ਪੰਜਾਬੀਆਂ ਦਾ ਫਤਵਾ ਵਿਸ਼ੇਸ ਕਿਸਮ ਦਾ, ਹੁਣ ਆਮ ਆਦਮੀ ਪਾਰਟੀ ਬਣਦੀ ਜੁਮੇਵਾਰੀ ਨਿਭਾਵੇ

ਬਲਵਿੰਦਰ ਸਿੰਘ ਭੁੱਲਰ ਮੋਬਾ: 098882 75913
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913

ਬਲਵਿੰਦਰ ਸਿੰਘ ਭੁੱਲਰ
ਦੇਸ਼ ਦੇ ਪੰਜ ਰਾਜਾਂ ਉੱਤਰ ਪ੍ਰਦੇਸ਼, ਮਨੀਪੁਰ, ਉੱਤਰਾਖੰਡ, ਗੋਆ ਅਤੇ ਪੰਜਾਬ ਵਿੱਚ ਚੋਣਾਂ ਹੋਈਆਂ, ਜਿਹਨਾਂ ਦੇ ਨਤੀਜੇ 10 ਮਾਰਚ ਨੂੰ ਆਏ ਹਨ। ਇਹਨਾਂ ਨਤੀਜਿਆਂ ਅਨੁਸਾਰ ਚਾਰ ਰਾਜਾਂ ਦੇ ਨਤੀਜੇ ਰਲਵੇਂ ਮਿਲਵੇਂ ਹਨ, ਪਰ ਪੰਜਾਬ ਦੇ ਨਤੀਜੇ ਉਹਨਾਂ ਨਾਲੋਂ ਅਲੱਗ ਕਿਸਮ ਦੇ ਹਨ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇੱਕਤਰਫ਼ਾ ਹੀ ਫਤਵਾ ਦਿੱਤਾ ਹੈ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਚੋਂ 92 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ। ਜਦੋਂ ਕਿ ਕਾਂਗਰਸ ਪਾਰਟੀ ਨੂੰ 18 ਸੀਟਾਂ ਤੇ ਜਿੱਤ ਹੋਈ, ਪਰ ਸ੍ਰੋਮਣੀ ਅਕਾਲੀ ਦਲ ਨੂੰ 3, ਭਾਰਤੀ ਜਨਤਾ ਪਾਰਟੀ ਨੂੰ 2, ਬਸਪਾ ਨੂੰ 1 ਸੀਟ ਤੇ ਸਬਰ ਕਰਨਾ ਪਿਆ, ਜਦ ਕਿ ਇੱਕ ਸੀਟ ਤੋਂ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ। ਇੱਥੇ ਹੀ ਬੱਸ ਨਹੀਂ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ, ਸੰਯੁਕਤ ਕਿਸਾਨ ਮੋਰਚਾ ਤੇ ਲੋਕ ਇਨਸਾਫ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਹਲ ਸਕੀਆਂ।
ਇਹਨਾਂ ਨਤੀਜਿਆਂ ਤੋਂ ਹੈਰਾਨੀ ਇਸ ਗੱਲੋਂ ਹੋਈ ਕਿ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸ੍ਰ: ਪ੍ਰਕਾਸ ਸਿੰਘ ਬਾਦਲ ਨੂੰ ਇੱਕ ਸਧਾਰਨ ਕਿਸਾਨ ਪਰਿਵਾਰ ਦੇ ਨੌਜਵਾਨ ਗੁਰਮੀਤ ਸਿੰਘ ਖੁੱਡੀਆਂ ਨੇ ਹਰਾਇਆ। ਇੱਥੇ ਹੀ ਬੱਸ ਨਹੀਂ ਬਾਦਲ ਪਰਿਵਾਰਾਂ ਨਾਲ ਸਬੰਧਤ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ, ਕਾਂਗਰਸ ਵੱਲੋਂ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਵਿੱਤ ਮੰਤਰੀ ਰਹੇ ਸ੍ਰੀ ਮਨਪ੍ਰੀਤ ਸਿੰਘ ਬਾਦਲ, ਸੁਖਬੀਰ ਬਾਦਲ ਦੇ ਸਾਲੇ ਬਿਕਰਮ ਸਿੰਘ ਮਜੀਠੀਆ, ਭਣੋਈਏ ਆਦੇਸ਼ ਪ੍ਰਤਾਪ ਸਿੰਘ ਬਾਦਲ ਸਮੇਤ ਉਹਨਾਂ ਦੇ ਹੋਰ ਰਿਸਤੇਦਾਰ ਜਨਮੇਜਾ ਸਿੰਘ ਸੇਖੋਂ ਨੂੰ ਹਰਾ ਕੇ ਪੰਜਾਬ ਵਿਧਾਨ ਸਭਾ ਨੂੰ ਬਾਦਲ ਪਰਿਵਾਰ ਮੁਕਤ ਕਰ ਦਿੱਤਾ। ਇਸਤੋਂ ਇਲਾਵਾ ਅਕਾਲੀ ਦਲ ਦੇ ਵੱਡੇ ਵੱਡੇ ਹੋਰ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਬੀਬੀ ਜੰਗੀਰ ਕੌਰ, ਤੋਤਾ ਸਿੰਘ, ਸਿਕੰਦਰ ਸਿੰਘ ਮਲੂਕਾ, ਗੋਬਿੰਦ ਸਿੰਘ ਲੌਂਗੋਵਾਲ, ਜਗਮੀਤ ਸਿੰਘ ਬਰਾੜ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ।
ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸ੍ਰੀ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮੰਤਰੀਆਂ ਗੁਰਪ੍ਰੀਤ ਕਾਂਗੜ, ਰਜਿੰਦਰ ਕੌਰ ਭੱਠਲ, ਬਲਵੀਰ ਸਿੱਧੂ, ਵਿਜੈਇੰਦਰ ਸਿੰਗਲਾ, ਕੇ ਪੀ ਸਿੰਘ, ਰਣਦੀਪ ਸਿੰਘ ਕਾਕਾ, ਸੰਗਤ ਸਿੰਘ ਗਿਲਚੀਆਂ ਵਰਗਿਆਂ ਨੂੰ ਹਰਾ ਕੇ ਵਿਧਾਨ ਸਭਾ ਦੀਆਂ ਦਹਿਲੀਜ਼ ਤੋਂ ਦੂਰ ਰੱਖਿਆ ਗਿਆ। ਭਾਜਪਾ ਦੇ ਆਗੂਆਂ ਤੀਕਸਣ ਸੂਦ, ਰਾਣਾ ਗੁਰਮੀਤ ਸਿੰਘ, ਮਨੋਰੰਜਨ ਕਾਲੀਆ, ਪੰਜਾਬ ਲੋਕ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ, ਸੰਯੁਕਤ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਵੋਟਰਾਂ ਨੇ ਨਕਾਰ ਦਿੱਤਾ।
ਸਵਾਲ ਪੈਦਾ ਹੁੰਦਾ ਹੈ ਕਿ ਦਹਾਕਿਆਂ ਤੋਂ ਸੱਤ੍ਹਾ ਤੇ ਕਾਬਜ ਰਹੀਆਂ ਰਿਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ ਗੱਠਜੋੜ ਆਦਿ ਨੂੰ ਬੁਰ੍ਹੀ ਤਰ੍ਹਾਂ ਨਾਕਾਰਨ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਣ ਦਾ ਫੈਸਲਾ ਪੰਜਾਬ ਦੇ ਲੋਕਾਂ ਨੇ ਕਿਉਂ ਲਿਆ। ਅਸਲ ਵਿੱਚ ਪੰਜਾਬੀਆਂ ਵੱਲੋਂ ਲਏ ਇਸ ਫੈਸਲੇ ਲਈ ਦਿੱਲੀ ਦੀਆਂ ਬਰੂਹਾਂ ਤੇ ਸਾਲ ਤੋਂ ਵੱਧ ਸਮਾਂ ਚੱਲੇ ਸੰਘਰਸ ਦੀ ਭੂਮਿਕਾ ਦਾ ਵੀ ਵੱਡਾ ਮਹੱਤਵ ਹੈ। ਇਸ ਮੋਰਚੇ ਵਿੱਚ ਨਿੱਤ ਦਿਨ ਹੁੰਦੀਆਂ ਲੰਬੀਆਂ ਲੰਬੀਆਂ ਤਕਰੀਰਾਂ ਨੇ ਪੰਜਾਬ ਦੇ ਲੋਕਾਂ ਵਿੱਚ ਚੇਤੰਨਤਾ ਪੈਦਾ ਕੀਤੀ। ਲੋਕਾਂ ਨੇ ਸਮਝ ਲਿਆ ਕਿ ਇਹ ਪਾਰਟੀਆਂ ਕਿਵੇਂ ਆਮ ਲੋਕਾਂ ਨਾਲ ਧੱਕੇਸ਼ਾਹੀਆਂ, ਵਿਤਕਰਾ ਕਰਦੀਆਂ ਹਨ ਅਤੇ ਉਹਨਾਂ ਦੀ ਲੁੱਟ ਕਰਦੀਆਂ ਹਨ। ਖਾਸ ਕਰਕੇ ਔਰਤਾਂ ਜੋ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਇਸ ਸੰਘਰਸ ਦੀਆਂ ਹਿੱਸੇਦਾਰ ਬਣੀਆਂ ਉਹ ਪੂਰੀ ਤਰ੍ਹਾਂ ਜਾਗਰੂਕ ਹੋਈਆਂ।
ਹੋਰ ਕਾਰਨਾਂ ਵਿੱਚ ਸ੍ਰੋਮਣੀ ਅਕਾਲੀ ਦਲ ਵਿਰੁੱਧ ਨਸ਼ਿਆਂ ਦੇ ਹੋਏ ਫੈਲਾਅ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਖੇਤੀ ਕਾਲੇ ਕਾਨੂੰਨ ਬਣਾਉਣ ਸਮੇਂ ਕੀਤੇ ਦਸਤਖਤ ਲੋਕਾਂ ਦੇ ਗੁੱਸੇ ਦਾ ਕਾਰਨ ਬਣੇ। ਭਾਜਪਾ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਬਣਾਏ ਕਾਨੂੰਨ ਵੀ ਲੋਕ ਅਜੇ ਭੁੱਲੇ ਨਹੀਂ ਸਨ। ਕਾਂਗਰਸ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕੇ ਦੀ ਸੌਂਹ ਤੇ ਕੀਤੇ ਵਾਅਦੇ ਪੂਰੇ ਨਾ ਕਰਨੇ ਅਤੇ ਬਾਦਲ ਪਰਿਵਾਰ ਨਾਲ ਮਿਲੀਭੁਗਤ ਜੱਗ-ਜਾਹਿਰ ਹੋਣਾ ਵੀ ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ ਦੀ ਹਾਰ ਦਾ ਹਿੱਸਾ ਬਣੇ। ਇਹਨਾਂ ਨਤੀਜਿਆਂ ਤੋਂ ਇਹ ਵੀ ਸਪਸ਼ਟ ਹੋਇਆ ਕਿ ਜਿਹੜਾ ਵੀ ਨੇਤਾ ਪੰਜਾਬ ਅਤੇ ਇੱਥੋਂ ਦੇ ਲੋਕਾਂ ਨਾਲ ਧੋਖਾ ਕਰਦਾ ਹੈ, ਉਸਨੂੰ ਰਾਜ ਦੇ ਲੋਕ ਮੂੰਹ ਨਹੀਂ ਲਾਉਂਦੇ। ਇਸ ਦੀ ਮਿਸਾਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਤੇ ਸੰਯੁਕਤ ਅਕਾਲੀ ਦਲ ਵੱਲੋਂ ਭਾਜਪਾ ਨਾਲ ਪਾਈ ਸਾਂਝ ਪ੍ਰਤੀ ਗੁੱਸਾ ਜ਼ਾਹਰ ਕਰਨ ਅਤੇ ਕਿਸਾਨ ਅੰਦੋਲਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਸ੍ਰੀ ਬਲਵੀਰ ਸਿੰਘ ਰਾਜੇਵਾਲ ਵੱਲੋਂ ਨਵੀਂ ਪਾਰਟੀ ਸੰਯੁਕਤ ਕਿਸਾਨ ਮੋਰਚਾ ਬਣਾ ਕੇ ਕਿਸਾਨ ਸੰਘਰਸ ਕਰਨ ਵਾਲੀਆਂ ਜਥੇਬੰਦੀਆਂ ਨਾਲੋਂ ਵੱਖ ਹੋ ਕੇ ਚੋਣ ਲੜਣ ਵਿਰੁੱਧ ਵਿਖਾਏ ਤੇਵਰਾਂ ਤੋਂ ਮਿਲਦੀ ਹੈ। ਪਰ ਜਿਸ ਆਗੂ ਨੇ ਪੰਜਾਬ ਲਈ ਚੰਗਾ ਕੰਮ ਕੀਤਾ ਤੇ ਲੋਕ ਹਿਤਾਂ ਵੱਲ ਧਿਆਨ ਦਿੱਤਾ ਉਹਨਾਂ ਨੂੰ ਬਣਦਾ ਸਤਿਕਾਰ ਜਰੂਰ ਦਿੱਤਾ, ਜਿਸਦੀ ਮਿਸਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿੱਤ ਤੋਂ ਮਿਲਦੀ ਹੈ।
ਕਾਂਗਰਸ ਪਾਰਟੀ ਦੀ ਸਰਕਾਰ ਤੋਂ ਭਾਵੇਂ ਲੋਕ ਕਾਫ਼ੀ ਨਿਰਾਸ਼ ਸਨ ਕਿ ਉਸਨੇ ਦਾਅਵੇ ਤੇ ਵਾਅਦੇ ਪੂਰੇ ਨਹੀਂ ਕੀਤੇ, ਪਰ ਲੋਕ ਇਸ ਕਦਰ ਨਰਾਜ਼ ਨਹੀਂ ਸਨ ਜਿਵੇਂ ਕਾਂਗਰਸ ਦਾ ਹਾਲ ਹੋਇਆ ਹੈ। ਕਾਂਗਰਸ ਦੀ ਹਾਰ ਲਈ ਉਸ ਅੰਦਰਲੀ ਧੜੇਬਾਜੀ ਤੇ ਹੰਕਾਰੀ ਰਵੱਈਆ ਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਇਹ ਵਿਖਾਈ ਦੇ ਰਿਹਾ ਸੀ ਕਿ ਪੰਜਾਬ ਵਿੱਚ ਕਾਂਗਰਸ ਆਪ ਹੀ ਜਿੱਤਣਾ ਨਹੀਂ ਚਾਹੁੰਦੀ। ਕਾਂਗਰਸੀਆਂ ਵੱਲੋਂ ਆਪ ਜਿੱਤਣ ਨਾਲੋਂ ਦੂਜਿਆਂ ਨੂੰ ਹਰਾਉਣ ਲਈ ਵੱਧ ਜੋਰ ਅਜ਼ਮਾਈ ਕੀਤੀ ਗਈ। ਆਮ ਆਦਮੀ ਪਾਰਟੀ ਨੂੰ ਜਿਨੀਆਂ ਸੀਟਾਂ ਮਿਲੀਆਂ ਹਨ, ਏਨੀਆਂ ਬਾਰੇ ਤਾਂ ਸ਼ਾਇਦ ਖ਼ੁਦ ਪਾਰਟੀ ਨੇ ਵੀ ਨਹੀਂ ਸੋਚਿਆ ਹੋਣਾ। ਇਹ ਜਰੂਰ ਲਗਦਾ ਸੀ ਕਿ ਉਹਨਾਂ ਦੀ ਸਰਕਾਰ ਬਣ ਜਾਵੇਗੀ, ਪਰ ਏਡੀ ਵੱਡੀ ਜਿੱਤ ਦੀ ਉਮੀਦ ਨਹੀਂ ਸੀ। ਇਹਨਾਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਪੂਰੇ ਪੈਰ ਜਮਾ ਲਏ ਹਨ, ਸਭ ਤੋਂ ਵੱਧ ਨੁਕਸਾਨ ਸ੍ਰੋਮਣੀ ਅਕਾਲੀ ਦਲ ਦਾ ਹੋਇਆ ਹੈ।
ਇਹਨਾਂ ਚੋਣਾਂ ਵਿੱਚ ਡਾਢਿਆਂ ਨੂੰ ਧੂੜ ਚਟਾਉਣ ਵਾਲੇ ਚੋਣ ਨਤੀਜਿਆਂ ਨੇ ਇਤਿਹਾਸ ਹੀ ਨਹੀਂ ਰਚਿਆ, ਬਲਕਿ ਨਿਮਾਣਿਆਂ ਨਿਤਾਣਿਆਂ ਨਾਲ ਖੜਣ ਵਾਲੇ ਕੁਝ ਕੁ ਗੈਰਤਮੰਦ ਵਿਅਕਤੀਆਂ ਨੂੰ ਜਿਤਾ ਕੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕਾਂ ਨੇ ਫਿਰਕਾਪ੍ਰਸਤੀ, ਡੇਰਾਵਾਦ ਤੇ ਖੇਤਰਵਾਦ ਦੀ ਬਜਾਏ ਜਮਹੂਰੀ ਅਮਲ ਨੂੰ ਅੱਗੇ ਵਧਾਉਣ ਵਿੱਚ ਇੱਕ ਨਵਾਂ ਕੀਰਤੀਮਾਨ ਸਥਾਪਤ ਕਰ ਦਿੱਤਾ ਹੈ। ਲੋਕਾਂ ਨੇ ਡੇਰਿਆਂ ਦਾ ਕੋਈ ਅਸਰ ਨਹੀਂ ਕਬੂਲਿਆ, ਜਾਤ ਪਾਤ ਧਰਮ ਦੀ ਵੀ ਕੋਈ ਪਰਵਾਹ ਨਹੀਂ ਕੀਤੀ, ਪੈਸਾ ਵੀ ਕੋਈ ਰੰਗ ਨਹੀਂ ਵਿਖਾ ਸਕਿਆ। ਇਸ ਸਭ ਕਾਸੇ ਤੋਂ ਉਪਰ ਉੱਠ ਕੇ ਜੋ ਸੰਘਰਸਾਂ ਦੌਰਾਨ ਬਦਲਾਅ ਲੋਕਾਂ ਤੇ ਮਨਾਂ ਵਿੱਚ ਘਰ ਕਰ ਗਿਆ ਸੀ, ਬੱਸ ਉਹ ਹੀ ਰੰਗ ਲਿਆਇਆ। ਪੰਜਾਬ ਦੇ ਲੋਕਾਂ ਨੇ ਉਮੀਦਵਾਰ ਵੱਲ ਨਿਗਾਹ ਨਹੀਂ ਮਾਰੀ, ਇਹ ਕਹਿੰਦੇ ਰਹੇ ਕਿ ਅਸੀਂ ਉਮੀਦਵਾਰ ਨੂੰ ਵੋਟ ਨਹੀਂ ਪਾਉਣੀ ਜੇ ਪਾਉਣੀ ਐ ਤਾਂ ਪੰਜਾਬ ਵਿੱਚ ਬਦਲਾਅ ਲਿਆਉਣ ਲਈ ਭਗਵੰਤ ਮਾਨ ਦੇ ਹੱਕ ਵਿੱਚ ਝਾੜੂ ਨੂੰ ਹੀ ਪਾਉਣੀ ਹੈ।
ਇਹ ਲੋਕਾਂ ਦਾ ਫਤਵਾ ਹੈ, ਇਸ ਨੂੰ ਸਵੀਕਾਰ ਕਰਨਾ ਹੀ ਚਾਹੀਦਾ ਹੈ। ਇਸਤੋਂ ਬਾਅਦ ਆਮ ਆਦਮੀ ਪਾਰਟੀ ਦੀ ਜੁਮੇਵਾਰੀ ਹੈ ਕਿ ਉਹ ਆਪਣੇ ਵਾਅਦਿਆਂ ਤੇ ਖਰੀ ਉੱਤਰੇ, ਪੰਜਾਬ ਦੇ ਲੋਕਾਂ ਲਈ ਕੁੱਝ ਕਰਕੇ ਵਿਖਾਵੇ। ਆਮ ਆਦਮੀ ਪਾਰਟੀ ਨੂੰ ਆਉਣ ਵਾਲੇ ਸਮੇਂ ’ਚ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਨਾ ਉੱਤਰਿਆ ਗਿਆ ਤਾਂ ਪੰਜਾਬ ਦੇ ਜਾਗਰੂਕ ਲੋਕ ਮੌਜੂਦਾ ਚੋਣਾਂ ’ਚ ਹੋਏ ਸ੍ਰੋਮਣੀ ਅਕਾਲ ਦਲ ਵਾਲਾ ਹਾਲ ਵੀ ਕਰ ਸਕਦੇ ਹਨ। ਪਰ ਜੇਕਰ ਇਸ ਪਾਰਟੀ ਨੇ ਪੰਜਾਬ ਦੇ ਹਾਲਾਤ ਸੁਧਾਰਨ, ਲੋਕਾਂ ਨੂੰ ਨਿਆਂ ਦੇਣ, ਨਸ਼ੇ ਭ੍ਰਿਸਟਾਚਾਰ ਰੋਕਣ ਲਈ ਚੰਗੇ ਕਦਮ ਉਠਾਏ ਤਾਂ ਉੱਤਰੀ ਭਾਰਤ ਦੇ ਹੋਰ ਰਾਜਾਂ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਲਾਭ ਹਾਸਲ ਕਰ ਸਕਦੀ ਹੈ।
ਮੋਬਾ: 098882 75913

Total Views: 83 ,
Real Estate