
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਮੁੱਖ ਮੰਤਰੀ ਬਣਾਉਣ ਲਈ ਉਨ੍ਹਾਂ ਦੇ ਨਾਮ ‘ਤੇ ਵੀ ਵਿਚਾਰ ਕੀਤਾ ਗਿਆ ਸੀ। ਉਨ੍ਹਾਂ ਨੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ਕੈਪਟਨ ਨੂੰ ਹਟਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਬਣਾਉਣ ਲਈ 79 ਵਿਧਾਇਕਾਂ ਤੋਂ ਫ਼ੋਨ ‘ਤੇ ਰਾਇ ਮੰਗੀ ਗਈ ਸੀ। “ਮੈਂ ਤੁਹਾਨੂੰ ਫੈਕਟ ਦੱਸ ਦਿਆਂ 42 ਵੋਟਾਂ ਸੁਨੀਲ ਨੂੰ ਪਈਆਂ, 16 ਵੋਟਾਂ ਸੁਖਜਿੰਦਰ ਰੰਧਾਵੇ ਨੂੰ ਪਈਆਂ, 12 ਵੋਟਾਂ ਪਈਆਂ ਮਾਹਾਰਾਣੀ ਪ੍ਰਨੀਤ ਕੌਰ ਨੂੰ, 6 ਵੋਟਾਂ ਪਈਆਂ ਨਵਜੋਤ ਸਿੰਘ ਸਿੱਧੂ ਨੂੰ ਅਤੇ 2 ਵੋਟਾਂ ਚੰਨੀ ਨੂੰ ਪਈਆਂ।” ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨਾ ਬਣਨ ਦਾ ਕੋਈ ਗਿਲਾ ਨਹੀਂ ਹੈ ਤੇ ਮੈਨੂੰ ਖ਼ੁਸ਼ੀ ਹੈ ਕਿ 42 ਜਣਿਆਂ ਨੇ ਮੈਨੂੰ ਬਿਨਾਂ ਕੁਝ ਹੁੰਦਿਆਂ ਵੀ ਇਸ ਦੇ ਯੋਗ ਸਮਝਿਆ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਉਨਾਂ ਨੂੰ ਉੱਪ ਮੁਖ ਮੰਤਰੀ ਬਣਾਉਣ ਦੀ ਗੱਲ ਵੀ ਕੀਤੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਧਾਇਕਾਂ ਨੂੰ ਕੋਈ ਵਿਕਲਪ ਨਹੀਂ ਦਿੱਤੇ ਗਏ ਸਨ ਸਗੋਂ ਉਨ੍ਹਾਂ ਨੂੰ ਸਿਰਫ਼ ਇਹ ਕਿਹਾ ਗਿਆ ਸੀ ਕਿ ਕੈਪਟਨ ਸਾਹਿਬ ਪਾਸੇ ਹੋ ਗਏ ਹਨ, ਆਪਾਂ ਮੁੱਖ ਮੰਤਰੀ ਬਣਾਉਣਆ ਹੈ ਤੁਸੀਂ ਨਾਮ ਦਿਓ।



















