
ਭਾਜਪਾ ਨੇ ਪੰਜਾਬ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੇ ਪ੍ਰਚਾਰ ਲਈ ਜਿਨ੍ਹਾਂ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ, ਉਨ੍ਹਾਂ ‘ਚ ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦਾ ਨਾਮ ਵੀ ਸ਼ਾਮਲ ਹੈ ਪਰ ਉਹ ਅਜੇ ਵੀ ਪ੍ਰਚਾਰ ‘ਚੋਂ ਗਾਇਬ ਹਨ। ਸੂਬੇ ‘ਚ 20 ਫਰਵਰੀ ਨੂੰ ਨਵੀਂ ਵਿਧਾਨ ਸਭਾ ਦੀ ਚੋਣ ਲਈ ਵੋਟਾਂ ਪੈਣੀਆਂ ਹਨ ਅਤੇ ਪ੍ਰਚਾਰ ਲਈ ਹੁਣ ਸਿਰਫ਼ ਕੁਝ ਦਿਨ ਬਾਕੀ ਹਨ। ਪਰ ਭਾਜਪਾ ਵਿੱਚ ਕੋਈ ਨਹੀਂ ਜਾਣਦਾ ਹੈ ਕਿ ਸਨੀ ਦਿਓਲ ਕਦੋਂ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਅਭਿਨੇਤਾ ਇਨ੍ਹੀਂ ਦਿਨੀਂ ਬਿਮਾਰ ਹਨ। ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਬੁਖਾਰ ਵੀ ਸੀ। ਪਰ ਉਹ ਜਲਦੀ ਹੀ ਆਉਣਗੇ। ਉਨ੍ਹਾਂ ਕਿਹਾ, “ਉਹ ਇੱਕ ਸਟਾਰ ਹਨ ਅਤੇ ਸਾਨੂੰ ਡਰ ਹੈ ਕਿ ਜੇ ਉਹ ਪ੍ਰਚਾਰ ਲਈ ਆਉਂਦੇ ਹਨ ਤਾਂ (ਇਕੱਠ ਸਬੰਧੀ) ਕੋਵਿਡ-19 ਪਾਬੰਦੀਆਂ ਦੀ ਉਲੰਘਣਾ ਹੋ ਸਕਦੀ ਹੈ। ਅਸੀਂ ਧਿਆਨ ਰੱਖ ਰਹੇ ਹਾਂ ਜੇਕਰ ਚੋਣ ਕਮਿਸ਼ਨ ਵੱਲੋਂ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਵਿੱਚ ਕੁਝ ਢਿੱਲ ਦਿੱਤੀ ਜਾਵੇ।” ਜਦੋਂ ਤੋਂ ਸਨੀ ਦਿਓਲ ਗੁਰਦਾਸਪੁਰ ਤੋਂ ਲੋਕ ਸਭਾ ਲਈ ਚੁਣੇ ਗਏ ਹਨ, ਉਨ੍ਹਾਂ ਨੇ ਬਹੁਤ ਘੱਟ ਵਾਰ ਆਪਣੇ ਹਲਕੇ ਦਾ ਦੌਰਾ ਕੀਤਾ ਹੈ। ਪਿਛਲੀ ਵਾਰ ਉਹ ਸਤੰਬਰ 2020 ਵਿੱਚ ਗੁਰਦਾਸਪੁਰ ਆਏ ਸਨ। ਜੂਨ 2021 ਵਿੱਚ ਯੂਥ ਕਾਂਗਰਸ ਦੇ ਕਾਰਕੁਨਾਂ ਨੇ ਗੁਰਦਾਸਪੁਰ ਵਿੱਚ ਦਿਓਲ ਦੇ “ਗੁੰਮਸ਼ੁਦਾ” ਹੋਣ ਬਾਰੇ ਪੋਸਟਰ ਵੀ ਲਗਾ ਦਿੱਤੇ ਸਨ।



















