
ਡੇਰਾ ਮੁਖੀ ਨੂੰ ਫਰਲੋ ਦਿੱਤੇ ਜਾਣ ਬਾਰੇ ਅੰਸ਼ੂਲ ਛਤਰਪਤੀ ਨੇ ਇਤਰਾਜ਼ ਜ਼ਾਹਿਰ ਕੀਤਾ ਹੈ। 2002 ਵਿੱਚ ਹਰਿਆਣਾ ਦੇ ਸਿਰਸਾ ਤੋਂ ਪੱਤਰਕਾਰ ਰਾਮ ਚੰਦਰ ਛਤਰਪਤੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕੇਸ ਵਿੱਚ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਸੀ। ਰਾਮ ਰਹੀਮ ਨੂੰ ਇਸ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਕਿਹਾ ਹੈ ਕਿ ਜਿਸ ਮੌਕੇ ਫਰਲੋ ਦਿੱਤੀ ਗਈ ਹੈ ਉਹ ਵੋਟ ਬੈਂਕ ਅਤੇ ਗੰਦੀ ਰਾਜਨੀਤੀ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਹੈ, “ਸਰਕਾਰ ਨੇ ਪੰਜਾਬ ਅਤੇ ਯੂਪੀ ਦੀਆਂ ਵੋਟਾਂ ਨੂੰ ਦੇਖਦਿਆਂ ਹੋਇਆ ਜਿਸ ਸਮੇਂ ਇਹ ਫਰਲੋ ਦਿੱਤੀ ਗਈ ਹੈ, ਇਹ ਬੇਸ਼ਰਮੀ ਭਰਿਆ ਫ਼ੈਸਲਾ ਹੈ, ਅਸੀਂ ਇਸ ਦੀ ਨਿਖੇਧੀ ਕਰਦੇ ਹਾਂ।“
“ਅਸੀਂ ਉਸ ਦੇ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖਟਖਟਾਵਾਂਗੇ, ਕਿਉਂਕਿ ਜਿਸ ਸਮੇਂ ਗੁਰਮੀਤ ਰਾਮ ਰਹੀਮ ਦਾ ਫ਼ੈਸਲਾ ਆਇਆ ਸੀ ਸਾਲ 2017 ਵਿੱਚ ਅਤੇ ਤਿੰਨਾਂ ਸਟੇਟਾਂ ‘ਚ ਖ਼ੂਨ-ਖਰਾਬਾ ਹੋਇਆ, ਕਰੋੜਾਂ ਦੀ ਪ੍ਰੋਪਰਟੀ ਦਾ ਨੁਕਸਾਨ ਹੋਇਆ ਤੇ ਸੂਬਾ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ੈਸਲਾ ਲੈਣਾ ਚਾਹੀਦਾ ਸੀ ਤੇ ਡੂੰਘਾਈ ਨਾਲ ਸੋਚ-ਵਿਚਾਰ ਕਰਨਾ ਚਾਹੀਦੀ ਸੀ।“ “ਇਸ ਤੋਂ ਪਹਿਲਾਂ ਜਦੋਂ ਰਾਮ ਰਹੀਮ ਨੇ ਪੈਰੋਲ ਲਈ ਅਰਜ਼ੀ ਲਗਾਈ ਤਾਂ ਇਹੀ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਰਿਹਾ ਸੀ ਕਿ ਇਨ੍ਹਾਂ ਦੇ ਬਾਹਰ ਆਉਣ ਨਾਲ ਅਮਨ-ਕਾਨੂੰਨ ਭੰਗ ਹੋ ਸਕਦਾ ਹੈ ਤੇ ਉਨ੍ਹਾਂ ਰਿਪੋਰਟਾਂ ਦੇ ਮੱਦੇਨਜ਼ਰ ਵੀ ਸਰਕਾਰ ਨੂੰ ਸ਼ਾਇਦ ਇਹ ਫ਼ੈਸਲਾ ਨਹੀਂ ਲੈਣਾ ਚਾਹੀਦਾ ਸੀ।“



















