
ਕਰਨਾਟਕ ਦੇ ਕੈਬਨਿਟ ਮੰਤਰੀ ਨੇ ਇੱਕ ਅਜਿਹਾ ਬਿਆਨ ਦਿੱਤਾ ਜਿਸ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। ਉਮੇਸ਼ ਕੱਟੀ ਨੇ ਕਿਹਾ ਕਿ ਜੇਕਰ 2024 ‘ਚ ਨਰਿੰਦਰ ਮੋਦੀ ਸੱਤਾ ਵਿੱਚ ਆਉਂਦੇ ਹਨ ਤਾਂ ਮਹਾਰਾਸ਼ਟਰ ਤੇ ਕਰਨਾਟਕ ਦੀ ਵੰਡ ਹੋ ਜਾਵੇਗੀ ਤੇ ਯੂਪੀ ਨੂੰ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਵਿੱਚ 50 ਸੂਬੇ ਬਣਾਉਣ ‘ਤੇ ਚਰਚਾ ਚੱਲ ਰਹੀ ਹੈ।ਕਰਨਾਟਕ ਸਰਕਾਰ ‘ਚ ਖਾਦ ਅਤੇ ਨਾਗਰਿਕ ਸਪਲਾਈ ਮੰਤਰੀ ਉਮੇਸ਼ ਕੱਟੀ ਨੇ ਕਿਹਾ ਕਿ, ‘ਇਹ ਗੱਲ ਸੱਚ ਹੈ ਕਿ ਉਹ ਉੱਤਰ ਕੰਨੜ ਨੂੰ ਇੱਕ ਵੱਖਰਾ ਸੂਬਾ ਬਣਾਉਣਾ ਚਾਹੁੰਦੇ ਸਨ। ਜੇਕਰ ਨਰਿੰਦਰ ਮੋਦੀ 2024 ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਸੱਤਾ ਵਿੱਚ ਵਾਪਸ ਆਉਂਦੇ ਹਨ ਤਾਂ ਕਰਨਾਟਕ ਤੇ ਮਹਾਰਾਸ਼ਟਰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ, ਜਦਕਿ ਉੱਤਰ ਪ੍ਰਦੇਸ਼ ਚਾਰ ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਕੁੱਲ 50 ਰਾਜ ਬਣਾਉਣ ਲਈ ਚਰਚਾ ਚੱਲ ਰਹੀ ਹੈ ਤੇ ਉੱਤਰੀ ਕੰਨੜ ਨੂੰ ਵੱਖਰਾ ਸੂਬਾ ਬਣਨਾ ਚਾਹੀਦਾ ਹੈ।’ਉਨ੍ਹਾਂ ਕਿਹਾ ਕਿ ਸੂਬੇ ਨੂੰ ਵੰਡਣ ਦਾ ਵਿਚਾਰ ਚੰਗਾ ਹੈ, ਕਿਉਂਕਿ ਪਿਛਲੇ ਕੁਝ ਸਾਲਾਂ ਦੌਰਾਨ ਆਬਾਦੀ ਦਾ ਬੋਝ ਵਧਿਆ ਹੈ ਅਤੇ ਉਸ ਖੇਤਰ ਨੂੰ ਵੀ ਵਿਕਸਿਤ ਹੋਣਾ ਚਾਹੀਦਾ ਹੈ। ਉੱਤਰੀ ਕਰਨਾਟਕ ਨੂੰ ਸੂਬਾ ਬਣਨਾ ਚਾਹੀਦਾ ਹੈ ਅਤੇ ਵਿਕਾਸ ਕਰਨਾ ਚਾਹੀਦਾ ਹੈ। ਅਸੀਂ ਕੰਨੜਿਗਸ ਹੀ ਰਹਾਂਗੇ ਪਰ ਜੇਕਰ ਸੂਬਾ (ਕਰਨਾਟਕ) ਵੰਡਿਆ ਜਾਂਦਾ ਹੈ ਤਾਂ ਕੋਈ ਨੁਕਸਾਨ ਨਹੀਂ ਹੋਵੇਗਾ।















