ਭਦੌੜ ਹਲਕੇ ’ਚ ਪੈਂਦੇ ਪਿੰਡ ਸੰਧੂ ਕਲਾਂ ਦੇ ਪਾਲਾ ਖ਼ਾਨ ਤੋਂ ਅੱਜ ਚਮਕੌਰ ਸਾਹਿਬ ਦੇ ਕਿਸੇ ਅਜਨਬੀ ਨੇ ਇਹ ਬੱਕਰੀ ਖ਼ਰੀਦ ਲਈ ਹੈ। ਪਾਲਾ ਖ਼ਾਨ ਨੇ ਬੱਕਰੀ ਵਿਦਾ ਕਰ ਹੀ ਦਿੱਤੀ। ਪਹਿਲਾਂ ਪਾਲਾ ਖ਼ਾਨ ਨੇ ਰੀਝ ਨਾਲ ਬੱਕਰੀ ਦਾ ਹਾਰ ਸ਼ਿੰਗਾਰ ਕੀਤਾ। ਪੈਰਾਂ ਵਿੱਚ ਝਾਂਜਰਾਂ ਪਾਈਆਂ ਅਤੇ ਗਲ ’ਚ ਗਾਨੀ, ਮਣਕਿਆਂ ਵਾਲਾ ਪਟਾ ਵੀ ਪਾਇਆ, ਫਿਰ ਬੱਕਰੀ ਨੂੰ ਭਰੇ ਮਨ ਨਾਲ ਨਵੇਂ ਮਾਲਕਾਂ ਹਵਾਲੇ ਕਰ ਦਿੱਤਾ। ਇਹ ਕੋਈ ਮਾਮੂਲੀ ਬੱਕਰੀ ਨਹੀਂ ਬਲਕਿ ਉਹ ਖ਼ਾਸ ਬੱਕਰੀ ਹੈ, ਜਿਸ ਦੀ ਗੂੰਜ ਪੰਜਾਬ ਚੋਣਾਂ ਮੌਕੇ ਪਈ ਸੀ। ਭਦੌੜ ਹਲਕੇ ਵਿੱਚ ਇਹ ‘ਚੰਨੀ ਆਲ਼ੀ ਬੱਕਰੀ’ ਵਜੋਂ ਮਸ਼ਹੂਰ ਹੈ। ਵਿਧਾਨ ਸਭਾ ਚੋਣਾਂ ਵੇਲੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਡੀ ਅਚਨਚੇਤ ਇੱਕ ਬੱਕਰੀਆਂ ਦੇ ਝੁੰਡ ਕੋਲ ਰੁਕੀ। ਚੰਨੀ ਨੇ ਆਜੜੀ ਕੋਲ ਇੱਕ ਬੱਕਰੀ ਨੂੰ ਚੋਣ ਦੀ ਖਾਹਿਸ਼ ਜ਼ਾਹਿਰ ਕੀਤੀ ਸੀ। ਚੰਨੀ ਨੇ ਬੱਕਰੀ ਚੋਈ ਤੇ ਬੱਕਰੀਆਂ ਦੇ ਮਾਲਕ ਪਾਲਾ ਖ਼ਾਨ ਨੂੰ ਚਾਰ ਹਜ਼ਾਰ ਰੁਪਏ ਦਾ ਸ਼ਗਨ ਵੀ ਦਿੱਤਾ। ਇਹ ਤਸਵੀਰ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਈ। ਸਿਆਸੀ ਹਲਕਿਆਂ ਵਿੱਚ ਵਿਅੰਗ ਵੀ ਕੱਸੇ ਗਏ ਸਨ। ਚੰਨੀ ਭਦੌੜ ਤੋਂ ਚੋਣ ਵੀ ਹਾਰ ਗਏ ਸਨ।
ਇਹ ਅਜਨਬੀ ਕੌਣ ਹੈ, ਇਸ ਦਾ ਭੇਤ ਬਣਿਆ ਹੋਇਆ ਹੈ। ਪਾਲਾ ਖ਼ਾਨ ਅਨੁਸਾਰ ਉਸ ਕੋਲ ਸਵੇਰ ਵੇਲੇ ਗੱਡੀਆਂ ਵਿੱਚ ਪੰਜ-ਛੇ ਕੋਈ ਖ਼ਾਸ ਸੱਜਣ ਆਏ, ਜਿਨ੍ਹਾਂ ਨੇ ਚਮਕੌਰ ਸਾਹਿਬ ਤੋਂ ਆਏ ਹੋਣ ਦੀ ਗੱਲ ਆਖੀ। ਪਾਲਾ ਖ਼ਾਨ ਨੇ ਦੱਸਿਆ ਕਿ ਚਮਕੌਰ ਸਾਹਿਬ ਵਾਲਿਆਂ ਵਿੱਚੋਂ ਇੱਕ ਨੇ ਆਪਣੀ ਪਛਾਣ ਪਰਮਜੀਤ ਸਿੰਘ ਸਰਕਾਰੀ ਡਰਾਈਵਰ ਵਜੋਂ ਦੱਸੀ।
ਬੱਕਰੀ ਦੇ ਮਾਲਕ ਨੇ ਦੱਸਿਆ ਕਿ ਮਹਿਮਾਨਾਂ ਨੇ ‘ਚੰਨੀ ਆਲ਼ੀ ਬੱਕਰੀ’ ਲੈਣ ਦੀ ਇੱਛਾ ਜ਼ਾਹਿਰ ਕੀਤੀ ਅਤੇ ਆਖ਼ਰ 21 ਹਜ਼ਾਰ ਵਿੱਚ ਸੌਦਾ ਹੋ ਗਿਆ। ਮਹਿਮਾਨਾਂ ਨੇ ਬੱਕਰੀ ਦਾ ਹਾਰ ਸ਼ਿੰਗਾਰ ਕਰਨ ਨੂੰ ਆਖਿਆ, ਜਿਸ ਮਗਰੋਂ ਉਨ੍ਹਾਂ ਨੇ ਬੱਕਰੀ ਨੂੰ ਨੁਹਾ ਕੇ ਸ਼ਿੰਗਾਰਿਆ। ਪਿੰਡ ਵਿੱਚੋਂ ਛੋਟਾ ਹਾਥੀ ਕਰਾ ਕੇ ਖ਼ਰੀਦਦਾਰਾਂ ਦੇ ਨਾਲ ਬੱਕਰੀ ਤੋਰ ਦਿੱਤੀ। ਇਹ ਬੱਕਰੀ ਉਸ ਨੇ ਤੁੰਗਵਾਲੀ ਮੰਡੀ ਵਿੱਚੋਂ 20 ਹਜ਼ਾਰ ’ਚ ਖ਼ਰੀਦੀ ਸੀ। ਆਜੜੀ ਦੇ ਘਰ ਵਿੱਚ ਇਸ ਨੂੰ ‘ਚੰਨੀ ਆਲ਼ੀ ਬੱਕਰੀ’ ਆਖ ਕੇ ਔਰਤਾਂ ਦੁੱਧ ਚੋਂਦੀਆਂ ਰਹੀਆਂ ਹਨ। ਪਾਲਾ ਖ਼ਾਨ ਅਨੁਸਾਰ ਬੱਕਰੀ ਦੀ ਮਸ਼ਹੂਰੀ ਮਗਰੋਂ ਲੋਕ ਉਸ ਦੇ ਘਰ ਆਉਣ ਲੱਗੇ ਅਤੇ ਬੱਕਰੀ ਨਾਲ ਤਸਵੀਰਾਂ ਖਿਚਾਉਣ ਲੱਗੇ। ਉਸ ਨੇ ਦੱਸਿਆ ਕਿ ਕਈ ਦਿਨ ਇੰਨੇ ਫ਼ੋਨ ਖੜਕਦੇ ਰਹੇ ਕਿ ਇੱਜੜ ਚਾਰਨਾ ਹੀ ਔਖਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਬੱਕਰੀਆਂ ਖ਼ਰੀਦਦੇ ਵੀ ਹਨ ਅਤੇ ਵੇਚਦੇ ਵੀ, ਪਰ ਇਸ ਬੱਕਰੀ ਦੇ ਖ਼ਰੀਦਦਾਰ ਕੋਈ ਖ਼ਾਸ ਹੀ ਲੱਗਦੇ ਸਨ।
ਚਰਚੇ ਹਨ ਕਿ ਹੋ ਸਕਦਾ ਹੈ ਕਿ ਇਸ ਬੱਕਰੀ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਹੀ ਖ਼ਰੀਦ ਲਿਆ ਹੋਵੇ ਪਰ ਇਸ ਦੀ ਕਿੱਧਰੋਂ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।
21 ਹਜ਼ਾਰ ਵਿੱਚ ਵਿਕ ਗਈ ‘ਚੰਨੀ ਆਲੀ ਬੱਕਰੀ’!
Total Views: 407 ,
Real Estate