ਕਰਤਾਰਪੁਰ ਲਾਂਘਾ ਧਾਰਮਿਕ ਆਜ਼ਾਦੀ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ: ਪਾਕਿ ਸੈਨਾ ਮੁਖੀ

ਬਰਤਾਨੀਆ ਦੀ ‘ਫੀਲਡ ਆਰਮੀ’ ਦੇ ਡਿਪਟੀ ਕਮਾਂਡਰ ਮੇਜਰ ਜਨਰਲ ਸੇਲੀਆ ਜੇ। ਹਾਰਵੇ ਦੀ ਅਗਵਾਈ ’ਚ 12 ਮੈਂਬਰੀ ਗਰੁੱਪ ਨੇ ਰਾਵਲਪਿੰਡੀ ਸਥਿਤ ਥਲ ਸੈਨਾ ਹੈੱਡਕੁਆਰਟਰ ’ਚ ਜਨਰਲ ਬਾਜਵਾ ਨਾਲ ਮੁਲਾਕਾਤ ਕੀਤੀ। ਪਾਕਿਸਤਾਨ ਦੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਬਰਤਾਨਵੀ ਸਿੱਖ ਫ਼ੌਜੀਆਂ ਦੇ ਵਫ਼ਦ ਨੂੰ ਕਿਹਾ ਹੈ ਕਿ ਇਤਿਹਾਸਕ ਕਰਤਾਰਪੁਰ ਲਾਂਘਾ ਧਾਰਮਿਕ ਆਜ਼ਾਦੀ ਤੇ ਸਦਭਾਵਨਾ ਪ੍ਰਤੀ ਪਾਕਿਸਤਾਨ ਦੀ ‘ਅਟੁੱਟ ਵਚਨਬੱਧਤਾ’ ਦਾ ਅਮਲੀ ਪ੍ਰਗਟਾਵਾ ਹੈ। ਮੀਟਿੰਗ ਦੌਰਾਨ ਬਾਜਵਾ ਨੇ ਵਫ਼ਦ ਨੂੰ ਦੱਸਿਆ ਕਿ ਪਾਕਿਸਤਾਨ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਮੰਨਦਾ ਹੈ ਕਿ ਦੇਸ਼ ਵਿੱਚ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਮੁਸਲਿਮ ਬਹੁਗਿਣਤੀ ਵਾਲੇ ਮੁਲਕ ਵਿੱਚ ਸਿੱਖਾਂ ਦੀਆਂ ਮਿੱਥ ਕੇ ਹੱਤਿਆਵਾਂ ਕਰਨ ਸਣੇ ਘੱਟਗਿਣਤੀ ਭਾਈਚਾਰੇ ’ਤੇ ਅਕਸਰ ਹੁੰਦੇ ਹਮਲਿਆਂ ਦਰਮਿਆਨ ਜਨਰਲ ਬਾਜਵਾ ਨੇ ਕਿਹਾ, ‘‘ਕਰਤਾਰਪੁਰ ਲਾਂਘਾ ਪਾਕਿਸਤਾਨ ਦੀ ਧਾਰਮਿਕ ਆਜ਼ਾਦੀ ਤੇ ਸਦਭਾਵਨਾ ਪ੍ਰਤੀ ‘ਅਟੁੱਟ ਵਚਨਬੱਧਤਾ’ ਦਾ ਅਮਲੀ ਪ੍ਰਗਟਾਵਾ ਹੈ। ਬਰਤਾਨਵੀ ਸਿੱਖ ਫੌਜੀ ਲਾਹੌਰ ਵੀ ਗਏ, ਜਿਥੇ ਉਨ੍ਹਾਂ ਵਾਹਗਾ ਬਾਰਡਰ ’ਤੇ ਝੰਡਾ ਉਤਾਰਨ ਦੀ ਰਸਮ ਵੀ ਵੇਖੀ। ਬਰਤਾਨਵੀ ਵਫ਼ਦ ਲਾਹੌਰ ਦੇ ਕਿਲ੍ਹੇ, ਅਲਾਮਾ ਇਕਬਾਲ ਦੇ ਮਕਬਰੇ ਤੇ ਬਾਦਸ਼ਾਹੀ ਮਸਜਿਦ ਵੀ ਗਿਆ। ਆਪਣੀ ਠਹਿਰ ਦੌਰਾਨ ਵਫ਼ਦ ਨੇ ਓੜਕਜ਼ਈ ਜ਼ਿਲ੍ਹੇ ਤੇ ਸਮਾਨਾ ਕਿਲ੍ਹੇ, ਲੌਕਹਾਰਟ ਕਿਲ੍ਹੇ ਤੇ ਸਾਰਾਗੜ੍ਹੀ ਸਮਾਰਕ ਵੀ ਵੇਖਿਆ। ਪਾਕਿਸਤਾਨ ਦੇ ਤਤਕਾਲੀਨ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਨਵੰਬਰ 2019 ’ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਸੀ। ਲਾਂਘਾ ਖੁੱਲ੍ਹਣ ਨਾਲ ਭਾਰਤੀ ਸਿੱਖ ਸ਼ਰਧਾਲੂਆਂ ਲਈ ਬਿਨਾਂ ਵੀਜ਼ੇ ਤੋਂ ਪਾਕਿਸਤਾਨ ਵਿਚਲੇ ਆਪਣੇ ਧਾਰਮਿਕ ਅਸਥਾਨ ਦੀ ਫੇਰੀ ਲਈ ਰਾਹ ਪੱਧਰਾ ਹੋ ਗਿਆ ਸੀ। ਕਰਤਾਰਪੁਰ ਲਾਂਘਾ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਵਿੱਚ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜਦਾ ਹੈ।

Total Views: 270 ,
Real Estate