ਇਬਾਰਤ ਏ ਮੁਹੱਬਤ

ਹਰਮੀਤ ਬਰਾੜ

ਇਸ ਵਿਸ਼ੇ ਤੇ ਮੈਂ ਕਦੇ ਨਹੀਂ ਲਿਖਿਆ ਪਰ ਪਿਛਲੇ ਕੁਝ ਮਹੀਨਿਆਂ ਤੋ ਇੱਕ ਅਜੀਬ ਰੁਝਾਨ ਦੇਖ ਰਹੀ ਆਂ , ਜੋ ਸਮਾਜ ਨੂੰ ਗੰਧਲ਼ਾ ਕਰ ਰਹੇ ਨੇ। ਕੁਝ ਦੋਸਤਾਂ ਨੂੰ ਲੱਗਦਾ ਹੈ ਕਿ ਮੈਨੂੰ ਇਸ ਵਿਸ਼ੇ ਤੇ ਚੁੱਪ ਨਹੀਂ ਰਹਿਣਾ ਚਾਹੀਦਾ।ਮੁਹੱਬਤ ਦੀ ਕੋਈ ਇਬਾਰਤ ਹੈ ਜਾਂ ਨਹੀਂ , ਇਹ ਨਹੀਂ ਕਿਹਾ ਜਾ ਸਕਦਾ । ਮੁਹੱਬਤ ਇੱਕ ਜਨੂੰਨ ਹੈ ਜੋ ਬਾਹਰੀ ਦੁਨੀਆ ਤੋ ਪਰੇ ਇੱਕ ਅੰਦਰੂਨੀ ਅਹਿਸਾਸ ਹੈ। ਇਹ ਸਮੇਂ ਤੇ ਹਾਲਾਤ ਮੁਤਾਬਿਕ ਰੰਗ ਨਹੀਂ ਬਦਲਦੀ , ਮੁਹੱਬਤ ਸਦੀਆਂ ਤੋ ਕੁਰਬਾਨ ਹੁੰਦੀ ਆਈ ਹੈ। ‘ਇਹ ਪਰਬਤ ਤੋੜ ਦਿੰਦੀ ਹੈ ,ਇਹ ਰੀਝਾਂ ਹੀ ਨਹੀਂ ਕਰਦੀ’।ਮੁਹੱਬਤ ਪੀਰਾਂ , ਫਕੀਰਾਂ ਦੀਆਂ ਕਲਮਾਂ ‘ਚੋ ਹੁੰਦੀ ਹੋਈ ਇਬਾਦਤ ਵਰਗੀ ਹੈ ਜੋ ਜਿਸਮਾਂ ਤੋ ਦੂਰ ਰੁਹਾਨੀ ਅਹਿਸਾਸ ਹੈ , ਬਿਲਕੁਲ ਕਿਸੇ ਫਕੀਰ ਦੀ ਸਮਾਧੀ ਵਰਗਾ।

ਪਰ ਪਿਛਲੇ ਕੁਝ ਸਮੇਂ ਤੋ ਸੋਸ਼ਲ ਮੀਡੀਆ ਦੀ ਆਮਦ ਨੇ ਉਸ ਖੂਬਸੂਰਤ ਅਹਿਸਾਸ ਦੀਆਂ ਜਿਸਮਾਨੀ ਖਿੱਚ ਵਿੱਚੋਂ ਲੰਘਦਿਆਂ ਨੈਤਿਕਤਾ ਦੀਆਂ ਇਸ ਤਰ੍ਹਾਂ ਧੱਜੀਆਂ ਉਡਾਈਆਂ ਹਨ ਕਿ ਰੂਹ ਸ਼ਰਮਸਾਰ ਹੋ ਜਾਵੇ। ਇਸ ਤਰਾਂ ਪਹਿਲਾਂ ਵੀ ਹੁੰਦਾ ਹੋਵੇਗਾ ਪਰ ਸ਼ਾਇਦ ਸ਼ੋਸ਼ਲ ਮੀਡੀਆ ਕਰਕੇ ਜਲਦ ਸਾਹਮਣੇ ਆ ਰਿਹਾ ਹੈ । ਬਹੁਤ ਸਾਰੇ ਵਿਆਹੁਤਾ ਆਦਮੀ ਅਤੇ ਔਰਤਾਂ ਇਸ ਸ਼ਿੰਕਜੇ ਵਿੱਚ ਫਸ ਰਹੇ ਨੇ। ਉਹ ਆਪਣੀਆਂ ਪਰਿਵਾਰਕ ਜਿੰਮੇਵਾਰੀਆਂ ਨੂੰ ਲਾਂਭੇ ਕਰਕੇ ਅਜਿਹੇ ਲੋਕਾਂ ਵੱਲ ਆਕਰਸ਼ਿਤ ਹੁੰਦੇ ਹਨ ਜਿੰਨਾ ਨੂੰ ਉਹ ਨਿੱਜੀ ਤੌਰ ਤੇ ਮਿਲੇ ਵੀ ਨਹੀਂ ਹੁੰਦੇ ਪਰ ਇਸ ਮਾਰ ਹੇਠ ਆਪਣੇ ਪਰਿਵਾਰ ਤੋੜ ਲੈਂਦੇ ਹਨ।

ਕੁਝ ਅਜਿਹੇ ਘਾਤਕ ਨਤੀਜੇ ਸਾਹਮਣੇ ਆਏ ਕਿ ਜ਼ਿੰਦਗੀਆਂ ਬਰਬਾਦ ਹੋ ਗਈਆਂ , ਪਰ ਪਹਿਲਾਂ ਕਾਰਨ ਟਟੋਲਣ ਦੀ ਕੋਸ਼ਿਸ਼ ਕਰਦੇ ਹਾਂ। ਮੈ ਕੁਝ ਅਜਿਹੀਆਂ ਔਰਤਾਂ ਦੇਖੀਆਂ ਜੋ ਇਕੱਲੀਆਂ ਸਨ ਜਾਂ ਜਿੰਨਾ ਦੀ ਪਰਿਵਾਰਕ ਜ਼ਿੰਦਗੀ ਕੁੜੱਤਣ ਨਾਲ ਭਰੀ ਸੀ , ਕੁਝ ਅਜਿਹੀਆਂ ਵੀ ਸਨ ਜੋ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਮਰਦ ਦਾ ਸਹਾਰਾ ਲੱਭਦੀਆਂ ਸਨ । ਦੂਜੇ ਪਾਸੇ ਕੁਝ ਮਰਦ ਪਰਿਵਾਰਕ ਪੱਖੋਂ ਪਰੇਸ਼ਾਨ ਸਨ ਜਾਂ ਫੇਰ ਸਰੀਰਕ ਭੁੱਖ ਦੀ ਤਲਬ ਉਨ੍ਹਾਂ ਨੂੰ ਦੂਜੀਆਂ ਔਰਤਾਂ ਵੱਲ ਆਕਰਸ਼ਿਤ ਕਰਦੀ ਸੀ। ਇੱਕ ਹੋਰ ਕਿਸਮ ਜੋ ਅਮੀਰ ਔਰਤਾਂ ਨੂੰ ਵਰਤ ਕੇ ਉਨਾਂ ਤੋ ਪੈਸੇ ਲੈ ਕਿਸੇ ਅਗਲੇ ਟਾਰਗਟ ਭਾਵ ਅਗਲੀ ਔਰਤ ਲੱਭਣ ਤੁਰ ਪੈਂਦੇ ਹਨ।

ਇਸ ਸਭ ਵਿੱਚ ਸੋਸ਼ਲ ਮੀਡੀਆ ਤੇ ਉਨਾਂ ਦੀ ਭਾਲ ਆਪਣੇ ਨਿਸ਼ਾਨੇ ਨੂੰ ਜਲਦੀ ਲੱਭ ਸਕਦੀ ਹੈ ਤੇ ਭਾਵੁਕ ਹੋ ਉਹ ਔਰਤਾਂ ਇਸ ਹੱਦ ਤੱਕ ਚਲੀਆਂ ਜਾਂਦੀਆਂ ਹਨ ਕਿ ਆਪਣੀਆਂ ਨਿੱਜੀ ਤਸਵੀਰਾਂ ਸਾਂਝੀਆਂ ਕਰਨ ਤੋ ਵੀ ਗੁਰੇਜ਼ ਨਹੀਂ ਕਰਦੀਆਂ ਤੇ ਇਸੇ ਨੂੰ ਮੁਹੱਬਤ ਸਮਝ ਬਹਿੰਦੀਆਂ ਹਨ ਤੇ ਨਹੀਂ ਜਾਣਦੀਆਂ ਕਿ ਉਹ ਤਾਂ ਵਰਤੀਆਂ ਜਾ ਰਹੀਆਂ ਹਨ।ਇੱਕ ਦੋ ਕੇਸ ਅਜਿਹੇ ਵੀ ਆਏ ਕਿ ਇੱਕੋ ਸਮੇਂ ਤੇ ਇੱਕ ਮਰਦ ਵੱਲੋਂ ਕਈ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਹੈ ਤੇ ਜਦੋਂ ਇੱਕ ਪੀੜਤ ਔਰਤ ਦੂਜੀ ਨਾਲ ਗੱਲ ਕਰਦਿਆਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਦੀ ਹੈ ਤਾਂ ਉਹ ਇਸ ਨੂੰ ਜਲਣ ਦਾ ਨਾਂਮ ਦੇ ਕੇ ਅਣਗੌਲਿਆਂ ਕਰ ਰਹੀ ਹੈ। ਇਹ ਸਭ ਮੇਰੇ ਵਰਗੇ ਇਨਸਾਨ ਲਈ ਪਰੇਸ਼ਾਨੀ ਦਾ ਕਾਰਨ ਬਣਦਾ ਹੈ ਕਿਉਂਕਿ ਜਿੱਥੇ ਅਸੀਂ ਔਰਤ ਹੱਕਾਂ ਦੀ ਲੜਾਈ ਲੜ ਰਹੇ ਹੁੰਦੇ ਹਾਂ ਓਥੇ ਈ ਕਮਜ਼ੋਰ ਮਾਨਸਿਕਤਾ ਕਰਕੇ ਸਾਨੂੰ ਇਹ ਵੀ ਸੁਨਣ ਨੂੰ ਮਿਲਦਾ ਹੈ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ ।

ਇੱਕ ਦੋ ਕੇਸਾਂ ਵਿੱਚ ਤਾਂ ਮੈ ਅਜਿਹਾ ਵੀ ਦੇਖਿਆ ਕਿ ਮਰਦ ਸੋਸ਼ਲ ਮੀਡੀਆ ਜ਼ਰੀਏ ਕੁਝ ਔਰਤਾਂ ਨੂੰ ਮਿਲੇ , ਮਗਰੋਂ ਨਿੱਜੀ ਤੌਰ ਤੇ ਮਿਲੇ , ਜਿਸਮਾਨੀ ਸੰਬੰਧ ਸਥਾਪਿਤ ਕੀਤੇ ਅਤੇ ਹਮੇਸ਼ਾ ਲਈ ਗਾਇਬ ਹੋ ਗਏ । ਇਹ ਕਿਸੇ ਵੀ ਤਰਾਂ ਮੁਹੱਬਤ ਦੀ ਇਬਾਰਤ ਨਹੀਂ ਹੋ ਸਕਦੀ । ਬਲਕਿ ਕੁਝ ਥਾਂਵਾਂ ਤੇ ਗਰਭਵਤੀ ਹੋਣ ਤੱਕ ਦੇ ਹਾਲਾਤ ਵੀ ਬਣੇ।

ਕਾਰਨ ਜੋ ਵੀ ਰਹੇ ਹੋਣ , ਨਤੀਜੇ ਬੇਹੱਦ ਘਿਨੌਣੇ ਹਨ। ਅਜਿਹੇ ਪਾਸੇ ਤੁਰਨ ਲੱਗਿਆ ਪਹਿਲਾਂ ਕਦਮ ਚੁੱਕਣ ਤੋ ਪਹਿਲਾਂ ਉਸ ਦਾ ਨਤੀਜਾ ਜ਼ਰੂਰ ਵਿਚਾਰੋ , ਜੇ ਕੋਈ ਲੋੜ ਤੋ ਵੱਧ ਤੁਹਾਡੇ ਨਾਲ ਨੇੜਤਾ ਵਧਾ ਰਿਹਾ ਹੈ ਤਾਂ ਉਸਨੂੰ ਸਮਾਂ ਰਹਿੰਦਿਆਂ ਵਰਜੋ । “Learn to say ‘NO’”
ਜੇ ਕੋਈ ਤੁਹਾਡੀ ਭਾਵੁਕਤਾ ਦਾ ਫ਼ਾਇਦਾ ਉਠਾ ਰਿਹਾ ਹੈ ਤਾਂ ਚੌਕੰਨੇ ਹੋਵੋ। ਆਪਣੀ ਨਿੱਜੀ ਤਕਲੀਫ਼ ਸਿਰਫ ਓਥੇ ਸਾਂਝੀ ਕਰੋ ਜਿੱਥੋਂ ਉਮੀਦ ਹੋਵੇ ਕਿ ਹੱਲ ਮਿਲ ਸਕੇਗਾ , ਨਹੀਂ ਤਾਂ ਤੁਸੀ ਵਰਤੇ ਜਾਓਂਗੇ । ਇਸ ਸਭ ਦੌਰਾਨ ਨਾ ਸਿਰਫ ਮਾਨਸਿਕ ਪਰੇਸ਼ਾਨੀ ਵਧੇਗੀ ਬਲਕਿ ਸਮਾਜ ਵਿੱਚ ਬਦਨਾਮੀ ਵੱਖਰੀ ਖੱਟੋਂਗੇ। ਸੂਝ ਨਾਲ ਚੱਲਣਾ ਹੀ ਇੱਕ ਹੱਲ ਹੈ , ਲੋੜ ਹੋਵੇ ਤਾਂ ਮਨੋਵਿਗਿਆਨਿਕ ਦਾ ਸਹਾਰਾ ਲਿਆ ਜਾ ਸਕਦਾ ਹੈ। ਜੇ ਕੋਈ ਇੱਕ ਪੀੜਤ ਦੂਜੀ ਉਸ ਔਰਤ ਨੂੰ ਸਮਝਾ ਰਹੀ ਹੈ ਜੋ ਅਜੇ ਨਿਸ਼ਾਨੇ ਤੇ ਹੈ ਤਾਂ ਉਸਨੂੰ ਜ਼ਰੂਰ ਸੁਣੋ ਕਿਉਂਕਿ ਉਹ ਜਲਣ ਨਹੀਂ ਥੋਡੀ ਜ਼ਿੰਦਗੀ ਬਚਾਉਣਾ ਹੁੰਦਾ ਹੈ । ਸਮਾਜ ਨੂੰ ਰਹਿਣਯੋਗ ਬਣਾਉਣ ਲਈ ਨਰੋਈ ਮਨੁੱਖਤਾ ਦਾ ਹੋਣਾ ਬੇਹੱਦ ਜ਼ਰੂਰੀ ਹੈ ।

 

Total Views: 130 ,
Real Estate