ਭੱਟਾਂ ਦਾ ਗੁਰੂ ਦਰਬਾਰ ਵਿਚ ਆਉਣਾ

Giani Santokh Singh
Giani Santokh Singh

ਗਿਆਨੀ ਸੰਤੋਖ ਸਿੰਘ

(ਵੇਦ ਭੱਟਾਂ ਦਾ ਰੂਪ ਧਾਰ ਕੇ ਆਏ)
ਭਗਤਾਂ ਵਿਚ ਗੁਰੂ ਜੀ ਸ਼ਾਂਤ ਚਿੱਤ ਬੈਠੇ ਇਉਂ ਸੋਭਾ ਪਾ ਰਹੇ ਹਨ ਜਿਉਂ ਮੁਨੀਆਂ ਵਿਚ ਸ਼ਿਵ ਜੀ। ਮਾਨੋ ਕਿ ਗਿਆਨ ਹੀ ਗੁਰੂ ਰੂਪ ਧਾਰ ਕੇ ਬੈਠਾ ਹੈ ਤੇ ਇਉਂ ਭਗਤ ਜਨ ਨਿਕਟ ਬੈਠੇ ਆਪਣੇ ਨੇਤਰਾਂ ਨਾਲ ਇਸ ਗਿਆਨ ਨੂੂੰ ਅੰਮ੍ਰਿਤ ਰਸ ਰੂਪ ਜਾਣ ਕੇ ਛਕ ਰਹੇ ਹਨ। ਛਕਦੇ ਹੋਏ ਰੱਜ ਹੀ ਨਹੀਂ ਰਹੇ ਤੇ ਨੇੜੇ ਬੈਠ ਕੇ ਜਿਉਂ ਜਿਉਂ ਸੁਣਦੇ ਹਨ, ਖ਼ੁਸ਼ ਹੁੰਦੇ ਹਨ। ਮਹਾਂ ਸ਼ਾਂਤੀ ਸਰੂਪ ਸਤਿਗੁਰੂ ਜੀ ਪ੍ਰਭੂ ਸਿਮਰਨ ਦਾ ਉਪਦੇਸ਼ ਦੇ ਰਹੇ ਹਨ। ਸਮਾ ਵਿਚਾਰ ਕੇ ਸਾਰੇ ਭਗਤ ਆਪੋ ਆਪਣੇ ਸਥਾਨਾਂ ਨੂੰ ਵਿਦਾ ਹੋ ਗਏ ਤਾਂ ਵੇਦ ਦੇਹ ਧਾਰ ਕੇ, ਗੁਰੂ ਜੀ ਦੇ ਪਾਸ ਆਏ ਅਤੇ ਨਮਸਕਾਰ ਕੀਤੀ। ਚਿੱਤ ਵਿਚ ਗੁਰੂ ਜੀ ਨੂੰ ਗੁਰੂ ਧਾਰਨਾ ਚਾਹਿਆ ਤੇ ਅਨੇਕ ਪ੍ਰਕਾਰ ਗੁਰੂ ਜੀ ਦੀ ਉਸਤਤਿ ਕੀਤੀ। ਜਿਸ ਕਾਰਨ ਸੰਸਾਰ ਵਿਚ ਗੁਰੂ ਜੀ ਆਏ, ਉਸ ਦੀ ਮਹਾਨ ਅਭਿਲਾਖਾ ਸੀ। ਸਰੋਤਿਆਂ ਨੇ ਸੁਣ ਕੇ ਵੇਦਾਂ ਦਾ ਦੇਹ ਧਾਰ ਕੇ ਆਉਣ ਦਾ ਪ੍ਰਸੰਗ ਸੁਣਨਾ ਚਾਹਿਆ। ਇਹ ਸੁਣ ਕੇ ਭਾਈ ਸੰਤੋਖ ਸਿੰਘ ਜੀ ਨੇ ਆਖਿਆ:
ਹੇ ਸਿੱਖੋ, ਸੁਣੋ ਜਿਵੇਂ ਵੇਦ ਦੇਹ ਧਾਰ ਕੇ ਆਏ ਸਾਰਾ ਪ੍ਰਸੰਗ ਮੈਂ ਸੁਣਾਵਾਂ। ਕਾਂਸ਼ੀ ਵਿਚ ਵੇਦਾਂ ਦਾ ਵਾਸਾ ਹੈ ਜਿਥੇ ਸਭ ਪ੍ਰਕਾਰ ਦੀ ਵਿੱਦਿਆ ਵੱਸਦੀ ਹੈ। ਓਥੇ ਨਿਤ ਦਿਨ ਬ੍ਰਹਮ ਦਾ ਚਰਚਾ ਹੁੰਦਾ ਹੈ ਜਿਸ ਨੂੰ ਸੁਣ ਕੇ ਬੁਧੀ ਵਿਚ ਵਾਧਾ ਹੁੰਦਾ ਹੈ। ਇਸ ਸਮੇ ਓਥੇ ਵਸਦੇ ਵੇਦਾਂ ਦੇ ਹਿਰਦੇ ਵਿਚ ਬਹੁਤ ਹੰਕਾਰ ਪਰਗਟ ਹੋ ਗਿਆ ਕਿ ਅਸੀਂ ਹੀ ਬ੍ਰਹਮ ਦਾ ਨਿਰਨਾ ਕਰਦੇ ਹਾਂ ਤੇ ਸਾਰ ਅਸਾਰ ਦੀ ਵਿਚਾਰ ਕਰਦੇ ਹਾਂ। ਸਾਡੇ ਕਰਕੇ ਹੀ ਸੰਸਾਰ ਵਿਚ ਗਿਆਨ ਦਾ ਪ੍ਰਕਾਸ਼ ਹੈ ਨਹੀਂ ਤਾਂ ਅੰਧਕਾਰ ਦਾ ਹੀ ਵਰਤਾਰਾ ਹੋਵੇ। ਅਗਿਆਨੀ ਗਿਆਨ ਪਰਾਪਤ ਕਰਦੇ ਹਨ ਤੇ ਬੰਧਨ ਕੱਟ ਕੇ ਮੁਕਤ ਹੁੰਦੇ ਹਨ।
ਪਾਰਬ੍ਰਹਮ ਨੇ ਵੇਦਾਂ ਦੇ ਹੰਕਾਰ ਨੂੰ ਜਾਣ ਕੇ ਵਿਚਾਰਿਆ, ਹੰਕਾਰ ਹੀ ਸੰਸਾਰ ਵਿਚ ਸਭ ਵਿਕਾਰਾਂ ਦੀ ਜੜ੍ਹ ਹੈ ਤੇ ਇਸ ਕਰਕੇ ਹੀ ਸੰਸਾਰ ਵਿਚ ਮੁੜ ਮੁੜ ਆਉਣਾ ਪੈਂਦਾ ਹੈ; ਸੋ ਇਸ ਨੂੰ ਦੂਰ ਕਰਨਾ ਚਾਹੀਦਾ ਹੈ। ਇਹਨਾਂ ਦੇ ਹਿਰਦੇ ਵਿਚੋਂ ਇਸ ਨੂੰ ਦੂਰ ਕਰਨ ਦੀ ਕਿਰਪਾ ਦੇ ਸਾਗਰ ਨੇ ਠਾਣੀ। ਇਸ ਸਮੇ ਇਹਨਾਂ ਨੂੰ ਮਨੁੱਖੀ ਜਾਮੇ ਵਿਚ ਜਾਣ ਦੀ ਆਕਾਸ਼ਬਾਣੀ ਹੋਈ ਕਿ ਤੁਹਾਡੇ ਹਿਰਦੇ ਵਿਚ ਨਿਸਫਲ ਹੰਕਾਰ ਹੈ। ਬਿਨਾ ਸਤਿਗੁਰੂ ਤੋਂ ਹੰਕਾਰ ਦੂਰ ਨਹੀਂ ਹੋ ਸਕਦਾ, ਇਸ ਲਈ ਇਸ ਦਾ ਮੂਲ ਸਤਿਗੁਰਾਂ ਦਾ ਸਰੀਰ ਹੈ। ਤੁਹਾਡਾ ਖੇਦ ਖਿਨ ਵਿਚ ਨਾਸ ਹੋਵੇਗਾ। ਜਾ ਕੇ ਗੁਰੂ ਦੀ ਭਾਲ ਕਰੋ। ਸਤਿਗੁਰੂ ਤੋਂ ਬਿਨਾ ਸ਼ਾਂਤੀ ਨਸੀਬ ਨਹੀਂ ਹੋਵੇਗੀ ਇਸ ਲਈ ਪ੍ਰੇਮ ਕਰ ਕੇ ਗੁਰੂ ਧਾਰੋ। ਇਕ ਇਕ ਵੇਦ ਚਤੁਰ ਬ੍ਰਾਹਮਣ ਦਾ ਰੂਪ ਧਾਰੋ। ਬ੍ਰਹਮਾ ਵੀ ਤੁਹਾਡੇ ਨਾਲ ਨਰ ਰੂਪ ਧਾਰੇਗਾ। ਸਦਾ ਇਹ ਤੁਹਾਡਾ ਰਖਿਅਕ ਹੋਵੇਗਾ। ਜਿਥੇ ਕਿਤੇ ਵੀ ਕੋਈ ਵਿਘਨ ਪਵੇਗਾ, ਇਹ ਉਸ ਵਿਘਨ ਨੂੰ ਦੂਰ ਕਰੇਗਾ। ਆਕਾਸ਼ਬਾਣੀ ਇਉਂ ਹੋ ਕੇ ਚੁੱਪ ਹੋ ਗਈ ਤੇ ਵੇਦ ਸਾਰੇ ਸੁਣ ਕੇ ਹੈਰਾਨ ਰਹਿ ਗਏ। ਬ੍ਰਹਮਾ ਸਮੇਤ ਸਾਰੇ ਸਰੂਪ ਧਾਰ ਕੇ ਸੰਸਾਰ ਵਿਚ ਪਰਗਟ ਹੋ ਗਏ। ਇਕ ਇਕ ਵੇਦ ਨੇ ਚਤੁਰ ਬ੍ਰਾਹਮਣ ਦਾ ਰੂਪ ਧਾਰਿਆ। ਇਹਨਾਂ ਦੇ ਨਾਂ ਬਿਨਾ ਸ਼ੰਕਾ ਮੈਂ ਦੱਸਦਾ ਹਾਂ। ਸਾਮ ਵੇਦ: ਮਥਰਾ, ਜਾਲਪ, ਬੱਲ ਤੇ ਹਰਬੰਸ। ਰਿਗਵੇਦ: ਕਲ੍ਹ, ਜਲ੍ਹ, ਨਲ੍ਹ ਤੇ ਕਲ੍ਹ ਸਹਾਰ। ਯਜੁਰ ਵੇਦ: ਟਲ, ਸਲ, ਜਲ ਤੇ ਭਲ। ਅਥਰਬਣ ਵੇਦ: ਦਾਸ, ਕੀਰਤਿ, ਗਯੰਦ ਤੇ ਸਦਰੰਗ ਚਾਰ ਹੋਏ। ਬ੍ਰਹਮਾ ਭਿੱਖਾ ਦਾ ਰੂਪ ਸੀ ਜੋ ਸਭ ਤੋਂ ਵਧ ਉਦਾਰ ਸੀ। ਬ੍ਰਾਹਮਣ ਸਰੀਰ ਤੇ ਭਾਟ ਸੰਗਿਆ ਹੋਈ ਤੇ ਇਕੱਠੇ ਹੋ ਕੇ ਗੁਰੂ ਦੀ ਭਾਲ ਵਿਚ ਦੇਸਾਂ ਪਰਦੇਸਾਂ ਵਿਚ ਵਿਚਰੇ। ਜਿੰਨੇ ਸੰਸਾਰ ਵਿਚ ਮੱਤ ਸਨ, ਸਾਰਿਆਂ ਪਾਸ ਗਏ। ਗਿਰੀ, ਪੁਰੀ ਆਦਿ ਸੰਨਿਆਸੀਆਂ ਪਾਸ ਵੀ ਗਏ ਤੇ ਪ੍ਰੀਤ ਸਹਿਤ ਉਹਨਾਂ ਦੇ ਬਚਨ ਸੁਣੇ। ਜੋਗ ਦੇ ਅਭਿਆਸੀ ਅਤੇ ਕੰਨ ਪਾਟੇ ਜੋਗੀਆਂ ਦੀ ਵੱਡੀ ਸੰਗਤ ਕੀਤੀ। ਬ੍ਰਹਮਚਾਰੀ, ਤਪਸਵੀ, ਬੈਰਾਗੀ ਹੋਰ ਵੀ ਸਨ; ਕਿੰਨਿਆਂ ਕੁ ਦਾ ਵਰਨਣ ਕੀਤਾ ਜਾਵੇ! ਇਕ ਸਾਲ ਖੋਜਦੇ ਫਿਰਦੇ ਰਹੇ, ਉਹਨਾਂ ਪਾਸ ਜੋ ਸ੍ਰੇਸ਼ਟ ਪਰਲੋਕ ਦੇ ਸਾਧਕ ਸਨ। ਐਸਾ ਕੋਈ ਨਾ ਲਭਾ ਜਿਸ ਦੇ ਬਚਨਾਂ ਤੋਂ ਸ਼ਾਂਤੀ ਪਰਾਪਤ ਹੋਵੇ। ਸਾਰੇ ਫਿਰ ਕੇ ਜਦੋਂ ਕੋਈ ਨਾ ਲਭਾ ਤਾਂ ਹਾਰ ਕੇ ਚਿੱਤ ਵਿਚ ਨਿਰਾਸ ਹੋਏ। ਜਦੋਂ ਸੰਸਾਰ ਵਿਚ ਵਿਕਾਰ ਤੋਂ ਬਿਨਾ ਕੋਈ ਨਾ ਮਿਲਿਆ ਤਾਂ ਇਹਨਾਂ ਦਾ ਹੰਕਾਰ ਉਤਰ ਗਿਆ। ਤਾਂ ਤੇ ਸਤਿਗੁਰੂ ਜੀ ਸਭ ਤੋਂ ਵੱਡੇ ਹਨ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਚਿੱਤ ਸ਼ਾਂਤ ਹੁੰਦਾ ਹੈ। ਜਦੋਂ ਅੰਮ੍ਰਿਤਸਰ ਆਏ ਤਾਂ ਸਾਰਿਆਂ ਦਾ ਹੰਕਾਰ ਦੂਰ ਹੋਇਆ। ਅਨੇਕਾਂ ਸੁਖਾਂ ਦੇ ਦਾਤੇ ਸਤਿਗੁਰੂ ਦੀ ਮਹਿਮਾ ਸੁਣੀ ਤਾਂ ਭਿੱਖੇ ਸਮੇਤ ਸਾਰੇ ਮਿਲ ਕੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਚਿੱਤ ਵਿਚ ਚਾ ਵਧਾ ਕੇ ਸ਼ਰਧਾ ਸਹਿਤ ਆਏ। ਗੁਰੂ ਅਰਜਨ ਜੀ ਦਾ ਨਾਂ ਤੇ ਉਹਨਾਂ ਦੇ ਗੁਣਾਂ ਨੂੰ ਸੁਣ ਕੇ ਹਿਰਦੇ ਵਿਚ ਸ਼ਾਂਤੀ ਆਈ। ਜਦੋਂ ਸਾਰੇ ਹਰਿਮੰਦਰ ਵਿਚ ਗਏ ਤਾਂ ਅਦਭੁਤ ਦਰਸ਼ਨ ਹੋਏ। ਸ਼ਿਆਮ ਰੂਪ ਮਹਾਂ ਸੁੰਦਰ ਚਾਰ ਬਾਹਵਾਂ ਵਾਲਾ ਸਰੂਪ ਗੁਰੂ ਜੀ ਦਾ ਅਤੀ ਸੋਭਾ ਵਾਲਾ, ਇਹਨਾਂ ਭੱਟਾਂ ਨੂੰ ਦਿਖਾਈ ਦਿੱਤਾ। ਚਾਰੇ ਪਾਸੇ ਮਹਾਨ ਜੋਤਿ ਜਗ ਮਗ ਜਗ ਮਗ ਕਰ ਰਹੀ ਸੀ ਤੇ ਲੋਕੀਂ ਨਿਮਰਤਾ ਸਹਿਤ ਨਮਸਕਾਰ ਕਰ ਰਹੇ ਸਨ। ਆਪਣੇ ਕੋਮਲ ਹੱਥਾਂ ਨਾਲ ਲਛਮੀ ਗੁਰੂ ਜੀ ਦੇ ਚਰਨ ਵੱਡੀ ਪ੍ਰੀਤੀ ਨਾਲ ਪਲੋਸ ਰਹੀ ਪਰਤੀਤ ਹੋਈ। ਇਹਨਾਂ ਨੂੰ ਇਉਂ ਪਰਤੀਤ ਹੋਇਆ ਜਿਵੇਂ ਵਿਸ਼ਨੂੰ ਸਰੂਪ ਦੋਵੇਂ ਕੰਨ ਵੱਡੇ, ਅਤੇ ਨੇਤਰ ਲਾਲ ਤੇ ਚੌੜੇ ਸਨ। ਪੀਲੇ ਬਸਤਰ, ਅੰਗਾਂ ਉਪਰ ਗਹਿਣੇ, ਗਲ ਵਿਚ ਵੈਜੰਤੀ ਮਾਲਾ ਸੋਭ ਰਹੀ ਸੀ। ਸਿਰ ’ਤੇ ਮੁਕਟ ਅਤੇ ਘੁੰਗਰਾਲੇ ਵਾਲ ਸੋਭ ਰਹੇ ਸਨ।
ਵੇਦਾਂ ਨੇ ਗੁਰੂ ਜੀ ਨੂੰ ਮਹਾਂ ਵਿਸ਼ਨੂੰ ਰੂਪ ਵੇਖਿਆ। ਅਜਿਹਾ ਸਰੂਪ ਹੋਰ ਕਿਸੇ ਨੂੰ ਦਿਖਾਈ ਨਹੀਂ ਦਿੱਤਾ। ਉਹਨਾਂ ਨੂੰ ਕੇਵਲ ਸਿੱਖਿਆ ਦੇਣ ਵਾਸਤੇ ਹੀ ਗੁਰੂ ਜੀ ਨੇ ਹਰੀ ਦਾ ਰੂਪ ਵਿਖਾਇਆ। ਅਜਿਹਾ ਸੁੰਦਰ ਸਰੂਪ ਹਰਿਮੰਦਰ ਵਿਚ ਵੇਖ ਕੇ ਉਹ ਹੈਰਾਨ ਹੋਏ। ਮਹਾਂ ਵਿਸ਼ਨੂੰ ਦਾ ਮਨੋਹਰ ਰੂਪ, ਜਿਸ ਦਾ ਧਿਆਨ ਧਰ ਕੇ ਜੋਗੀ ਲੋਕ ਲੁਭਾਇਮਾਨ ਹੁੰਦੇ ਹਨ। ਅਜਿਹੇ ਦਰਸ਼ਨ ਕਰ ਕੇ ਭੱਟਾਂ ਦੇ ਹਿਰਦੇ ਵਿਚ ਪ੍ਰੇਮ ਦੀ ਖਿੱਚ ਪੈਦਾ ਹੋਈ ਤੇ ਸਾਰੇ ਖੜ੍ਹੇ ਹੋ ਕੇ, ਗੁਰੂ ਜੀ ਦੀ ਉਸਤਤਿ ਕਰਨ ਲੱਗੇ। ਹਿਰਦੇ ਵਿਚ ਪਰਮ ਗੰਭੀਰ ਤੇ ਪ੍ਰੇਮ ਵੱਸ ਹੋ ਕੇ ਮੁੜ ਮੁੜ ਗੁਰੂ ਜੀ ਦੇ ਕਮਲ ਸਮਾਨ ਚਰਨਾਂ ਉਪਰ ਮੱਥੇ ਟੇਕਦੇ ਸਨ। ਹੇ ਦਇਆ ਦੇ ਸਮੁੰਦਰ, ਦੀਨਾਂ ਦੇ ਬੰਧੂ ਕ੍ਰਿਪਾਲੂ ਜੀਓ, ਪ੍ਰਕਾਸ਼ ਰੂਪ ਨਾਸ਼ ਤੋਂ ਰਹਿਤ, ਅਜਿੱਤ ਹੋ, ਅਨਾਸ਼, ਅਨਾਦੀ, ਅਨੂਪੀ, ਮਹਾਰਾਜ, ਰਾਜਿਆਂ ਦੇ ਰਾਜੇ, ਸਾਰਿਆਂ ਦੇ ਵਿਚ ਵਸਦੇ ਵੀ ਤੇ ਸਦਾ ਹੀ ਅਲੇਪ ਵੀ ਹੋ। ਜਨਮ ਮਰਨ ਤੋਂ ਰਹਿਤ, ਇਕ ਰੂਪ ਹੋ। ਅਸੀਂ ਕਥ ਨਹੀਂ ਸਕਦੇ। ਤੈਨੂੰ ਕਥ ਵੀ ਕੌਣ ਸਕਦਾ ਹੈ! ਨਿਰਾਲੇ ਹੋ, ਬਚਿੱਤਰ ਹੋ, ਨਿਰਾਲੰਬ ਹੋ। ਸਾਰੇ ਤੇਰੇ ਵਿਚ ਤੇ ਤੂੰ ਸਾਰਿਆਂ ਵਿਚ ਬਿਰਾਜਦਾ ਹੈਂ। ਜਿਸ ਤਰ੍ਹਾਂ ਆਕਾਸ਼ ਸਾਰੇ ਸੋਭਾ ਪਾ ਰਿਹਾ ਹੈ। ਅਖੰਡ ਬ੍ਰਹਮੰਡ ਰੂਪ ਤੁਸੀਂ ਹੀ ਦੇਹ ਧਾਰੀ ਹੋ। ਸੂਰਜ ਸਮਾਨ ਭਾਰੀ ਜੋਤਿ ਵਾਲੇ ਤੁਹਾਡੇ ਨੈਣ ਹਨ। ਦਿਸ਼ਾਵਾਂ ਤੇ ਆਕਾਸ਼ ਤੇਰੇ ਗੀਤ ਗਾਉਂਦੇ ਹਨ। ਪੁੰਨ ਤੈਥੋਂ ਅੱਗੇ ਤੇ ਪਾਪ ਤੈਥੋਂ ਪਿੱਛੇ ਹੈ। ਮਹਾਂ ਸਿੰਧ ਪਾਤਾਲ ਰੂਪ ਤੁਸੀਂ ਹੀ ਹੋ। ਬੇਦੀ ਬੰਸ ਵਿਚ ਗੁਰੂ ਨਾਨਕ ਜੀ ਨੇ ਨਰ ਦੀ ਦੇਹ ਧਾਰੀ ਜਿਸ ਦਾ ਨਾਮ ਜਪਦੇ ਹਾਂ। ਕਲੀ ਯੁਗ ਵਿਚ ਦਇਆ ਧਾਰ ਕੇ ਰੱਬ ਦਾ ਨਾਮ ਜਪਾਇਆ ਹੈ। ਦੁਨੀਆ ਉਧਾਰ ਵਾਸਤੇ ਸਿੱਖ ਪੰਥ ਬਣਾਇਆ। ਕ੍ਰਿਪਾਲ ਰੂਪ ਗੁਰੂ ਅੰਗਦ ਜੀ ਹੋਏ। ਉਹ ਵਿਸ਼ਾਲ ਕਰਾਮਾਤਿ ਦੇ ਮਾਲਕ ਸਨ। ਡੂੰਘੇ ਹਿਰਦੇ ਦੇ ਮਾਲਕ ਨੇ ਬੜੇ ਭਾਰੀ ਬਲ ਨੂੰ ਜਰਿਆ। ਨਾਮ ਦਾ ਆਸਰਾ ਦੇ ਕੇ ਸਿੱਖਾਂ ਨੂੰ ਤਾਰਿਆ। ਮੋਹਰੀ ਦੇ ਪਿਤਾ ਹੋ ਕੇ ਫਿਰ ਦੇਹ ਧਾਰੀ। ਸਿੱਖੀ ਦਾ ਮਹਾਨ ਪੰਥ ਬਹੁਤ ਵਿਸਥਾਰਿਆ। ਚਹੁੰ ਚੱਕਾਂ ਵਿਚ ਕੀਰਤੀ ਪਰਗਟ ਹੋਈ। ਸਿੱਖਾਂ ਨੂੰ ਮੰਜੀਆਂ ਬਖ਼ਸ਼ੀਆਂ। ਫਿਰ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਵਿਸ਼ਾਲ ਹੋਇਆ। ਘੋਰ ਕਲਯੁਗ ਦੇ ਹਨੇਰੇ ਅੰਦਰ ਉਜਾਲਾ ਕੀਤਾ। ਉਹਨਾਂ ਦੇ ਪੁੱਤਰ ਰੂਪ ਵਿਚ ਤੁਸੀਂ ਰੂਪ ਸਹਿਤ ਪਰਗਟੇ। ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ ਸਾਡੀ ਤੁਹਾਨੂੰ। ਇਉਂ ਉਸਤਤਿ ਕਰ ਕੇ ਜੋ ਪੜ੍ਹੇਗਾ, ਮਨ ਬਾਂਛਤ ਫਲ ਪਾਏਗਾ। ਸਾਰੇ ਦੀਨ ਹੋ ਕੇ ਗੁਰੂ ਜੀ ਦੇ ਚਰਨਾਂ ਨਾਲ ਲਿਪਟ ਗਏ।
ਫਿਰ ਗੁਰੂ ਅਰਜਨ ਜੀ ਨੇ ਬ੍ਰਾਹਮਣਾਂ ਨੂੰ ਆਪਣਾ ਅਸਲੀ ਰੂਪ ਵਿਖਾਇਆ ਤੇ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਕਿਸ ਕਾਰਜ ਲਈ ਪਧਾਰੇ ਹੋ। ਕਿਥੇ ਰਹਿੰਦੇ ਹੋ, ਕਿਥੇ ਜਾ ਰਹੇ ਹੋ। ਸਾਡੇ ਪਾਸ ਕਿਸ ਅਭਿਲਾਸ਼ਾ ਲਈ ਆਏ ਹੋ। ਉਹਨਾਂ ਦਾ ਮੁਖੀ ਭਿੱਖਾ ਇਹ ਵਾਕ ਸੁਣ ਕੇ ਇਉਂ ਬੋਲਿਆ:
ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥
ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ॥
ਬਰਸੁ ਏਕ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ॥
ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ॥
ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍‍ ਕੇ ਗੁਣ ਹਉ ਕਿਆ ਕਹਉ॥
ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ॥2॥20॥ (1396)
ਭੱਟਾਂ ਨੇ ਬੇਨਤੀ ਕੀਤੀ, “ਆਪ ਗੁਰੂ ਬਣ ਕੇ ਸਾਨੂੰ ਦੀਖਿਆ ਦੇਵੋ। ਉਪਦੇਸ਼ ਦੇ ਕੇ ਆਪਣੇ ਸਿੱਖ ਬਣਾਓ। ਸ਼ਾਂਤਿ ਲੈਣ ਹਿਤ ਅਸੀਂ ਕਈ ਪੰਥਾਂ ਵਿਚ ਗਏ। ਸਾਨੂੰ ਕਾਂਸ਼ੀ ਦੇ ਵਾਸੀਆਂ ਨੂੰ ਕਿਤਿਉਂ ਵੀ ਕੁਝ ਪਰਾਪਤ ਨਹੀਂ ਹੋਇਆ। ਫਿਰ ਫਿਰ ਕੇ ਹੰਭ ਗਏ ਹਾਂ। ਹੋਰ ਕੋਈ ਚਾਹਨਾ ਨਹੀਂ। ਹੋਰ ਕੀ ਨਾਸ਼ਮਾਨ ਮੰਗੀਏ!” ਬੇਨਤੀ ਸੁਣ ਕੇ ਗੁਰੂ ਜੀ ਨੇ ਆਖਿਆ:
ਤੁਸੀਂ ਵੇਦ ਹੋ ਤੇ ਨਰ ਰੂਪ ਧਾਰ ਕੇ ਸਾਡੇ ਪਾਸ ਆਏ ਹੋ। ਤੁਸੀਂ ਸਾਰੇ ਬ੍ਰਹਮ ਦਾ ਨਿਰਨਾ ਕਰ ਕੇ ਪ੍ਰਕਾਸ਼ ਕਰਦੇ ਹੋ। ਕੁਝ ਹੰਕਾਰ ਤੁਸੀਂ ਕੀਤਾ ਸੀ ਜਿਸ ਦੇ ਫਲ ਵਜੋਂ ਤੁਹਾਨੂੰ ਨਰ ਰੂਪ ਧਾਰਨਾ ਪਿਆ। ਕਲਯੁਗ ਵਿਚ ਬ੍ਰਹਮ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਜਿਨ੍ਹਾਂ ਨੇ ਨਰ ਰੂਪ ਧਾਰ ਕੇ ਦਾਸਾਂ ਨੂੰ ਤਾਰਿਆ ਹੈ। ਨਰ ਰੂਪ ਗੁਰੂ ਨਾਨਕ ਜੀ ਸਨ ਤੇ ਨਰ ਰੂਪ ਹੀ ਤੁਸੀਂ ਹੋ ਇਸ ਲਈ ਉਹਨਾਂ ਦੀ ਸਿਫ਼ਤ ਵਿਚ, ਸੌਖੀ ਬੋਲੀ ਵਿਚ ਬਾਣੀ ਰਚੋ। ਉਸ ਵਿਚ ਗੁਰੂ ਨਾਨਕ ਦਾ ਜਸ ਹੋਵੇ। ਅਜਿਹੀ ਬਾਣੀ ਹੁਣੇ ਹੀ ਆਪਣੇ ਮੁਖ ਤੋਂ ਉਚਾਰੋ। ਫਿਰ ਅਸੀਂ ਤੁਹਾਨੂੰ ਆਪਣੇ ਸਿੱਖ ਬਣਾਵਾਂਗੇ। ਤੁਸੀਂ ਸ੍ਰੇਸ਼ਟ ਸ਼ਾਂਤਿ ਪਰਾਪਤ ਕਰੋਗੇ। ਸੰਸਾਰ ਵਿਚ ਤੁਹਾਡਾ ਨਾਂ ਸਥਿਰ ਰਹੇਗਾ ਕਿਉਂਕਿ ਅਸੀਂ ਗ੍ਰੰਥ ਵਿਚ ਉਸ ਨੂੰ ਲਿਖਾਂਗੇ।
ਇਹ ਸੁਣ ਕੇ ਸਾਰਿਆਂ ਨੇ ਖ਼ੁਸ਼ੀ ਸਹਿਤ ਪੁੱਛਿਆ, “ਹੇ ਕਿਰਪਾ ਦੇ ਸਮੁੰਦਰ, ਸਾਨੂੰ ਦੱਸੋ ਕਿਸ ਛੰਦ ਵਿਚ ਰਚੀਏ! ਅਸੀਂ ਪਹਿਲਾਂ ਹੀ ਜਾਣ ਜਾਈਏ। ਓਸੇ ਭਾਂਤ ਅਸੀਂ ਗੁਰੂ ਜੀ ਦੇ ਜਸ ਦੀ ਰੁਚੀ ਵਾਲੀ ਰਚਨਾ ਕਰਾਂਗੇ। ਸਾਨੂੰ ਦੀਨ ਜਾਣ ਕੇ ਕਿਰਪਾ ਧਾਰੋ ਜਿਸ ਕਰਕੇ ਸਾਨੂੰ ਮਹਾਂ ਲਾਭ ਹੋਵੇ!”
ਇਹ ਸੁਣ ਕੇ ਪਹਿਲਾਂ ਗੁਰੂ ਜੀ ਨੇ ਆਪ ਸਵੱਈਏ ਉਚਾਰੇ। ਫਿਰ ਭੱਟ ਵੀ ਓਸੇ ਤੋਲ ਵਿਚ, ਹੀਏ ਤੋਂ ਉਤਸ਼ਾਹਤ ਹੋ ਕੇ ਉਚਾਰਨ ਲੱਗੇ। ਪਹਿਲਾਂ ਗੁਰੂ ਨਾਨਕ ਜੀ ਦਾ ਭਲੀ ਭਾਂਤ ਜਸ ਵਰਨਿਆ। ਦੱਸਿਆ ਕਿ ਬ੍ਰਹਮਾ, ਸ਼ਿਵ ਜੀ ਆਦਿ ਗੁਰੂ ਜੀ ਦਾ ਜਸ ਗਾਉਂਦੇ ਹਨ। ਕਈ ਛੰਦਾਂ ਵਿਚ ਦੇਸੀ ਭਾਸ਼ਾ ਵਿਚ ਸਵਈਏ ਉਚਾਰੇ। ਮਹਾਂ ਮਹਾਤਮ ਉਚਾਰਨ ਕੀਤਾ ਜਿਨ੍ਹਾਂ ਦੇ ਪੜ੍ਹਨ ਸੁਣਨ ਨਾਲ ਬਹੁਤ ਫਲ ਪਰਾਪਤ ਹੁੰਦਾ ਹੈ। ਜਿਸ ਨੂੰ ਵੇਦ ਹੀ ‘ਨੇਤਿ ਨੇਤਿ’ ਆਖਦੇ ਹਨ ਉਸ ਦੀ ਮਹਿਮਾ ਕੌਣ ਕਹਿ ਸਕਦਾ ਹੈ! ਸ਼ੇਸ਼ ਨਾਗ, ਸਾਰਸੁਤੀ ਵੀ ਉਸ ਦਾ ਅੰਤ ਨਹੀਂ ਪਾ ਸਕਦੇ। ਜੋਗੀ ਆਦਿ ਖੋਜਦੇ ਹਨ। ਫਿਰ ਗੁਰੂ ਅੰਗਦ ਜੀ ਦਾ ਬਹੁ ਪ੍ਰਕਾਰੀ ਜਸ ਵਰਨਣ ਕੀਤਾ। ਫਿਰ ਗੁਰੂ ਅਮਰ ਦਾਸ ਜੀ ਦੀ ਕੀਰਤੀ, ਆਪਣੀ ਰੁਚੀ ਭਰਪੂਰ ਬਾਣੀ ਵਿਚ ਆਖੀ। ਗੁਰੂ ਜੀ ਦੇ ਬੇਅੰਤ ਗੁਣਾਂ ਦਾ ਵਰਨਣ ਕਰਦੇ ਹੋਏ ਆਖਿਆ ਕਿ ਬਸੰਤ ਦੇ ਫੁੱਲ, ਗੰਗਾ ਦੀਆਂ ਲਹਿਰਾਂ ਨਾਲੋਂ ਵੀ ਵਧ ਗੁਣ ਗੁਰੂ ਜੀ ਵਿਚ ਹਨ। ਜਿਸ ਦੇ ਬਰਾਬਰ ਹੋਰ ਕੋਈ ਨਹੀਂ, ਉਸ ਦੀ ਉਪਮਾ ਕਿਵੇਂ ਆਖਣੀ ਬਣੇ! ਗੁਣਾਂ ਦੀ ਰਾਸ, ਸ੍ਰੀ ਗੁਰੂ ਰਾਮ ਦਾਸ ਜੀ ਵੱਡੀ ਕੀਰਤੀ ਹੈ। ਧੰਨ ਧੰਨ ਸਤਿਗੁਰੂ ਸਵਾਮੀ ਜੀ ਹਨ ਜਿਨ੍ਹਾਂ ਦੇ ਦਰਸ਼ਨ ਸਦਕਾ ਪਾਪ ਟਲ ਜਾਂਦੇ ਹਨ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਸ ਬਣਾਇਆ ਤੇ ਇਕੋ ਜੋਤਿ ਦਾ ਪ੍ਰਕਾਸ਼ ਪੰਜਾਂ ਵਿਚ ਵਰਨਿਆ। ਧਰਮ ਦੀ ਧੁਜਾ ਤੇ ਧਰਤੀ ਸਮਾਨ ਧੀਰਜਵਾਨ ਪਰਉਪਕਾਰੀ ਪਰਮ ਕ੍ਰਿਪਾਲੂ ਹਨ ਗੁਰੂ ਜੀ।
ਇਕ ਸੌ ਬਾਈ ਸਵੱਈਏ ਰਚ ਕੇ ਪੰਜਾਂ ਸਤਿਗੁਰਾਂ ਦੇ ਜਸ ਦਾ ਵਰਨਣ ਕੀਤਾ। ਪਰਮ ਪ੍ਰੇਮ ਮਨ ਵਿਚ ਧਾਰ ਕੇ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੁਣਾਏ। ਅਤੀ ਨਿਮਰਤਾ ਸਹਿਤ ਸਾਰੇ ਭੱਟਾਂ ਨੇ ਗੁਰੂ ਜੀ ਦੇ ਚਰਨਾਂ ’ਤੇ ਬੰਦਨਾ ਕੀਤੀ। ਚਿੱਤ ਵਿਚ ਸਿੱਖ ਬਣਨਾ ਚਾਹਿਆ ਤਾਂ ਕਿ ਸ਼ਾਂਤੀ ਪਰਾਪਤ ਹੋਵੇ। ਬਹੁਤ ਪ੍ਰਸੰਨ ਹੋ ਕੇ ਸਤਿਗੁਰਾਂ ਨੇ ਉਹਨਾਂ ਦੀ ਬਾਣੀ ਗ੍ਰੰਥ ਸਾਹਿਬ ਵਿਚ ਲਿਖਵਾਈ। ਮਨ ਚਾਹੇ ਵਰ ਉਹਨਾਂ ਨੂੰ ਬਖ਼ਸ਼ੇ ਤੇ ਸਿੱਖ ਬਣਾ ਕੇ ਸ਼ਾਂਤੀ ਬਖ਼ਸ਼ੀ। ਗੁਰੂ ਜੀ ਦਾ ਜਸ ਕਰਨ ਦਾ ਫਲ ਇਹ ਹੋਇਆ ਕਿ ਉਹਨਾਂ ਦਾ ਭਰਮ ਦੂਰ ਹੋਇਆ ਤੇ ਮਨ ਨਿਰਮਲ ਹੋਏ। ਕਈ ਦਿਨ ਸਤਿਗੁਰਾਂ ਪਾਸ ਰਹਿ ਕੇ, ਨਰ ਜਾਮਾ ਤਿਆਗ ਕੇ ਵੇਦ ਰੂਪ ਹੋ ਗਏ। ਉਹਨਾਂ ਦੇ ਸਾਰੇ ਸਵਯੇ ਗ੍ਰੰਥ ਸਾਹਿਬ ਵਿਚ ਲਿਖ ਲਏ ਗਏ। ਗੁਰਾਂ ਦੇ ਬਚਨ ਹਰੀ ਦੇ ਗੁਣ ਅਤੇ ਸੰਤਾਂ ਦੀ ਮਹਿਮਾ ਬਿਨਾ ਹੋਰ ਕੁਝ ਨਹੀਂ ਉਚਾਰਿਆ। ਪੜ੍ਹਨ ਸੁਣਨ ਦਾ ਬਹੁਤ ਮਹਾਤਮ ਦੱਸਿਆ ਗਿਆ ਹੈ। ਉਸ ਦਾ ਜਨਮ ਧੰਨ ਹੈ ਜਿਸ ਨੇ ਪ੍ਰੇਮ ਕਰਕੇ ਇਸ ਨੂੰ ਲਿਖਿਆ ਤੇ ਆਪਣੇ ਹੱਥ ਸਫਲੇ ਕੀਤੇ। ਪ੍ਰੇਮ ਸਹਿਤ ਇਸ ਨੂੰ ਪੜ੍ਹਨ ਸੁਣਨ ਵਾਲੇ ਹਰਖਣਗੇ, ਪੁਲਕਤ ਹੋਣਗੇ, ਰੌਂਗਟੇ ਖੜ੍ਹੇ ਹੋਣਗੇ, ਅੱਖਾਂ ਵਿਚੋਂ ਅੱਥਰੂ ਝਲਕਣਗੇ। ਇਸ ਨੂੰ ਪੜ੍ਹਨ ਸੁਣਨ ਵਾਲੇ ਅੰਮ੍ਰਿਤ ਦੀ ਵਰਖਾ ਜਾਣ ਕੇ ਪ੍ਰਸੰਨ ਹੁੰਦੇ ਹਨ। ਵਿਸ਼ਿਆਂ ਨੂੰ ਤਿਆਗਦੇ ਅਤੇ ਗੁਣਾਂ ਨੂੰ ਵਿਚਾਰਦੇ ਹਨ। ਜਨਮ ਮਰਨ ਦੇ ਚੱਕਰ ਵਿਚ ਨਹੀਂ ਪੈਂਦੇ ਤੇ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਜੋ ਇਕ ਮਨ ਲਾ ਕੇ ਸੁਣਦੇ ਹਨ, ਥਿਰਤਾ ਪਾਉਂਦੇ ਹਨ।

Total Views: 279 ,
Real Estate