ਪੂਰਾ ਸੱਚ: 16 ਸਾਲ ਤੱਕ ਸਰਕਾਰਾਂ ਰਾਮ ਰਹੀਮ ਦੇ ਇਸ਼ਾਰੇ ’ਤੇ ਨੱਚਦੀਆਂ ਰਹੀਆਂ

ਤਰਲੋਚਨ ਸਿੰਘ

ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਆਪਣੇ ਪੱਤਰਕਾਰ ਪਿਤਾ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਦੋਸ਼ ਹੇਠ ਮਰਨ ਤੱਕ ਕੈਦ ਦੀ ਸਜ਼ਾ ਦਿਵਾਉਣ ਵਾਲੇ ਅੰਸ਼ੁਲ ਛਤਰਪਤੀ ਨੇ ਕਿਹਾ ਕਿ ਜਦੋਂ 16 ਸਾਲ ਉਹ ਡੇਰਾ ਮੁਖੀ ਵਿਰੁੱਧ ਕਾਨੂੰਨੀ ਲੜਾਈ ਲੜ ਰਿਹਾ ਸੀ ਤਾਂ ਹਰਿਆਣਾ ਦੀਆਂ ਤਿੰਨੋਂ ਸਿਆਸੀ ਪਾਰਟੀਆਂ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ), ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਸਰਕਾਰਾਂ ਡੇਰੇ ਦੇ ਇਸ਼ਾਰਿਆਂ ’ਤੇ ਨੱਚ ਕੇ ਉਸ (ਰਹੀਮ) ਲਈ ਢਾਲ ਬਣਦੀਆਂ ਰਹੀਆਂ ਸਨ।
ਅੰਸ਼ੁਲ ਨੇ ਆਪਣੀ ਭੈਣ ਸ਼੍ਰੇਅਸੀ ਅਤੇ ਇਸ ਮਾਮਲੇ ਦੇ ਮੁੱਢਲੇ ਵਕੀਲ ਲੇਖ ਰਾਜ ਸਮੇਤ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਇਹ ਖੁਲਾਸਾ ਕੀਤਾ। ਇਸ ਮੌਕੇ ਅੰਸ਼ੁਲ ਨੂੰ ਉਸ ਦੀ ਭੈਣ ਤੇ ਵਕੀਲ ਸਮੇਤ ਸਨਮਾਨਿਤ ਕਰਕੇ ਕਲੱਬ ਦੀ ਆਨਰੇਰੀ ਮੈਂਬਰਸ਼ਿਪ ਮੁਹੱਈਆ ਕੀਤੀ ਗਈ। ਅੰਸ਼ੁਲ ਨੇ ਸਿਆਸੀ, ਧਨ-ਦੌਲਤ ਅਤੇ ਆਪਣੇ ਸ਼ਰਧਾਲੂਆਂ ਦੀ ਅਥਾਹ ਤਾਕਤ ਦੇ ਮਾਲਕ ਰਾਮ ਰਹੀਮ ਨਾਲ ਆਪਣੇ ਇਮਾਨ ਦੇ ਬਲਬੂਤੇ ਲੜਾਈ ਲੜਨ ਦੀ 16 ਸਾਲਾ ਲੰਮੀ ਕਹਾਣੀ ਸੁਣਾਉਂਦਿਆਂ ਕਿਹਾ ਕਿ ਇਸ ਦੌਰਾਨ ਹਰ ਸਿਆਸੀ ਆਗੂ ਰਾਮ ਰਹੀਮ ਦਾ ਹੀ ਸਾਥ ਦਿੱਤਾ। ਇੱਥੋਂ ਤੱਕ ਕਿ ਧਾਰਮਿਕ ਕੱਟੜਤਾ ਵਿਰੁੱਧ ਵਿਚਾਰਧਾਰਾ ਰੱਖਣ ਵਾਲੇ ਸਿਆਸੀ ਆਗੂ ਵੀ ਇਸ ਲੜਾਈ ਵਿੱਚ ਡੇਰੇ ਦੇ ਹੱਕ ਵਿੱਚ ਹੀ ਭੁਗਤੇ।
ਅੰਸ਼ੁਲ ਨੇ ਦੱਸਿਆ ਕਿ ਜਦੋਂ ਉਸ ਦੇ ਪਿਤਾ ਨੂੰ ਜਬਰ ਜਨਾਹ ਦੀ ਪੀੜਤ ਸਾਧਵੀ ਦੀ ਚਿੱਠੀ ਆਪਣੀ ਅਖ਼ਬਾਰ ‘ਪੂਰਾ ਸੱਚ’ ਵਿੱਚ ਛਾਪਣ ਕਾਰਨ 24 ਅਕਤੂਬਰ 2002 ਨੂੰ ਡੇਰੇ ਦੇ ਬੰਦਿਆਂ ਨੇ 5 ਗੋਲੀਆਂ ਮਾਰੀਆਂ ਸਨ ਤਾਂ ਉਸ ਵੇਲੇ ਇਨੈਲੋ ਸਰਕਾਰ ਦੇ ਮੁੱਖ ਮੰਤਰੀ ਓਪੀ ਚੌਟਾਲਾ ਉਨ੍ਹਾਂ ਦੇ ਘਰ ਆਏ ਸਨ। ਉਨ੍ਹਾਂ ਕਿਹਾ ਸੀ ਅਪਰਾਧੀ ਜਿੰਨੇ ਮਰਜ਼ੀ ਤਾਕਤਵਾਰ ਹੋਣ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਇਸ ਦੇ ਉਲਟ ਚੌਟਾਲਾ ਸਰਕਾਰ ਦੀ ਪੁਲੀਸ ਨੇ ਡੇਰਾ ਮੁਖੀ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ। ਇੱਥੋਂ ਤੱਕ ਕਿ ਉਨ੍ਹਾਂ ਦੇ ਪਿਤਾ ਦੇ ਧਾਰਾ 164 ਤਹਿਤ ਬਿਆਨ ਵੀ ਕਲਮਬੰਦ ਨਹੀਂ ਕੀਤੇ ਸਨ। ਫਿਰ ਜਦੋਂ ਉਸ ਨੇ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਦੇਣ ਦੀ ਮੰਗ ਕੀਤੀ ਤਾਂ ਚੌਟਾਲਾ ਸਰਕਾਰ ਨੇ ਇਸ ਦਾ ਵੀ ਪਹਿਲਾਂ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਵਿੱਚ ਵਿਰੋਧ ਕਰਕੇ ਰਾਮ ਰਹੀਮ ਨੂੰ ਬਚਾਉਣ ਦੇ ਯਤਨ ਕੀਤੇ। ਉਸ ਨੇ ਦੱਸਿਆ ਕਿ ਫਿਰ ਕੇਂਦਰ ਅਤੇ ਹਰਿਆਣਾ ਵਿੱਚ ਕਾਂਗਰਸ ਦੀਆ ਸਰਕਾਰਾਂ ਆਈਆਂ ਅਤੇ ਇਨ੍ਹਾਂ ਸਰਕਾਰਾਂ ਨੇ ਰਾਮ ਰਹੀਮ ਨੂੰ ਜ਼ੈੱਡ ਪਲੱਸ ਸੁਰੱਖਿਆ ਦੇ ਕੇ ਡੇਰੇ ਅੱਗੇ ਗੋਡੇ ਟੇਕ ਦਿੱਤੇ। ਕਾਂਗਰਸ ਦੀਆਂ ਸਰਕਾਰਾਂ ਨੇ ਰਹੀਮ ਨੂੰ ਸੀਬੀਆਈ ਅੱਗੇ ਪੇਸ਼ ਤੱਕ ਨਹੀਂ ਹੋਣ ਦਿੱਤਾ। ਫਿਰ ਜਦੋਂ ਸੀਬੀਆਈ ਦੀ ਟੀਮ ਡੇਰਾ ਸਿਰਸਾ ਵਿੱਚ ਰਹੀਮ ਦੀ ਪੁੱਛ-ਪੜਤਾਲ ਕਰਨ ਆਈ ਤਾਂ ਵੀ ਸਿਰਸਾ ’ਚ ਉਚੇਰੇ ਤੌਰ ’ਤੇ ਪੁੱਜੇ ਕੁਝ ਸਿਆਸੀ ਆਗੂ ਦਿੱਲੀ ਤੋਂ ਫੋਨ ਕਰਵਾ ਕੇ ਉਲਟਾ ਸੀਬੀਆਈ ਦੀ ਟੀਮ ਉੱਪਰ ਪੁੱਛ-ਪੜਤਾਲ ਦੌਰਾਨ ਸ਼ਰਤਾਂ ਲਵਾਉਂਦੇ ਰਹੇ।
ਅੰਸ਼ੁਲ ਨੇ ਹਰਿਆਣਾ ਦੀ ਮੌਜੂਦਾ ਖੱਟਰ ਸਰਕਾਰ ਬਾਰੇ ਕਿਹਾ ਕਿ ਜਦੋਂ ਭਾਜਪਾ ਵਿਧਾਨ ਸਭਾ ਚੋਣਾਂ ਜਿੱਤੀ ਤਾਂ ਇਸ ਪਾਰਟੀ ਦੇ 38 ਵਿਧਾਇਕਾਂ ਨੇ ਡੇਰੇ ਪੁੱਜ ਕੇ ਰਹੀਮ ਦੇ ਪੈਰ ਛੂਹ ਕੇ ਜਿੱਤ ਦਿਵਾਉਣ ਲਈ ਉਸ ਦਾ ਧੰਨਵਾਦ ਕੀਤਾ ਸੀ। ਉਸ ਨੇ ਦੋਸ਼ ਲਾਇਆ ਕਿ 25 ਅਗਸਤ 2017 ਨੂੰ ਡੇਰਾ ਸਮਰਥਕਾਂ ਵੱਲੋਂ ਪੰਚਕੂਲਾ ਵਿੱਚ ਮਚਾਈ ਤਬਾਹੀ ਤੋਂ ਮਹਿਜ਼ 10 ਦਿਨ ਪਹਿਲਾਂ ਭਾਜਪਾ ਦੇ ਕੁਝ ਕੇਂਦਰੀ ਅਤੇ ਸੂਬਾਈ ਆਗੂਆਂ ਨੇ ਡੇਰੇ ਜਾ ਕੇ ਰਹੀਮ ਨੂੰ ਮੱਥਾ ਟੇਕਿਆ ਸੀ। ਉਸ ਨੇ ਗਿਲਾ ਕੀਤਾ ਕਿ ਜੇ ਸਾਰਾ ਮੀਡੀਆ 16 ਸਾਲ ਪਹਿਲਾਂ ਉਸ ਦੇ ਪਿਤਾ ਵਾਂਗ ਬਲਾਤਕਾਰ ਦੀ ਪੀੜਤ ਸਾਧਵੀ ਦੀ ਗੁੰਮਨਾਮ ਚਿੱਠੀ ਆਪਣੀਆਂ ਅਖ਼ਬਾਰਾਂ ’ਚ ਛਾਪ ਦਿੰਦਾ ਤਾਂ ਸ਼ਾਇਦ ਛਤਰਪਤੀ ਦੀ ਜਾਨ ਬਚ ਜਾਂਦੀ। ਤਕਰੀਬਨ ਸਾਰਾ ਮੀਡੀਆ 2002 ਤੋਂ ਲੈ ਕੇ 2017 ਤੱਕ ਡੇਰਾ ਮੁਖੀ ਦੇ ਅਪਰਾਧਾਂ ਉੱਪਰ ਖਾਮੋਸ਼ ਰਿਹਾ ਹੈ ਅਤੇ ਜਦੋਂ ਡੇਰੇ ਦੇ ਪ੍ਰੇਮੀਆਂ ਨੇ 25 ਅਗਸਤ 2017 ਨੂੰ ਮੀਡੀਆ ਨੂੰ ਆਪਣਾ ਅਸਲੀ ਰੂਪ ਦਿਖਾਇਆ ਸੀ ਤਾਂ ਹੀ ਸਾਰੇ ਮੀਡੀਆ ਹਾਊਸਿਜ਼ ਦੀਆਂ ਅੱਖਾਂ ਖੁੱਲ੍ਹੀਆਂ ਹਨ। ਉਸ ਨੇ ਕਿਹਾ ਕਿ 16 ਸਾਲਾਂ ਦੀ ਲੜਾਈ ਦੌਰਾਨ ਉਸ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਤੇ ਕਈ ਸਿਆਸੀ ਆਗੂਆਂ ਨੇ ਪੇਸ਼ਕਸ਼ਾਂ ਵੀ ਕੀਤੀਆਂ ਸਨ ਪਰ ਉਨ੍ਹਾਂ ਦਾ ਇਮਾਨ ਨਹੀਂ ਡੋਲਿਆ, ਜਿਸ ਕਾਰਨ ਉਹ ਰਾਮ ਰਹੀਮ ਨੂੰ ਸਜ਼ਾ ਦਿਵਾਉਣ ਵਿਚ ਕਾਮਯਾਬ ਹੋਏ ਹਨ।

Total Views: 272 ,
Real Estate