
ਬਰੈਂਪਟਨ ‘ਚ 2 ਲੋਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ‘ਚ 3 ਹੋਰ ਪੰਜਾਬੀਆਂ ਦੀ ਪੁਲਿਸ ਨੂੰ ਭਾਲ ਹੈ। ਇਸ ਤੋਂ ਪਹਿਲਾਂ ਪੀਲ ਰੀਜਨਲ ਪੁਲਿਸ ਵੱਲੋਂ 16 ਅਪ੍ਰੈਲ ਨੂੰ ਵਾਪਰੀ ਘਟਨਾ ਤੋਂ ਬਾਅਦ 25 ਸਾਲਾ ਮਨਜੋਤ ਸਿੰਘ ਅਤੇ 24 ਸਾਲਾ ਗੁਰਕੀਰਤ ਸਿੰਘ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ, ਜਦਕਿ ਪੁਲਿਸ ਨੇ ਹੁਣ ਤਿੰਨ ਹੋਰ ਲੋਕਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਇਨ੍ਹਾਂ ਨੂੰ ਗ੍ਰਿਫਤਾਰ ਕਰਨ ‘ਚ ਲੋਕਾਂ ਤੋਂ ਮਦਦ ਮੰਗੀ ਹੈ। ਗੁਰਕੀਰਤ ਸਿੰਘ ਨੇ ਬੀਤੇ ਦਿਨੀਂ ਪੁਲਿਸ ਅੱਗੇ ਸਰੰਡਰ ਕਰ ਦਿੱਤਾ ਸੀ, ਜਿਸ ਵਿਰੁੱਧ ਇਰਾਦਾ ਕਤਲ ਸਣੇ ਤਿੰਨ ਦੋਸ਼ ਆਇਦ ਕੀਤੇ ਗਏ ਹਨ। ਉੱਥੇ ਹੀ ਦੂਜੇ ਪਾਸੇ ਮਨੋਜਤ ਸਿੰਘ ਹੁਣ ਤੱਕ ਪੁਲਿਸ ਦੇ ਹੱਥ ਨਹੀਂ ਲੱਗਿਆ ਅਤੇ ਉਸ ਦੀ ਗ੍ਰਿਫ਼ਤਾਰੀ ਸਣੇ ਤਿੰਨ ਹੋਰਨਾਂ ਦੀ ਪਛਾਣ ਕਰਨ ਲਈ ਲੋਕਾਂ ਦੀ ਮਦਦ ਮੰਗੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਜੇ ਕਿਸੇ ਕੋਲ ਇਨ੍ਹਾਂ ਚਾਰੇ ਜਣਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 21 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ 905-453-2121 ਐਕਸਟੈਨਸ਼ਨ 2133 ‘ਤੇ ਸੰਪਰਕ ਕਰੇ।
ਬਰੈਮਟ੍ਰੀ ਕੋਰਟ ਅਤੇ ਕ੍ਰਾਈਸਲਰ ਡਰਾਈਵ ਇਲਾਕੇ ‘ਚ 16 ਅਪ੍ਰੈਲ ਦੀ ਘਟਨਾ ਨਾਲ ਸਬੰਧਤ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਸ਼ੱਕੀਆਂ ਨੂੰ ਦੋ ਲੋਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਦਿਆਂ ਦੇਖਿਆ ਜਾ ਸਕਦਾ ਹੈ।ਪੁਲਿਸ ਮੁਤਾਬਕ ਪੀੜਤ ਅਤੇ ਸ਼ੱਕੀ ਇਕ-ਦੂਜੇ ਨੂੰ ਜਾਣਦੇ ਨਹੀਂ ਸਨ ਅਤੇ ਕੁੱਟਮਾਰ ਤੋਂ ਪਹਿਲਾਂ ਕਾਰੋਬਾਰੀ ਅਦਾਰੇ ਦੇ ਅੰਦਰ ਕੋਈ ਘਟਨਾ ਵਾਪਰੀ ਸੀ। ਪੁਲਿਸ ਮੁਤਾਬਕ ਹਮਲੇ ਦੌਰਾਨ ਇਕ ਪੀੜਤ ਨੂੰ ਐਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਘਟਨਾ ਤੋਂ ਬਾਅਦ ਹਮਲਾਵਰ ਚਿੱਟੇ ਰੰਗ ਦੀ ਫ਼ੌਕਸਵੈਗਨ ਜੈਟਾ ਵਿਚ ਫ਼ਰਾਰ ਹੋ ਗਏ ਜਿਸ ਦੀ ਓਨਟਾਰੀਓ ਲਾਇਸੈਂਸ ਪਲੇਟ ‘ਤੇ ਸੀ।ਐਫ਼।ਈ।ਬੀ। 295 ਲਿਖਿਆ ਹੋਇਆ ਸੀ। ਹਮਲੇ ਦਾ ਸ਼ਿਕਾਰ ਦੋ ਲੋਕਾਂ ‘ਚੋਂ ਇੱਕ ਨੂੰ ਟਰੋਮਾ ਸੈਂਟਰ ਲਿਜਾਇਆ ਗਿਆ, ਜਦਕਿ ਦੂਜੇ ਦਾ ਇਲਾਜ ਆਮ ਹਸਪਤਾਲ ‘ਚ ਕੀਤਾ ਗਿਆ।



















