120 ਕਿਲੋਮੀਟਰ ਲੰਬੀ ਲੜਾਈ , ਮਾਛੀਵਾੜੇ ਤੋਂ ਬਿਆਸ ਤੱਕ

ਸੰਨ 1765 ਵਿਚ ਮਾਰਚ ਦੇ ਮਹੀਨੇ, ਕੰਧਾਰ ਨੂੰ ਵਾਪਿਸ ਮੁੜਦਿਆਂ ਅਹਿਮਦ ਸ਼ਾਹ ਅਬਦਾਲੀ ਨੇ ਮਾਛੀਵਾੜੇ ਤੋਂ ਸਤਲੁਜ ਪਾਰ ਕਰਕੇ ਉਸ ਦੇ ਪੱਛਮੀ ਕਿਨਾਰੇ ਰਾਤ ਕੱਟਣ ਲਈ ਤੰਬੂ ਗੱਡ ਦਿੱਤੇ । ਓਧਰ ਖਾਲਸਾ ਜੀ ਵੀ ਅਬਦਾਲੀ ਦੇ ਸਵਾਗਤ ਲਈ , ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਬਾਬਾ ਚੜ੍ਹਤ ਸਿੰਘ ਜੀ ਸ਼ੁਕਰਚੱਕੀਆ, ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਬਾਬਾ ਹਰੀ ਸਿੰਘ ਜੀ ਭੰਗੀ , ਬਾਬਾ ਲਹਿਣਾ ਸਿੰਘ ਭੰਗੀ ਜੀ, ਬਾਬਾ ਜੈ ਸਿੰਘ ਕਨ੍ਹੱਈਆ ਜੀ, ਬਾਬਾ ਝੰਡਾ ਸਿੰਘ ਜੀ, ਬਾਬਾ ਗੁਲਾਬ ਸਿੰਘ ਜੀ, ਅਤੇ ਬਾਬਾ ਗੁੱਜਰ ਸਿੰਘ ਜੀ ਆਦਿ ਸਿੱਖ ਜਰਨੈਲਾਂ ਦੀ ਅਗਵਾਈ ਹੇਠ ਤਿਆਰ ਬਰ ਤਿਆਰ ਖੜਾ ਸੀ ।ਦਿਨ ਚੜੇ ਤੇ ਅਬਦਾਲੀ ਮਸਾਂ ਪੰਜ ਸੱਤ ਕੋਹ ਹੀ ਗਿਆ ਸੀ ਕਿ ਖਾਲਸੇ ਨੇ ਆਣ ਦਰਸ਼ਨ ਦਿੱਤੇ । ਅਬਦਾਲੀ ਤੇ ਜਿਵੇਂ ਸੁੱਕੇ ਅਸਮਾਨੋਂ ਬਿਜਲੀ ਡਿੱਗ ਪਈ ਸੀ । ਜੰਗ ਦੇ ਸ਼ੁਰੂ ਚ ਹੀ ਖਾਲਸੇ ਦਾ ਪੱਲੜਾ ਭਾਰੀ ਹੋ ਗਿਆ । ਖਾਲਸਾ ਦਲ ਆਪਣੇ ਜਰਨੈਲਾਂ ਦੀ ਅਗਵਾਈ ਹੇਠ ਇਹ ਲੜਾਈ ਬੜੀ ਤਰਤੀਬ ਨਾਲ ਲੜ ਰਿਹਾ ਸੀ । ਸਿੰਘਾਂ ਨੇ ਅਬਦਾਲੀ ਦੇ ਸੱਜੇ ਪਾਸੇ ਵੱਲ ਬੜਾ ਜੋਰ ਪਾਇਆ । ਅਬਦਾਲੀ ਨੇ ਆਪਣੇ ਸਿਰਕੱਢ ਜਰਨੈਲ ਨਾਸਿਰ ਖਾਨ ਨੂੰ ਉਸ ਪਾਸੇ ਭੇਜਿਆ । ਉਸ ਨੂੰ ਆਉੰਦਿਆ ਵੇਖ ਕੇ ਬਾਬਾ ਚੜ੍ਹਤ ਸਿੰਘ ਸ਼ੁਕਰਚੱਕੀਆ ਜੀ ਆਪਣੇ ਜੱਥੇ ਸਮੇਤ ਮੈਦਾਨ ਚੋਂ ਪਿੱਛੇ ਨੂੰ ਨੱਠ ਉੱਠੇ । ਨਾਸਿਰ ਖਾਂ ਇਸ ਚਾਲ ਤੋਂ ਜਾਣੂੰ ਨਹੀਂ ਸੀ । ਉਹ ਬਾਬਾ ਚੜਤ ਸਿੰਘ ਜੀ ਹੋਰਾਂ ਦਾ ਪਿੱਛਾ ਕਰਦਾ ਜਿਵੇਂ ਹੀ ਅਬਦਾਲੀ ਦੀ ਫੌਜ ਤੋਂ ਜਰਾ ਕੁ ਦੂਰ ਹੋਇਆ ਤਾਂ ਬਾਬਾ ਚੜ੍ਹਤ ਸਿੰਘ ਜੀ ਨੇ ਭੌਂ ਕੇ ਉਸ ਉੱਤੇ ਹਮਲਾ ਕਰ ਦਿੱਤਾ । ਨਾਸਿਰ ਖਾਂ ਸਿੰਘਾਂ ਦੇ ਘੇਰੇ ਵਿਚ ਬੁਰੀ ਤਰਾਂ ਫਸ ਗਿਆ । ਉਸਦੀ ਕਿਸਮਤ ਚੰਗੀ ਸੀ ਕਿ ਕਿਵੇਂ ਦੀ ਕਿਵੇਂ ਉਹ ਭੱਜ ਕੇ ਜਾਨ ਬਚਾ ਕੇ ਅਬਦਾਲੀ ਦੀ ਫੌਜ ਨਾਲ ਜਾ ਰਲਿਆ ਪਰ ਨਾਸਿਰ ਖਾਂ ਦੀ ਫੌਜ ਦਾ ਬਹੁਤਾ ਹਿੱਸਾ, ਸਿੰਘਾਂ ਦੀਆਂ ਤਲਵਾਰਾਂ ਨੇ ਵੱਢ ਸੁੱਟਿਆ । ਏਧਰੋਂ ਅਬਦਾਲੀ ਦੀ ਫੌਜ ਅਜੇ ਸੰਭਲੀ ਹੀ ਸੀ ਕਿ ਦੂਜੀ ਮਿਸਲ ਨੇ ਦੂਜੇ ਪਾਸਿਉਂ ਹਮਲਾ ਕਰ ਦਿੱਤਾ । ਰਾਤ ਪਈ ਹਨੇਰਾ ਹੋ ਗਿਆ ਤਾਂ ਲੜਾਈ ਬੰਦ ਹੋ ਗਈ ।
ਅਗਲੇ ਦਿਨ ਅਬਦਾਲੀ ਤਿੰਨ ਮੀਲ ਹੀ ਗਿਆ ਸੀ, ਸਿੰਘਾਂ ਨੇ ਤਿੰਨਾਂ ਪਾਸਿਆਂ ਤੋਂ ਹਮਲਾ ਕਰ ਦਿੱਤਾ । ਅੱਗੇ ਸਿੰਘ ਅਬਦਾਲੀ ਦੀ ਫੌਜ ਦੇ ਪਿਛਲੇ ਹਿੱਸੇ ਤੇ ਹਮਲਾ ਕਰਦੇ, ਵੱਡ ਟੁੱਕ ਕਰਦੇ ਹੋਏ , ਲੁੱਟ ਮਾਰ ਕੇ ਪਿੱਛੇ ਹੱਟ ਜਾਂਦੇ ਸਨ ਪਰ ਇਸ ਵਾਰ ਉਹ ਦੁਰਾਨੀਆਂ ਦਾ ਰਾਹ ਰੋਕ ਕੇ ਖਲੋਂਦੇ ਸਨ ਤੇ ਵੰਗਾਰ ਕੇ ਆਪ ਹਮਲਾ ਕਰਦੇ ਸਨ । ਉਹ ਸਾਹਮਣੇ ਪਾਸਿਉਂ ਤੇ ਸੱਜੇ ਖੱਬੇ ਤੋਂ ਹਮਲਾ ਕਰਦੇ, ਕਿ ਅਬਦਾਲੀ ਅੱਗੇ ਤੁਰ ਨਾ ਸਕੇ । ਇੱਕ ਮਿਸਲ ਦੂਰੋਂ ਘੋੜੇ ਭਜਾ ਕੇ ਆਉਂਦੀ ਤੇ ਆਪਣੀਆਂ ਭਰੀਆਂ ਹੋਈਆਂ ਬੰਦੂਕਾਂ ਖਾਲੀ ਕਰਕੇ ਪਿੱਛੇ ਹੱਟ ਜਾਂਦੀ । ਉਹਦੀ ਥਾਂ ਦੂਜੀ ਮਿਸਲ ਦੇ ਸਿਪਾਹੀ ਆਉਂਦੇ ਤੇ ਗੋਲੀਆਂ ਚਲਾ ਕੇ ਪਿੱਛੇ ਹੱਟ ਜਾਂਦੇ । ਉਹਨਾਂ ਦੀ ਥਾਂ ਤੀਜੀ ਮਿਸਲ ਆ ਮੱਲਦੀ । ਇਸੇ ਤਰਾਂ ਸਾਰਾ ਦਿਨ ਹੁੰਦਾ ਰਿਹਾ । ਅਬਦਾਲੀ ਸਮਝ ਚੁੱਕਾ ਸੀ ਕਿ ਹੁਣ ਬਚਣਾ ਤਾਂ ਇੱਕੋ ਇੱਕ ਰਾਹ ਹੈ ਕਿ ਇਨ੍ਹਾਂ ਨਾਲ ਸਾਹਮਣੇ ਹੋ ਕੇ ਨਾ ਲੜਿਆ ਜਾਵੇ । ਅਬਦਾਲੀ ਨੇ ਆਪਣੀ ਫੌਜ ਨੂੰ ਇਕਦਮ ਰੁਕਣ ਲਈ ਕਿਹਾ । ਉਸ ਨੇ ਹੁਕਮ ਕੀਤਾ ਕਿ ਆਪੋ ਆਪਣੀ ਥਾਂ ਡਟ ਜਾਵੋ ਕੋਈ ਅੱਗੇ ਨਾ ਵਧੇ । ਤੁਸੀਂ ਉਡੀਕ ਕਰੋ , ਆਪੋ ਆਪਣੀ ਲਾਈਨ ਚ ਪਰਬਤ ਵਾਂਗ ਅਡੋਲ ਹੋ ਕੇ ਖੜ ਜਾਵੋ । ਕਾਫਿਰ ਆਪ ਅੱਗੇ ਵੱਧ ਕੇ ਤੁਹਾਡੀ ਮਾਰ ਹੇਠ ਆ ਜਾਣਗੇ । ਪਰ ਅਬਦਾਲੀ ਦੀ ਇਹ ਵੀ ਸਕੀਮ ਕਾਮਯਾਬ ਨਾ ਹੋ ਸਕੀ । ਕਿਉਂਕਿ ਖਾਲਸਾ ਫੌਜਾਂ ਆਪਣੇ ਜਰਨੈਲਾਂ ਦੀਆਂ ਹਦਾਇਤਾਂ ਅਨੁਸਾਰ ਬੜੇ ਵਿਉਂਤਬੱਧ ਤਰੀਕੇ ਨਾਲ ਲੜ ਰਹੀਆਂ ਸਨ ।
ਅਬਦਾਲੀ ਨੇ ਆਪਣੀ ਫੌਜ ਨੂੰ ਰੁਕਣ ਤੇ ਇੱਕ ਥਾਂ ਅਡੋਲ ਖੜੇ ਰਹਿਣ ਦੇ ਹੁਕਮ ਦੇ ਕੇ ਫੌਜ ਦੇ ਵਿਚਾਲੇ ਆਪਣੇ ਆਪ ਨੂੰ ਸੁਰੱਖਿਅਤ ਕਰ ਲਿਆ । ਸਿੰਘਾਂ ਨੇ ਅਬਦਾਲੀ ਦੀ ਫੌਜ ਨੂੰ ਚਾਰੇ ਪਾਸਿਉਂ ਘੇਰ ਲਿਆ । ਸਿੰਘਾਂ ਨੇ ਅਬਦਾਲੀ ਦੀ ਰਣਨੀਤੀ ਵੇਖ ਕੇ ਉਸਦੀ ਫੌਜ ਤੇ ਹਮਲਾ ਤਾਂ ਨਹੀ ਕੀਤਾ ਪਰ ਘੇਰਾ ਘੱਤ ਕੇ ਅਬਦਾਲੀ ਤੇ ਉਸਦੇ ਜਰਨੈਲਾਂ ਨੂੰ ਵੰਗਾਰਦੇ ਰਹੇ ।ਪਰ ਉਹ ਇਸ ਵੰਗਾਰ ਨੂੰ ਪਾਣੀ ਵਾਂਗ ਪੀ ਜਾਂਦੇ ਤੇ ਇੱਕ ਵੀ ਕਦਮ ਅੱਗੇ ਵਧਣ ਦੀ ਹਿੰਮਤ ਨਾ ਕਰਦੇ । ਉਹ ਸੁੱਖਾਂ ਸੁੱਖਦੇ , ਕਿ ਅੱਲਾ ਛੇਤੀ ਰਾਤ ਪਾਵੇ , ਤੇ ਸਿੱਖਾਂ ਹੱਥੋਂ ਛੁਟਕਾਰਾ ਮਿਲੇ । ਜੇ ਕੋਈ ਗੁੱਸੇ ਚ ਆ ਕੇ ਆਪਣੀ ਲਾਈਨ ਤੋਂ ਬਾਹਰ ਜਾ ਕੇ ਸਿੰਘਾਂ ਨਾਲ ਲੜਨ ਦੀ ਕੋਸ਼ਿਸ਼ ਕਰਦਾ ਤਾਂ ਮਾਰਿਆ ਜਾਂਦਾ । ਹੁਣ ਇੱਥੇ ਆਪਣੇ ਮਨ ਚ ਹੀ ਉਸ ਸਮੇ ਦੀ ਇਕ ਤਸਵੀਰ ਬਣਾ ਕੇ ਵੇਖਿਉ । ਦੁਨੀਆਂ ਦਾ ਸ਼ਕਤੀਸ਼ਾਲੀ ਬਾਦਸ਼ਾਹ ਆਪਣੀ ਫੌਜ ਨੂੰ ਆਪੋ ਆਪਣੀ ਥਾਂ ਅਡੋਲ ਖੜੇ ਰਹਿਣ ਦੀਆਂ ਹਦਾਇਤਾਂ ਦੇ ਕੇ ਆਪ ਵਿਚਾਲੇ ਸਹਿਮਿਆਂ ਹੋਇਆ ਬੈਠਾ ਹੈ ਤੇ ਉਸਦੀ ਫੌਜ ਦੇ ਆਸੇ ਪਾਸੇ ਸਿੰਘ ਫਿਰ ਰਹੇ ਹਨ । ਅੱਖਾਂ ਦੀ ਘੂਰ ਨਾਲ ਉਸਦੀ ਫੌਜ ਨੂੰ ਤੇ ਅਬਦਾਲੀ ਨੂੰ ਡਰਾ ਰਹੇ ਹਨ । ਕਿਸੇ ਦੀ ਹਿੰਮਤ ਨੀ ਪੈ ਰਹੀ ਅੱਗੇ ਵੱਧ ਕੇ ਪੰਗਾ ਲੈਣ ਦੀ । ਇਸਤੋਂ ਉੱਪਰ ਸਿੰਘਾਂ ਦੀ ਦਹਿਸ਼ਤ ਕੀ ਹੋ ਸਕਦਾ ਹੈ । ਅਬਦਾਲੀ ਦੀ ਚੰਗੀ ਕਿਸਮਤ ਨੂੰ ਰਾਤ ਪੈ ਜਾਂਦੀ ਹੈ ਤੇ ਸਿੰਘ ਅਰਾਮ ਕਰਨ ਲਈ ਪਿੱਛੇ ਹੱਟ ਜਾਂਦੇ ਹਨ ।
ਅਗਲੇ ਦਿਨ ਅਬਦਾਲੀ ਫਿਰ ਮਸਾਂ ਪੰਜ ਛੇ ਕੋਹ ਤੱਕ ਜਾਂਦਾ ਹੈ ਕਿ ਸਿੰਘ ਫਿਰ ਘੇਰ ਲੈਂਦੇ ਨੇ । ਇਸ ਸਮੇਂ ਕਾਜੀ ਨੂਰ ਮੁਹੰਮਦ ਵੀ ਅਬਦਾਲੀ ਦੇ ਨਾਲ ਸੀ । ਜਿਸਨੇ ਬਾਅਦ ਵਿਚ ਜੰਗਨਾਮਾ ਲਿਖਿਆ । ਇਸ ਲੜਾਈ ਦੇ ਵੀ ਉਸਨੇ ਅੱਖੀਂ ਡਿੱਠੇ ਹਾਲ ਲਿਖੇ ਨੇ । ਉਹ ਲਿਖਦਾ ਹੈ ਕਿ “ਜਦ ਅਗਲੇ ਦਿਨ ਦਾ ਸੂਰਜ ਚੜਿਆ ਤਾਂ ਪਾਤਸ਼ਾਹ (ਅਬਦਾਲੀ) ਦੇ ਹੁਕਮ ਨਾਲ ਸਾਰੀ ਸੈਨਾ ਨੇ ਕੂਚ ਕੀਤਾ । ਅਜੇ ਪੰਜ ਛੇ ਕੋਹ ਹੀ ਚੱਲੇ ਹੋਵਾਂਗੇ ਕਿ ਕੱਲ੍ਹ ਵਾਂਗ ਉਹ ਸਿੱਖ ਫਿਰ ਚੜ੍ਹ ਆਏ ਤੇ ਪਹਿਲਾਂ ਵਾਂਗ ਰਾਹ ਰੋਕ ਲਿਆ । ਸਾਰਾ ਦਿਨ ਹੱਲੇ ਕਰਦੇ ਰਹੇ ਗੋਲੀਆਂ ਦਾਗਦੇ ਰਹੇ । ਕੱਲ੍ਹ ਵਾਂਗ ਉਹ ਫਿਰ ਸੰਝ ਨੂੰ ਪਿੱਛੇ ਹਟ ਗਏ । ਮੁੱਕਦੀ ਗੱਲ੍ਹ ਇਹ ਹੈ ਕਿ ਉਹ ਸੱਤ ਦਿਨ ਸਾਡੇ ਨਾਲ ਇਵੇਂ ਹੀ ਜੰਗ ਕਰਦੇ ਰਹੇ । ਜਦ ਪਾਤਸ਼ਾਹ (ਅਬਦਾਲੀ) ਕੂਚ ਲਈ ਅਸਵਾਰ ਹੁੰਦਾ ਸੀ ਤਾਂ ਉਹ ਆ ਜਾਂਦੇ ਸਨ । ਜਦ ਪਾਤਸ਼ਾਹ(ਅਬਦਾਲੀ) ਪੜਾਉ ਕਰਨ ਲਈ ਰੁਕ ਜਾਂਦਾ ਤਾਂ ਉਹ ਸਾਮ੍ਹਣੇ ਹੋ ਕੇ ਲੜਾਈ ਛੇੜ ਦਿੰਦੇ । ਕਾਜ਼ੀ ਨੂਰ ਮੁਹੰਮਦ ਦੇ ਜੰਗਨਾਮੇਂ ਦਾ ਇਹ ਬੰਦ :-
ਸੁਖ਼ਨ ਮੁਖ਼ਤਸਰ ਹਫ਼ਤ ਰੋਜ਼ ਈਂ ਸਗਾਂ ।
ਹਮੀਂ ਜੰਗ ਕਰਦੰਦ ਆਂ ਬਦ ਰਗਾਂ ।
( ਸਫਾ 165, ਬੰਦ 16ਵਾਂ)
ਉਲਥਾ : ਮੁੱਕਦੀ ਗੱਲ ਇਹ ਕਿ ਸੱਤ ਦਿਨਾਂ ਇਹ ਜੰਗ ਇੰਝ ਹੀ ਲੜਦੇ ਰਹੇ ।
ਸਾਰਾ ਨਕਸ਼ਾ ਸਾਹਮਣੇ ਲੈ ਆਉਂਦਾ ਹੈ ਕਿ ਸਿੰਘਾਂ ਨੇ ਸ਼ਾਹ ਤੇ ਦੁਰਾਨੀ ਦੀ ਫੌਜ ਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ । ਅਬਦਾਲੀ ਆਪਣਾ ਬਚਾਅ ਕਰੀ ਜਾਣ ਵਿਚ ਹੀ ਜਿੱਤ ਸਮਝਦਾ ਰਿਹਾ ।
ਸੱਤਵੇਂ ਦਿਨ ਅਬਦਾਲੀ ਬਿਆਸ ਦੇ ਕੰਢੇ ਪਹੁੰਚਿਆ । ਬਿਆਸ ਦੇ ਕਿਨਾਰੇ ਖੜੇ ਹੋ ਕੇ ਉਸਨੇ ਹੁਕਮ ਸੁਣਾਇਆ ਕਿ ਸਭ ਤੋਂ ਪਹਿਲਾਂ ਸਾਰੇ ਊਠ, ਜੋ ਸੋਨੇ ਨਾਲ ਲੱਦੇ ਹੋਏ ਹਨ , ਹੋਰ ਘਰੇਲੂ ਸਾਮਾਨ, ਬੀਬੀਆਂ, ਬੱਚੇ , (ਜੋ ਉਹ ਹਿੰਦੋਸਤਾਨ ਦੀ ਧਰਤੀ ਤੋਂ ਬੰਦੀ ਬਣਾ ਕੇ ਲਿਆਇਆ ਸੀ) ਪਾਰ ਕਰਨਗੇ । ਸਾਰਿਆਂ ਨੂੰ ਦਰਿਆ ਪਾਰ ਕਰਵਾ ਕੇ ਅਬਦਾਲੀ ਜਿਵੇਂ ਹੀ ਦੂਸਰੇ ਕਿਨਾਰੇ ਨਿੱਕਲਿਆ ਤਾਂ ਸਿੰਘਾਂ ਨੇ ਫੇਰ ਹਮਲਾ ਕਰ ਦਿੱਤਾ । ਘਮਸਾਨ ਦਾ ਯੁੱਧ ਮੱਚਿਆ । ਦੋਹਾਂ ਧਿਰਾਂ ਦਾ ਮਨੁੱਖੀ ਲਹੂ ਨਾਲ ਲਿੱਬੜੇ ਲੋਹੇ ਨਾਲ ਲੋਹਾ ਖੜਕਿਆ । ਇੱਥੇ ਹੀ ਸਿੰਘਾਂ ਨੇ ਅਬਦਾਲੀ ਦੇ ਸਾਜ਼ੋ ਸਮਾਨ ਦਾ ਭਾਰ ਹੌਲਾ ਕਰ ਦਿੱਤਾ । ਬੀਬੀਆਂ ਬੱਚਿਆਂ ਨੂੰ ਛੁਡਾ ਕੇ ਔਹ ਗਏ ਤੇ ਔਹ ਗਏ । ਇੱਥੋਂ ਅਬਦਾਲੀ ਤੇਜੀ ਨਾਲ ਰਾਵੀ ਦਰਿਆ ਵੱਲ ਨੂੰ ਵਧਿਆ । ਜਦ ਬਟਾਲੇ ਲਾਗੇ ਪਹੁੰਚਿਆਂ ਤਾਂ , ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ, ਬਾਬਾ ਬਘੇਲ ਸਿੰਘ ਜੀ ਅਤੇ ਬਾਬਾ ਹਰੀ ਸਿੰਘ ਭੰਗੀ ਜੀ ਦੀ ਅਗਵਾਈ ਹੇਠ ਤੀਹ ਹਜਾਰ ਸਿੰਘਾਂ ਨੇ ਫੇਰ ਹਮਲਾ ਕਰ ਦਿੱਤਾ । ਏਥੇ ਆਹਮੋ ਸਾਹਮਣੇ ਬੜਾ ਘਮਸਾਨ ਦਾ ਯੁੱਧ ਹੋਇਆ । ਅਬਦਾਲੀ ਪੂਰੀ ਤਰਾਂ ਹਾਰ ਕੇ ਤੇਜੀ ਨਾਲ ਰਾਵੀ ਜਾ ਟਪਿਆ । ਰਾਵੀਉਂ ਪਾਰ ਸਿੰਘਾਂ ਨੇ ਫੇਰ ਹਮਲਾ ਜਾ ਕੀਤਾ । ਮੁਕਦੀ ਗੱਲ ਸਿੰਘ ਅਬਦਾਲੀ ਨੂੰ ਗੁਜਰਾਤ ਤੱਕ ਤੋਰ ਕੇ ਆਏ ।ਮਾਰਚ ਦੇ ਅਖੀਰ ਵਿਚ ਅਬਦਾਲੀ ਰਹੁਤਾਸ ਜਾ ਪੁੱਜਾ ਤੇ ਸਿੱਖ ਵਿਸਾਖੀ ਮਨਾਉਣ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਮੁੜ ਆਏ ।
ਅਬਦਾਲੀ ਡਿੱਗਦਾ ਢਹਿੰਦਾ ਕੰਧਾਰ ਪਹੁੰਚਿਆਂ । ਇੱਥੋਂ ਹੀ ਕਾਜੀ ਨੂਰ ਮੁਹੰਮਦ ਨੇ ਕਲਾਤ ਵਿਚ ਆਪਣੇ ਘਰ ਜਾ ਕੇ ਜੰਗਨਾਮਾਂ ਲਿਖਿਆ । ਬੇਸ਼ੱਕ ਕਾਜੀ ਨੂਰ ਮੁਹੰਮਦ ਸਿੱਖਾਂ ਸਗ (ਕੁੱਤੇ) ਕਹਿ ਕੇ ਸੰਬੋਧਨ ਕਰਦਾ ਹੈ ਪਰ ਉਹ ਸਿੱਖਾਂ ਦੀ ਸਿਫਤ ਕੀਤੇ ਬਿਨਾਂ ਵੀ ਰਹਿ ਨਹੀਂ ਸਕਿਆ । ਉਹ ਸਿੱਖਾਂ ਦੀ ਸਿਫਤ ਚ ਲਿਖਦਾ ਹੈ ਕਿ :-
1. ਸਿੱਖਾਂ ਨੂੰ ਕੁੱਤੇ ਨਾ ਕਹੋ ਕਿਉਂਕਿ ਉਹ ਮਰਦਾਂ ਦੇ ਮੈਦਾਨ ਵਿਚ ਸ਼ੇਰਾਂ ਵਾਂਗ ਬਹਾਦਰ ਹਨ ।
2. ਉਹਨਾਂ ਵਿੱਚੋਂ ਹਰੇਕ ਦਾ ਸਰੀਰ ਪਹਾੜ ਵਰਗਾ ਹੈ, ਸਮਝੋ ਪੰਜਾਹ ਮਨੁੱਖਾਂ ਵਰਗਾ ਹੈ ਇਕੱਲਾ ਸਿੱਖ ।
3. ਯੁੱਧ ਵਿਚ ਤਲਵਾਰ ਦੇ ਜੌਹਰ ਦਿਖਾਉਣ ਤੋਂ ਇਲਾਵਾ, ਸੁਣੋ, ਦੁਨੀਆਂ ਭਰ ਦੇ ਬਾਕੀ ਸੂਰਮਿਆਂ ਨਾਲੋਂ ਸਿੱਖਾਂ ਵਿਚ ਇੱਕ ਵੱਖਰਾ ਗੁਣ ਹੈ । ਉਹ ਕਿਸੇ ਡਰਾਕਲ ਅਤੇ ਮੈਦਾਨ ਛੱਡ ਕੇ ਭੱਜੇ ਜਾਂਦੇ ਵੈਰੀ ਤੇ ਵਾਰ ਨਹੀਂ ਕਰਦੇ ।
4. ਔਰਤ ਭਾਵੇਂ ਬੁੱਢੀ ਹੋਵੇ ਜਾਂ ਜਵਾਨ, ਰਾਣੀ ਹੋਵੇ ਜਾਂ ਗੋਲੀ, ਸਿੱਖ ਭੁੱਲ ਕੇ ਵੀ ਉਸ ਦੇ ਗਹਿਣਿਆਂ ਨੂੰ ਹੱਥ ਨਹੀਂ ਪਾਉਂਦੇ ।
5. ਉਹ ਵਿਭਚਾਰ ਨਹੀ ਕਰਦੇ । ਔਰਤ ਬਿਰਧ ਹੋਵੇ ਜਾਂ ਜਵਾਨ ਇਹ ਉਸਨੂੰ ਬੁੜੀਆ ਕਹਿ ਕੇ ਬੁਲਾਉਂਦੇ ਹਨ, ਮਤਲਬ ਜੋ ਸੰਸਾਰ ਦੇ ਕਾਰ ਵਿਹਾਰ ਤੋਂ ਮੁਕਤ ਹੋ ਚੁੱਕੀ ਹੈ । ਹਿੰਦਵੀ ਭਾਸ਼ਾ ਵਿਚ ਉਮਰ ਦੀ ਬਿਰਧ ਔਰਤ ਨੂੰ ਬੁੜੀਆ ਕਹਿੰਦੇ ਹਨ ।
6. ਉਹਨਾਂ ਵਿਚ ਕੋਈ ਵੀ ਚੋਰ ਨਹੀਂ ਹੁੰਦਾ । ਉਹ ਨਾ ਕਦੇ ਚੋਰੀ ਕਰਦੇ ਹਨ ਤੇ ਨਾ ਹੀ ਕਦੇ ਕਿਸੇ ਚੋਰ ਨੂੰ ਆਪਣੇ ਨਾਲ ਰੱਖਦੇ ਹਨ । ਬਲਕਿ ਵਿਭਚਾਰੀ ਅਤੇ ਚੋਰ ਨਾਲ ਉਹ ਦੋਸਤੀ ਹੀ ਨਹੀਂ ਕਰਦੇ ।
7. ਜੇ ਤੁਹਾਨੂੰ ਮੇਰੇ ਬਿਆਨ ਉਪਰ ਯਕੀਨ ਨਹੀਂ ਆਉਂਦਾ , ਤਾਂ ਆਪਣੀ ਫੌਜ ਦੇ ਕਿਸੇ ਵੀ ਸੂਰਬੀਰ ਨੂੰ ਪੁੱਛ ਕੇ ਵੇਖ ਲਵੋ , ਉਹ ਸਿੱਖਾਂ ਦੇ ਜੰਗ ਕਰਨ ਦੇ ਢੰਗ ਤਰੀਕਿਆਂ ਦੀ ਮੇਰੇ ਤੋਂ ਵੱਧ ਪ੍ਰਸ਼ੰਸਾ ਕਰੇਗਾ ।
8. ਮੇਰੇ ਇਸ ਬਿਆਨ ਦੇ ਉਹ ਤੀਹ ਹਜ਼ਾਰ ਅਫਗਾਨ ਸੂਰਮੇ ਚਸ਼ਮਦੀਦ ਗਵਾਹ ਹਨ ਜੋ ਸਿੱਖਾਂ ਨਾਲ ਜਾਨਾਂ ਹੂਲ ਕੇ ਲੜੇ ।
ਇਹ ਅਬਦਾਲੀ ਦਾ ਸੱਤਵਾਂ ਹਮਲਾ ਸੀ । ਸੰਨ 1766 ਵਿਚ ਅਬਦਾਲੀ ਨੇ ਹਿੰਦੋਸਤਾਨ ਤੇ ਅੱਠਵਾਂ ਹੱਲਾ ਬੋਲਿਆ । ਪਰ ਸਿੰਘਾਂ ਨੇ ਕੋਈ ਵਾਹ ਪੇਸ਼ ਨਾ ਜਾਣ ਦਿੱਤੀ । ਗੁਰੀਲਾ ਯੁੱਧ ਨੀਤੀ ਅਪਣਾਉਂਦੇ ਹੋਏ ਉਸਦੀ ਫੌਜ ਤੇ ਹਮਲੇ ਕਰਦੇ ਰਹੇ । ਅਬਦਾਲੀ ਅੰਬਾਲੇ ਦੇ 32 ਕਿਲੋਮੀਟਰ ਦੱਖਣ ਵਿਚ ਪਿਹੋਵਾ ਦੇ ਨੇੜੇ ਇਸਮਾਈਲਾਬਾਦ ਤੱਕ ਹੀ ਪਹੁੰਚ ਸਕਿਆ ਅਤੇ ਇੱਥੋਂ ਹੀ ਵਾਪਿਸ ਮੁੜ ਗਿਆ । ਅਬਦਾਲੀ ਆਪਣੇ ਇਸ ਹਮਲੇ ਦੌਰਾਨ ਸਿੱਖਾਂ ਨਾਲ ਸੁਲਾਹ ਸਫਾਈ ਕਰਨ ਲਈ ਲੇਲੜੀਆਂ ਕੱਢਦਾ ਰਿਹਾ ਪਰ ਸਿੱਖ ਉਸਦੇ ਭੇਜੇ ਹੋਏ ਵਕੀਲਾਂ ਨੂੰ ਇਹੋ ਜਵਾਬ ਦੇ ਕੇ ਮੋੜਦੇ ਰਹੇ ਕਿ “ਜਿਸਦੀਆਂ ਬਾਹਾਂ ਵਿਚ ਬਲ ਹੋਵੇਗਾ ਉਹੀ ਪੰਜਾਬ ਦਾ ਬਾਦਸ਼ਾਹ ਬਣੇਗਾ । ਸਾਨੂੰ ਤੇਰੀਆਂ ਖਿਲਤਾਂ ਦੀ ਲੋੜ ਨਹੀਂ । ਸਾਨੂੰ ਗੁਰੂ ਮਹਾਰਾਜ ਨੇ ਬਾਦਸ਼ਾਹੀ ਬਖਸ਼ੀ ਹੈ । ਤੈਨੂੰ ਤਾਂ ਮੈਦਾਨੇ ਜੰਗ ਚ ਹੀ ਟੱਕਰਾਂਗੇ ।”
ਸੰਨ 1768 ਦੇ ਦਸੰਬਰ ਮਹੀਨੇ ਵਿਚ ਅਬਦਾਲੀ ਹਿੰਦੋਸਤਾਨ ਤੇ ਨੌਵਾਂ ਹਮਲਾ ਕਰਨ ਆਇਆ , ਜਿਹਲਮ ਤੱਕ ਆਣ ਪਹੁੰਚਿਆ । ਪਰ ਸਿੱਖਾਂ ਨੇ ਚੁਫੇਰਿਉਂ ਐਸੇ ਸਖਤ ਤੇ ਲਗਾਤਾਰ ਹਮਲੇ ਕੀਤੇ ਕਿ ਉਸਦੇ ਲਸ਼ਕਰ ਚ ਬੇਦਿਲੀ ਤੇ ਸਹਿਮ ਫੈਲ ਗਿਆ । ਮਜਬੂਰ ਹੋ ਕੇ ਇੱਥੋਂ ਹੀ ਵਾਪਿਸ ਮੁੜ ਗਿਆ । ਉਸ ਚ ਅਗੇ ਵੱਧਣ ਦਾ ਹੌਂਸਲਾ ਹੀ ਨਹੀਂ ਪਿਆ ।
ਮਾਲੀ ਔਕੜਾਂ ਨੇ ਅਬਦਾਲੀ ਦਾ ਮੰਦਾ ਹਾਲ ਕੀਤਾ ਪਿਆ ਸੀ । ਅਜਿਹੀ ਮੰਦੀ ਹਾਲਤ ਚ ਉਸਨੂੰ ਹਿੰਦੋਸਤਾਨ ਹੀ ਨਜਰ ਆਉੰਦਾ ਸੀ । ਦਸੰਬਰ ਦੇ ਸ਼ੁਰੂ ਚ 1769 ਈਸਵੀ ਚ ਉਹ ਇਕ ਤਕੜਾ ਲਸ਼ਕਰ ਲੈ ਕੇ ਦਸਵੇਂ ਹਮਲੇ ਲਈ ਚੜ ਪਿਆ ਅਤੇ ਪਿਸ਼ਾਵਰ ਆਣ ਡੇਰਾ ਕੀਤਾ । ਸਿੱਖਾਂ ਦੀ ਦਿਨ ਬ ਦਿਨ ਵੱਧ ਰਹੀ ਤਾਕਤ ਵੇਖ ਕੇ ਉਸਦਾ ਅੱਗੇ ਵਧਣ ਦਾ ਹੌਂਸਲਾ ਨਾ ਪਿਆ । ਸਿੱਖਾਂ ਵਿੱਚ ਦੀ ਲੰਘ ਕੇ ਦਿੱਲੀ ਤੱਕ ਅੱਪੜ ਜਾਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ । ਬੜੀ ਹੀ ਮਾਯੂਸੀ ਚ ਉਹ ਪਿਸ਼ਾਵਰ ਤੋਂ ਹੀ ਵਾਪਸ ਮੁੜ ਗਿਆ ।
ਸੰਨ 1770 ਵਿਚ ਜੂਨ ਦੇ ਤਪਦੇ ਮਹੀਨੇ ਚ ਅਬਦਾਲੀ ਹਿੰਦੋਸਤਾਨ ਤੇ ਗਿਆਰਵੇਂ ਹਮਲੇ ਲਈ ਪੂਰੀ ਤਿਆਰੀ ਨਾਲ ਆਇਆ ਤੇ ਆ ਕੇ ਪਿਸ਼ਾਵਰ ਡੇਰਾ ਲਾ ਲਿਆ । ਇੱਥੋਂ ਉਹ ਲਲਚਾਈਆਂ ਅੱਖਾਂ ਨਾਲ ਹਿੰਦੋਸਤਾਨ ਵੱਲ ਤੱਕਦਾ ਰਿਹਾ । ਸਿੱਖਾਂ ਨਾਲ ਟੱਕਰ ਲੈਣ ਦੀ ਸ਼ਕਤੀ ਉਸ ਵਿਚ ਨਹੀਂ ਸੀ । ਦਿਲ ਉੱਤੇ ਪੱਥਰ ਰੱਖ ਕੇ ਉਹ ਫਿਰ ਪਿਸ਼ਾਵਰ ਤੋਂ ਵਾਪਿਸ ਮੁੜ ਗਿਆ ।
ਇਸ ਵਾਰ ਅਬਦਾਲੀ ਨੇ ਹਿੰਦੋਸਤਾਨ ਉੱਤੇ ਬਾਰਿਸ਼ਾਂ ਦੇ ਮੌਸਮ ਚ ਬਾਰਵਾਂ ਹਮਲਾ ਕਰਨ ਦੀ ਵਿਉਂਤ ਬਣਾਈ । ਅਗਸਤ 1771 ਚ ਹਿੰਦੋਸਤਾਨ ਵਿਚ ਇਹ ਅਫਵਾਹਾਂ ਉੱਡ ਰਹੀਆਂ ਸਨ ਕਿ ਅਬਦਾਲੀ ਸਿਆਲਾਂ ਵਿਚ ਜਰੂਰ ਹਮਲਾ ਕਰੇਗਾ । ਜਨਰਲ ਬਾਰਕਰ ਨੇ ਬਾਬਾ ਝੰਡਾ ਸਿੰਘ ਭੰਗੀ ਜੀ ਨੂੰ ਲਿਖੀ ਚਿੱਠੀ ਵਿਚ ਇਸ ਹੋਣ ਵਾਲੇ ਹੱਲੇ ਬਾਰੇ ਜ਼ਿਕਰ ਕਰਦਿਆਂ ਇਸ ਗੱਲ ਉੱਤੇ ਤਸੱਲੀ ਪ੍ਰਗਟ ਕੀਤੀ ਸੀ ਕਿ ਸਿੱਖਾਂ ਦੇ ਡਰੋਂ ਅਹਿਮਦ ਸ਼ਾਹ ਨੂੰ ਸਿੰਧ ਦਰਿਆ ਟੱਪਣ ਦਾ ਵੀ ਹੌਂਸਲਾ ਨਹੀ ਪਵੇਗਾ । ਇਸ ਵਾਰ ਅਬਦਾਲੀ ਸਿੰਧ ਦਰਿਆ ਤੱਕ ਵੀ ਨਹੀਂ ਆਇਆ । 14 ਅਪ੍ਰੈਲ 1772 ਨੂੰ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਹੋ ਗਈ । ਐਨ ਇਸੇ ਦਿਨ ਹੀ ਸਿੰਘਾਂ ਨੇ ਸਿੰਧ ਦਰਿਆ ਟੱਪ ਕੇ ਪਿਸ਼ਾਵਰ ਵੀ ਸਾਫ ਕਰ ਦਿੱਤਾ ।
ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਉਸਦਾ ਬੇਟਾ ਤੈਮੂਰ ਸ਼ਾਹ ਦੁਰਾਨੀ ਗੱਦੀ ਦਾ ਮਾਲਕ ਬਣਿਆ । ਤੈਮੂਰ ਸ਼ਾਹ ਨੇ ਸਿੱਖਾਂ ਪ੍ਰਤੀ ਆਪਣੇ ਬਾਪ ਵਾਲੀ ਨੀਤੀ ਨਾ ਅਪਣਾਈ, ਉਸਨੇ ਸਿੱਖਾਂ ਨਾਲ ਲੜਾਈ ਚ ਨਾ ਪੈਣਾ ਹੀ ਬਿਹਤਰ ਸਮਝਿਆ । ਉਹ ਪੰਜਾਬ ਤੇ ਚੜ ਕੇ ਆਇਆ ਜਰੂਰ ਪਰ ਉਸਨੇ ਜੋ ਹਮਲੇ ਕੀਤੇ ਉਹ ਜਾਂ ਤਾਂ ਪੰਜਾਬ ਦੀਆਂ ਸੀਮਾਵਾਂ ਤੇ ਸਨ ਜਾਂ ਫਿਰ ਜਿੱਥੇ ਸਿੱਖਾਂ ਦੀ ਜਥੇਬੰਦੀ ਇਕ ਜਾਨ ਹੋ ਕੇ ਨਹੀ ਸੀ ਪੁੱਜ ਸਕਦੀ । ਸਿੱਖਾਂ ਦੇ ਡਰ ਕਾਰਨ ਉਹ ਇਸ ਤੋਂ ਅੱਗੇ ਨਾ ਵਧਿਆ । ਤੈਮੂਰ ਸ਼ਾਹ ਤੋਂ ਬਾਅਦ ਉਸਦਾ ਬੇਟਾ ਸ਼ਾਹ ਜਮਾਨ ਬਾਦਸ਼ਾਹ ਬਣਿਆ ਜਿਸਨੇ ਪੰਜਾਬ ਉੱਤੇ ਚਾਰ ਹਮਲੇ ਕੀਤੇ । ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ ਆਲਮ ਦੂਜੇ ਨੇ ਉਸਨੂੰ ਦਿੱਲੀ ਆਉਣ ਦਾ ਸੱਦਾ ਦਿੱਤਾ ਤੇ ਉਸਨੂੰ ਬਹੁਮੁੱਲੇ ਤੋਹਫਿਆਂ ਦੀ ਪੇਸ਼ਕਸ਼ ਕੀਤੀ । ਸ਼ਾਹ ਜਮਾਨ ਦਿੱਲੀ ਪਹੁੰਚਣ ਲਈ ਕਾਹਲਾ ਸੀ ਪਰ ਹਰ ਵਾਰ ਸਿੱਖ ਉਸਦੇ ਅਤੇ ਬਾਦਸ਼ਾਹ ਵਿਚਕਾਰ ਡਟੇ ਰਹੇ । ਸੰਨ 1799 ਵਿਚ ਉਹ ਲਾਹੌਰ ਤੋਂ ਹੀ ਵਾਪਸ ਮੁੜ ਗਿਆ । ਇਸਦੇ ਨਾਲ ਹਿੰਦੋਸਤਾਨ ਉੱਪਰ ਅਫਗਾਨਿਸਤਾਨ ਵੱਲੋਂ ਨਿੱਤ ਦਿਹਾੜੇ ਹੁੰਦੇ ਹਮਲਿਆਂ ਦਾ ਸਦਾ ਲਈ ਭੋਗ ਪੈ ਗਿਆ ।
ਪੰਜਾਬ ਚੋਂ ਮੁਗਲ ਰਾਜ ਦੀ ਜੜ੍ਹ ਪੁੱਟੀ ਜਾ ਚੁੱਕੀ ਸੀ । ਸਿੱਖ ਰਾਜ ਸਥਾਪਿਤ ਹੋਇਆ । ਬਾਬਾ ਚੜ੍ਹਤ ਸਿੰਘ ਸ਼ੁਕਰਚੱਕੀਆ ਜੀ ਦਾ ਪੋਤਰਾ ਸ: ਰਣਜੀਤ ਸਿੰਘ, ਮਹਾਰਾਜਾ ਬਣਿਆ । ਓਧਰ ਪੰਜਾਬ ਤੇ ਚਾਰ ਵਾਰ ਹਮਲਾ ਕਰਨ ਵਾਲੇ ਅਬਦਾਲੀ ਦੇ ਪੋਤਰੇ ਸ਼ਾਹ ਜ਼ਮਾਨ ਤੇ ਅਜਿਹੇ ਮਾੜੇ ਦਿਨ ਆਏ ਕਿ ਉਹ ਸਿੱਖ ਰਾਜ ਵਿਚ ਆਪਣੇ ਰਾਜ ਦੀ ਭੀਖ ਮੰਗਦਾ ਫਿਰਦਾ ਸੀ । ਸਦਕੇ ਜਾਵਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ , ਜਿਸਨੇ ਸਭ ਕੁਝ ਭੁੱਲ ਭੁਲਾ ਕੇ ਉਸਨੂੰ ਗਲ ਨਾਲ ਲਾਇਆ ਤੇ ਆਪਣੇ ਰਾਜ ਵਿਚ ਪਨਾਹ ਦਿੱਤੀ । ਇਹ ਸੀ ਸਾਡਾ ਸਿੱਖ ਸੰਘਰਸ਼ ਅਤੇ ਸਿੱਖ ਰਾਜ । ਧੰਨ ਸਾਡੇ ਉਹ ਸਿੱਖ ਸੂਰਬੀਰ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਸਿੱਖ ਰਾਜ ਕਾਇਮ ਹੋਇਆ ।
ਸਿੱਖ ਰਾਜ ਸਥਾਪਿਤ ਕਰਨ ਲਈ ਘਾਲਣਾ ਘਾਲਣ ਵਾਲੇ ਸਮੂਹ ਸਿੱਖ ਜਰਨੈਲਾਂ, ਅਤੇ ਸ਼ਹੀਦਾਂ ਸਿੰਘਾਂ ਨੂੰ ਕੋਟਾਨ ਕੋਟ ਪ੍ਰਣਾਮ ।
ਕੁਲਜੀਤ ਸਿੰਘ ਖੋਸਾ
ਜਾਣਕਾਰੀ ਸ੍ਰੋਤ ਕਿਤਾਬਾਂ :
ਅਬਦਾਲੀ, ਸਿੱਖ ਅਤੇ ਵੱਡਾ ਘੱਲੂਘਾਰਾ – ਸਵਰਨ ਸਿੰਘ
ਸਿੱਖਾਂ ਦੀਆਂ ਜੰਗਜੂ ਪ੍ਰੰਪਰਾਵਾਂ – ਡਾ ਹਰੀ ਰਾਮ ਗੁਪਤਾ
ਸਿੱਖ ਰਾਜ ਕਿਵੇਂ ਬਣਿਆਂ – ਗਿਆਨੀ ਸੋਹਣ ਸਿੰਘ ਸ਼ੀਤਲ
ਸਾਡਾ ਇਤਿਹਾਸ (ਭਾਗ ਦੂਜਾ)- ਪ੍ਰਿੰਸੀਪਲ ਸਤਿਬੀਰ ਸਿੰਘ
Total Views: 132 ,
Real Estate