ਭੀੜ ਪਈ ਤੋਂ “ਡੇਰੇਵਾਦੀਏ”, ਨਿਕਲ਼ੇ “ਕੌਡੀ-ਕਾਣੀ” ਦੇ”!!!

ਡਾ: ਰਛਪਾਲ ਗਿੱਲ—ਟੋਰਾਂਟੋ

416-669-3434

ਕੋਈ ਸ਼ੱਕ ਨਹੀਂ ਕਿ ਡੇਰਿਆਂ ਦੇ ਸਾਧਾਂ ਦੀਆਂ ਕਲਪਿਤ-ਕਹਾਣੀਆਂ ਅਤੇ ਘੜੇ ਫ਼ਰਜ਼ੀ-ਕਿੱਸਿਆਂ ਦੇ ਫ਼ਲ਼ਸਰੂਪ, ਉਪਰੋ-ਥੱਲ਼ੀ ਹੋ ਰਹੀਆਂ ਬੇ-ਰੋਕ ਗਤੀ-ਵਿੱਧੀਆਂ ਦੀਆਂ ਭੂਤ-ਪਰੇਤਾਂ ਦੇ ਹਊਏ ਦੀ ਤੱਪਸ਼, ਪੰਜਾਬੀਆਂ ਦੇ ਪਹਿਲਾਂ ਤੋਂ ਹੀ ਭੱਟਕੇ, ਤਿੜਕੇ, ਉਖੜੇ ਤੇ ਡਾਵਾਂ-ਡੋਲ ਹੋਏ ਵੇ ਮਨਾਂ ਉੱਤੇ ਚਲਾਕੀ ਦੇ ਚੋਗੇ ਨਾਲ਼ ਚੋਖਾ-ਪ੍ਰਭਾਵ ਪਾ ਕੇ, ਉਹਨਾਂ ਦੀ ਸੋਚ ਨੂੰ ਬੌਂਦਲਾਅ ਕੇ ਅਪਾਹਿਜ ਬਣਾ ਰਹੀ ਹੈ।

ਕਰੋਨਾ-ਵਾਇਰਸ ਮਹਾਮਾਰੀ ਦੀ ਮਾਰੂ-ਮਰਜ਼ ਨੇ ਬੇ-ਕਿਰਕ ਹੋ ਕੇ ਸੰਸਾਰ ਭਰ ਦੇ ਤਕਰੀਬਨ ਹਰ ਵਰਗ, ਖਿੱਤੇ ਤੇ ਕਿੱਤੇ ਨੂੰ ਦਰ੍ਹਮ-ਬਰ੍ਹਮ ਕਰਕੇ, ਖੌਫ਼ਨਾਕ-ਉਥਲ-ਪੁਥਲ ਦੀ ਕੰਬਣੀ ਨਾਲ਼ ਝੰਬ ਕੇ ਬੁਰੀ ਤਰ੍ਹਾਂ ਮਧੋਲ਼ ਕੇ ਰੱਖ ਦਿੱਤਾ ਹੈ। ਕਰੋਨੇ ਨੇ ਜਿੱਥੇ ਸਾਰੇ ਪੰਜਾਬ, ਭਾਰਤ, ਅਤੇ ਸੰਸਾਰ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ, ਤੇ ਆਰਥਿਕ ਤਾਣੇ-ਬਾਣੇ ਨੂੰ ਝੰਜੋੜ, ਘਰੋੜ, ਮਰੋੜ, ਨਿਚੋੜ, ਅਤੇ ਤੋੜ-ਫੋੜ ਕੇ ਸਾਵੀਂ-ਚਾਲ ਚੱਲ ਰਹੇ ਸਮੁੱਚੇ ਜਨ-ਜੀਵਨ ਦੀ ਬਣਤਰ ਨੂੰ ਤਹਿਸ-ਨਹਿਸ ਕਰ ਦਿੱਤਾ ਹੈ, ਉੱਥੇ ਬਹੁਤ ਸਾਰੇ ਅਖੌਤੀ ਧਾਰਮਿਕ, ਸਮਾਜਿਕ, ਤੇ ਰਾਜਨੀਤਿਕ ਨੇਤਾਵਾਂ ਦੇ ਕਿਰਦਾਰ ਅਤੇ ਲੋਕਾਂ ਦੇ ਐਵੇਂ-ਘੈਵੇਂ ਦੇ “ਸਰਬਰਾਹ” ਬਣੇ ਫਿਰਨ ਦੀ ਮਗ਼ਰੂਰੀ ਦੇ ਮੱਘੇ ਵਿੱਚ ਜ਼ਬਰਦਸਤ ਕਿਸਮ ਦਾ ਹੁਰਲੂ ਫੇਰ ਕੇ ਬੜਾ ਕੁੱਝ ਨੰਗਾ ਕਰ ਦਿੱਤਾ ਹੈ। ਜਿਸ ਦੇ ਸਿੱਟੇ ਵੱਜੋਂ ਹੁਣ ਉਹਨਾਂ ਬਾਰੇ ਲੋਕਾਂ ਦਾ ਨਜ਼ਰੀਆ ਕਾਫੀ ਤਬਦੀਲ ਹੋ ਗਿਆ ਹੈ।

ਕਈ ਮਹੀਨਿਆਂ ਤੋਂ ਵੇਖਣ ਵਿੱਚ ਆਇਆ ਹੈ ਕਿ ਡੇਰਿਆਂ ਦੀਆਂ ਬਰੂਹਾਂ ’ਤੇ ਭਗਤਾਂ ਦੀਆਂ ਠੱਕ-ਠੱਕ ਕਰਦੀਆਂ ਸ਼ਰਧਾਲੂ-ਕ਼ਦਮਾਂ ਦੇ ਸ਼ੋਰ-ਸ਼ਰਾਬੇ ਨੂੰ ਜਿਲ਼ਬ ਲੱਗ ਗਈ ਹੈ। ਵਿਹਲੇ ਰਹਿ-ਰਹਿ ਲੋੜੋਂ ਵੱਧ ਵੱਧਾਈਆਂ ਗੋਗੜਾਂ ਵਾਲ਼ੇ ਸਾਧਾਂ ਮੂਹਰੇ ਮੱਥੇ ਰਗੜਨ ਦੀਆਂ ਜਮਾਤਾਂ ਲੱਗਣੋਂ ਹੱਟ ਗਈਆਂ ਹਨ। ਅਕਲ਼ਕੰਦ ਅਤੇ ਘਟੱਵੇ ਜਿਹੇ ਬਾਬਿਆਂ ਦੇ ਪੈਰ ਧੋ-ਧੋ ਕੇ, ਮੈਲ਼ੇ ਕੁ-ਚੈਲ਼ੇ ਪਾਣੀ ਦੀਆਂ ਚੂਲ਼ੀਆਂ ਭਰ-ਭਰ ਪੀਣ ਵਾਲ਼ੀ ਬੇ-ਅਕਲ ਭੀੜ ਦੀ, ਜਾਹਲ ਚਹਿਲ-ਪਹਿਲ ਵੀ ਸੁੰਗੜ ਕੇ ਭੱਠੇ ਦੀ ਇੱਟ ਨਾਲ਼ੋਂ ਭੁਰੀ ਕੈਂਕਰ ਬਣ ਗਈ ਹੈ। ਖੁੰਬਾਂ ਵਾਂਗੂੰ ਉਗੇ ਡੇਰਿਆਂ ਦੀਆਂ ਬੇ-ਤਹਾਸ਼ਾ ਹਰਲ-ਹਰਲ ਕਰਦੀਆਂ ਕੁ-ਚੱਜੀਆਂ ਰੌਣਕਾਂ ਵੀ, ਖਾਮੋਸ਼ੀ ਦੇ ਪੱਲੂ ਫੜ ਕੇ ਸਹਿਮ ਦੀ ਗੱਡੀ ਦੀਆਂ ਗੁੰਮਨਾਮ ਸਵਾਰੀਆਂ ਬਣਕੇ ਕਿੱਧਰੇ ਛਿਤਮ ਹੋ ਗਈਆਂ ਹਨ।

ਕੁਦਰਤ ਜਦ ਪਰਖ਼ ਕਰਨ ਲਈ ਹਕ਼ਕੀਤ ਦੀ ਘੜੀ ਦੀਆਂ ਸੂਈਆਂ ਹਿਲਾਉਂਦੀ ਹੈ, ਤਾਂ ਉਹ ਪਲਾਂ-ਛਣਾਂ ਵਿੱਚ ਝੂਠੇ ਦਾਹਵੇ ਕਰਨ ਅਤੇ ਬਾਨ੍ਹਣਾ-ਬੰਨ੍ਹਣ ਵਾਲ਼ਿਆਂ ਦੀ ਹੈਂਕੜ, ਹੰਕਾਰ, ਕਪਟ, ਤੇ ਚਲਾਕੀਆਂ ਨੂੰ ਬੇ-ਨਕਾਬ ਕਰਕੇ ਉਹਨਾਂ ਦੇ ਕੁਫ਼ਰ ਦੀਆਂ ਦੁਕਾਨਾਂ ਦਾ ਕਬਾੜਾ ਕਰਨ ’ਚ ਫੋਰਾ ਨਹੀਂ ਲਾਉਂਦੀ।

ਸਮੇਂ ਦੇ ਰੰਗ ਬੜੇ ਹੀ ਅਜਬ ਹਨ ਕਿ ਜਿਹੜੇ ਸਾਧ-ਸੰਤ ਆਪਣੇ-ਆਪਣੇ ਡੇਰਿਆਂ ਦੇ ਅਡੰਬਰੀ–ਪੁਰਖਿਆਂ ਦੀਆਂ ਮਨ-ਘੜਤ ਕਹਾਣੀਆਂ ਬਣਾਅ-ਬਣਾਅ, ਸੰਗਤਾਂ ਨੂੰ ਪਰਵਚਨ ਸੁਨਾਉਣ ਦੀਆਂ ਲੜੀਆਂ ਦਾ ਸਿਲਸਿਲਾ ਕਦੇ ਵੀ ਟੁੱਟਣ ਨਹੀਂ ਸੀ ਦਿੰਦੇ, ਤੇ ਝੂਠੀਆਂ ਸਾਖੀਆਂ ਦੇ ਟੋਟਕੇ ਸੁਣਾਅ–ਸੁਣਾਅ ਪੰਡਾਲ ’ਚ ਸਾਹਮਣੇ ਬੈਠੇ ਅਣਭੋਲ ਲੋਕਾਂ ਦੇ ਮਨਾਂ ਨੂੰ ਜਜ਼ਬਾਤੀ ਕਰਕੇ, ਜੈਕਾਰੇ ਛੁਡਾਉਂਣ ਦੀਆਂ ਘਤਿੱਤੀ ਧਾਰਮਿਕ-ਛੁਰਲੀਆਂ ਛੱਡ-ਛੱਡ ਬਿਲਕੁਲ ਅੱਕਦੇ-ਥੱਕਦੇ ਨਹੀਂ ਸਨ, ਅੱਜ ਉਹ ਸੰਗਮਰਮਰੀ-ਭੋਰਿਆਂ ’ਚ ਪੱਥਰ ਦੀਆਂ ਮੂਰਤੀਆਂ ਬਣੇ ਬੈਠੇ ਹਨ।

ਅਤੇ, ਜੋ ਝੂਠੇ-ਨਕਲੀ ਬਾਬੇ ਐਵੇਂ ਹੀ ਆਪਣੇ-ਆਪਣੇ ਡੇਰੇ ਦੇ ਜਿੰਨ੍ਹਾਂ ਮੁੱਖੀਆਂ ਨੂੰ ਕਰਨੀ ਵਾਲ਼ੇ, ਰਿੱਧੀਆਂ-ਸਿੱਧੀਆਂ ਦੇ ਸਾਢੂ, ਨਬ੍ਹੀਆਂ-ਵਲੀਆਂ-ਪੈਗ਼ੰਬਰਾਂ, ਤੇ ਗੁਰੂਆਂ ਨਾਲ਼ ਸਿੱਧੀ ਪੱਕੀ-ਆੜੀ ਦੀਆਂ ਫੜ੍ਹਾਂ ਦੇ ਡੰਕੇ ਵਜਾਅ-ਵਜਾਅ, ਅਤੇ ਅਲੌਕਿਕ ਦੈਵੀ-ਸ਼ਕਤੀਆਂ ਦੇ ਮਾਲਕ ਬਣਾਅ ਕੇ ਝੂਠੀਆਂ ਵਡਿਆਈਆਂ ਕਰ-ਕਰ, ਕੁਫ਼ਰ ਤੋਲ-ਤੋਲ, ਅੜਾਟ ਪਾ-ਪਾ ਹੰਭਦੇ ਨਹੀਂ ਸਨ, ਹੁਣ ਉਹਨਾਂ ਦੇ ਦਰਬਾਰਾਂ ਵਿੱਚ ਵਿਛੀਆਂ ਦਰੀਆਂ ਅਤੇ ਟਾਟਾਂ ਉੱਤੇ, ਕੁਰਬਲ਼-ਕੁਰਬਲ਼ ਕਰਦੇ ਭੂਰੀਆਂ ਕੀੜੀਆਂ ਦੇ ਭੌਣ, ਕਬੱਡੀ ਖੇਡ-ਖੇਡ ਖੁਰਦਲ਼ੂ ਪਾ ਰਹੇ ਹਨ। ਅਰਬੀ-ਸੁਲਤਾਨਾਂ ਦੇ ਸ਼ਾਨੋ-ਸ਼ੌਕਤੀ ਮਹਿਲਾਂ ਦੀ ਢੂਹੀ ਲਾਉਂਦੇ, ਇਹਨਾਂ ਡੇਰੇਦਾਰਾਂ ਦੇ ਖੂਬਸੂਰਤ-ਡੇਰਿਆਂ ਦੇ ਗੁੰਬਦਾਂ ਦੇ ਚੌਹੀਂ ਪਾਸੀ ਬੰਨ੍ਹੇਂ ਵੱਡੇ-ਵੱਡੇ ਮੂੰਹਾਂ ਵਾਲ਼ੇ ਲਾਊਡ-ਸਪੀਕਰਾਂ ਦੇ ਸੰਘਾਂ ’ਚ ਹੁਣ ਘੁੱਗੀਆਂ, ਗਟਾਰਾਂ, ਤੇ ਕਬੂਤਰਾਂ ਨੇ ਆਲ੍ਹਣੇ ਪਾਏ ਹੋਏ ਹਨ।

ਕਰੋਨੇ ਦੀ ਇਹ ਮੌਜੂਦਾ ਭਿਅੰਕਰ-ਮਹਾਮਾਰੀ ਦੀ ਖੌਫ਼ਨਾਕ-ਸਥਿੱਤੀ ਹੁਣ ਡੇਰਿਆਂ ਦੇ ਸਾਧਾਂ ਲਈ ਪਰਖ ਦੀ ਘੜੀ ਬਣ ਗਈ ਹੈ! ਭੈਅ ਨਾਲ਼ ਤਰੱਬਕ ਕੇ ਗੁੰਮ-ਸੁੰਮ ਹੋਇਆਂ ਨੂੰ ਚਾਹੀਦਾ ਹੈ ਕਿ ਉਹ ਘੋਰਨਿਆਂ ’ਚੋਂ ਬਾਹਰ ਆਉਣ ਦੀ ਹਿੰਮਤ ਕਰਕੇ ਰੋਲ-ਮਾਡਲ ਬਣਨ ਦੀ ਪਹਿਲ ਕਰਨ। ਕਿਸੇ ਅਣਡਿੱਠ ਬੈ-ਕੁੰਠ ਅਤੇ ਸੱਚ-ਖੰਡ ਵਿੱਚ ਬੈਠੇ ਸ਼ਰਾਰਤੀ-ਕਲੋਲਾਂ ’ਚ ਰੁੱਝੇ ਹੋਏ ਆਪਣੇ ਮਹਾਂ-ਪੁਰਖਾਂ ਤੋਂ ਕੋਈ “ਕੈੜਾ” ਜਿਹਾ ਮੰਤਰ ਮਰਵਾ ਕੇ, ਕਰੋਨੇਂ ਦੇ ਕੀਟਾਣੂਆਂ ਨਾਲ਼ ਅਜਿਹੀ ਹੱਥੋ-ਪਾਈ ਕਰਵਾਉਣ, ਜਿਸ ਨਾਲ਼ ਕੀਟਾਣੂ ਅੰਨ੍ਹੇ, ਬੋਲ਼ੇ, ਗੁੰਗੇ ਤੇ ਟੁੰਡ-ਮਰੁੰਡ ਹੋ ਕੇ ਆਪਣੀ ਹਸਤੀ ਤੋਂ ਨਾਸਤੇ-ਨ-ਬੂਦ ਹੋ ਜਾਣ। ਅਤੇ ਸੰਸਾਰ ਭਰ ਦੇ ਲੋਕ ਇਸ ਮਹਾਮਾਰੀ ਤੋਂ ਮੁੱਕਤੀ ਪ੍ਰਾਪਤ ਕਰ ਲੈਣ।

ਸੁਵਾਲ ਪੈਦਾ ਹੁੰਦਾ ਕਿ ਡੇਰੇਦਾਰਾਂ ਦੇ ਧਾਰਮਿਕ-ਅਖਾੜਿਆਂ ’ਚ ਪਾਖੰਡੀ-ਸਾਧਾਂ ਦੁਆਰਾ ਆਪਣੇ ਪੁਰਖਿਆਂ ਦੀ ਮਹਿੰਮਾਂ ’ਚ ਜੈ-ਜੈ ਕਰਵਾਉਣ ਲਈ ਅਕਸਰ ਹੀ ਸੁਣਾਈਆਂ ਜਾਂਦੀਆਂ ਗਪੌੜੀ-ਸਾਖੀਆਂ ਅਤੇ ਕਰਾਮਾਤੀ-ਕੁਫ਼ਰ ਦੇ ਕ੍ਰਿਸ਼ਮੇਂ, ਕਰੋਨੇ-ਵਾਇਰਸ ਦੇ ਇਸ ਮਹਾਮਾਰੀ ਜ਼ਮਾਨੇ ’ਚ ਕਿਉਂ ਨਹੀਂ ਕੋਈ ਅਲੌਕਿਕ-ਚਮਤਕਾਰ ਵਰਤਾਉਂਦੇ? ਅੱਜ ਲੋੜ ਅਤੇ ਵੇਲ਼ਾ ਹੈ ਕਿ ਝੂਠੇ-ਸਾਧਾਂ ਵੱਲੋਂ ਪ੍ਰਚਾਰੀਆਂ ਗਈਆਂ ਉਹ ਸੱਭ ਨਾਟਕੀ-ਗਾਥਾਵਾਂ ਸੱਚ ਹੋ ਨਿਬੜਨ, ਤਾਂ ਜੋ ਕ੍ਰੋਪੀ ਅਤੇ ਸਾੜਸਤੀ ਦੇ ਸੇਕ ’ਚ ਸੜ ਰਹੇ ਮਰੀਜ਼ਾਂ ਨੂੰ, ਇਹਨਾਂ ਦੇ ਬਾਬਿਆਂ ਵੱਲੋਂ ਪੁਰਾਣੇ ਜ਼ਮਾਨਿਆਂ ’ਚ ਦਿਖਾਏ ਗਏ ਕਰਾਮਾਤੀ-ਜੌਹਰ ਲੋਕਾਂ ਦਾ ਕਲਿਆਣ ਕਰ ਦੇਣ ਅਤੇ ਇਸ ਜਾਨ ਲੇਵਾ ਬਿਮਾਰੀ ਤੋਂ “ਪਲਾਂ-ਛਿੱਣਾਂ” ਵਿੱਚ ਹੀ ਛੁਟਕਾਰਾ ਪਾਇਆ ਜਾ ਸਕੇ।

ਭੁੱਚੋ ਦੇ ਡੇਰੇ ’ਚ ਲੱਗੇ ਇੱਕ ਸਾਧਗੀ-ਅਖਾੜੇ ’ਚ, ਜਦੋਂ ਪਹੋਵੇ ਵਾਲ਼ਾ ਘਤੁੱਤਰ ਜਿਹਾ ਸਾਧ ਮਾਨ ਸਿਉਂ ਬੜੀ ਬੇ-ਸ਼ਰਮੀਂ ਨਾਲ਼ ਬੱੜਕਾਂ ਮਾਰ ਕੇ ਇੱਕ ਅਤਿਅੰਤ ਗਿਰਿਆ ਵਾ ਮਨ-ਘੱੜਤ ਕਿੱਸਾ ਸੁਣਾਉਂਦਾ ਹੈ ਕਿ ਡੇਰੇ ਦੀ ਚਾਰ-ਦਿਵਾਰੀ ’ਚ “ਮਰੀ ਕੁੱਤੀ” ਨੂੰ ਬਾਬਾ ਹਰਨਾਮ ਸਿਓਂ ਦੁੱਧ ਪਿਆ ਕੇ ਜਿਊਂਦੀ ਕਰ ਦਿੰਦਾ ਹੈ, ਤਾਂ ਓਦੋਂ ਨਾਲ਼ ਹੀ ਇੱਕ ਅਸਚਰਜ-ਜਨਕ ਭਵਿੱਖ-ਬਾਣੀ ਕਰਨ ਦਾ ਦਾਹਵਾ ਵੀ ਠੋਕ ਧਰਦਾ ਹੈ ਕਿ ਇਹ “ਆਦਰਯੋਗ-ਕੁੱਤੀ” ਕਈ ਦਹਾਕਿਆਂ ਬਾਅਦ ਇੰਗਲੈਡ ਦੀ ਰਾਣੀ(ਅਜੋਕੀ ਮਲਕਾ ਐਲਿਜ਼ਾਬੈਥ) ਦੇ ਰੂਪ ’ਚ ਲੰਡਨ ਵਿਖੇ ਜਨਮ ਲਵੇਗੀ। ਸਿਰਾਂ ’ਤੇ ਮੜਾਸੇ ਮਾਰੀ ਸਾਹਮਣੇ ਬੈਠੀ ਭੁੱਲੜ-ਮੰਡੀਰ ਝੱਟ ਦੇਣੇ ਜੈ-ਕਾਰਿਆਂ ਦੇ ਤੀਰ ਛੱਡਣ ਲੱਗ ਜਾਂਦੀ ਹੈ।

ਇਸੇ ਤਰਾਂ ਕੋਈ ਪਾਖੰਡੀ ਸਾਧ-ਬਾਬਾ ਆਪਣੇ ਅਖੌਤੀ ਮਹਾਂ-ਪੁਰਸ਼ਾਂ ਦੀ ਮਹਿਮਾਂ ਕਰਦਾ-ਕਰਦਾ ਕਹਿ ਰਿਹਾ ਹੈ ਕਿ ਜਦੋਂ ਉਹ ਸਾਧ ਆਪਣੇ ਲੰਗੜੇ ਲੁੰਗ-ਲਾਣੇ ਨਾਲ਼ ਕਿਸੇ ਜਗ੍ਹਾ ’ਤੇ ਧਾਰਮਿਕ-ਅਖਾੜਾ ਲਾਉਣ ਜਾਂਦਾ ਹੈ, ਤਾਂ ਰਸਤੇ ਵਿੱਚ ਨਹਿਰ ਦਾ ਇੱਕ ਭੀੜਾ ਪੁਲ਼ ਪੈਂਦਾ ਹੈ। ਭੋਲ਼ੀ ਜਨਤਾਂ ਦੀ ਉੱਜਲ਼-ਮਾਨਸਿਕਤਾ ਨੂੰ ਲੁੱਟਣ ਜਾ ਰਹੇ ਕਾਫ਼ਲੇ ਦੇ ਉਸ ਅਖੌਤੀ ਧਾਰਮਿਕ-ਮੁੱਖੀਏ ਦੀ ਸਵਾਰੀ ਦੇ ਜਗਾੜ ਦਾ ਉਸ ਭੀੜੇ ਪੁਲ਼ ਵਿੱਚੋਂ ਦੀ ਗੁਜ਼ਰਨਾਂ ਮੁਸ਼ਕਲ ਹੋ ਗਿਆ। ਧਾਰਨਾ ਬਣਾਅ ਲਈ ਕਿ ਆਪੂ ਬਣਾਏ ਕੌਤਕੀ ਉਸ ਸਾਧ ਨੇ ਅੰਤਰ-ਮੁਗਧ ਹੋ ਕੇ, “ਬਿਰਤੀ” ਦੀ ਕਰੇਨ ਨਾਲ਼ ਅਜਿਹਾ ਚਮਤਕਾਰ ਕੀਤਾ ਕਿ ਪੁਲ਼ ਆਪਣੇ ਆਪ ਚੌੜਾ ਹੋ ਗਿਆ। ਅਤੇ ਸਾਧ ਦੇ ਘੜੁੱਕੇ ਦੀ ਸਵਾਰੀ ਆਸਾਨੀ ਨਾਲ਼ ਪੁਲ਼ ਪਾਰ ਕਰ ਗਈ। ਆਪਣੇ-ਆਪਣੇ ਡੇਰਿਆਂ ਦੇ ਵੱਡੇਰਿਆ ਬਾਰੇ ਇਸ ਤਰ੍ਹਾਂ ਦੀਆਂ ਗਪੌੜੀ-ਸਾਖੀਆਂ ਹਰ ਐਰਾ-ਘੈਰਾ ਲੋਟੂ-ਸਾਧ, ਅਕਸਰ ਹੀ ਮਸਾਲੇ ਲਾ-ਲਾ ਅਣਭੋਲ ਲੋਕਾਂ ਨੂੰ ਸੁਣਾ-ਸੁਣਾ ਕੇ ਮੂਰਖ ਬਣਾਉਂਦਾ ਰਹਿੰਦਾ ਹੈ।

ਹੁਣ, ਵਕ਼ਤ ਸਿਰ ’ਤੇ ਆ ਖੜੋਤਾ ਹੈ ਕਿ ਇਹਨਾਂ ਡੇਰੇਦਾਰਾਂ ਦੇ ਕਰਾਮਾਤੀ-ਜਲਵਿਆਂ ਦੇ ਕੀਤੇ ਗਏ ਦਾਹਵੇ ਸੱਚ ਹੋਣ ਜਾਣ! ਜਿਸ ਦੀ ਡੌਂਡੀ ਇਹ ਹਰ ਨੂਰੀ, ਈਸ਼ਵਰੀ, ਨਾਨਕਸਰੀ, ਰਾੜਵੀ, ਅਤੇ ਹੋਰ ਅਨੇਕਾਂ ਮਹਾਂ-ਪੁਰਖੀ ਅਖਾੜਿਆਂ ’ਚ ਪਿੱਟਦੇ-ਪਿੱਟਦੇ ਕਦੇ ਵੀ ਨਹੀਂ ਥੱਕ ਦੇ । ਬਿਨਾਂ ਕਿਸੇ ਸਿਰ-ਪੈਰ ਦੇ ਝੂਠੀਆਂ-ਕਥਾਵਾਂ ਸੁਨਾਉਣ ਵਾਲ਼ੇ ਖਚਰੇ ਤੇ ਚੈਂਚਲ ਸਾਧ-ਸੰਤ ਮੂੰਹ ’ਚ ਘੁੰਗਣੀਆਂ ਪਾਈ ਹੁਣ ਘੋਰਨਿਆਂ ’ਚ ਕਿਉਂ ਦੜੇ ਬੈਠੇ ਹਨ? ਕਿੱਥੇ ਗੁਆਚ ਗਏ ਹਨ ਉਹ ਗਪੌੜ-ਮਾਰਨ ਵਾਲ਼ੇ ਬਾਬੇ ਜੋ ਕਹਿੰਦੇ ਸਨ ਕਿ ਮਹਾਂ-ਪੁਰਖਾਂ ਨੇ ਗੈਬੀ-ਸ਼ਕਤੀਆਂ ਦੇ ਬਲ-ਬੂਤੇ ਨਾਲ਼ ਕਰਾਮਾਤਾਂ ਅਤੇ ਕ੍ਰਿਸ਼ਮਿਆਂ ਦੀਆਂ ਝੜੀਆਂ ਲਾ ਲਾ, ਦੁੱਖਾਂ-ਦਰਦਾਂ, ਤੇ ਕਲੇਸ਼ਾਂ ਨੂੰ ਭਸਮ ਕਰਕੇ ਲੋਕਾਈ ਨੂੰ ਮੁਕਤੀ ਪ੍ਰਦਾਨ ਕਰਵਾਈ ਸੀ?

ਝਾਂਡੇ, ਰਾੜੇ, ਜੋਗੇਵਾਲੇ, ਲੋਪੋ, ਬੱਧਨੀ, ਸਮਾਧ, ਨਾਨਕਸਰ-ਕਲੇਰਾਂ, ਚੰਦਾਂ, ਝੋਰੜਾਂ, ਬੜੂੰਦੀ, ਪਹੋਵੇ, ਬਿਆਸ, ਸਿਰਸੇ ਅਤੇ ਭੁੱਚੋ ਆਦਿ ਵਾਲ਼ੇ ਇਹਨਾਂ ਸਾਰਿਆਂ ਸਾਧਾਂ ਵਿੱਚੋਂ, ਕੀ ਹੈ ਕਿਸੇ ਇੱਕ ਵੀ ਮਾਈ ਦੇ ਲਾਲ ਦੀ ਹਿੰਮਤ ਤੇ ਜੁਅਰਤ ਜੋ ਕਿ ਕਰੋਨੇ-ਵਾਇਰਸ ਦੇ ਇਸ ਮਾਰੂ-ਰੋਗ ਦੇ ਇਲਾਜ ਦੀ ਦਵਾਈ ਲੱਭ ਕੇ, ਧੱੜਾ-ਧੱੜ ਜਾਨਾਂ ਗੁਆ ਰਹੇ ਲੋਕਾਂ ਦੀ ਮਦਦ ਲਈ ਵੈਦ ਧਨੰਤਰ ਅਤੇ ਲੁਕਮਾਨ ਬਣ ਕੇ, ਅੱਗਨ ਪ੍ਰੀਖਿਆ ਦੇਣ ਲਈ ਮੈਦਾਨ ’ਚ ਨਿਤਰੇ?

ਅਫ਼ਸੋਸ ਵਿੱਚ ਢੇਰ ਸਾਰਾ ਵਾਧਾ ਹੋਵੇਗਾ ਜੇਕਰ ਅਜੇ ਵੀ ਕਰੋਨੇ ਦੀ ਮਹਾਮਾਰੀ ਦੇ ਖਾਤਮੇਂ ਤੋਂ ਬਾਅਦ, ਪੰਜਾਬੀ ਲੋਕ ਅਧਿਆਤਮਿਕ-ਤ੍ਰਿਪਤੀ ਦੀ ਪੂਰਤੀ ਅਤੇ ਮਾਨਸਿਕ-ਸਕੂਨ ਦੀ ਪ੍ਰਾਪਤੀ ਲਈ, ਗੁਰੂ ਸਾਹਿਬਾਨਾਂ ਨਾਲ਼ ਸਬੰਧਿਤ ਇਤਿਹਾਸਕ-ਗੁਰਧਾਮਾਂ ਅਤੇ ਪਿੰਡਾਂ ਦੇ ਗੁਰਦੁਆਰਿਆਂ ’ਚ ਹਾਜ਼ਰੀ ਲੁਆਉਣ ਦੀ ਥਾਂ, ਇਹਨਾਂ ਪਾਖੰਡੀ-ਸਾਧਾਂ ਦੇ ਡੇਰਿਆਂ ਵਿੱਚ ਮੱਸਿਆ-ਪੁੰਨਿਆਂ-ਸੰਗਰਾਂਦਾਂ ਦੇ ਦਿਹਾੜਿਆਂ ’ਤੇ ਢਰਾਕੇ ਬੰਨ੍ਹ-ਬੰਨ੍ਹ ਚੌਕੀਆਂ ਭਰਨ ਲਈ ਵਹੀਰਾਂ ਘੱਤ-ਘੱਤ ਕੇ ਜਾਣਗੇ!

ਕਰੋਨੇ ਦੇ ਡੰਗ ਤੋਂ ਬੱਚਣ ਲਈ ਹੁਣ ਇਹ ਸਾਧ-ਮੰਡਲੀ ਭੋਰਿਆਂ ’ਚ ਲੁਕੀ ਬੈਠੀ ਸਿਰਫ਼ ਝੀਥਾਂ ਵਿੱਚ ਦੀ ਝਾਕਣ ਜੋਗੀ ਰਹਿ ਗਈ ਹੈ। ਇਹਨਾਂ ਸਾਧਾਂ ਦੇ ਹਰਮੋਨੀਅਮ-ਵਾਜਿਆਂ ਦੀਆਂ ਸੁਰਾਂ ਉੱਤੇ ਚੁੱਪ, ਡਰ, ਤੇ ਸਹਿਮ ਦੇ ਭੂੰਡਾਂ ਨੇ ਖੱਖਰਾਂ ਪਾ ਲਈਆਂ ਹਨ। ਇਹਨਾਂ ਦੀਆਂ “ਕਿਰਲੀ-ਨੁਮ੍ਹਾਂ” ਠਰਕੀ-ਉਂਗਲ਼ਾਂ ਜੋ ਵਾਜੇ ਦੇ ਪੱਖੇ ਅਤੇ ਸੁਰਾਂ ਉੱਤੇ ਖੜ-ਮਸਤੀ ਕਰ-ਕਰ ਭੰਗੜਾ ਪਾਉਂਦੀਆਂ ਸਨ, ਯੱਕ-ਦਮ ਬੇ-ਹੋਸ਼ੀ ਦੇ ਜਾਂਮ ਪੀ ਗਈਆਂ ਹਨ। ਤਬਲਿਆਂ ਦੇ ਗੋਲ਼-ਮਗੋਲ਼ ਸਿਰਾਂ ਉੱਤੇ ਚਿੱਟੇ-ਚਿੱਟੇ ਚਮੜੇ ਦੇ ਬਣੇ ਮੜ੍ਹਾਂ ਉੱਤੇ ਛਿੜਕੇ ਜਾਂਦੇ ਪਾਊਡਰ ਦੀ ਜਗ੍ਹਾ ਖੌਫ਼ ਦੀ “ਉਲੀ” ਦੇ ਗੁੰਗੇਪਣ ਨੇ ਮੱਲ ਲਈ ਹੈ, ਅਤੇ ਚਿੰਮਟਿਆਂ ਦੇ ਛਣ-ਛਣ ਕਰਨ ਵਾਲ਼ੇ ਪੁਰਾਣੇ ਗਲ਼ੀਆਂ ਵਾਲ਼ੇ ਮੁੰਦਰੀ-ਪੈਸਿਆਂ ਵਰਗੇ ਪੱਤਰਿਆਂ ਉੱਤੇ ਮੱਖੀਆਂ ਆਸਣ ਲਾ ਕੇ ਰਾਂਝੇ ਵਾਂਗੂੰ ਘੂਕ ਸੁਤੀਆਂ ਪਈਆਂ ਹਨ। ਇਹਨਾਂ ਦੀਆਂ ਘਨਾਉਣੀਆਂ ਦਲੀਲਾਂ ਨਾਲ਼ ਲਿਬੜੀਆਂ ਵਾਹ-ਹਯਾਤੀ ਸਾਖੀਆਂ ਦਾ ਅਡੰਬਰ ਰਚਣ ਵਾਲ਼ੀਆਂ ਜ਼ਬਾਨਾਂ ਹੁਣ ਆਠਰੀਆਂ-ਠਰੀਆਂ, ਤੇ ਠਠੰਬਰੀਆਂ ਪਈਆਂ ਹਨ।

ਇਹਨਾਂ ਦੇ ਅਖੌਤੀ ਮਹਾਂ-ਪੁਰਸ਼ਾ ਨਾਲ਼ੋ ਤਾਂ “ਸਰਬੱਤ ਦਾ ਭਲਾ ਵਾਲ਼ਾ” ਡਾ: ਐਸ ਪੀ ਉਬਰਾਏ ਸਹੀ ਮਾਹਨਿਆਂ ’ਚ ਅਰਬਾਂ ਗੁਣਾਂ ਚੰਗਾ ਅਤੇ ਸੱਚਾ-ਸੁੱਚਾ ਸੰਤ ਹੈ। ਜਿਸ ਨੇ ਇਸ ਮਹਾਮਾਰੀ ਦੇ ਦੌਰ ’ਚ ਲੋੜਵੰਦਾਂ ਲਈ ਕਈ ਕਰੋੜ ਰੁਪਿਆਂ ਦੀ ਮਦਦ ਅਤੇ ਦਾਨ ਕਰਕੇ, ਇਹਨਾਂ ਵਾਂਗ ਧਾਰਮਿਕ –ਅਖਾੜਿਆਂ ਦੇ ਖੁਲ੍ਹੇ-ਡੁੱਲ੍ਹੇ ਪੰਡਾਲਾਂ ਵਿੱਚ ਸਾਖੀਆਂ-ਸੁਨਾਉਣ, ਢੋਲਕੀ-ਕੁੱਟਣ, ਵਾਜਾ-ਵਜਾਉਣ, ਤੇ ਛੈਣੇਂ-ਖੜਕਾਉਣ ਤੋਂ ਬਿਨਾਂ ਹੀ, ਸ਼ਾਖ਼ਸਾਤ ਹੱਥ ’ਤੇ ਸਰੋਂ ਉਗਾਅ ਕੇ ਦਿਖਾ ਦਿੱਤੀ ਹੈ।

ਮਜਬੂਰੀ ਵੱਸ, ਲਾਕ-ਡਾਊਨ ਦੇ ਇਹਨਾਂ ਮਾਯੂਸ-ਦਿਨਾਂ ਵਿੱਚ, ਕਿਤੇ-ਕਿਤੇ ਟਾਵੇਂ-ਟਾਵੇਂ ਡੇਰੇਦਾਰ ਚਿੱਟ-ਕੱਪੜੀਏ ਸਾਧ ਆਪਣੀਂ ਹੋਂਦ ਨੂੰ ਬਰਕਰਾਰ ਅਤੇ ਠੱਕ-ਠੱਕਾਅ ਚਲਦਾ ਰੱਖਣ ਲਈ, ਰਾਸ਼ਨ ਦੇ ਪੈਕਟ ਤਕਸੀਮ ਕਰਦੇ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਜ਼ਰੂਰ ਦੇਖੇ ਗਏ ਹਨ। ਭਾਵੇਂ ਕਿ ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਫਿਰ ਵੀ ਇਸ ਕ਼ਦਮ ਨੂੰ ਚੰਗੀ ਅਤੇ ਸ਼ਲਾਘਾਯੋਗ-ਗੱਲ ਦੇ ਤੌਰ ’ਤੇ ਤਸਲੀਮ ਕਰਨ ਵਿੱਚ ਕੋਈ ਹਰਜ਼ ਨਹੀਂ ਹੋਣਾ ਚਾਹੀਦਾ।

ਮਹਾਮਾਰੀ ਦੇ ਖਾਤਮੇਂ ਤੋਂ ਬਾਅਦ, ਜਿਉਂ ਹੀ ਇਹ ਚਿੱਟੀਆਂ-ਸਿਊਂਕਾਂ ਸੰਗਮਰਮਰੀ-ਕੁੰਡਾਂ ਦੇ “ਚੱਲ਼੍ਹਿਆਂ-ਚਵੱਜਿਆਂ” ਵਿੱਚੋਂ ਬਾਹਰ ਆਉਂਣਗੀਆਂ ਤਾਂ ਨਿੱਤ ਨਵੇਂ ਸ਼ੋਸ਼ਿਆਂ ਦੇ ਡਰਾਮੇਂ ਕਰਨਗੇ ਕਿ ਬੈ-ਕੁੰਠ ਅਤੇ ਸੱਚ-ਖੰਡ ਵਾਸੀ ਸਾਡੇ ਸ਼੍ਰੀ-ਯੁੱਤ, ਬ੍ਰਹਮ-ਗਿਆਨੀ, ਤੇ ਮਹਾਂ-ਪੁਰਸ਼ਾਂ ਨੇ ਘੋਰ-ਤਪੱਸਿਆ ਕਰਕੇ, ਇਸ ਮਾਤ-ਲੋਕ ਵਿੱਚੋਂ ਕਰੋਨੇ ਦੀ ਬਿਮਾਰੀ ਦੇ ਖਾਤਮੇਂ ਲਈ, ਸਾਨੂੰ ਇਲਾਹੀ-ਫਾਰਮੂਲਿਆਂ ਦੇ ਕਾਇਦੇ ਭੇਜੇ ਹਨ। ਅਤੇ ਅਸੀਂ ਇਸ ਬਿਮਾਰੀ ਦੇ ਅਗੰਮੀਂ-ਇਲਾਜ ਵਾਲ਼ੇ ਮੰਤਰ ਨੂੰ ਸਾਇੰਸਦਾਨਾਂ ਦੇ ਕੰਨਾਂ ’ਚ ਚੰਗੀ ਤਰ੍ਹਾਂ ਪਾ ਕੇ ਘੋਟੇ ਲੁਆ ਦਿੱਤੇ ਹਨ!!!!!

 

Total Views: 178 ,
Real Estate