ਬਰਨਾਲਾ ਪੁਲਸ ਵੱਲੋਂ ਚਿੱਟੇ ਦੇ ਕੇਸ ‘ਚ ਫੜੇ ਮਹਿਲ ਕਲਾਂ ਦੇ ਹਰਪ੍ਰੀਤ ਸਿੰਘ ਦੇ ਹੱਕ ‘ਚ ਆਇਆ ਮਾਨ ਦਲ

ਬਰਨਾਲਾ ਪੁਲਿਸ ਵੱਲੋਂ ਬੀਬੀ ਵਰਿੰਦਰਪਾਲ ਕੌਰ ਦੇ ਘਰੋਂ ਨਿਹੱਥੇ ਫੜ੍ਹੇ ਗਏ ਪਤੀ ਉਤੇ ਪੁਲਿਸ ਵੱਲੋਂ ਚਿੱਟਾ ਪਾਉਣ ਦੇ ਅਮਲ ‘ਅੰਨ੍ਹੀ ਪੀਹਦੀ ਕੁੱਤੇ ਚੱਟਣ’ ਵਾਲੀ ਸ਼ਰਮਨਾਕ ਕਾਰਵਾਈ : ਟਿਵਾਣਾ
ਬਰਨਾਲਾ, 10 ਜੁਲਾਈ (ਜਗਸੀਰ ਸਿੰਘ ਸੰਧੂ ) : ਪੰਜਾਬ ਪੁਲਿਸ ਜੋ ਆਪਣੀ ਰਵਾਇਤ ਅਨੁਸਾਰ ਨਿਹੱਥੇ ਅਤੇ ਨਿਰਦੋਸ਼ਾਂ ਉਤੇ ਜ਼ਬਰ-ਜੁਲਮ ਕਰਨ ਵਿਚ ਮੁਹਾਰਤ ਰੱਖਦੀ ਹੈ, ਬੀਤੇ ਸਮੇਂ ਵਿਚ ਜਿਸਨੇ ਆਪਣੇ ਡਿੱਗੇ ਹੋਏ ਇਖਲਾਕ ਨੂੰ ਕਾਇਮ ਰੱਖਣ ਲਈ ਇਖਲਾਕੀ ਅਤੇ ਅਸੂਲਨ ਤੌਰ ਤੇ ਮੁਰਦਾ ਹੋਈ ਪੰਜਾਬ ਪੁਲਿਸ ਨੂੰ ਜਿਊਂਦਾ ਰੱਖਣ ਲਈ ‘ਮੈਂ ਹਾਂ ਹਰਜੀਤ ਸਿੰਘ’ ਦਾ ਸਲੋਗਨ ਦੇ ਕੇ ਆਪਣੀ ਦਾਗੀ ਹੋਈ ਛਬੀ ਉਤੇ ਪਰਦਾ ਪਾਉਣ ਦੀ ਅਸਫ਼ਲ ਕੋਸਿ਼ਸ਼ ਕੀਤੀ ਸੀ । ਉਸ ਸਮੇਂ ਅਖ਼ਬਾਰਾਂ ਅਤੇ ਚੈਨਲਾਂ ਉਤੇ ਆਪਣੇ ਜ਼ਾਬਰ ਅਕਸ ਦੀ ਦੁਰਵਰਤੋਂ ਕਰਦੇ ਹੋਏ ਮੈਂ ਹਾਂ ਹਰਜੀਤ ਸਿੰਘ ਦੀ ਲਹਿਰ ਚਲਾਈ ਸੀ । ਜਿਥੇ ਇਖਲਾਕੀ ਅਤੇ ਸਮਾਜਿਕ ਤੌਰ ਤੇ ਆਵਾ ਹੀ ਊਤਿਆ ਹੋਵੇ, ਉਥੇ ਕੋਈ ਉੱਚ ਅਫ਼ਸਰ ਜਾਂ ਅਜਿਹੀ ਦਾਗੀ ਛਬੀ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ? ਬੀਤੇ ਦਿਨੀਂ ਬਰਨਾਲਾ ਦੇ ਪਿੰਡ ਮਹਿਲ ਕਲਾਂ ਦੀ ਇਕ ਬੀਬੀ ਵਰਿੰਦਰਪਾਲ ਕੌਰ ਦੇ ਪਤੀ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਰਾਤ ਨੂੰ ਘਰੋਂ ਨਿਹੱਥੇ ਖਾਲੀ ਹੱਥ ਫੜ੍ਹਕੇ ਲਿਆਈ ਅਤੇ ਦੂਸਰੇ ਦਿਨ ਨਿਰਦੋਸ਼ ਹਰਪ੍ਰੀਤ ਸਿੰਘ ਨੂੰ ਇਕ ਮਹਿੰਗੀ ਵਰਨਾ ਗੱਡੀ ਵਿਚ 280 ਗ੍ਰਾਮ ਚਿੱਟਾ ਬਰਾਮਦ ਹੋਣ ਦੀ ਕਹਾਣੀ ਘੜਕੇ ਉਸ ਉਤੇ ਕੇਸ ਦਰਜ ਕਰ ਦਿੱਤਾ ਅਤੇ ਉਸਦੀ ਗ੍ਰਿਫ਼ਤਾਰੀ ਦਿਖਾ ਦਿੱਤੀ । ਜਦੋਂਕਿ ਇਹ ਬੀਬਾ ਅਤੇ ਉਸਦਾ ਪਤੀ ਠੇਕਾ ਸਿਸਟਮ ਅਧੀਨ ਕ੍ਰਮਵਾਰ ਇਕ ਸਕੂਲ ਅਤੇ ਵੇਰਕਾ ਪਲਾਟ ਵਿਚ ਠੇਕੇ ਉਤੇ 6000 ਤੇ 7000 ਰੁਪਏ ਦੀ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਬਹੁਤ ਹੀ ਮੁਸ਼ਕਿਲ ਨਾਲ ਗੁਜਾਰਾ ਕਰਦੇ ਆ ਰਹੇ ਸਨ । ਇਸ ਕਾਰਵਾਈ ਤੋਂ ਇਹ ਸਪੱਸਟ ਹੋ ਜਾਂਦਾ ਹੈ ਕਿ ਪੰਜਾਬ ਪੁਲਿਸ ਵਿਚ ਪੰਜਾਬੀ ਦੀ ਇਹ ਕਹਾਵਤ ਕਿ ‘ਅੰਨ੍ਹੀ ਪੀਹਦੀ ਹੈ ਅਤੇ ਕੁੱਤੇ ਚੱਟਦੇ ਹਨ’ ਲਾਗੂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਇਹ ਤਾਂ ਕਿ ਬਰਨਾਲੇ ਦਾ ਸੱਚ ਸਾਹਮਣੇ ਆਇਆ ਹੈ, ਜਦੋਂਕਿ ਪੰਜਾਬ ਪੁਲਿਸ ਦੇ ਇਥੋਂ ਦੀ ਜਨਤਾ ਨਾਲ ਜ਼ਬਰ-ਜੁਲਮਾਂ ਦੀ ਇਕ ਲੰਮੀ ਲੜੀ ਹੈ ਜੋ ਇਨਸਾਨੀ ਕਦਰਾ-ਕੀਮਤਾ ਤੇ ਸਭ ਹੱਦਾਂ-ਬੰਨ੍ਹੇ ਟੱਪ ਚੁੱਕੀ ਹੈ । ਜੇਕਰ ਇਸ ਦਾਗੀ ਸਿਸਟਮ ਨੂੰ ਫੋਰੀ ਸੰਜ਼ੀਦਗੀ ਨਾਲ ਨਾ ਸੁਧਾਰਿਆ ਗਿਆ, ਤਾਂ ਪੰਜਾਬ ਵਿਚ ਜਾਂ ਗੁਆਂਢੀ ਸੂਬਿਆਂ ਵਿਚ ਪੰਜਾਬ ਪੁਲਿਸ ਦੀਆਂ ਜ਼ਾਬਰ ਕਾਰਵਾਈਆ ਦੀ ਬਦੌਲਤ ਅਰਾਜਕਤਾ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਨਾਲਾ ਦੇ ਮਹਿਲ ਕਲਾਂ ਦੀ ਇਕ ਮਿਹਨਤਕਸ ਬੀਬੀ ਵਰਿੰਦਰਪਾਲ ਕੌਰ ਅਤੇ ਉਸਦੇ ਪਤੀ ਹਰਪ੍ਰੀਤ ਸਿੰਘ ਨਾਲ ਕੀਤੇ ਕਹਿਰ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਪੰਜਾਬ ਪੁਲਿਸ ਦੀਆਂ ਕਾਰਵਾਈਆ ਉਤੇ ਡੂੰਘਾਂ ਪ੍ਰਸ਼ਨ ਚਿੰਨ੍ਹ ਲਗਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡੇ ਮੁੱਖ ਦਫ਼ਤਰ ਵਿਖੇ ਅਜਿਹੇ ਜ਼ਬਰ-ਜੁਲਮ ਹੋਣ ਦੇ ਕੇਸ ਅਕਸਰ ਹੀ ਆਉਦੇ ਰਹਿੰਦੇ ਹਨ, ਜਿਨ੍ਹਾਂ ਨੂੰ ਸਾਡੀ ਪਾਰਟੀ ਅਤੇ ਸਾਡੇ ਕਾਨੂੰਨੀ ਸਲਾਹਕਾਰ ਗੰਭੀਰਤਾ ਨਾਲ ਲੈਦੇ ਹੋਏ ਇਹ ਇਨਸਾਫ਼ ਦੀ ਲੜਾਈ ਨਿਰੰਤਰ ਲੜਦੀ ਆ ਰਹੀ ਹੈ । ਪਰ ਵੇਖਣ ਵਾਲੀ ਗੱਲ ਇਹ ਹੈ ਕਿ ਕਿੰਨੇ ਹੀ ਬੇਕਸੂਰ ਪਰਿਵਾਰ ਅਜਿਹੀ ਹਿੰਮਤ ਕਰਦੇ ਹੋਣਗੇ ਕਿ ਜ਼ਾਬਰ ਪੁਲਿਸ ਤੇ ਅਧਿਕਾਰੀਆ ਵਿਰੁੱਧ ਆਵਾਜ਼ ਉਠਾਉਣ । ਉਨ੍ਹਾਂ ਕਿਹਾ ਕਿ ਬੀਤੇ 2 ਹਫਤਿਆ ਤੋਂ ਪੰਜਾਬ ਪੁਲਿਸ ਨੇ ਪੰਜਾਬ ਵਿਚ ਸਿੱਖ ਨੌਜ਼ਵਾਨੀ ਨੂੰ ਨਿਸ਼ਾਨਾਂ ਬਣਾਉਦੇ ਹੋਏ ਇਕ ਵੱਡੇ ਕਹਿਰ ਦਾ ਦੌਰ ਸੁਰੂ ਕੀਤਾ ਹੋਇਆ ਹੈ । ਜੋ ਸਿੱਖ ਵਿਰੋਧੀ ਸਾਜਿ਼ਸ ਨੂੰ ਪ੍ਰਤੱਖ ਤੌਰ ਤੇ ਜਾਹਰ ਕਰਦਾ ਹੈ । ਇਸ ਲਈ ਪੰਜਾਬ ਪੁਲਿਸ ਅਤੇ ਹੁਕਮਰਾਨਾਂ ਦੇ ਜ਼ਬਰ ਦਾ ਦ੍ਰਿੜਤਾ ਨਾਲ ਟਾਕਰਾ ਕਰਨ ਲਈ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਏਕਤਾ ਦਾ ਸਬੂਤ ਦਿੰਦੇ ਹੋਏ ਕਾਨੂੰਨੀ ਤੇ ਇਖਲਾਕੀ ਤੌਰ ਤੇ ਡੱਟ ਜਾਣ ਤਾਂ ਕਿ ਅਜਿਹੀ ਜਾਬਰ ਪੁਲਿਸ ਅਫ਼ਸਰਸ਼ਾਹੀ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾਵਾਂ ਦਿਵਾਈਆ ਜਾ ਸਕਣ ।
Total Views: 59 ,
Real Estate