ਜਲੰਧਰ : ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ 30 ਅਕਤੂਬਰ ਤੋਂ 1 ਨਵੰਬਰ 2018 ਤੱਕ ਚੱਲਣ ਵਾਲੇ ਗ਼ਦਰੀਆਂ ਬਾਬਿਆਂ ਦੇ ਮੇਲੇ ‘ਚ ਭਾਗ ਲੈਣ ਲਈ ਕੋਈ 15 ਨਾਟ ਅਤੇ ਗੀਤ-ਸੰਗੀਤ ਮੰਡਲੀਆਂ ਪੁੱਜ ਚੁੱਕੀਆਂ ਹਨ। ਮੇਲੇ ਦੇ ਸਿਖ਼ਰਲੇ ਦਿਨ 1 ਨਵੰਬਰ ਨੂੰ ਠੀਕ 10:00 ਵਜੇ ਦੇਸ਼ ਭਗਤ ਯਾਦਗਾਰ ਕਮੇਟੀ ਸੀਨੀਅਰ ਟਰੱਸਟੀ ਨੌਨਿਹਾਲ ਸਿੰਘ ਵੱਲੋਂ ਗ਼ਦਰੀ ਝੰਡਾ ਲਹਿਰਾਉਣ ਉਪਰੰਤ ਪੇਸ਼ ਹੋਣ ਵਾਲੇ ਸੰਗੀਤ ਨਾਟ ਝੰਡੇ ਦੇ ਗੀਤ ਲਈ ਲੱਗੀ ਵਰਕਸ਼ਾਪ ‘ਚ ਪੁੱਜੀਆਂ ਇਨਾਂ ਟੀਮਾਂ ਦੇ 100 ਕਲਾਕਾਰਾਂ ਨੂੰ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਨੇ ਸੰਬੋਧਨ ਕੀਤਾ।
ਉਨਾਂ ਨੇ ਕਲਾਕਾਰਾਂ ਖਾਸ ਕਰਕੇ ਲੜਕੀਆਂ ਨੂੰ ਝੰਡੇ ਦੇ ਗੀਤ ‘ਚ ਭਾਗ ਲੈਣ ਲਈ ਕੋਈ ਹਫ਼ਤਾ ਭਰ ਦੀ ਵਰਕਸ਼ਾਪ ਸ਼ਾਮਿਲ ਹੋਣ ਲਈ ਮੁਬਾਰਕਬਾਦ ਦਿੱਤੀ। ਉਨਾਂ ਕਿਹਾ ਕਿ ਗ਼ਦਰੀ ਦੇਸ਼ ਭਗਤਾਂ ਅਤੇ ਉਸ ਉਪਰੰਤ ਚੱਲਣ ਵਾਲੀਆਂ ਸਮੂਹ ਇਨਕਲਾਬੀ ਮੁਕਤੀ ਲਹਿਰਾਂ ‘ਚ ਔਰਤਾਂ ਨੇ ਅਗਲੀ ਕਤਾਰ ‘ਚ ਹੋ ਕੇ ਅਮਿੱਟ ਯੋਗਦਾਨ ਪਾਇਆ। ਝੰਡੇ ਦੀ ਗੀਤ ਦੀ ਵਰਕਸ਼ਾਪ ‘ਚ ਉਨਾਂ ਦੀ ਆਮਦ ਨੂੰ ਅਜੋਕੇ ਦਮ ਘੁੱਟਵੇਂ ਮਾਹੌਲ ਅੰਦਰ ਹੱਕ, ਸੱਚ, ਇਨਸਾਫ਼ ਦੀ ਆਵਾਜ਼ ਬਣਨ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਕਾਰਲ ਮਾਰਕਸ ਨੂੰ ਸਮਰਪਿਤ ਇਹ ਮੇਲਾ ਉਨਾਂ ਨੂੰ ਕਾਰਲ ਮਾਰਕਸ ਦੀ ਜੀਵਨ ਸਾਥਣ ਜੇਨੀ ਦੀ ਇਤਿਹਾਸਕ ਭੂਮਿਕਾ ਨਾਲ ਜੋੜੇਗਾ।
ਅਮੋਲਕ ਸਿੰਘ ਵੱਲੋਂ ਹਰ ਸਾਲ ਦੀ ਤਰਾਂ ਲਿਖੇ ਇਸ ਗੀਤ ‘ਚ ਕਾਰਲ ਮਾਰਕਸ ਦੇ ਜੀਵਨ ਸੰਗਰਾਮ ਤੋਂ ਸ਼ੁਰੂ ਹੋ ਕੇ ਮੁਲਕ ਅੰਦਰ ਬਣੇ ਚੁਣੌਤੀ ਭਰਪੂਰ ਹਾਲਾਤ ਵਿੱਚ ਚਾਨਣ ਦੀ ਇੱਕ ਲੀਕ ਬਣ ਕੇ ਸਾਹਮਣੇ ਆਉਣ ਲਈ ਵੰਗਾਰ ਵੀ ਹੈ ਅਤੇ ਸੁਨੇਹਾ ਵੀ।
30 ਅਕਤੂਬਰ ਤੋਂ ਸਵੇਰੇ 10 ਵਜੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸ਼ਮਾਂ ਰੌਸ਼ਨ ਕਰਨ ਨਾਲ ਸ਼ੁਰੂ ਹੋਣ ਵਾਲਾ ਇਹ ਮੇਲਾ 1 ਨਵੰਬਰ ਸਾਰਾ ਦਿਨ ਸਾਰੀ ਰਾਤ ਤੱਕ ਜਾਰੀ ਰਹੇਗਾ।
ਪਹਿਲੇ ਦਿਨ ਸ਼ਮਾਂ ਰੌਸ਼ਨ ਉਪਰੰਤ ਭਾਸ਼ਣ ਅਤੇ ਗਾਇਨ ਮੁਕਾਬਲਾ ਹੋਏਗਾ। ਸ਼ਾਮ 7 ਵਜੇ ਆਜ਼ਾਦ ਥੀਏਟਰ ਗਰੁੱਪ (ਲੇਖਕ ਅਜੈ ਸ਼ਰਮਾ, ਨਿਰਦੇਸ਼ਕ ਰਵਿੰਦਰ ਭਗਤ) ਵੱਲੋਂ ਨਾਟਕ ‘ਮੁਕਤੀ’ ਖੇਡਿਆ ਜਾਏਗਾ।
ਕਾਰਲ ਮਾਰਕਸ ਨੂੰ ਸਮਰਪਿਤ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ ਅੱਜ ਤੋਂ
Total Views: 187 ,
Real Estate