
ਪੋਲੀਓ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਪਾਕਿਸਤਾਨੀ ਯਤਨਾਂ ਨੂੰ ਇਸ ਸਾਲ ਵੀ ਬੂਰ ਨਹੀਂ ਪਿਆ। ਪਿਛਲੇ ਇਕ ਪੰਦਰਵਾੜੇ ਦੌਰਾਨ ਸੂਬਾ ਖ਼ੈਬਰ ਪਖ਼ਤੂਨਖਵਾ ਦੇ ਉੱਤਰੀ ਵਜ਼ੀਰਿਸਤਾਨ ਇਲਾਕੇ ਵਿਚ ਦੋ ਨਵੇਂ ਪੋਲੀਓ ਕੇਸ ਸਾਹਮਣੇ ਆਏ ਹਨ। ਪਹਿਲੇ ਕੇਸ ਦੀ ਪੁਸ਼ਟੀ 22 ਅਪਰੈਲ ਨੂੰ ਹੋਈ ਸੀ। ਇਹ ਮਰੀਜ਼ 15 ਮਹੀਨਿਆਂ ਦਾ ਦੱਸਿਆ ਗਿਆ। ਹੁਣ 29 ਅਪਰੈਲ ਨੂੰ ਦੋ ਵਰ੍ਹਿਆਂ ਦੀ ਬੱਚੀ ਉਪਰ ਪੋਲੀਓ ਦੇ ਹਮਲੇ ਦੀ ਤਸਦੀਕ ਨੈਸ਼ਨਲ ਪੋਲੀਓ ਲੈਬ ਨੇ ਕੀਤੀ। ਕੌਮੀ ਸਿਹਤ ਮੰਤਰੀ ਕਾਦਿਰ ਪਟੇਲ ਨੇ ਦੋਵਾਂ ਕੇਸਾਂ ਉੱਤੇ ਅਫ਼ਸੋਸ ਪ੍ਰਗਟ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੋਲੀਓ ਵਿਰੋਧੀ ਮੁਹਿੰਮ ਵਿਚ ਹਰ ਤਰ੍ਹਾਂ ਨਾਲ ਸਹਿਯੋਗ ਦੇਣ। ਰੋਜ਼ਨਾਮਾ ‘ਦਿ ਨਿਊਜ਼’ ਦੀ ਰਿਪੋਰਟ ਅਨੁਸਾਰ ਸ੍ਰੀ ਪਟੇਲ ਨੇ ਇਕ ਬਿਆਨ ਵਿਚ ਕਿਹਾ ਕਿ ਦੱਖਣੀ ਏਸ਼ੀਆ ਵਿਚ ਪੋਲੀਓ ਕੇਸਾਂ ਵਾਲੇ ਸਿਰਫ਼ ਦੋ ਮੁਲਕ ਅਫ਼ਗਾਨਿਸਤਾਨ ਤੇ ਪਾਕਿਸਤਾਨ ਹਨ। ਇਹ ਪਾਕਿਸਤਾਨ ਲਈ ਨਮੋਸ਼ੀ ਵਾਲੀ ਗੱਲ ਹੈ। ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਪੋਲੀਓ ਬੂੰਦਾਂ ਪਿਲਾਉਣ ਦੀ ਮੁਹਿੰਮ ਦਾ ਵਿਰੋਧ ਕਰਨ ਵਾਲਿਆਂ ਨੂੰ ਉਹ ਖ਼ੁਦ ਵੀ ਟੱਕਰ ਦੇਣ। ਵਿਰੋਧ ਕਰਕੇ ਪਾਕਿਸਤਾਨ ਵਿਚ ਪੋਲੀਓ ਵਾਲੰਟੀਅਰਾਂ ਦੀਆਂ ਜਾਨਾਂ ਲੈਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਹੋ ਕਾਰਨ ਹੈ ਕਿ ਪੋਲੀਓ ਮੁਕਤ ਪਾਕਿਸਤਾਨ ਦਾ ਨਾਅਰਾ ਅਜੇ ਤਕ ਅਸਲੀਅਤ ਨਹੀਂ ਬਣ ਸਕਿਆ।



















