ਪਟਿਆਲੇ ਦੀ ਖੂਬਸੂਰਤ ਮੁਟਿਆਰ ਚਰਨਜੀਤ ਕੌਰ ਬਣੀ ਮਿਸ ਇੰਡੀਆ ਪੰਜਾਬਣ 2022

ਕੈਨੇਡਾ’ ਚ ਹੋਰ ਰਹੇ ਮਿਸ ਵਰਲਡ ਪੰਜਾਬਣ ਵਿਚ 5 ਮੁਟਿਆਰਾਂ ਕਰਨਗੀਆਂ ਭਾਰਤ ਦੀ ਪ੍ਰਤੀਨਿਧਤਾ
ਲੁਧਿਆਣਾ – 11 ਜੁਲਾਈ(PNO) ਪਟਿਆਲੇ ਦੀ ਰਹਿਣ ਵਾਲੀ ਪੰਜ ਫੁੱਟ ਸੱਤ ਇੰਚ ਲੰਬੀ ਵਾਲੀ ਖ਼ੂਬਸੂਰਤ ਮੁਟਿਆਰ ਚਰਨਜੀਤ ਕੌਰ ਨੇ ਆਪਣੀ ਦਿਲਕਸ਼ ਤੇ ਮਨਮੋਹਕ ਅਦਾਕਾਰੀ ਨਾਲ ਨਿਰਣਾਇਕਾ ਨੂੰ ਮੋਹਿਤ ਕਰਕੇ “ਮਿਸ ਇੰਡੀਆ ਪੰਜਾਬਣ” ਦਾ ਖ਼ਿਤਾਬ ਆਪਣੇ ਨਾਮ ਕਰ ਲਿਆ । ਉਸਨੇ ਸਾਇਮਾ ਜੌਹਨ ਦੇ ਗਾਏ ਗੀਤ ‘ਛਮ ਛਮ ਚੂੜੀਆਂ ਹਰ ਪਾਸੇ ਝਾਂਜਰਾਂ ਦਾ ਸ਼ੋਰ” ‘ਤੇ ਖੂਬਸੂਰਤ ਲੋਕ ਨਾਚ ਪੇਸ਼ ਕੀਤਾ ਸੀ । ਕਿੱਤੇ ਪੱਖੋਂ ਉਹ ਪੰਜਾਬ ਰਾਜ ਬਿਜਲੀ ਬੋਰਡ ਵਿਚ ਡਵੀਜਨਲ ਅਕਾਊਂਟੈਂਟ ਵਜੋਂ ਸਰਵਿਸ ਕਰ ਰਹੀ ਹੈ। ਪਿਛਲੀ ਰਾਤ ਲੁਧਿਆਣਾ ਵਿਖੇ ਕਰਵਾਏ ਇਸ ਵਿਲੱਖਣ ਮੁਕਾਬਲੇ ਵਿਚ ਚੰਡੀਗੜ੍ਹ ਦੀ ਰਮਨਪ੍ਰੀਤ ਕੌਰ ਅਤੇ ਲੁਧਿਆਣੇ ਦੀ ਸਿਮਰਪ੍ਰੀਤ ਸਾਂਝੇ ਤੌਰ ਤੇ ਪਹਿਲੀਆਂ ਉੱਪ-ਜੇਤੂ ਅਤੇ ਦਿੱਲੀ ਦੀ ਅਮਨਜੋਤ ਵਾਲੀਆ , ਫਤਹਿਗੜ੍ਹ ਸਾਹਿਬ ਦੀ ਸੁਖਦੀਪ ਕੌਰ ਸਾਂਝੇ ਤੌਰ ਤੇ ਦੂਜੀਆਂ ਉਪ-ਜੇਤੂ ਐਲਾਨੀਆਂ ਗਈਆਂ। ਇਹ ਪੰਜੇ ਖੂਬਸੂਰਤ ਮੁਟਿਆਰਾਂ ਨਵੰਬਰ ਮਹੀਨੇ ਵਿਚ ਕੈਨੇਡਾ ਵਿਖੇ ਹੋ ਰਹੇ ਮਿਸ ਵਰਲਡ ਪੰਜਾਬਣ ਮੁਕਾਬਲੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨਗੀਆਂ।
ਸ. ਜਸਮੇਰ ਸਿੰਘ ਢੱਟ ਦੀ ਨਿਰਦੇਸ਼ਨਾ ਵਿਚ ਸੱਭਿਆਚਾਰਕ ਸੱਥ ਪੰਜਾਬ ਵੱਲੋਂ ਪਿਛਲੇ ਤੀਹ ਸਾਲਾਂ ਤੋਂ ਮਿਸ ਵਰਲਡ ਪੰਜਾਬਣ ਦਾ ਮੁਕਾਬਲਾ ਸਫਲਤਾ ਪੂਰਵਕ ਕਰਵਾਇਆ ਜਾ ਰਿਹਾ ਇਸ ਵਰ੍ਹੇ ਇਹ ਮੁਕਾਬਲਾ ਸੁੱਖੀ ਨਿੱਜਰ ਵਤਨੋਂ ਦੂਰ ਦੇ ਸਹਿਯੋਗ ਨਾਲ ਨਵੰਬਰ ਵਿੱਚ ਟੋਰਾਂਟੋ ਕੈਨੇਡਾ ਵਿਖੇ ਪੂਰੇ ਜਾਹੋ ਜਲਾਲ ਨਾਲ ਕਰਵਾਇਆ ਜਾ ਰਿਹਾ ਹੈ। ਇਸੇ ਲੜੀ ਵਿਚ ਅੱਜ ਇਥੇ ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ “ਮਿਸ ਇੰਡੀਆ ਪੰਜਾਬਣ” ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਆਈਆਂ 15 ਮੁਟਿਆਰਾਂ ਨੇ ਇਸ ਵਿਲੱਖਣ ਮੁਕਾਬਲੇ ਵਿਚ ਜੇਤੂ ਰਹਿਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਮੁਕਾਬਲੇ ਦਾ ਪਹਿਲਾ ਰਾਊਂਡ ਲੋਕ ਨਾਚ ਦਾ ਸੀ ਜਿਸ ਵਿੱਚ ਮੁਟਿਆਰਾਂ ਨੇ ਮਸ਼ਹੂਰ ਗਾਇਕਾਂ ਦੇ ਗੀਤਾਂ ‘ਤੇ ਲੋਕ ਨਾਚ ਪੇਸ਼ ਕੀਤੇ। ਦੂਜੇ ਰਾਊਂਡ ਵਿੱਚ ਇਨ੍ਹਾਂ ਮੁਟਿਆਰਾਂ ਦਾ ਹੁਨਰ ਪਰਖਿਆ ਗਿਆ ਜਿਸ ਵਿੱਚ ਮੁਟਿਆਰਾਂ ਨੇ ਗੀਤ ਗਾਉਣ ਤੋਂ ਇਲਾਵਾ ਅਦਾਕਾਰੀ ਅਤੇ ਕਾਮੇਡੀ ਵਿਚ ਆਪਣੇ ਜੌਹਰ ਵਿਖਾਏ। ਤੀਜਾ ਦੌਰ ਘਰੇਲੂ ਕਿਤਿਆਂ ਚਰਖ਼ਾ, ਚੱਕੀ, ਚਾਟੀ-ਮਧਾਣੀ ਬਾਰੇ ਉਹਨਾਂ ਦੀ ਜਾਣਕਾਰੀ, ਸੱਭਿਆਚਾਰ ਅਤੇ ਵਿਰਸੇ ਨਾਲ ਸੰਬੰਧੀ ਸਵਾਲ ਪੁੱਛੇ ਗਏ ਅਤੇ ਗਿੱਧੇ ਦੀ ਬੋਲੀ ਪਾਉਣ ਲਈ ਕਿਹਾ ਗਿਆ ਜਿਸ ਵਿਚ ਕੁਝ ਮੁਟਿਆਰਾਂ ਦੀ ਜਾਣਕਾਰੀ ਅਧੂਰੀ ਸੀ। ਇਸ ਰਾਉਂਡ ਵਿਚ ਹਾਜ਼ਰ ਦਰਸ਼ਕਾਂ ਨੇ ਵੀ ਡੂੰਘੀ ਦਿਲਚਸਪੀ ਵਿਖਾਈ । ਨਿਰਣਾਇਕਾਂ ਅਤੇ ਸੰਸਥਾ ਦੇ ਅਹੁਦੇਦਾਰਾਂ ਨੇ ਇਹਨਾਂ ਸਾਰੀਆਂ ਮੁਟਿਆਰਾਂ ਨੂੰ ਖੂਬਸੂਰਤ ਟਰਾਫੀਆਂ, ਸਰਟੀਫਿਕੇਟ, ਰਵਾਇਤੀ ਗਹਿਣੇ ਸੱਗੀ ਫੁੱਲ, ਬੁਘਤੀਆਂ ਅਤੇ ਫੁੱਲਾਂ ਦੇ ਗੁਲਦਸਤਿਆਂ ਨਾਲ ਸਨਮਾਨਿਤ ਕੀਤਾ।
ਨਿਰਣਾਇਕਾਂ ਵਿਚ ਉੱਘੇ ਗਾਇਕ ਅਤੇ ਅਦਾਕਾਰ ਅਮਰ ਨੂਰੀ, ਇੰਦਰਜੀਤ ਨਿੱਕੂ ਅਤੇ ਹਰਿੰਦਰ ਹੁੰਦਲ ਤੋਂ ਇਲਾਵਾ ਜ਼ੀ ਟੀ ਵੀ ਦੇ ਪ੍ਰੋਗਰਾਮ ਦੀ ਸੁਪਰ ਮੋਮ ਅਤੇ ਕਲਾਸੀਕਲ ਡਾਂਸ ਦੀ ਮਾਹਿਰ ਸ਼ੁਭਜੀਤ ਕੌਰ ਅਤੇ ਮਿਸਿਜ਼ ਪੰਜਾਬਣ ਜੇਤੂ ਜੋਤੀ ਅਰੋੜਾ ਸ਼ਾਮਲ ਸਨ। ਜਿਨ੍ਹਾਂ ਦਾ ਮਾਣ -ਸਨਮਾਨ ਸੰਸਥਾ ਵਲੋਂ ਕੀਤਾ ਗਿਆ।
ਇਸ ਪ੍ਰੋਗਰਾਮ ਦਾ ਸੰਚਾਲਨ ਉੱਘੇ ਰੰਗਕਰਮੀ ਡਾ. ਨਿਰਮਲ ਜੌੜਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਦਿਲਚਸਪ ਅੰਦਾਜ਼ ਵਿੱਚ ਕੀਤਾ ਜਿਨ੍ਹਾਂ ਦਾ ਸਾਥ ਡਾ. ਜਸਲੀਨ ਕੌਰ ਨੇ ਖ਼ੂਬ ਦਿੱਤਾ। ਜੇਤੂਆਂ ਨੂੰ ਖੂਬਸੂਰਤ ਟਰਾਫੀਆਂ, ਸਰਟੀਫਿਕੇਟ, ਰਵਾਇਤੀ ਗਹਿਣਿਆਂ ਅਤੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਹਮੇਸ਼ਾਂ ਵਾਂਗ ਇਸ ਵਾਰ ਵੀ ਸੋਨੂੰ ਨੀਲੀਬਾਰ ਵੱਲੋਂ ਮਿਸ ਵਰਲਡ ਪੰਜਾਬਣ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਮੁਟਿਆਰਾਂ ਦਾ ਪਹਿਰਾਵਾ ਤਿਆਰ ਕੀਤਾ ਗਿਆ ਹੈ । ਹੈਰੀ ਸਰਾਂ ਇਜ਼ੀ ਸੈਲੂਨ ਅਕੈਡਮੀ ਵੱਲੋਂ ਇਨ੍ਹਾਂ ਮੁਟਿਆਰਾਂ ਨੂੰ ਹੋਰ ਵੀ ਖ਼ੂਬਸੂਰਤ ਬਣਾਉਣ ਲਈ ਮੇਕਅਪ ਕਰਕੇ ਪੂਰਾ ਯੋਗਦਾਨ ਪਾਇਆ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਮਿਸ ਵਰਲਡ [ਪੰਜਾਬਣ ਮੁਕਾਬਲਿਆਂ ਦੇ ਬਾਣੀ ਚੇਅਰਮੈਨ ਜਸਮੇਰ ਸਿੰਘ ਢੱਟ ਨੇ ਕਿਹਾ ਕਿ ਇਹ ਮੁਕਾਬਲਾ ਪੰਜਾਬਣਾਂ ਦੇ ਸੁਹੱਪਣ, ਹੁਨਰ ਅਤੇ ਲਿਆਕਤ ਦਾ ਮੁਕਾਬਲਾ ਹੈ, ਕੋਈ ਵਣਜ ਵਪਾਰ ਨਹੀਂ। ਉਹਨਾਂ ਇਹ ਵੀ ਇੰਕਸਾਫ ਕੀਤਾ ਇਸ ਮੁਕਾਬਲੇ ਦੀ ਲੜੀ ਵਿਚ ਵਜੋਂ 14 ਅਗਸਤ ਨੂੰ ਹਰਜਿੰਦਰ ਤੇਜਿੰਦਰ ਸਿੰਘ ਦੇ ਸਹਿਯੋਗ ਨਾਲ ਸਿਡਨੀ ਵਿਖੇ ‘ਧੀ ਪੰਜਾਬ ਦੀ’ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸੇ ਤਰਾਂ ਮਦਨਦੀਪ ਸਿੰਘ ਅਤੇ ਮੈਡਮ ਜਸ ਕੌਰ ਵਲੋਂ ਸੰਤਬਰ ਵਿਚ ਮਿਸ ਅਮਰੀਕਾ ਪੰਜਾਬਣ ਦਾ ਆਯੋਜਿਨ ਕੀਤਾ ਜਾ ਰਿਹਾ ਹੈ ਅਤੇ ਹੋਰ ਮੁਲਕਾਂ ਵਿਚ ਵੀ ਮੁੱਢਲੇ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਜੇਤੂ ਰਹੀਆਂ ਮੁਟਿਆਰਾਂ ਹੀ ਮਿਸ ਵਰਲਡ ਪੰਜਾਬਣ-2022 ਮੁਕਾਬਲੇ ਵਿਚ ਵੱਕਾਰੀ ਖਿਤਾਬ ਹਾਸਲ ਕਰਨ ਲਈ ਆਪਸ ਵਿੱਚ ਭਿੜਨਗੀਆਂ।
ਇਸ ਸਮਾਰੋਹ ਸਮੇਂ ਮਸ਼ਹੂਰ ਗਾਇਕ ਵਤਨਜੀਤ ਨੇ ਆਪਣਾ ਨਵਾਂ ਨਕੋਰ ਗੀਤ ‘ਪੰਜਾਬਣ ਜੱਟੀ’ ਪੇਸ਼ ਕੀਤਾ ਜਿਸਨੂੰ ਰਿਲੀਜ਼ ਕਰਨ ਦੀ ਰਸਮ ਵੀ ਅਮਰ ਨੂਰੀ ਅਤੇ ਇੰਦਰਜੀਤ ਨਿੱਕੂ ਵਲੋਂ ਕੀਤੀ ਗਈ।
ਇਸ ਮੁਕਬਾਲੇ ਦੇ ਸੱਭ ਤੋਂ ਖੂਬਸੂਰਤ ਰਾਉਂਡ ਸੋਲੋ ਡਾਂਸ ਵਿੱਚ ਅੰਮ੍ਰਿਤਸਰ ਦੀ ਨਵਨੀਤ ਕੌਰ ਨੇ ਸਰਬਜੀਤ ਕੌਰ ਦੇ ਗੀਤ ‘ਸੋਨੇ ਦਾ ਗੜਵਾ ਅੰਮ੍ਰਿਤਸਰੋਂ ਮੰਗਵਾ ਦੇ’, ਬਠਿੰਡੇ ਦੀ ਪਰਦੀਪ ਕੌਰ ਨੇ ਗੁਰਲੇਜ਼ ਅਖਤਰ ਦਾ ਗੀਤ ‘ਸੱਤ ਪਿੰਡ ਸਾਕ ਮੰਗਦੇ’, ਰਮਨਪ੍ਰੀਤ ਕੌਰ ਚੰਡੀਗੜ੍ਹ ਨੇ ਸ਼ਮਸ਼ਾਦ ਬੇਗ਼ਮ ਦਾ ਗੀਤ ‘ਹਾਏ ਨੀ ਮੇਰਾ ਬਾਲਮ’ , ਦਿੱਲੀ ਦੀ ਇੰਦਰਪ੍ਰੀਤ ਕੌਰ ਨੇ ਅਜ਼ਾਰਾਂ ਜਹਾਨ ਦਾ ‘ਦਿਲ ਦੀਆਂ ਲੱਗੀਆਂ ਨੂੰ ਕੌਣ ਜਾਣਦਾ’, ਦਿੱਲੀ ਦੀ ਅਮਨਜੋਤ ਕੌਰ ਵਾਲੀਆ ਨੇ ਆਸ਼ਾ ਭੌਂਸਲੇ ਦਾ ਗੀਤ ‘ਮੈਂ ਜੱਟੀ ਪੰਜਾਬ ਦੀ’, ਫਤਹਿਗੜ੍ਹ ਸਾਹਿਬ ਦੀ ਸੁਖਦੀਪ ਕੌਰ ਮੰਡੇਰ ਨੇ ਰਿਤੂ ਦਮਨ ਸ਼ੈਲੀ ਦਾ ਗੀਤ ‘ਕੁੜਤੀ ਮੇਰੀ ਚੀਤ ਦੀ’, ਗੁਰਦਾਸਪੁਰ ਦੀ ਕਿਰਨਪ੍ਰੀਤ ਕੌਰ ਨੇ ਸਰਬਜੀਤ ਕੌਰ ਦਾ ਗੀਤ ‘ਨੱਚਦਾ ਆ ਮੁੰਡਿਆ ਹੀਰ ਬੋਲੀਆਂ ਪਾਵੇ, ਹਰਿਆਣਾ ਦੀ ਅਮਨਦੀਪ ਕੌਰ ਭੁੱਲਰ ਨੇ ਨਿਮਰਤ ਖਹਿਰਾ ਦਾ ਗੀਤ ‘ਗੱਭਰੂ ਬਲੈਂਕ ਕਰੇ ਅੱਖਾਂ ਕੁੜੀਓ’, ਜਲੰਧਰ ਦੀ ਸਿਮਰਨਜੀਤ ਕੌਰ ਨੇ ਗੀਤ ‘ਆ ਜੋ ਕੁੜੀਓ ਥੋਨੂੰ ਗਿੱਧਾ ਆਵਾਜ਼ਾਂ ਮਾਰਦਾ’, ਲੁਧਿਆਣੇ ਦੀ ਸਿਮਰਪ੍ਰੀਤ ਕੌਰ ਨੇ ਰੰਜਨਾ ਦਾ ਗੀਤ ‘ਕੱਚੇ ਕੱਚੇ ਕੱਚ ਦੀਆਂ ਚੂੜੀਆਂ’, ਪਟਿਆਲਾ ਦੀ ਜਸਮੀਨ ਕੌਰ ਨੇ ਸੁਰਿੰਦਰ ਕੌਰ ਦਾ ਗੀਤ ‘ਅੱਗ ਪਾਣੀਆਂ ‘ਚ ਹਾਣੀਆਂ ਮੈਂ ਲਾਈ ਰਾਤ ਨੂੰ’, ਰਾਜਸਥਾਨ ਦੀ ਰੋਮਲਪ੍ਰੀਤ ਨੇ ਅਮਰ ਨੂਰੀ ਦਾ ਗੀਤ ‘ਨਛੱਤਰਾਂ ਲੈ ਆਈਂ ਵੇ’, ਸੰਗਰੂਰ ਦੀ ਮਨਵੀਨ ਕੌਰ ਗਿੱਲ ਨੇ ਮਿਸ ਪੂਜਾ ਦਾ ਗੀਤ ‘ਚਾਂਦੀ ਦੀਆਂ ਝਾਂਜਰਾਂ’ ਅਤੇ ਉਤਰਾਖੰਡ ਦੀ ਗਗਨਦੀਪ ਕੌਰ ਗਿੱਲ ਨੇ ਸਤਵਿੰਦਰ ਬਿੱਟੀ ਦਾ ਗੀਤ ‘ਤੈਨੂੰ ਦੱਸਣਾ ਪਟੋਲਾ ਬਣ ਕੇ ਵੇ’ ‘ਤੇ ਡਾਂਸ ਕਰਕੇ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ।
ਇਸ ਮੁਕਾਬਲੇ ਸਮੇਂ ਹੋਰਨਾਂ ਤੋਂ ਇਲਾਵਾ ਸ. ਰਣਜੋਧ ਸਿੰਘ ਪ੍ਰਧਾਨ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ, ਪ੍ਰਿੰਸੀਪਲ ਮੈਡਮ ਰਾਜੇਸ਼ਵਰ ਕੌਰ, ਰਿੱਕੀ ਸਿੰਘ, ਡਾ. ਦਵਿੰਦਰ ਕੌਰ ਢੱਟ ,ਕਰਮਜੀਤ ਸਿੰਘ ਢੱਟ,ਮੈਡਮ ਹਰਦੀਪ ਕਲਸੀ, ਜਤਿੰਦਰਪਾਲ ਸਿੰਘ ਹੈਪੀ, ਗੁਰਦੇਵ ਪੁਰਬਾ ਆਦਿ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

Total Views: 319 ,
Real Estate