ਬਠਿੰਡਾ ਨੇੜੇ ਹੋਏ ਭਿਆਨਕ ਸੜਕ ਹਾਦਸੇ ‘ਚ 5 ਨੌਜਵਾਨਾਂ ਦੀ ਮੌਤ

 ਬਠਿੰਡਾ, 9 ਜੁਲਾਈ (ਸੁਖਨੈਬ ਸਿੱਧੂ) : ਮੌੜ ਮੰਡੀ ਨੇੜੇ ਹੋਏ ਇਕ ਸੜਕ ਹਾਦਸੇ ਵਿਚ ਪੰਜ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਜਦੋਂ ਕਿ ਇਕ ਨੌਜਵਾਨ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਮ੍ਰਿਤਕ ਨੌਜਵਾਨਾਂ ਦੀ ਪਛਾਣ ਹਰਮਨ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਜੱਜਲ, ਅਰਮਾਨ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਜੱਜਲ, ਹਰਮਨਪ੍ਰੀਤ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਜੱਜਲ, ਮਨਪ੍ਰੀਤ ਸਿੰਘ ਪੁੱਤਰ ਉਰਫ਼ ਬੱਬੂ ਵਾਸੀ ਮਲਕਾਣਾ, ਦਲੇਸ਼ਵਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਜੋਗੇਵਾਲਾ ਵਜੋਂ ਹੋਈ ਹੈ ਜਦੋਂ ਕਿ ਜਖਮੀ ਨੌਜਵਾਨ ਦੀ ਪਛਾਣ ਸੰਦੀਪ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਜੱਜਲ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਇਕ ਸਵਿਫ਼ਟ ਕਾਰ ਵਿਚ ਸਵਾਰ ਹੋ ਕੇ ਰਾਮਪੁਰਾ ਤੋਂ ਮੌੜ ਮੰਡੀ ਵੱਲ ਆ ਰਹੇ ਸਨ। ਜਦੋਂ ਉਨ੍ਹਾਂ ਦੀ ਕਾਰ ਮੌੜ ਮੰਡੀ-ਰਾਮਪੁਰਾ ਸੜਕ ‘ਤੇ ਪਿੰਡ ਰਾਮਨਗਰ ਨੇੜੇ ਪੁੱਜੀ ਤਾਂ ਅੱਗੇ ਤੋਂ ਆ ਰਹੇ ਤੇਲ ਟੈਂਕਰ ਨਾਲ ਕਾਰ ਦੀ ਭਿਆਨਕ ਟੱਕਰ ਹੋ ਗਈ। ਮੌਕੇ ‘ਤੇ ਇਕੱਤਰ ਹੋਏ ਲੋਕਾਂ ਨੇ ਜਖਮੀ ਨੌਜਵਾਨਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ, ਪਰ ਇਸ ਹਾਦਸੇ ਵਿਚ ਪੰਜਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

Total Views: 130 ,
Real Estate