ਕਾਨਪੁਰ ਹਿੰਸਾ: ਐਡੀਟਰਜ਼ ਗਿਲਡ ਵੱਲੋਂ ਚੈਨਲਾਂ ਦੀ ਨਿੰਦਾ, ਦਰਸ਼ਕਾਂ ਦੀ ਗਿਣਤੀ ਵਧਾਉਣ ਅਤੇ ਮੁਨਾਫ਼ੇ ਲਈ ਚੈਨਲਾਂ ਵੱਲੋਂ ਮਾਹੌਲ ਵਿਗਾੜਨ ਦਾ ਦੋਸ਼

ਭਾਰਤ ਦੇ ਕੁਝ ਵਿਵਾਦਿਤ ਨਿਊਜ਼ ਚੈਨਲਾਂ ਦੇ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਕਾਰਨ ਕੌਮੀ ਵਿਵਾਦ ਦੇ ਬਦਤਰ ਹੋਣ ਅਤੇ ਦੋ ਫਿਰਕਿਆਂ ਵਿਚਕਾਰ ਵੱਡਾ ਪਾੜ ਬਣਾਉਣ ਦਾ ਐਡੀਟਰਜ਼ ਗਿਲਡ ਆਫ਼ ਇੰਡੀਆ ਨੇ ਨੋਟਿਸ ਲਿਆ ਹੈ। ਐਡੀਟਰਜ਼ ਗਿਲਡ ਆਫ਼ ਇੰਡੀਆ ਨੇ ਇਨ੍ਹਾਂ ਚੈਨਲਾਂ ਨੂੰ ਕੁਝ ਸਮਾਂ ਰੁਕ ਕੇ ਆਲੋਚਨਾਤਮਕ ਢੰਗ ਨਾਲ ਇਸ ਗੱਲ ’ਤੇ ਵਿਚਾਰ ਕਰਨ ਨੂੰ ਕਿਹਾ ਹੈ ਕਿ ਉਨ੍ਹਾਂ ਕਾਨਪੁਰ ਹਿੰਸਾ ਦੌਰਾਨ ਸਿਰਫ਼ ਦਰਸ਼ਕਾਂ ਦੀ ਗਿਣਤੀ ਅਤੇ ਲਾਭ ਵਧਾਉਣ ਲਈ ਇਹ ਕੀ ਕਰ ਦਿੱਤਾ ਹੈ। ਐਡੀਟਰਜ਼ ਗਿਲਡ ਨੇ ਬ੍ਰਾਡਕਾਸਟਰਾਂ ਅਤੇ ਪੱਤਰਕਾਰਾਂ ਦੀਆਂ ਜਥੇਬੰਦੀਆਂ ਨੂੰ ਸਖ਼ਤ ਚੌਕਸੀ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਨਪੁਰ ’ਚ ਹਿੰਸਾ ਦੀ ਹੁਣੇ ਜਿਹੀਆਂ ਹੋਈਆਂ ਘਟਨਾਵਾਂ ਨੇ ਮੁਲਕ ਨੂੰ ‘ਬੇਲੋੜੀ ਸ਼ਰਮਿੰਦਗੀ’ ਦਾ ਕਾਰਨ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਚੈਨਲਾਂ ਨੂੰ ਧਰਮ ਨਿਰਪੱਖਤਾ ਸਬੰਧੀ ਮੁਲਕ ਦੀ ਸੰਵਿਧਾਨਕ ਵਚਨਬੱਧਤਾ ਅਤੇ ਪੱਤਰਕਾਰੀ ਦੀ ਨੈਤਿਕਤਾ ਤੇ ਪ੍ਰੈੱਸ ਕਾਊਂਸਿਲ ਆਫ਼ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਤਾਂ ਇਸ ਤੋਂ ਬਚਿਆ ਜਾ ਸਕਦਾ ਸੀ। ਸੰਪਾਦਕਾਂ ਦੀ ਜਥੇਬੰਦੀ ਨੇ ਇਕ ਬਿਆਨ ’ਚ ਕਿਹਾ,‘‘ਐਡੀਟਰਜ਼ ਗਿਲਡ ਆਫ਼ ਇੰਡੀਆ ਉਨ੍ਹਾਂ ਕੌਮੀ ਨਿਊਜ਼ ਚੈਨਲਾਂ ਦੇ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਤੋਂ ਪ੍ਰੇਸ਼ਾਨ ਹੈ ਜੋ ਜਾਣਬੁੱਝ ਕੇ ਅਜਿਹੇ ਹਾਲਾਤ ਬਣਾ ਰਹੇ ਹਨ ਜਿਹੜੇ ਹਾਸ਼ੀਏ ’ਤੇ ਧੱਕੇ ਫਿਰਕਿਆਂ ਅਤੇ ਉਨ੍ਹਾਂ ਦੀ ਆਸਥਾ ਪ੍ਰਤੀ ਨਫ਼ਰਤ ਫੈਲਾ ਕੇ ਨਿਸ਼ਾਨਾ ਬਣਾਉਂਦੇ ਹਨ।’’ ਉਨ੍ਹਾਂ ਕਿਹਾ ਕਿ ਕਾਨਪੁਰ ’ਚ ਇਕ ਦੰਗਾ ਹੋਇਆ ਅਤੇ ਇਸ ਨੂੰ ਲੈ ਕੇ ਕਈ ਮੁਲਕਾਂ ਦੇ ਤਿੱਖੇ ਪ੍ਰਤੀਕਰਮ ਸਾਹਮਣੇ ਆਏ ਕਿਉਂਕਿ ਇਹ ਮੁਲਕ ਹੁਕਮਰਾਨ ਪਾਰਟੀ ਦੇ ਤਰਜਮਾਨਾਂ ਦੀਆਂ ਟਿੱਪਣੀਆਂ ਤੋਂ ਨਾਰਾਜ਼ ਸਨ। ਉਨ੍ਹਾਂ ਮੁਲਕਾਂ ਦੇ ਰੋਹ ਭਰੇ ਬਿਆਨਾਂ ’ਚ ਮਨੁੱਖੀ ਹੱਕਾਂ ਅਤੇ ਧਾਰਮਿਕ ਆਜ਼ਾਦੀ ਪ੍ਰਤੀ ਭਾਰਤ ਦੀ ਵਚਨਬੱਧਤਾ ਬਾਰੇ ਸਵਾਲ ਖੜ੍ਹੇ ਕੀਤੇ ਗਏ ਹਨ। ਐਡੀਟਰਜ਼ ਗਿਲਡ ਆਫ਼ ਇੰਡੀਆ ਨੇ ਮੰਗ ਕੀਤੀ ਕਿ ਇਹ ਚੈਨਲ ਅਜਿਹੇ ਤਰੀਕਿਆਂ ’ਤੇ ਲਗਾਮ ਕਸਣ ਤੇ ਆਪਣੇ ਕੰਮਾਂ ’ਤੇ ਅਲੋਚਨਾਤਮਕ ਝਾਤ ਮਾਰਨ।

Total Views: 71 ,
Real Estate