ਬੱਚੀ ਲਭਪ੍ਰੀਤ ਨੇ ਬਿਆਨ ਕੀਤੀ ਦਰਦ ਕਹਾਣੀ


ਗੁੰਡਿਆਂ ਨੇ ਕੀਤੀ ਕੁੱਟਮਾਰ ਤੇ ਫਿਰ ਪੁਲਿਸ ਨੇ ਪੀੜਤਾਂ ਤੇ ਹੀ ਕੀਤਾ ਨਜਾਇਜ ਮੁਕੱਦਮਾ
ਬਠਿੰਡਾ, 3 ਜਨਵਰੀ, ਬਲਵਿੰਦਰ ਸਿੰਘ ਭੁੱਲਰ
ਕੀ ਕਿਸੇ ਘਰ ਦੇ ਮਾਲਕ ਤੇ ਕਾਬਜ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 452 ਤਹਿਤ ਮੁਕੱਦਮਾ ਦਰਜ ਕੀਤਾ ਜਾ ਸਕਦਾ ਹੈ? ਪਹਿਲੀ ਨਜ਼ਰੇ ਅਜਿਹਾ ਨਹੀਂ ਜਾਪਦਾ, ਲੇਕਿਨ ਨੌਵੀਂ ਕਲਾਸ ਦੀ ਵਿਦਿਆਰਥਣ ਲਭਪ੍ਰੀਤ ਕੌਰ ਵੱਲੋਂ ਬਿਆਨ ਕੀਤੀ ਦਰਦ ਕਹਾਣੀ ਇਸ ਹਕੀਕਤ ਨੂੰ ਝੁਠਲਾਉਂਦੀ ਹੈ। ਅੱਜ ਬਠਿੰਡਾ ਪ੍ਰੈਸ ਕਲੱਬ ਵਿਖੇ ਅਕਾਲੀ ਆਗੂ ਗੁਰਪ੍ਰੀਤ ਸਿੰਘ ਮਲੂਕਾ ਦੀ ਮੌਜੂਦਗੀ ’ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਿੰਡ ਦੁੱਲੇਵਾਲਾ ਦੀ ਵਸਨੀਕ ਬੱਚੀ ਲਭਪ੍ਰੀਤ ਕੌਰ ਨੇ ਦੱਸਿਆ ਕਿ ਉਸਦੇ ਬਾਪ ਵੱਲੋਂ ਉਸਦੀ ਮਾਂ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਸੀ ਤੇ ਇੱਕ ਦਿਨ ਉਦੋ ਉਸਦੀ ਹੋਸ਼ ਉੱਡ ਗਈ ਜਦ ਉਸਨੇ ਆਪਣੀ ਮਾਂ ਨੂੰ ਪੱਖੇ ਨਾਲ ਲਟਕਦਿਆਂ ਦੇਖਿਆ। ਬੱਚਿਆਂ ਦੇ ਪਾਲਣ ਪੋਸਣ ਨੂੰ ਮੁੱਖ ਰਖਦਿਆਂ ਸ਼ਾਇਦ ਕਿਸੇ ਪਿੰਡ ਵਾਲੇ ਨੇ ਉਸਦੀ ਮਾਂ ਨੂੰ ਇਨਸਾਫ ਦਿਵਾਉਣਾ ਮੁਨਾਸਿਬ ਨਾ ਸਮਝਿਆ ਤੇ ਇਹ ਕਥਿਤ ਗੰਭੀਰ ਅਪਰਾਧ ਮਿੱਟੀ ਘੱਟੇ ਰੁਲ ਗਿਆ। ਆਪਣੀ ਦਾਦੀ ਤੇ ਚਾਚੀ ਸਮੇਤ ਰੋ ਰੋ ਵਿਥਿਆ ਸੁਣਾਉਂਦਿਆਂ ਬੱਚੀ ਨੇ ਦੱਸਿਆ ਕਿ ਮਾਂ ਦੀ ਮੌਤ ਤੋਂ ਬਾਅਦ ਉਸਦੇ ਪਿਤਾ ਨੇ ਦੂਜੀ ਸ਼ਾਦੀ ਕਰ ਲਈ ਤੇ ਉਥੋਂ ਹੀ ਉਸ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ। ਬਾਪ ਲਗਾਤਾਰ ਤੰਗ ਪਰੇਸਾਨ ਕਰਦਾ ਰਿਹਾ, ਅਖ਼ੀਰ ਉਹ ਦਾਦੇ ਦਾਦੀ ਦੀ ਸ੍ਰਪਰਸਤੀ ਵਿੱਚ ਰਹਿਣ ਲੱਗ ਪਈ। ਜਦ ਕਿ ਉਸਦਾ ਬਾਪ ਕਿਸੇ ਹੋਰ ਘਰ ਵਿੱਚ ਰਹਿ ਰਿਹਾ ਹੈ। ਲਭਪ੍ਰੀਤ ਅਨੁਸਾਰ 29 ਦਸੰਬਰ ਨੂੰ ਉਸਦੇ ਪਿਤਾ ਗੁਰਸੇਵਕ ਸਿੰਘ ਦਸ ਪੰਦਰਾਂ ਅਸਲਾਧਾਰੀ ਅਣਪਛਾਤੇ ਵਿਅਕਤੀਆਂ ਸਮੇਤ ਉਹਨਾਂ ਦੀ ਰਿਹਾਇਸ਼ ਤੇ ਪਹੁੰਚ ਜਾਂਦਾ ਹੈ, ਜਿੱਥੇ ਉਹ ਆਪਣੇ ਭਰਾਵਾਂ ਭਾਬੀਆਂ ਅਤੇ ਮਾਂ ਬਾਪ ਤੇ ਕੁੱਟਾਪਾ ਚਾੜ੍ਹਣਾ ਸੁਰੂ ਕਰ ਦਿੰਦੇ ਹਨ। ਜਾਨ ਬਚਾਉਣ ਦੇ ਯਤਨ ਵਜੋਂ ਲਭਪ੍ਰੀਤ ਨੇ ਕਿਸੇ ਗੁਆਂਢੀ ਦੇ ਘਰ ਛਾਲ ਮਾਰ ਦਿੱਤੀ। ਰੌਲਾ ਰੱਪਾ ਸੁਣ ਕੇ ਪਿੰਡ ਵਾਸੀਆਂ ਨੇ ਉਹਨਾਂ ਨੂੰ ਡਾਢਿਆਂ ਹੱਥੋਂ ਛੁਡਵਾਇਆ। ਉਤੋਂ ਸਿਤਮ ਜ਼ਰੀਫੀ ਇਹ ਕਿ ਇੱਕ ਕਾਂਗਰਸੀ ਆਗੂ ਦੀ ਸ਼ਹਿ ਤੇ ਕਥਿਤ ਦੋਸ਼ੀਆਂ ਦੀ ਬਜਾਏ ਥਾਨਾ ਫੂਲ ਦੀ ਪੁਲਿਸ ਨੇ ਪੀੜ੍ਹਤ ਪਰਿਵਾਰ ਤੇ ਹੀ ਭਾਰਤੀ ਦੰਡਾਵਲੀ ਦੀ ਧਾਰਾ 307, 452, 323, 427 ਅਤੇ 34 ਅਧੀਨ ਨਜਾਇਜ ਮੁਕੱਦਮਾ ਦਰਜ ਕਰ ਲਿਆ। ਇੱਥੇ ਹੀ ਬੱਸ ਨਹੀਂ, ਪੁਲਿਸ ਦੇ ਛਾਪਿਆਂ ਕਾਰਨ ਪਰਿਵਾਰ ਦੇ ਮਰਦ ਤੇ ਔਰਤਾਂ ਲੁਕ ਛਿਪ ਕੇ ਦਿਨਕਟੀ ਕਰਨ ਲਈ ਮਜਬੂਰ ਹਨ। ਸ੍ਰੀ ਮਲੂਕਾ ਨੇ ਜਮਾਂਬੰਦੀ ਦਿਖਾਉਂਦਿਆਂ ਦੱਸਿਆ ਕਿ ਜਿਸ ਘਰ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਐ, ਮਾਲ ਰਿਕਾਰਡ ਮੁਤਾਬਿਕ ਉਸਦੀ ਮਾਲਕੀ ਰਾਜਪਾਲ ਸਿੰਘ ਦੇ ਨਾਂ ਬੋਲਦੀ ਹੈ, ਜਦ ਕਿ ਮੁਕੱਦਮਾ ਦਰਜ ਕਰਵਾਉਣ ਵਾਲਾ ਗੁਰਸੇਵਕ ਸਿੰਘ ਨਾ ਇਸ ਘਰ ਦਾ ਮਾਲਕ ਹੈ ਅਤੇ ਨਾ ਹੀ ਉਸਦੀ ਉੱਥੇ ਰਿਹਾਇਸ਼ ਹੈ।

Total Views: 93 ,
Real Estate