ਲਈ ਬਹੁਤ ਚਿੰਤਤ ਹਨ। ਜੇ ਕਿਸੇ ਕੋਲ ਕੁਲਵੰਤ ਸਹੋਤਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਬਿਨਾਂ ਦੇਰ ਕੀਤਿਆਂ 911 ‘ਤੇ ਕਾਲ ਕਰੇ। ਇਸ ਤੋਂ ਇਲਾਵਾ ਪੁਲਿਸ ਅਫ਼ਸਰਾਂ ਨਾਲ 604-525-5411 ‘ਤੇ ਸੰਪਰਕ ਕੀਤਾ ਜਾਵੇ।
ਉਧਰ ਪੀਲ ਰੀਜਨਲ ਪੁਲਿਸ ਵੱਲੋਂ ਬਰੈਂਪਟਨ ਦੇ ਹਰਨੀਲ ਗਰੇਵਾਲ ਦੀ ਕੋਈ ਤਸਵੀਰ ਜਾਰੀ ਨਹੀਂ ਕੀਤੀ ਗਈ। ਸਿਰਫ਼ ਇਹੀ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਨੂੰ ਆਖਰੀ ਵਾਰ 19 ਜੁਲਾਈ ਨੂੰ ਬਾਅਦ ਦੁਪਹਿਰ ਤਿੰਨ ਵਜੇ ਤੋਂ ਐਨ ਪਹਿਲਾਂ McMurchy Avenue South and Charolais Boulevard ਦੇ ਰਿਹਾਇਸ਼ੀ ਇਲਾਕੇ ਵਿਚ ਦੇਖਿਆ ਗਿਆ। ਪੁਲਿਸ ਮੁਤਾਬਕ ਉਸ ਦਾ ਕੱਦ ਲਗਭਗ 5 ਫੁੱਟ 8 ਇੰਚ ਅਤੇ ਵਜ਼ਨ ਤਕਰੀਬਨ 90 ਕਿਲੋ ਹੈ। ਉਸ ਨੇ ਬੇਸਬਾਲ ਕੈਪ ਅਤੇ ਨੀਲੇ ਰੰਗ ਦੀ ਵੈਸਟ ਪਹਿਨੀ ਹੋਈ ਸੀ ਜਦਕਿ ਉਸ ਕੋਲ ਗੂੜੇ ਰੰਗ ਦਾ ਲਗੇਜ ਬੈਗ ਵੀ ਸੀ।

Total Views: 284 ,
Real Estate