ਆਓ ਸ਼ਨਾਖਤ ਕਰੀਏ ਕਿ ਸਾਡੇ ਵਿੱਚੋਂ……….?

ਹਰ ਉਹ ਵਿਅਕਤੀ ਜਿਸਦੇ ਮੱਥੇ ਵਿੱਚ ਤੀਸਰੀ ਅੱਖ ਖੁੱਲ੍ਹੀ ਹੁੰਦੀ ਹੈ , ਉਹ ਸਾਮਰਾਜ ਦੇ ਨਿਸ਼ਾਨੇ ‘ਤੇ ਹੁੰਦਾ ਹੈ। ਆਪਣੀ ਕੌਮ ਦੇ ਦੁੱਖਾਂ,ਦਰਦਾਂ,ਹੱਕਾਂ,ਬੇਇਨਸਾਫੀਆਂ ਅਤੇ ਧੱਕੇਸ਼ਾਹੀਆਂ ਦੀਆਂ ਵਿਸ਼ਵ ਪੱਧਰ ‘ਤੇ ਬਾਤਾਂ ਪਾਉਂਣ ਵਾਲਾ ਤੇ ਉਹ ਵੀ ਆਪਣੇ ਸਿੱਖੀ ਸਰੂਪ ਵਿੱਚ , ਕੀਹਨੂੰ ਨਹੀਂ ਚੰਗਾ ਲੱਗਦਾ ਹੋਵੇਗਾ ਭਲਾ ਸਿੱਧੂ ਮੂਸੇਵਾਲਾ…….? ਦਿਲਾਂ ‘ਤੇ ਹੱਥ ਰੱਖ ਕੇ ਇਮਾਨਦਾਰੀ ਨਾਲ ਦੱਸਿਓ ਖਾਂ ਜ਼ਰਾ…….? ਹੈ
ਹਾਂ ! ਉਨ੍ਹਾਂ ਨੂੰ ਜਰੂਰ ਚੰਗਾ ਨਹੀਂ ਸੀ ਲੱਗਦਾ , ਜਿੰਨ੍ਹਾਂ ਨੂੰ ਇਸ ਸਭ ਕਾਸੇ ਨਾਲ ਨਫ਼ਰਤ ਐ। ਜਿਹੜੇ ਨਹੀਂ ਚਾਹੁੰਦੇ ਕਿ ਸਾਡੀ ਇਜਾਰੇਦਾਰੀ ਹੇਠੋਂ ਨਿਜ਼ਾਮ ਬਾਹਰ ਨਿੱਕਲੇ । ਜਿਹੜੇ ਚਾਹੁੰਦੇ ਨੇ ਕਿ ਰਹਿੰਦੀ ਖੂੰਹਦੀ ਜਾਇਦਾਦ ਦੇ ਮਾਲਕ ਵੀ ਅਸੀਂ ਹੋਈਏ। ਜਿਹੜੇ ਚਾਹੁੰਦੇ ਨੇ ਕਿ ਲੋਕ ਲੰਮੀ ਨੀਂਦ ਵਿੱਚੋਂ ਜਾਗ ਪਏ ਤਾਂ ਸਾਡੀ ਸਲਤਨਤ ਨੂੰ ਖਤਰਾ ਪੈਦਾ ਹੋ ਜਾਵੇਗਾ । ਜਿਹੜੇ ਚਾਹੁੰਦੇ ਨੇ ਕਿ ਲੋਕ ਭੇਡਾਂ ਬੱਕਰੀਆਂ ਦੇ ਇੱਜੜ ਵਾਂਗ ਸਿਰ ਹੇਠਾਂ ਸੁੱਟ ਕੇ ਇੱਕ ਦੂਜੇ ਦੇ ਪਿੱਛੇ ਧੂੜ ‘ਚ ਟੱਟੂ ਭਜਾਈ ਜਾਣ। ਜਿਹਨਾਂ ਦੇ ਯਤਨ ਨੇ ਕਿ ਲਾਇਬ੍ਰੇਰੀਆਂ ਦੀ ਥਾਂ ‘ਤੇ ਠੇਕੇ ਖੋਲ੍ਹ ਦੇਈਏ। ਜਿਹਨਾਂ ਦੇ ਯਤਨ ਨੇ ਕਿ ਮੱਥੇ ‘ਚ ਜਗਦੀ ਤੀਜੀ ਅੱਖ ਵਾਲੇ ਜਹਾਜੇ ਚੜ੍ਹ ਕੇ ਵਿਦੇਸ਼ੀਂ  ਦਿਹਾੜੀਆਂ ਕਰਨ ਅਤੇ ‘ਸਾਡੇ’ ਆਈ ਏ ਐਸ ਅਤੇ ਪੀ ਸੀ ਐਸ ਬਿਊਰੋਕ੍ਰੇਟਸ ਬਨਣ । ਉਨ੍ਹਾਂ ਨੂੰ ਚੰਗਾ ਨਹੀਂ ਸੀ ਲੱਗਦਾ ਸਿੱਧੂ ਮੂਸੇ ਵਾਲਾ ।
ਉਹਨੂੰ ਮਾਰਨ ਅਤੇ ਮਰਵਾਉਣ ਵਾਲਿਆਂ ਦੇ ਮਨਸੂਬੇ ਇੱਕ ਨੇ। ਇਹੀ ਕਤਲ ਕਿਤੇ ਵਿਦੇਸ਼ ਦੀ ਧਰਤੀ ‘ਤੇ ਹੋਇਆ ਹੁੰਦਾ ਤਾਂ ਕਾਤਲ ਪੁਲਿਸ ਕਸਟਡੀ ਵਿੱਚ ਐਂ ਬੋਲਦੇ ਜਿਵੇਂ ਸਿਵਿਆਂ ਦੇ ਤਵੀਤ ਸਿਰ ਚੜ੍ਹ ਕੇ ਬੋਲਦੇ ਨੇ। ਸਾਡੇ ਤਾਂ ਗੈਂਗਸਟਰਾਂ ਨਾਲ ਵੀ ਕਥਿਤ ਪ੍ਰਾਹੁਣਿਆਂ ਵਰਗਾ ਸਲੂਕ ਕਰਦੇ ਨੇ । ‘ਪੂਹਲੇ’ ਖਤਮ ਨਹੀਂ ਕੀਤੇ ਜਾਂਦੇ  , ਪੈਦਾ ਕੀਤੇ ਜਾਂਦੇ ਨੇ।
ਸਾਡਾ ਇਨਸਾਫ਼ ਦੀ ਆਸ ਰੱਖਣ ਵਾਲਾ ਮੀਡੀਆ ਵੀ ‘ ਹੈਕ ‘ ਕਰ ਲਿਆ ਗਿਆ ਹੈ। ਜਦੋਂ ਕਿਸੇ ਖਿੱਤੇ ਅਤੇ ਕਿੱਤੇ ਵਿੱਚ ਕਥਿਤ ਵਿਭੀਸਣਾਂ ਦੀ ਭਰਮਾਰ ਹੋਵੇਗੀ ਤਾਂ ਨਤੀਜੇ ਵੀ ਭਿਆਨਕ ਹੀ ਨਿੱਕਲਣਗੇ। ਖ਼ਬਰਾਂ ਦਾ ਮਾਪਦੰਡ ਤਾਂ  ਕੇਵਲ ਪੁਖਤਾ ਜਾਣਕਾਰੀ ਮੁਹੱਈਆ ਕਰਵਾਉਂਣਾ ਹੁੰਦਾ ਹੈ। ਪਰ ਸਾਡੇ ਤਾਂ ਕਿਸੇ ਗੈਂਗਸਟਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਜਾਏ ਜਾਣ ਦੇ ਸਫ਼ਰ ਨੂੰ ਵੀ ਇੰਜ ਕਵਰੇਜ ਦਿੱਤੀ ਜਾ ਰਹੀ ਹੈ ਜਿਵੇਂ ‘ ਕਾਰਗਿੱਲ ਦਾ ਯੁੱਧ ‘ ਫਤਿਹ ਕਰ ਕੇ ਆਇਆ ਹੋਵੇ। ਮੀਡੀਆ ਕਰਮੀਆਂ ਦੇ ਮੱਥੇ ਵਿੱਚ ਜਗਦੀ ਤੀਸਰੀ ਅੱਖ ਪਾਰਖੂ , ਸੂਝਵਾਨ , ਖੋਜ ਖ਼ਬਰ ਦੀਆਂ ਪੈੜਾਂ ਦੱਬਦੀ  ਅਤੇ ਕੇਵਲ ਮੁੱਲਵਾਨ ਜਾਣਕਾਰੀ ਮੁਹਈਆ ਕਰਵਾਉਂਣ ਵਾਲੀ ਹੋਣੀ ਚਾਹੀਦੀ ਹੈ। ਖ਼ਬਰਾਂ ਦੀ ਭਰਮਾਰ ਨਹੀਂ ਖ਼ਬਰ ਚੁਸਤ ਦਰੁਸਤ ਹੋਣੀ ਚਾਹੀਦੀ ਹੈ।
ਸਿਸਟਮ ਤੋਂ ਦੁਖੀ ਲੋਕਾਂ ਦੀਆਂ ਚੀਕਾਂ ਸੰਘੀ ਵਿੱਚ ਘੁੱਟੀਆਂ ਹੋਈਆਂ , ਬਾਹਰ ਨਿਕਲਣ ਨੂੰ ਤਰਸ ਰਹੀਆਂ ਨੇ। ਇਹ ਦੁਖੀ ਲੋਕ , ਹਰ ਦੁੱਖ ਦੀ ਘੜੀ ਅਤੇ ਬੇਇਨਸਾਫ਼ੀ ਵੇਲੇ ਪਰਛਾਵਾਂ ਬਣ ਕੇ ਨਾਲ ਖੜ੍ਹੇ ਹੁੰਦੇ ਹਨ । ਇਹਨਾਂ ਦੀ ਭੀੜ ਵਧਦੀ ਜਾਂਦੀ ਹੈ । ਇਹੀ ਭੀੜਾਂ ਦਹਾਕਿਆਂ ਤੋਂ ਆਹ ਦਾ ਨਾਅਰਾ ਮਾਰਨ ਅਤੇ ਇਨਸਾਫ ਦੀ ਤਲਾਸ਼ ਵਿੱਚ ਕਦੇ 13 ਅਪ੍ਰੈਲ 1978 ਦੀ ਵਿਸਾਖੀ ਨੂੰ ਇਕੱਠੀਆਂ ਹੁੰਦੀਆਂ ਨੇ । ਕਦੇ ਜੂਨ ਚੌਰਾਸੀ ਵਿੱਚ ਆਪ ਮੁਹਾਰੇ ਦਰਬਾਰ ਸਾਹਿਬ ਵੱਲ ਨੂੰ ਵਹੀਰਾਂ ਘੱਤ ਖਲੋਂਦੀਆਂ ਨੇ । ਇਹੀ ਭੀੜਾਂ ਕਦੇ ਨਵੰਬਰ 84 ਨੂੰ ਕੀਤੇ ਗਏ ਕਤਲੇਆਮ ਦੇ ਵਿਰੋਧ ਵਿੱਚ ਆਹ ਦਾ ਨਾਅਰਾ ਮਾਰਨ ਲਈ ਸੜਕਾਂ ‘ਤੇ ਇਕੱਠੀਆਂ ਹੁੰਦੀਆਂ ਨੇ ।  ਕਦੇ ਫੇਰ ਬਹਿਬਲ ਕਲਾਂ , ਬੁਰਜ ਜਵਾਹਰ ਸਿੰਘ ਵਾਲਾ , ਬਰਗਾੜੀ ਅਤੇ ਕੋਟਕਪੂਰਾ ਚੌਕ ਵਿੱਚ , ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਗੋਲੀ ਕਾਂਡ ਦਾ ਇਨਸਾਫ ਲੈਣ ਲਈ ਇਕੱਠੀਆਂ ਹੁੰਦੀਆਂ ਨੇ , ਤੇ ਕਦੇ ਸਿੰਘੂ ਬਾਰਡਰ ‘ਤੇ ਇੱਕ ਵੱਡੇ ਇਕੱਠ ਦਾ ਰੂਪ ਧਾਰਨ ਕਰ ਲੈਂਦੀਆਂ ਨੇ । ਫੇਰ ਕਦੇ ਇਹੀ ਭੀੜਾਂ ਸੰਦੀਪ ਸਿੰਘ ਨੰਗਲ ਅੰਬੀਆਂ ਦੇ ਭੋਗ ‘ਤੇ ਇਨਸਾਫ਼ ਲੱਭਦੀਆਂ ਫਿਰਦੀਆਂ ਨੇ , ਤੇ ਕਦੇ ਦੀਪ ਸਿੱਧੂ ਦੇ ਸਸਕਾਰ ਅਤੇ ਭੋਗ ‘ਤੇ ਦੇਸ਼ਾਂ ਵਿਦੇਸ਼ਾਂ ਤੋਂ ਹੁੰਮ ਹੁਮਾ ਕੇ ਫੇਰ ਆਹ ਦਾ ਨਾਅਰਾ ਮਾਰਨ ਲਈ ਬਹੁੜ ਦੀਆਂ ਨੇ । ਇਹੀ ਭੀੜਾਂ 29 ਮਈ 2022 ਨੂੰ ਮਾਨਸੇ ਦੀ ਧਰਤੀ ‘ਤੇ ਦੇਸ਼ਾਂ ਵਿਦੇਸ਼ਾਂ ਤੋਂ ਆਹ ਦੇ ਨਾਅਰੇ ਮਾਰਨ ਅਤੇ ਇਨਸਾਫ ਦੀ ਤਲਾਸ਼ ਲਈ ਵਿਲਕਦੀਆਂ ਹੋਈਆਂ , ਵਿਸ਼ਵ ਪ੍ਰਸਿੱਧ ਆਪਣੇ ਮਹਿਬੂਬ ਫ਼ਨਕਾਰ ਦੀ ਅਰਥੀ ਨੂੰ ਮੋਢਾ ਦੇਣ ਲਈ ਬਹੁੜ ਦੀਆਂ ਨੇ , ਤਰਲੋ ਮੱਛੀ ਹੁੰਦੀਆਂ ਨੇ ਅਤੇ ਸਿੱਧੂ ਦੇ ਵਿਲਕਦੇ ਹੋਏ ਮਾਂ ਬਾਪ ਨੂੰ ਢਾਰਸ ਬਨਾਹੁੰਦੀਆਂ  ਨੇ ।
ਹਰ ਵਾਰ ਹੀ ਇਹ ਭੀੜਾਂ ਲੱਖਾਂ ਦੇ ਇਕੱਠ ਵਿੱਚੋਂ , ਇਨ੍ਹਾਂ ਭੀੜਾਂ ਦੀ ਅਗਵਾਈ ਕਰਨ ਵਾਲਾ ਆਪਣਾ ਕੋਈ ਧਾਰਮਿੱਕ , ਸਮਾਜਿਕ ਅਤੇ ਰਾਜਨੀਤਕ ਆਗੂ ਤਲਾਸ਼ਦੀਆਂ ਨੇ । ਪਰ ਜਿੰਨ੍ਹਾਂ ਆਗੂਆਂ ਨੇ ਸਿੱਖ ਰਾਜ ਦੇ ਧਿਆਨ ਸਿੰਘ , ਗੁਲਾਬ ਸਿੰਘ ਅਤੇ ਲਾਲ ਸਿੰਘ ਡੋਗਰੇ  ਦਾ ਫਲਸਫਾ ਅਪਣਾਅ ਲਿਆ ਹੋਵੇ ਉਹਨਾਂ ਕੋਲੋਂ ਇਨਸਾਫ਼ ਕਿੱਥੇ…..? ਹਰ ਇਕੱਠ ਵਿੱਚ , ਹਰ ਦੁੱਖ ਦੀ ਘੜੀ ਵਿੱਚ ਅਖੌਤੀ ਆਗੂਆਂ ਦੇ ਲੱਛੇਦਾਰ ਭਾਸ਼ਣ , ਅਲੰਕਾਰਿਕ ਮਨ ਮੋਹ ਲੈਣ ਵਾਲੀ ਸ਼ਬਦਾਵਲੀ ਇੱਕ ਵਾਰ ਤਾਂ ਭਰਮ ਪੈਦਾ ਕਰਦੀ ਹੈ ਕਿ ਇਨਸਾਫ਼ ਵੱਟ ‘ਤੇ ਪਿਐ ਪਰ ਜਦੋਂ ਜਦੋਂ ਵੀ ਵਿਭੀਸ਼ਣ , ਵਿਰੋਧੀਆਂ ਦੇ ਪਾਲੇ ‘ਚ ਜਾ ਖੜਦੇ ਨੇ , ਭਰਾਵਾਂ ਦੀਆਂ ਬਾਹਵਾਂ ਕਹੇ ਜਾਣ ਵਾਲੇ ਭਰਾ , ਹਾਰਦੇ ਹੀ ਹੁੰਦੇ ਨੇ ਅਤੇ ਮਰਦੇ ਹੁੰਦੇ ਨੇ ।
ਅੱਜ ਇਸ ਮੋੜ ‘ਤੇ ਆ ਖੜੇ ਆਂ ਕਿ ਆਓ ਸ਼ਨਾਖਤ ਕਰੀਏ ਕਿ ਸਾਡੇ ਵਿੱਚੋਂ ਵਿਭੀਸ਼ਣ ਕੌਣ ਕੌਣ ਏ।

 ਕੁਲਦੀਪ ਘੁਮਾਣ

Total Views: 117 ,
Real Estate