ਆਸ਼ੀਸ਼ ਉਰਮਲਿਆ

ਮੱਧ ਪ੍ਰਦੇਸ਼ ਦੇ ਭਿੰਡ ਜਿਲ੍ਹੇ ਬਿਸੂਲੀ ਪਿੰਡ ਦਾ ਇੱਕ 22 ਸਾਲ ਦਾ ਮੁੰਡਾ ਪਹਿਲਵਾਨੀ ਦਾ ਵੱਡਾ ਸੌਕੀਨ ਸੀ । ਸਾਲ 1956 ਵਿੱਚ ਪਹਿਲਵਾਨ ਬਣਨ ਦਾ ਸੁਪਨਾ ਦੇਖਣ ਲੱਗਾ ਸੀ , ਪਰ ਗਰੀਬੀ ਦੀ ਵਜਾਅ ਕਾਰਨ ਇਹ ਸੁਪਨਾ ਟੁੱਟ ਗਿਆ । ਥੋੜੀ ਜਿਹੀ ਜ਼ਮੀਨ ਸੀ । ਪਿਤਾ ਨਾਲ ਖੇਤੀ ਕਰਨ ਲੱਗਾ। ਇਸ ਦੌਰਾਨ ਪਿੰਡ ਦੇ ਕੁਝ ਗੁੰਡਾ ਅਨਸਰ ਉਸਦੀ ਜ਼ਮੀਨ ਦਾ ਕੁਝ ਹਿੱਸਾ ਹੜੱਪ ਲੈਂਦੇ ਹਨ। ਉਹ ਮੁੰਡਾ ਪੁਲੀਸ ਕੋਲ ਜਾਂਦਾ, ਪਰ ਪੁਲੀਸ ਤਾਂ ਅਕਸਰ ਹੀ ਗੁੰਡਿਆਂ ਦਾ ਸਾਥ ਦਿੰਦੀ ਹੈ। ਇਹ ਗੁੰਡੇ ਹੋਰ ਕੋਈ ਨਹੀਂ ਬਲਕਿ ਉਸਦੇ ਚਚੇਰੇ ਭਰਾ ਸਨ।
ਪੁਲੀਸ ਕੋਲ ਜਾਣ ਕਰਕੇ ਉਹਦੇ ਚਚੇਰੇ ਭਰਾ ਉਸ ਮੁੰਡੇ ਅਤੇ ਉਸਦੇ ਪਰਿਵਾਰ ਨੂੰ ਬੁਰੀ ਤਰ੍ਹਾਂ ਕੁੱਟਦੇ ਹਨ। ਗੋਲੀਆਂ ਚੱਲਦੀਆਂ ਹਨ, ਉਸਦੇ ਪਰਿਵਾਰ ਦੇ ਕੁਝ ਲੋਕ ਮਾਰੇ ਜਾਂਦੇ ਹਨ। ਮੁੰਡੇ ਕੋਲ ਕੋਈ ਰਾਹ ਨਹੀਂ ਬਚਦਾ। ਗੁੱਸੇ ‘ਚ ਆ ਕੇ ਉਹ ਨੌਜਵਾਨ ਉਹਨਾਂ ਗੁੰਡਿਆਂ ਵਿੱਚੋਂ ਇੱਕ ਨੂੰ ਗੋਲੀ ਮਾਰ ਕੇ ਮਾਰ ਦਿੰਦਾ ।
ਉਹ ਮੁੰਡਾ ਦਾ ਨਾਂਮ ਸੀ ਮੋਹਰ ਸਿੰਘ ਗੁੱਜਰ , ਜੀਹਨੇ ਬਾਗੀ ਬਣਕੇ 400 ਤੋਂ ਵੱਧ ਹੱਤਿਆਵਾਂ ਕੀਤੀਆਂ ਅਤੇ 650 ਤੋਂ ਵੱਧ ਅਗਵਾ ਦੀ ਘਟਨਾਵਾਂ ਨੂੰ ਅੰਜ਼ਾਮ ਦਿੱਤਾ।
ਉਹ ਚੰਬਲ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਡਾਕੂ ਕਿਵੇਂ ਬਣ ਗਿਆ ? ਆਓ ਇਸ ਕਹਾਣੀ ਰਾਹੀਂ ਦੱਸੀਏ।
ਸਾਲ 1958 ਵਿੱਚ ਮੋਹਰ ਸਿੰਘ ਜਦੋਂ ਆਪਣੇ ਚਚੇਰੇ ਭਰਾ ਦੀ ਹੱਤਿਆ ਕਰਕੇ ਬੀੜ ‘ਚ ਪਹੁੰਚਿਆ ਤਾਂ ਉਸਦੀ ਉਮਰ 24 ਸਾਲ ਸੀ । ਦੇਖਣ ਨੂੰ ਮਾਸੂਮ ਬੱਚੇ ਵਰਗਾ ਲੱਗਦਾ ਸੀ । ਚੰਬਲ ਵਿੱਚ ਉਸਨੇ ਕਈ ਡਾਕੂਆਂ ਦੇ ਗਿਰੋਹ ‘ਚ ਸ਼ਾਂਮਿਲ ਹੋਣ ਦੀ ਕੋਸਿ਼ਸ਼ ਕੀਤੀ , ਪਰ ਘੱਟ ਉਮਰ ਅਤੇ ਕੰਮ ਤੋਂ ਅਣਜਾਣ ਹੋਰ ਕਾਰਨ ਉਸ ਨੂੰ ਕਿਸੇ ਗਿਰੋਹ ਨੇ ਆਪਣੇ ਨਾਲ ਨਾ ਰਲਾਇਆ। ਪਿੰਡ ‘ਚ ਉਸ ਦੇ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਹੋ ਚੁੱਕਾ ਸੀ । ਪੁਲੀਸ ਲਗਾਤਾਰ ਉਸਨੂੰ ਭਾਲਦੀ ਸੀ , ਇਸ ਲਈ ਵਾਪਸ ਜਾਣਾ ਤਾਂ ਅਸੰਭਵ ਸੀ ।
ਫਿਰ ਮੋਹਰ ਸਿੰਘ ਨੇ ਆਪਣੀ ਹੀ ਇੱਕ ਗੈਂਗ ਬਚਾਉਣ ਦਾ ਫੈਸਲਾ ਕੀਤਾ। ਉਸਨੇ ਜੰਗਲ ‘ਚ ਕਈ ਦਿਨ ਬਿਨਾ ਕੁਝ ਖਾਧੇ –ਪੀਤੇ ਬਿਤਾਏ। ਫਿਰ ਉਸਦੀ ਦੋਸਤੀ ਕੁਝ ਨਵੇਂ ਡਾਕੂਆਂ ਨਾਲ ਹੋਈ ਅਤੇ ਉਸਨੇ ਇੱਕ ਛੋਟਾ ਜਿਹਾ ਗਿਰੋਹ ਬਣਾ ਲਿਆ। ਗੈਂਗ ਬਣਦੇ ਹੀ ਉਹਨਾ ਨੇ ਲੁੱਟ , ਅਗਵਾ ਅਤੇ ਹੱਤਿਆ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦੇਣਾ ਸੁਰੂ ਕਰ ਦਿੱਤਾ।
ਮੋਹਰ ਗੈਂਗ ਦਾ 80 ਲੱਖ ਰੁਪਏ ਖਰਚਾ ਹੁੰਦਾ ਸੀ
ਹੌਲੀ ਹੌਲੀ ਮੋਹਰ ਦਾ ਗੈਂਗ ਵੱਡਾ ਹੁੰਦਾ ਗਿਆ। ਉਸਦੀ ਗੈਂਗ ‘ਚ ਡੇਢ ਸੌ ਤੋਂ ਵੱਧ ਡਾਕੂ ਸ਼ਾਮਿਲ ਹੋ ਚੁੱਕੇ ਸਨ। ਸਾਲ 1961-62 ‘ਚ ਮੋਹਰ ਦੀ ਗੈਂਗ ਸਾਲ ਭਰ ‘ਚ 1 ਲੱਖ ਰੁਪਏ ਖਰਚ ਦਿੰਦੀ ਸੀ , ਜਿਹੜਾ ਅੱਜਕੱਲ੍ਹ ਲਗਭਗ 80 ਲੱਖ ਰੁਪਏ ਦੇ ਬਰਾਬਰ ਹੈ।
ਗੈਂਗ ਨੂੰ ਪੈਸਿਆਂ ਦੀ ਬਹੁਤ ਜਿ਼ਆਦਾ ਜਰੂਰਤ ਹੁੰਦੀ ਸੀ ਇਸ ਲਈ ਉਹਨਾ ਨੇ ਅਗਵਾ ਕਰਨ ਦਾ ਕੰਮ ਤੇਜੀ ਨਾਲ ਕਰ ਦਿੱਤਾ । ਮੋਹਰ ਨੂੰ ਜਿਵੇਂ ਹੀ ਪਤਾ ਲੱਗਦਾ ਕਿ ਕੋਈ ਥੋੜਾ ਜਿਹਾ ਹੀ ਅਮੀਰ ਜਾਂ ਰਸੂਖਦਾਰ ਵਿਅਕਤੀ ਹੈ ਤਾਂ ਉਹ ਨੂੰ ਅਗਵਾ ਕਰਵਾ ਲੈਂਦਾ ਅਤੇ ਫਿਰੌਤੀ ਵਸੂਲਦਾ । ਫਿਰੌਤੀ ਨਾ ਮਿਲਣ ਤੇ ਉਸਦੀ ਬੇਦਰਦੀ ਨਾਲ ਹੱਤਿਆ ਕਰ ਦਿੱਤੀ ਜਾਂਦੀ । ਇਸ ਤਰ੍ਹਾਂ ਉਸਨੇ ਲਗਭਗ 650 ਤੋਂ ਅਗਵਾ ਕਾਂਡ ਕੀਤੇ ਅਤੇ ਸੈਕੜੇ ਹੱਤਿਆਵਾਂ ਕਰਕੇ ਮੋਟਾ ਪੈਸਾ ਇਕੱਠਾ ਕੀਤਾ ।
ਮੋਹਰ ਲਗਾਤਾਰ ਅਮੀਰਾਂ ਨੂੰ ਅਗਵਾ ਅਤੇ ਕਤਲ ਕਰ ਰਿਹਾ ਸੀ । ਇਹਨਾਂ ਵਾਰਦਾਤਾਂ ਦੇ ਚੱਲਦੇ ਚੰਬਲ ਦੇ ਨੇੜਲੇ ਜਿ਼ਲ੍ਹਿਆਂ ‘ਚ ਲੋਕ ਦਹਿਸ਼ਤ ਵਿੱਚ ਆ ਗਏ ਸਨ । ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਭਿੰਡ , ਮੂਰੈਨਾ, ਇਟਾਵਾ , ਜਾਲੌਨ, ਆਗਰਾ ਅਤੇ ਜਿਲ੍ਹਿਆਂ ਦੇ ਲੋਕਾਂ ਨੇ ਆਪਣੇ ਪੈਸੇ ਦਾ ਦਿਖਾਵਾ ਕਰਨਾ ਬੰਦ ਕਰ ਦਿੱਤਾ ਸੀ । ਲੋਕ ਅਮੀਰ ਹੁੰਦੇ ਹੋਏ ਵੀ ਮਾਮੂਲੀ ਵਿਅਕਤੀ ਵਰਗੀ ਜਿੰਦਗੀ ਜੀਣ ਲੱਗੇ ਸਨ , ਤਾਂਕਿ ਉਹਨਾਂ ਦੇ ਪੈਸੇ ਦੀ ਭਿਣਕ ਮੋਹਰ ਸਿੰਘ ਨੂੰ ਨਾ ਪੈ ਜਾਵੇ।
ਮੋਹਰ, ਚੰਬਲ ਦਾ ਸਭ ਤੋਂ ਮਹਿੰਗਾ ਡਾਕੂ
ਜਨਤਾ ਵਿੱਚ ਮੋਹਰ ਦਾ ਐਨਾ ਖੌਫ਼ ਪੈਦਾ ਹੋ ਗਿਆ ਸੀ ਕਿ ਪੁਲੀਸ ਦੇ ਨਾਲ ਤਿੰਨ ਰਾਜਾਂ ਦੀਆਂ ਸਰਕਾਰਾਂ ਤੇ ਵੀ ਦਬਾਅ ਵੱਧ ਗਿਆ ਸੀ । ਮੋਹਰ ਉਪਰ 650 ਫਿਰੌਤੀਆਂ ਅਤੇ 400 ਕਤਲਾਂ ਦੇ ਮਾਮਲੇ ਦਰਜ ਹੋਣ ਤੋਂ ਬਾਅਦ ਪੁਲੀਸ ਦੀਆਂ ਕਈ ਟੀਮਾਂ ਜੰਗਲ ਦੇ ਚੱਕਰ ਕੱਟਣ ਲੱਗੀਆਂ ਸੀ । ਮੋਹਰ ਦੀ ਗੈਂਗ ਨਾਲ ਪੁਲੀਸ ਦੀ ਮੁੱਠਭੇੜ ਤਾਂ ਹੁੰਦੀ , ਪਰ ਉਹ ਪੁਲੀਸ ਦੇ ਹੱਥ ਨਾ ਆਉਂਦਾ। ਉਲਟਾ ਪੁਲੀਸ ਦੇ ਦਰਜਨਾਂ ਜਵਾਨ ਮਾਰੇ ਜਾਂਦੇ ਸਨ।
ਪੁਲੀਸ , ਮੋਹਰ ਦੇ ਡਰ ਤੋਂ ਚੰਬਲ ਦੇ ਅੰਦਰ ਜਾਣ ਤੋਂ ਵੀ ਡਰਨ ਲੱਗੀ ਸੀ । ਮੋਹਰ ਤੋਂ ਤੰਗ ਆ ਕੇ ਪੁਲੀਸ ਉਸ ਉਪਰ 2 ਲੱਖ ਰੁਪਏ ਅਤੇ ਉਸਦੇ ਗੈਂਗ ਤੇ 12 ਲੱਖ ਰੁਪਏ ਦਾ ਇਨਾਮ ਰੱਖ ਦਿੱਤਾ। ਉਹਨਾਂ ਵੇਲਿਆਂ ਐਨਾ ਇਨਾਮ ਕਿਸੇ ਵੀ ਡਾਕੂ ਉਪਰ ਨਹੀਂ ਰੱਖਿਆ ਗਿਆ ਸੀ । ਇਸੇ ਇਨਾਮੀ ਰਾਸ਼ੀ ਕਾਰਨ ਮੀਡੀਆ ਅਤੇ ਕਈ ਡਾਕੂ ਮੋਹਰ ਨੂੰ ਚੰਬਲ ਦਾ ਸਭ ਤੋਂ ਮਹਿੰਗਾ ਡਾਕੂ ਕਹਿੰਦੇ ਸਨ।
ਚੰਬਲ ‘ਚ ਬੈਠਾ – ਬੈਠਾ ਦਿੱਲੀ ਤੋਂ ਅਗਵਾ ਕਰਵਾ ਲੈਂਦਾ ਸੀ ।
ਸਾਲ 1965 ਵਿੱਚ ਮੋਹਰ ਸਿੰਘ ਨੇ ਆਪਣੇ ਇੱਕ ਦੋਸਤ ਡਾਕੂ ਨਾਥੂ ਸਿੰਘ ਨਾਲ ਮਿਲ ਕੇ ਇੱਕ ਪਲਾਨਿੰਗ ਕੀਤੀ । ਉਸਨੇ ਖਰੀਦਦਾਰੀ ਕਰਨ ਦੇ ਬਹਾਨੇ ਦਿੱਲੀ ਦੇ ਇੱਕ ਮੂਰਤੀ ਤਸਕਰ ਨੂੰ ਜਹਾਜ਼ ਰਾਹੀਂ ਗਵਾਲੀਅਰ ਬੁਲਾਇਆ। ਜਿਉਂ ਹੀ ਤਸਕਰ ਚੰਬਲ ਆਇਆ ਤਾਂ ਮੋਹਰ ਨੇ ਉਸਨੂੰ ਬੰਧਕ ਬਣਾ ਲਿਆ। ਫਿਰ 26 ਲੱਖ ਰੁਪਏ ਦੀ ਫਿਰੌਤੀ ਲੈ ਕੇ ਛੱਡਿਆ। ਇਸ ਘਟਨਾ ਨਾਲ ਦਿੱਲੀ ਹਿੱਲ ਗਈ ਸੀ । ਇਹ ਘਟਨਾ ਖੁਦ ਮੋਹਰ ਸਿੰਘ ਨੇ ਦੱਸੀ ਸੀ।
ਉਹਨਾ ਵੇਲਿਆਂ ‘ਚ ਚੰਬਲ ‘ਚ 13 ਖੰਖਾਰ ਡਾਕੂਆਂ ਦੀ ਗਰੋਹ ਸਨ , ਮੋਹਰ ਸਾਰਿਆਂ ਦੀ ਮੀਟਿੰਗ ਲੈਂਦਾ ਸੀ ।
ਮੋਹਰ ਦੀ ਦਲੇਰੀ ਅਤੇ ਉਸਦੇ ਅਪਰਾਧਾਂ ਦੀ ਲਿਸਟ ਦੇਖ ਕੇ ਚੰਬਲ ਦੇ ਬਾਕੀ ਡਾਕੂ ਵੀ ਉਸਤੋਂ ਖੌਫ਼ ਖਾਂਦੇ ਸਨ। ਮੋਹਰ ਜੋ ਵੀ ਕਰਦਾ ਸੀ ਅਸੂਲਾਂ ਦੇ ਨਾਲ ਕਰਦਾ ਸੀ । ਉਹ ਆਪਣੀ ਅਤੇ ਆਪਣੇ ਕੰਮ ਦੀ ਇਮੇਜ ਨੂੰ ਲੈ ਕੇ ਕਾਫੀ ਚੇਤੰਨ ਰਹਿੰਦਾ ਸੀ ।
ਇੱਕ ਦਿਨ ਉਸਨੂੰ ਜਾਣਕਾਰੀ ਮਿਲੀ ਕਿ ਬਾਕੀ ਡਾਕੂਆਂ ਦੀ ਵਜਾਅ ਨਾਲ ਉਸਦੀ ਇਮੇਜ ਵੀ ਡਾਕੂਆਂ ਵਾਲੀ ਬਣਦੀ ਜਾ ਰਹੀ ਹੈ, ਜਦਕਿ ਉਹ ਖੁਦ ਨੂੰ ਬਾਗੀ ਅਖਵਾਉਣਾ ਪਸੰਦ ਕਰਦਾ ਸੀ । ਇਸ ਕਾਰਨ ਉਸਨੇ ਚੰਬਲ ‘ਚ ਸਰਗਰਮ ਮਲਖਾਨ ਸਿੰਘ , ਨਾਥੂ ਸਿੰਘ ਦੀ ਗੈਂਗ ਸਮੇਤ ਕੁੱਲ 13 ਗੈਂਗਾਂ ਨੂੰ ਬੁਲਾਇਆ ਅਤੇ ਉਹਨਾਂ ਨਾਲ ਮਸ਼ਵਰਾ ਕੀਤਾ । ਬੈਠਕ ‘ਚ ਫੈਸਲਾ ਕੀਤਾ ਕਿ ਹੁਣ ਕੋਈ ਕਿਸੇ ਦੇ ਘਰ ਵਿੱਚ ਦਾਖਿਲ ਹੋ ਕੇ ਲੁੱਟ ਨਹੀਂ ਕਰੇਗਾ। ਅਸੀਂ ਸਿਰਫ਼ ਅਗਵਾ ਕਰਾਂਗੇ। ਇਸ ਤੋਂ ਬਿਨਾ ਅਸੀਂ ਕਿਸੇ ਧੀ-ਭੈਣ ਨਾਲ ਕਦੇ ਵੀ ਛੇੜ-ਛਾੜ ਨਹੀਂ ਕਰਾਂਗੇ। ੰਾਰੇ ਡਾਕੂਆਂ ਦੀਆਂ ਗਰੋਹਾਂ ਨੇ ਇਹ ਗੱਲ ਲਈ ਸਹਿਮਤੀ ਦਿੱਤੀ । ਇਸ ਮਗਰੋਂ ਘਰਾਂ ‘ਚ ਡਾਕੇ ਪੈਣੇ ਅਤੇ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਬੰਦ ਹੋ ਗਈਆਂ । ਪੁਲੀਸ ਵੀ ਇਹ ਦੇਖ ਕੇ ਹੈਰਾਨ ਸੀ ।
ਮੋਹਰ ਸਿੰਘ ਗਰੀਬਾਂ ਦੀ ਮੱਦਦ ਵੀ ਕਰਦਾ ਸੀ ਅਤੇ ਉਹਨਾਂ ਦੀ ਕੁੜੀਆਂ ਦੇ ਵਿਆਹ ਵੀ ਕਰਵਾਉਂਦਾ ਸੀ । ਮੋਹਰ ਸਿੰਘ ਨੇ ਇੱਕ ਟੀਵੀ ਇੰਟਰਵਿਊ ‘ਚ ਕਿਹਾ ਸੀ , ‘ ਪੁਲੀਸ ਨਾਲ ਮੇਰੀਆਂ ਐਨੀਆਂ ਮੁੱਠਭੇੜਾਂ ਤੋਂ ਬਾਅਦ ਮੇਰੀ ਜਾਨ ਸਿਰਫ਼ ਇਸ ਲਈ ਬਚੀ ਕਿਉਂਕਿ ਮੈਂ ਧੀਆਂ- ਭੈਣਾਂ ਨੰ ਦੇਵੀ ਮੰਨਦਾ ਸੀ ।’
ਨੇਤਾ ਵੀ ਆਉਂਦੇ ਸਨ
ਨੇਤਾ ਵੀ ਲੋਕਾਂ ਵਿੱਚ ਮੋਹਰ ਦੇ ਖੌਫ਼ ਦਾ ਫਾਇਦਾ ਉਠਾਉਣ ਤੋਂ ਪਿੱਛੇ ਨਹੀਂ ਰਹੇ । 60-70 ਦੇ ਦਹਾਕੇ ਵਿੱਚ ਸਰਪੰਚੀ ਤੋਂ ਲੈ ਕੇ ਵਿਧਾਇਕੀ ਤੱਕ ਚੋਣ ਲੜਨ ਵਾਲੇ ਨੇਤਾ ਮੋਹਰ ਸਿੰਘ ਨਾਲ ਸੰਪਰਕ ਸਥਾਪਿਤ ਕਰਨ ਲੱਗੇ ਸਨ। ਕਿਸੇ ਤਰ੍ਹਾਂ ਜੁਗਾੜ ਕਰਕੇ ਉਹ ਮੋਹਰ ਤੱਕ ਪਹੁੰਚ ਜਾਂਦੇ ਸਨ।
ਇੱਕ ਇੰਟਰਵਿਊ ‘ਚ ਮੋਹਰ ਸਿੰਘ ਨੇ ਕਿਹਾ ਸੀ , ‘ ਜਦੋਂ ਅਸੀਂ ਬੀਹੜ ਵਿੱਚ ਸੀ ਤਾਂ ਕਈ ਨੇਤਾ ਸਾਨੂੰ ਮਿਲਣ ਆਉਂਦੇ ਸਨ ਅਤੇ ਕਹਿੰਦੇ ਸਨ, ‘ ਦੱਦਾ ਸਾਨੂੰ ਚੋਣ ਜਿੱਤਵਾ ਦੋ ‘ ਅਸੀਂ ਉਸ ਦੇ ਸਿਰ ਤੇ ਹੱਥ ਧਰ ਦਿੰਦੇ ਸੀ । ਜਦੋਂ ਲੋਕਾਂ ਨੂੰ ਪਤਾ ਲੱਗਦਾ ਸੀ ਕਿ ਮੋਹਰ ਨੇ ਫਲਾਣੇ ਨੇਤਾ ਦੇ ਸਿਰ ਤੇ ਹੱਥ ਧਰ ਦਿੱਤਾ ਤਾਂ ਉਹ ਖੌਫ਼ ਵਿੱਚ ਆ ਕੇ ਉਸਨੂੰ ਵੋਟ ਪਾ ਦਿੰਦੇ ਸਨ।

ਡਾਕੂ ਦੋਸਤ ਤੇ ਕਹਿਣ ਤੇ ਹਥਿਆਰ ਸੁੱਟੇ ਤੇ ਸਰੈਂਡਰ ਕਰਨ ਵਾਲਾ ਪਹਿਲਾ ਡਾਕੂ ਬਣਿਆ
ਸਾਲ 1972, ਜੰਗਲ ‘ਚ ਮੋਹਰ ਸਿੰਘ 14 ਸਾਲ ਦਾ ਸਮਾਂ ਗੁਜ਼ਾਰ ਚੁੱਕਾ ਸੀ । ਉਸਦੀ ਉਮਰ 38 ਸਾਲ ਹੋ ਚੁੱਕੀ ਸੀ । ਇੱਕ ਦਿਨ ਬੈਠੇ- ਬੈਠੇ ਉਸਦੇ ਮਨ ‘ਚ ਖਿਆਲ ਆਇਆ ਕਿ ਐਨਾ ਦਿਨਾਂ ਵਿੱਚ ਬਦਦੁਆਵਾਂ ਤੋਂ ਬਿਨਾ ਉਸਦੇ ਹੱਥ ਹੋਰ ਕੀ ਆਇਆ ? ਮਨ ਵਿੱਚੋਂ ਹੀ ਜਵਾਬ , ‘ ਕੁਝ ਵੀ ਨਹੀਂ । ਇਸ ਦੌਰਾਨ ਮੋਹਰ ਦੇ ਸਭ ਤੋਂ ਖਾਸ ਡਾਕੂ ਦੋਸਤ ਮਾਧੋ ਸਿੰਘ ਉਸਨੂੰ ਮਿਲਣ ਦੇ ਲਈ ਅੱਡੇ ਤੇ ਆਏ । ਮਾਧੋ ਸਿੰਘ ਨੇ ਮੋਹਰ ਸਿੰਘ ਆਤਮ ਸਮਰਪਣ ਦੀ ਸਲਾਹ ਦਿੱਤੀ । ਮੋਹਰ ਉਸਦੀ ਗੱਲ ਮੰਨ ਗਿਆ। ਮੋਹਰ ਅਤੇ ਮਾਧੋ ਨੇ ਪੁਲੀਸ ਦੇ ਸਾਹਮਣੇ ਸਰੈਂਡਰ ਕਰਨ ਦਾ ਸੱਦਾ ਭੇਜਿਆ। ਆਤਮ ਸਮਰਪਣ ਦੀ ਗੱਲ ਕਰਨ ਦੇ ਲਈ ਮੋਹਰ ਤਤਕਾਲੀ ਵੱਡੇ ਨੇਤਾ ਜਯ ਪ੍ਰਕਾਸ਼ ਨਰਾਇਣ ਨੂੰ ਮਿਲਿਆ। ਬਾਕਰਾ ਬੰਨ ਤੇ ਮੋਹਰ ਦੀ ਜਯ ਪ੍ਰਕਾਸ਼ ਨਾਲ ਗੱਲ ਹੋਈ । ਫਿਰ ਇੰਦਰ ਗਾਂਧੀ ਵੱਲੋਂ ਸੁਨੇਹਾ ਆਇਆ, ‘ ਆਪ ਸਰੈਂਡਰ ਕੀਜੀਏ। ਆਪ ਕੋ ਪੂਰਾ ਫਾਇਦਾ ਦਿਆ ਜਾਏਗਾ।’
14 ਅਪਰੈਲ , 1972 ਨੂੰ ਗਾਂਧੀ ਸੇਵਾ ਆਸ਼ਰਮ , ਜੌਰਾ, ਮੂਰੈਨਾ ਵਿੱਚ ਮੋਹਰ ਨੇ ਆਪਣੀ ਗੈਂਗ ਦੇ 140 ਡਾਕੈਆਂ ਸਮੇਤ ਸਰੈਂਡਰ ਕੀਤਾ। ਮੋਹਰ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਵੀਪੀ ਸਿੰਘ ਦੀ ਮੌਜੂਦਗੀ ਵਿੱਚ ਮਹਾਤਮਾ ਗਾਂਧੀ ਦੀ ਤਸਵੀਰ ਸਾਹਮਣੇ ਹਥਿਆਰ ਸੁੱਟੇ । ਕੋਰਟ ਨੇ ਮੋਹਰ ਨੂੰ 20 ਸਾਲ ਦੀ ਸਜ਼ਾ ਸੁਣਾਈ । ਬਿਨਾ ਸ਼ਰਤ ਮੋਹਰ ਖੁੱਲ੍ਹੀ ਜੇਲ੍ਹ ਦੀ ਸੁਵਿਧਾ ਦਿੱਤੀ ਗਈ । ਜੇਲ੍ਹ ਰਹਿੰਦੇ ਹੋਏ ਉਸਨੇ ਕਈ ਘਟਨਾਵਾਂ ਕੀਤੀਆਂ ।
ਜੇਲ੍ਹ ਵਿੱਚ ਆਪਣੇ ਡਕੈਤ ਸਾਥੀਆਂ ਨਾਲ ਮੋਹਰ ਸਿੰਘ ਜੇਲ੍ਹ ਵਿੱਚ ਹੀ ਆਪਣੀ ਅਦਾਲਤ ਲਗਾਉਣ ਲੱਗਾ ਸੀ । ਜੇਲ੍ਹ ਦੇ ਸੁਪਰਡੈਂਟ ਨੂੰ ਇਹ ਗੱਲ ਪਸੰਦ ਨਹੀਂ ਆਈ । ਉਸਨੇ ਮੋਹਰ ਸਿੰਘ ਤੇ ਉਸਦੇ ਸਾਥੀਆਂ ਨਾਲ ਬਦਸਲੂਕੀ ਕੀਤੀ ਅਤੇ ਉਸਨੂੰ ਕੁੱਟਣ ਦੀ ਧਮਕੀ ਦਿੱਤੀ । ਜਿਉਂ ਹੀ ਸੁਪਰਡੈਂਟ ਨੇ ਗਾਲ੍ਹ ਦਿੰਦੇ ਹੋਏ ਮੋਹਰ ਨੂੰ ਧਮਕੀ ਦਿੱਤੀ ਤੇ ਅਗਲੇ ਹੀ ਪਲ ਮੋਹਰ ਨੇ ਕਾਲਰ ਤੋਂ ਫੜਕੇ ਸੁਪਰਡੈਂਟ ਨੂੰ ਢਾਹ ਲਿਆ।
ਜਦੋਂ ਇਹ ਗੱਲ ਸੂਬੇ ਦੇ ਮੁੱਖ ਮੰਤਰੀ ਤੱਕ ਪਹੁੰਚੀ ਤਾਂ ਮੁੱਖ ਮੰਤਰੀ ਨੇ ਫੋਨ ਕਰਕੇ ਕਿਹਾ, ‘ ਬਹੁਤ ਮੁਸ਼ਕਿਲ ਨਾਲ ਇਹਨਾਂ ਡਾਕੂਆਂ ਨੂੰ ਜੇਲ੍ਹ ਤੱਕ ਲਿਆਏ ਹਾਂ। ਇਹ ਜਿਵੇਂ ਰਹਿੰਦੇ ਹਨ , ਰਹਿਣ ਦਿਓ।’
ਇਸੇ ਤਰਾਂ ਇੱਕ ਦਿਨ ਮੂਰੈਨਾ ਦੇ ਐਸਪੀ ਗਵਾਲੀਅਰ ਜੇਲ੍ਹ ਪਹੁੰਚਦੇ ਹਨ। ਜੇਲ੍ਹ ਦੀ ਦਹਿਲੀਜ ਤੇ ਮੋਹਰ ਸਿੰਘ ਨੂੰ ਦੇਖਦੇ ਹੀ ਕਹਿੰਦੇ ਹਨ, ‘ ਜੇ 10-12 ਦਿਨ ਹੋਰ ਬਾਹਰ ਰਹਿੰਦਾ ਤਾਂ ਮੈਂ ਤੇਰਾ ਐਨਕਾਊਂਟਰ ਕਰ ਦਿੰਦਾ। ਮੋਹਰ ਸਿੰਘ ਕਿਹੜਾ ਘੱਟ ਸੀ ਕਹਿੰਦਾ , ‘ ਹੁਣ ਹੱਥ ਅਜ਼ਮਾ ਲੈ। ਗਿੱਦੜ ਧਮਕੀ ਨਾ ਦੇ, ਜਦੋਂ ਮੈਂ ਬਾਹਰ ਤਾਂ ਦਰਸ਼ਨ ਵੀ ਤਰਸਦੇ ਸੀ ।’
ਜੱਜ ਨੇ ਫਾਂਸੀ ਦੇਣ ਦੀ ਗੱਲ ਆਖੀ
ਜੇਲ੍ਹ ‘ਚ ਰਹਿੰਦੇ ਹੋਏ ਮੋਹਰ ਉਪਰ ਚੱਲਦੇ ਮੁਕੱਦਮਿਆਂ ਦੀ ਸੁਣਵਾਈ ਹੁੰਦੀ ਰਹਿੰਦੀ ਸੀ । ਹੱਤਿਆ ਦੇ ਇੱਕ ਮੁਕੱਦਮੇ ਵਿੱਚ ਜੱਜ ਨੇ ਮੋਹਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਅਤੇ ਨਾਲ ਹੀ 10 ਹਜ਼ਾਰ ਜੁਰਮਾਨਾ ਭਰਨ ਦੇ ਹੁਕਮ ਦਿੱਤੇ। ਜੱਜ ਦਾ ਜਵਾਬ ਦਿੰਦੇ ਹੋਏ ਮੋਹਰ ਨੇ ਕਿਹਾ , ‘ ਸਾਹਿਬ, ਮੈਂ ਫਾਂਸੀ ਤੇ ਲਟਕ ਜਾਵਾਂ ਅਤੇ ਤੈਨੂੰ ਜੁਰਮਾਨਾ ਕੌਣ ਭਰੂ ? ਮੇਰੇ ਪਰਿਵਾਰ ਕੋਲ 10 ਹਜ਼ਾਰ ਦਾ ਇਤਜ਼ਾਮ ਨਹੀਂ ।’ ਇਹ ਗੱਲ ਸੁਣਦੇ ਹੀ ਅਦਾਲਤ ‘ਚ ਸੰਨਾਟਾ ਛਾ ਗਿਆ । ਇਹ ਖੁਦ ਮੋਹਰ ਸਿੰਘ ਨੇ ਇੱਕ ਟੀਵੀ ਇੰਟਰਵਿਊ ‘ਚ ਦੱਸਿਆ ਸੀ ।
ਮੋਹਰ ਸਿੰਘ 8 ਸਾਲ 1980 ਤੱਕ ਜੇਲ੍ਹ ਵਿੱਚ ਰਿਹਾ ਫਿਰ ਉਸਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਹਿਣ ਤੇ ਰਿਹਾਅ ਕਰ ਦਿੱਤਾ ਗਿਆ। ਬਾਅਦ ਵਿੱਚ ਉਸਨੂੰ ਜ਼ਮੀਨ ਦਿੱਤੀ । ਬੱਚਿਆਂ ਦੀ ਪੜ੍ਹਾਈ ਦੇ ਲਈ ਵਜੀਫ਼ਾ ਵੀ ਦਿੱਤਾ ਗਿਆ।
ਜੇਲ੍ਹ ਵਿੱਚੋਂ ਨਿਕਲਣ ਤੋਂ ਬਾਅਦ ਮੋਹਰ ਸਿੰਘ ਨੇ ਰਾਜਨੀਤੀ ਵਿੱਚ ਵੀ ਹੱਥ ਅਜ਼ਮਾਇਆ। ਮੇਹਗਾਂਵ ਨਗਰਪਾਲਿਕਾ ਦਾ ਪ੍ਰਧਾਨ ਵੀ ਚੁਣਿਆ ਗਿਆ ,ਉਹ ਵੀ ਆਜ਼ਾਦ । ਉਸਨੇ ਹਮੇਸ਼ਾ ਕਾਂਗਰਸ ਦਾ ਸਮਰਥਨ ਕੀਤਾ। ਉਸਦਾ ਕਹਿਣਾ ਸੀ ਕਿ ਕਾਂਗਰਸ ਦੇ ਸਮੇਂ ਉਸਨੇ ਸਰੈਂਡਰ ਕੀਤਾ । ਉਦੋਂ ਕਾਂਗਰਸ ਨੇ ਉਸਦੀ ਮੱਦਦ ਕੀਤੀ ਸੀ ਅੱਜ ਮੈਂ ਉਸਦੀ ਮੱਦਦ ਕਰਦਾ ਹਾਂ।
ਸਾਧਾਰਨ ਜੀਵਨ ਵਿੱਚ ਵਾਪਸ ਆਉਣ ਤੋਂ ਬਾਦ ਮੀਡੀਆ ਇੰਟਰਵਿਊ ਦਾ ਸਿਲਸਿਲਾ ਸੁਰੂ ਹੋ ਗਿਆ। ਇੱਕ ਪੱਤਰਕਾਰ ਨੇ ਉਸਨੇ ਪੁੱਛਿਆ ਡਕੈਤ ਰਹਿੰਦੇ ਤੁਸੀ ਕਿੰਨੇ ਮਰਡਰ ਕੀਤੇ? ਮੋਹਰ ਸਿੰਘ ਬੋਲਿਆ , ‘ ਬੱਸ ਇਹ ਨਾ ਹੀ ਪੁੱਛੋ , ਬੀਹੜ ‘ਚ ਖੂਨ ਖ਼ਰਾਬਾ ਤਾਂ ਬਹੁਤ ਹੁੰਦਾ ਸੀ , ਉਸ ਸਮੇਂ ਮੇਰੇ ਨਾਂਮ ਤੇ 400 ਮਰਡਰ ਸਨ। ਜਿ਼ਆਦਾਤਰ ਮੈਂ ਹੀ ਕੀਤੇ, ਬਾਕੀ ਗੈਂਗ ਦੇ ਲੜਕੇ ਕਰਦੇ ਸੀ , ਨਾਂਮ ਮੇਰਾ ਹੀ ਹੁੰਦਾ ਸੀ ।’
ਜੇਲ੍ਹ ਤੋਂ ਬਾਹਰ ਮਗਰੋਂ ਮੋਹਰ ਸਿੰਘ ਦੇ ਜੀਵਨ ‘ਤੇ ਕਈ ਫਿਲਮਾਂ ਵੀ ਬਣੀਆਂ। 80 ਦੇ ਦਹਾਕੇ ਵਿੱਚ ਮੋਹਰ ਸਿੰਘ ਦੇ ਚੱਲਦੇ ਡਾਕੂਆਂ ਵਾਲੀਆਂ ਫਿਲਮਾਂ ਦਾ ਟ੍ਰੈਂਡ ਆ ਗਿਆ ਸੀ । ਸਾਲ 1982 ਵਿੱਚ ਮੋਹਰ ਸਿੰਘ ਦੇ ਜੀਵਨ ਉਪਰ ਇੱਕ ਫਿਲਮ ਬਣੀ ਜਿਸਦਾ ਨਾਂਮ ਸੀ ,’ਚੰਬਲ ਕੇ ਡਾਕੂ’ । ਇਸ ਫਿਲਮ ਵਿੱਚ ਉਸਨੂੰ ਕਿਰਦਾਰ ਖੁਦ ਮੋਹਰ ਸਿੰਘ ਨੇ ਨਿਭਾਇਆ।
5 ਮਈ 2020 ਨੂੰ ਸਵੇਰੇ 9 ਵਜੇ , ਲੰਬੀ ਬਿਮਾਰੀ ਤੋਂ ਬਾਅਦ 92 ਸਾਲ ਦੀ ਉਮਰ ‘ਚ ਮੋਹਰ ਸਿੰਘ ਦੀ ਮੌਤ ਹੋ ਗਈ ।



















