ਚੋਰ ਬਿਜਲੀ ਵਾਲੇ ਵੱਡੇ ਟਾਵਰ ਚੋਰੀ ਕਰਨ ਲੱਗੇ ਸੀ !

ਬਠਿੰਡਾ ਦੇ ਰਾਮਪੁਰਾ ਫੂਲ ਵਿਖੇ 66 ਕੇ.ਵੀ ਲਾਈਨ ਦੇ ਦੋ ਵੱਡੇ ਟਾਵਰ ਡਿੱਗਣ ਦੇ ਮਾਮਲੇ ਵਿੱਚ ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜ. ਡੀਪੀਐਸ ਗਰੇਵਾਲ ਵੱਲੋਂ ਮੌਕਾ ਸਥਾਨ ਦਾ ਦੌਰਾ ਕੀਤਾ ਗਿਆ। ਜਿਨ੍ਹਾਂ ਨੇ ਇਸ ਮੌਕੇ ਤੇ ਹਾਲਾਤਾਂ ਦਾ ਜਾਇਜਾ ਲਿਆ।
ਉਥੇ ਹੀ, ਮਾਮਲੇ ਦੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਨ ਤੋਂ ਇਲਾਵਾ, ਇਸ ਸੰਬੰਧ ਵਿਚ ਪੁਲਸ ਕੋਲ ਐੱਫ.ਆਈ.ਆਰ ਦਰਜ ਕਰਵਾਉਣ ਦਾ ਨਿਰਦੇਸ਼ ਵੀ ਦਿੱਤੇ ਹਨ। ਇਸ ਤੋਂ ਇਲਾਵਾ, ਲਾਈਨਾਂ ਰਾਹੀਂ ਜਲਦੀ ਤੋਂ ਜਲਦੀ ਸਪਲਾਈ ਸ਼ੁਰੂ ਕਰਨ ਲਈ ਰਿਪੇਅਰ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਇੰਜ. ਡੀ.ਪੀ.ਐਸ ਗਰੇਵਾਲ ਨੇ ਦੱਸਿਆ ਕਿ ਰਾਮਪੁਰਾ ਫੂਲ ਚ 66 ਕੇਵੀ ਲਾਈਨ ਦੇ ਟਾਵਰਾਂ ਦੇ ਪੈਨਲ ਵਿੱਚ ਲੱਗੇ ਨੱਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ ਪਹਿਲੀ ਫਲੋਰ ਦੇ ਨੱਟ ਵੈਲਡਿੰਗ ਹੋਣ ਕਾਰਨ, ਦੂਜੀ ਫਲੋਰ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਨੱਟ ਖੋਲ੍ਹੇ ਗਏ। ਇਸ ਤੋਂ ਇਲਾਵਾ, ਤੀਸਰੇ ਟਾਵਰ ਦਾ ਬੇਸ ਥੋੜ੍ਹਾ ਹਿੱਲਿਆ ਹੈ। ਹਾਲਾਤਾਂ ਨੂੰ ਦੇਖ ਕੇ ਲਗਦਾ ਹੈ ਕਿ ਵਾਰਦਾਤ ਨੂੰ ਇੱਕ ਦਿਨ ਵਿੱਚ ਹੀ ਅੰਜਾਮ ਨਹੀਂ ਦਿੱਤਾ ਗਿਆ, ਬਲਕਿ ਕਈ ਦਿਨਾਂ ਤੋਂ ਇਸਦੀ ਤਿਆਰੀ ਚੱਲ ਰਹੀ ਸੀ। ਉਨ੍ਹਾਂ ਨੇ ਮਾਮਲੇ ਜਾਂਚ ਲਈ ਐੱਸ.ਈ ਪੀ.ਐਂਡ.ਐਮ ਤੇ ਚੀਫ ਪੀ.ਐਂਡ.ਐਮ ਨੂੰ ਤੁਰੰਤ ਪੁਲਿਸ ਕੋਲ ਐੱਫਆਈਆਰ ਦਰਜ ਕਰਵਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ, ਵਿਭਾਗੀ ਪੱਧਰ ਤੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਜਿਸ ਵਿੱਚ ਐਸ.ਈ ਪੀ.ਐਂਡ.ਐੱਮ ਬਠਿੰਡਾ, ਐੱਸ.ਈ ਡਿਸਟ੍ਰੀਬਿਊਸ਼ਨ ਬਠਿੰਡਾ ਅਤੇ ਐੈੱਸ.ਈ ਟਰਾਂਸਮਿਸ਼ਨ ਪਟਿਆਲਾ ਨੂੰ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਮਾਮਲੇ ਦੀ ਜਾਂਚ ਨੂੰ ਡੂੰਘਾਈ ਤੱਕ ਪਹੁੰਚਿਆ ਜਾ ਸਕੇ।

Total Views: 361 ,
Real Estate