ਕੈਨੇਡਾ ਵਿੱਚ ਪੰਜਾਬੀ ਡਰਾਈਵਰ ਦੀ ਲਾਪਰਵਾਹੀ ਨਾਲ ਮਾਂ-ਪੁੱਤਰ ਦੀ ਮੌਤ, ਲੂਡੋ ਖੇਡਦੇ ਹੋਏ ਕੀਤਾ ਹਾਦਸਾ

ਕੈਨੇਡਾ ਦੇ ਕਿਊਬੈਕ ਸੂਬੇ ਦੇ ਬ੍ਰੋਸਾਰਡ ਸ਼ਹਿਰ ਵਿੱਚ ਇੱਕ ਭਿਆਨਕ ਸੜਕ ਹਾਦਸੇ ਨੇ ਦੋ ਜਾਨਾਂ ਲੈ ਲਈਆਂ। ਇਹ ਹਾਦਸਾ 19 ਜੁਲਾਈ 2022 ਦੀ ਰਾਤ ਹਾਈਵੇ 30 ‘ਤੇ ਵਾਪਰਿਆ, ਜਿੱਥੇ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਬਲਜੀਤ ਸਿੰਘ (29) ਨੇ ਲਾਪਰਵਾਹੀ ਨਾਲ ਡਰਾਈਵ ਕਰਦੇ ਹੋਏ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ।

ਹਾਦਸੇ ਵਿੱਚ 42 ਸਾਲਾ ਮਹਿਲਾ ਅਤੇ ਉਸਦਾ 11 ਸਾਲਾ ਪੁੱਤਰ ਮੌਕੇ ‘ਤੇ ਹੀ ਮਾਰੇ ਗਏ, ਜਦਕਿ 10 ਹੋਰ ਲੋਕ ਗੰਭੀਰ ਜ਼ਖ਼ਮੀ ਹੋਏ। ਜਾਂਚ ਦੌਰਾਨ ਸਾਹਮਣੇ ਆਇਆ ਕਿ ਡਰਾਈਵਰ ਹਾਦਸੇ ਸਮੇਂ ਆਪਣੇ ਮੋਬਾਈਲ ‘ਤੇ ਲੂਡੋ ਖੇਡ ਰਿਹਾ ਸੀ।

ਕੋਰਟ ਵਿੱਚ ਸੁਣਵਾਈ ਦੌਰਾਨ ਬਲਜੀਤ ਸਿੰਘ ਨੇ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਉਸਨੇ ਮੰਨਿਆ ਕਿ ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਡਰਾਈਵਿੰਗ ਦੌਰਾਨ ਮੋਬਾਈਲ ਵਰਤਦਾ ਰਿਹਾ ਹੈ। ਪੁਲਿਸ ਨੂੰ ਟਰੱਕ ਦੇ ਡੈਸ਼ਕੈਮ ਤੋਂ ਸਬੂਤ ਮਿਲੇ ਹਨ, ਜਿਸ ਵਿੱਚ ਉਹ ਫੋਨ ਵਰਤਦਾ ਨਜ਼ਰ ਆ ਰਿਹਾ ਹੈ।

ਫੋਰੈਂਸਿਕ ਰਿਪੋਰਟ ਅਨੁਸਾਰ, ਟੱਕਰ ਤੋਂ ਪਹਿਲਾਂ ਡਰਾਈਵਰ ਕੋਲ ਸਿਰਫ 0.35 ਸਕਿੰਟ ਦਾ ਸਮਾਂ ਸੀ, ਜਿਸ ਵਿੱਚ ਉਹ ਪ੍ਰਤੀਕਿਰਿਆ ਨਹੀਂ ਕਰ ਸਕਿਆ।

ਹਾਦਸੇ ਤੋਂ ਬਾਅਦ ਬਲਜੀਤ ਸਿੰਘ ਕੈਨੇਡਾ ਤੋਂ ਭੱਜ ਕੇ ਭਾਰਤ ਆ ਗਿਆ ਸੀ ਅਤੇ ਬਾਅਦ ਵਿੱਚ ਅਮਰੀਕਾ ਵਿੱਚ ਵੀ ਰਿਹਾ। ਅੰਤਰਰਾਸ਼ਟਰੀ ਵਾਰੰਟ ਜਾਰੀ ਹੋਣ ਤੋਂ ਬਾਅਦ 2025 ਵਿੱਚ ਉਸਨੂੰ ਕੈਲੀਫੋਰਨੀਆ ਤੋਂ ਗ੍ਰਿਫਤਾਰ ਕਰਕੇ ਵਾਪਸ ਕੈਨੇਡਾ ਲਿਆਂਦਾ ਗਿਆ।

ਹੁਣ ਇਸ ਮਾਮਲੇ ਵਿੱਚ 4 ਜੂਨ 2026 ਨੂੰ ਸਜ਼ਾ ਸੁਣਾਈ ਜਾਵੇਗੀ, ਜਿਸ ਵਿੱਚ ਉਸਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।

Total Views: 3 ,
Real Estate