ਸ਼੍ਰੀਲੰਕਾ : ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰਨ ਦੇ ਹੁਕਮ

ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਤੋਂ ਬਾਅਦ ਪੈਦਾ ਹੋਈ ਸਥਿਤੀ ਤੋਂ ਬਾਅਦ ਹੁਣ ਪ੍ਰਦਰਸ਼ਨਕਾਰੀਆਂ ‘ਤੇ ਸਿੱਧੀ ਗੋਲੀ ਚਲਾਉਣ ਦੇ ਹੁਕਮ ਦਿੱਤੇ ਗਏ ਹਨ।ਰੱਖਿਆ ਮੰਤਰਾਲੇ ਨੇ ਦੇਸ਼ ਦੀਆਂ ਤਿੰਨਾਂ ਸੈਨਾਵਾਂ ਲਈ ਜਾਰੀ ਹੁਕਮਾਂ ‘ਚ ਕਿਹਾ ਹੈ ਕਿ ਜੇਕਰ ਕੋਈ ਜਨਤਕ ਜਾਇਦਾਦ ਦੀ ਲੁੱਟ ਕਰਦਾ ਹੈ ਜਾਂ ਹਿੰਸਕ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇ। ਫੌਜ ਦਾ ਇਹ ਹੁਕਮ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ‘ਚ ਉਨ੍ਹਾਂ ਨੇ ਲੋਕਾਂ ਨੂੰ ਹਿੰਸਾ ‘ਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਸੀ। ਮਹਿੰਦਾ ਰਾਜਪਕਸ਼ੇ ਦੇ ਅਸਤੀਫੇ ਤੋਂ ਬਾਅਦ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚਾਲੇ ਹਿੰਸਕ ਝੜਪਾਂ ‘ਚ ਸੋਮਵਾਰ ਤੱਕ 8 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਹਿੰਦਾ ਰਾਜਪਕਸ਼ੇ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਘਰ ਸਾੜ ਦਿੱਤਾ ਗਿਆ ਸੀ। ਸਰਕਾਰ ਦੇ ਸਮਰਥਕਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹਿੰਸਾ ਨੇ ਰਾਜਧਾਨੀ ਕੋਲੰਬੋ ਵਿੱਚ ਫੌਜ ਦੀ ਤਾਇਨਾਤੀ ਅਤੇ ਦੇਸ਼ ਵਿਆਪੀ ਕਰਫਿਊ ਲਈ ਮਜ਼ਬੂਰ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਾਟੂਨਾਇਕ ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ‘ਤੇ ਚੌਕੀਆਂ ਸਥਾਪਤ ਕਰ ਦਿੱਤੀਆਂ ਹਨ ਤਾਂ ਜੋ ਸੱਤਾਧਾਰੀ ਨੇਤਾ ਅਤੇ ਉਨ੍ਹਾਂ ਦੇ ਵਫ਼ਾਦਾਰ ਦੇਸ਼ ਛੱਡ ਕੇ ਭੱਜ ਨਾ ਸਕਣ। ਇਸ ਦੌਰਾਨ, ਮਹਿੰਦਾ ਰਾਜਪਕਸ਼ੇ, ਆਪਣੀ ਪਤਨੀ ਅਤੇ ਪਰਿਵਾਰ ਸਮੇਤ, ਹਿੰਸਾ ਤੋਂ ਬਾਅਦ ਆਪਣੀ ਸਰਕਾਰੀ ਰਿਹਾਇਸ਼ – ਟੈਂਪਲ ਟ੍ਰੀਜ਼ – ਛੱਡ ਗਏ ਅਤੇ ਸ਼੍ਰੀਲੰਕਾ ਦੇ ਉੱਤਰ-ਪੂਰਬੀ ਤੱਟ ‘ਤੇ ਬੰਦਰਗਾਹ ਵਾਲੇ ਸ਼ਹਿਰ ਤ੍ਰਿਨਕੋਮਾਲੀ ਦੇ ਸਮੁੰਦਰੀ ਫੌਜ ਦੇ ਬੇਸ ‘ਤੇ ਸ਼ਰਨ ਲਈ ਹੈ। ਸ੍ਰੀਲੰਕਾ ਵਿੱਚ ਪ੍ਰਦਰਸ਼ਨਕਾਰੀ ਪਿਛਲੇ ਤਿੰਨ ਮਹੀਨਿਆਂ ਤੋਂ ਸਰਕਾਰ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਰਾਜਪਕਸ਼ੇ ਸਰਕਾਰ ਭ੍ਰਿਸ਼ਟ ਹੈ ਅਤੇ ਸ੍ਰੀਲੰਕਾ ਵਿੱਚ ਮਹਿੰਗਾਈ, ਬੇਰੁਜ਼ਗਾਰੀ ਅਤੇ ਭੁੱਖਮਰੀ ਲਈ ਰਾਜਪਕਸ਼ੇ ਬ੍ਰਦਰਜ਼ ਦੀਆਂ ਗਲਤ ਨੀਤੀਆਂ ਜ਼ਿੰਮੇਵਾਰ ਹਨ।

Total Views: 339 ,
Real Estate