ਕਰਫਿਊ ਦੌਰਾਨ ਐਸ.ਐਸ.ਪੀ ਬਰਨਾਲਾ ਵੱਲੋਂ ਕੀਤੇ ਜਾ ਰਹੇ ਇੱਕਠਾਂ ਦੀ ਮੀਡੀਆ ‘ਚ ਹੋਣ ਲੱਗੀ ਚਰਚਾ

ਰਾਧਾ ਸੁਆਮੀ ਸਤਸੰਗ ਘਰ ਵਿੱਚ ਹਜਾਰਾਂ ਔਰਤਾਂ-ਮਰਦਾਂ ਦਾ ਇਕੱਠ ਕਰਕੇ ਵੰਡਿਆ ਗਿਆ ਰਾਸਨ

ਬਰਨਾਲਾ,  19 ਅਪਰੈਲ (ਜਗਸੀਰ ਸਿੰਘ ਸੰਧੂ) : ਬਰਨਾਲਾ ਦੇ ਐਸ.ਐਸ.ਪੀ ਸ੍ਰੀ ਸੰਦੀਪ ਗੋਇਲ ਵੱਲੋਂ ਬੀਤੇ ਦਿਨ ਰਾਧਾ ਸੁਆਮੀ ਸਤਸੰਗ ਘਰ ਬਰਨਾਲਾ ਵਿੱਚ ਹਜਾਰਾਂ ਔਰਤਾਂ ਅਤੇ ਮਰਦਾਂ ਦੇ ਕੀਤੇ ਗਏ ਇਕੱਠ ਦੀ ਮੀਡੀਆ ਵਿੱਚ ਚਰਚਾ ਹੋਣ ਲੱਗੀ ਹੈ ਕਿ ਪੰਜਾਬ ਵਿੱਚ ਕਰਫਿਊ ਅਤੇ ਦਫਾ 144 ਲੱਗੀ ਹੋਣ ਦੇ ਬਾਵਜੂਦ ਕਾਨੂੰਨ ਨੇ ਐਸ.ਐਸ.ਪੀ ਸਾਹਿਬ ਨੂੰਂ ਇਸ ਤਰ•ਾਂ ਵੱਡੇ ਇੱਕਠ ਦੀ ਕੇਹੜੀ ਛੋਟ ਦਿੱਤੀ ਹੋਈ ਹੈ।  ਜਦੋਂ ਤੋਂ ਦੇਸ਼ ਵਿੱਚ ਲਾਕ ਡਾਊਨ ਹੋਇਆ ਹੈ ਅਤੇ ਪੰਜਾਬ ਵਿੱਚ ਕਰਫਿਊ ਲਗਾਇਆ ਗਿਆ ਹੈ, ਉਦੋਂ ਤੋਂ ਹੀ ਬਰਨਾਲਾ ਦੇ ਐਸ.ਐਸ.ਪੀ ਬਰਨਾਲਾ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕ ਕਰਨ ਦਾ ਕੰਮ ਕਰ ਰਹੇ ਹਨ। ਇਸ ਮੰਤਵ ਲਈ ਉਹਨਾਂ ਵੱਲੋਂ ਇੱਕ ਸਪੈਸ਼ਲ ਬੱਸ ਤਿਆਰ ਕੀਤੀ ਗਈ ਹੈ, ਜਿਸ ਉਪਰ ਕੋਰੋਨਾ ਵਾਇਰਸ ਤੋਂ ਬਚਾਓ ਅਤੇ ਬਰਨਾਲਾ ਪੁਲਸ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਅਖਬਾਰਾਂ ਵਿੱਚ ਲੱਗੀਆਂ ਖਬਰਾਂ ਦੇ ਵੱਡੇ ਵੱਡੇ ਫਲੈਕਸ ਲਗਾਏ ਹੋਏ ਹਨ। ਇਸ ਤੋਂ ਇਲਾਵਾ ਕੁੱਝ ਸਮਾਜ ਸੇਵੀ ਸੰਸਥਾਵਾਂ ਦੀ ਮਦੱਦ ਨਾਲ ਰਾਸ਼ਨ ਵੀ ਵੰਡਿਆ ਜਾ ਰਿਹਾ ਹੈ। ਇਸ ਮਕਸਦ ਨੂੰ ਲੈ ਕੇ ਪੁਲਸ ਵੱਲੋਂ ਵੱਖ-ਵੱਖ ਪਿੰਡਾਂ ਅਤੇ ਗਰੀਬ ਬਸਤੀਆਂ ਵਿੱਚ ਲੋਕਾਂ ਨੂੰ ਇੱਕਠਾ ਕੀਤਾ ਜਾਂਦਾ ਹੈ ਅਤੇ ਫਿਰ ਐਸ.ਐਸ.ਪੀ ਸਾਹਿਬ ਉਹਨਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਰੋਨਾ ਵਾਇਰਸ ਦੀ ਭਿਆਨਕਤਾ ਅਤੇ ਕਰੋਨਾ ਤੋਂ ਬਚਣ ਦੇ ਤਰੀਕੇ ਆਦਿ ਦੱਸੇ ਜਾਂਦੇ ਹਨ। ਕੋਰੋਨਾ ਵਾਇਰਸ ਤੋਂ ਬਚਾਓ ਲਈ ਹੱਥ ਧੋਣ ਦੀ ਵਿਸ਼ੇਸ਼ ਟਰੇਨਿੰਗ ਵੀ ਦਿੱਤੀ ਜਾਂਦੀ ਹੈ। ਇਸ ਦੌਰਾਨ ਪੁਲਸ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਇਕੱਤਰ ਕੀਤੇ ਜਾਂਦੇ ਲੋਕਾਂ ਵਿੱਚ ਸ਼ੋਸ਼ਲ ਡਿਸਟੈਂਸ ਰੱਖਣ ਦਾ ਵੀ ਵਿਸੇਸ਼ ਖਿਆਲ ਰੱਖਿਆ ਜਾਂਦਾ ਹੈ। ਅਜਿਹੇ ਕੁਝ ਪ੍ਰੋਗਰਾਮਾਂ ਦੌਰਾਨ ਐਸ.ਐਸ.ਪੀ ਸਾਹਿਬ ਨੇ ਲੋਕਾਂ ਨੂੰ ਅਖਬਾਰ ਨਾ ਪੜਨ ਦਾ ਸੰਦੇਸ਼ ਵੀ ਦੇ ਦਿੱਤਾ ਸੀ, ਜਿਸ ਦਾ ਜਦੋਂ ਪੱਤਰਕਾਰ ਭਾਈਚਾਰੇ ਨੇ ਸਖਤ ਵਿਰੋਧ ਕੀਤਾ ਤਾਂ ਐਸ.ਐਸ.ਪੀ ਇਸ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਪਤਾ ਲੱਗਿਆ ਹੈ ਕਿ ਬੀਤੇ ਦਿਨੀ ਸਥਾਨਿਕ ਸੇਖਾ ਰੋਡ ਦੇ ਵਸਨੀਕਾਂ ਨੂੰ ਜਾਗਰੂਕ ਕਰਨ ਅਤੇ ਰਾਸ਼ਨ ਵੰਡਣ ਸਬੰਧੀ ਇੱਕ ਪ੍ਰੋਗਰਾਮ ਟਰਾਈਡੈਂਟ ਫੈਕਟਰੀ ਦੇ ਸਾਹਮਣੇ ਰਾਏਕੋਟ ਰੋਡ ‘ਤੇ ਪੈਂਦੇ ਰਾਧਾ ਸੁਆਮੀ ਸਤਸੰਗ ਘਰ ਵਿੱਚ ਰੱਖਿਆ ਗਿਆ, ਜਿਥੇ ਹਜਾਰਾਂ ਦੀ ਗਿਣਤੀ ਵਿੱਚ ਔਰਤਾਂ ਅਤੇ ਮਰਦਾਂ ਦੇ ਇੱਕਠ ਨੂੰ ਐਸ.ਐਸ.ਪੀ ਸਾਹਿਬ ਨੇ ਸੰਬੋਧਨ ਕੀਤਾ ਅਤੇ ਫਿਰ ਉਹਨਾਂ ਨੂੰ ਰਾਸ਼ਨ ਵੀ ਵੰਡਿਆ ਹੈ। ਦੂਸਰੇ ਪਾਸੇ ਕਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀਆਂ ਦਾ ਕਹਿਣਾ ਹੈ ਕਿ ਜਦੋਂ ਕਰੋਨਾ ਵਾਇਰਸ ਕਰਕੇ ਗੁਰਦੁਆਰਾ ਸਾਹਿਬਾਨ ਅਤੇ ਮੰਦਰਾਂ ਵਿੱਚ ਇੱਕਠ ਕਰਨ ‘ਤੇ ਪਾਬੰਦੀ ਲੱਗੀ ਹੋਈ ਹੈ ਤਾਂ ਫਿਰ ਰਾਧਾ ਸੁਆਮੀ ਸਤਸੰਗ ਘਰ ਵਿੱਚ ਅਜਿਹਾ ਇੱਕਠ ਕਰਕੇ ਰਾਸ਼ਨ ਵੰਡਣਾ ਡੇਰਾਵਾਦ ਨੂੰ ਉਤਸਾਹਿਤ ਕਰਨਾ ਹੀ ਹੈ। ਇਸੇ ਤਰ•ਾਂ ਐਸ.ਐਸ.ਪੀ ਸਾਹਿਬ ਦੇ ਇਹਨਾਂ ਪ੍ਰੋਗਰਾਮਾਂ ਨੂੰ ਲੈ ਕੇ ਰਾਜਸੀ ਗਲਿਆਰਿਆਂ ਘੁਸਰ ਮੁਸਰ ਹੋ ਰਹੀ ਹੈ, ਜਦੋਕਿ ਮੀਡੀਆ ਵਿੱਚ ਵੀ ਇਹ ਪ੍ਰੋਗਰਾਮ ਦੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਕਰਫਿਊ ਅਤੇ ਦਫਾ 144 ਲੱਗੇ ਹੋਣ ਦੇ ਬਾਵਜੂਦ ਅਜਿਹੇ ਇੱਕਠ ਕਰਨ ਸਬੰਧੀ ਜਦੋਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਤੇਜਪ੍ਰਤਾਪ ਸਿੰਘ ਫੂਲਕਾ ਨਾਲ ਗੱਲ ਕੀਤੀ ਤਾਂ ਉਹਨਾਂ ਗੋਲ ਮੋਲ ਜਵਾਬ ਦਿੰਦਿਆਂ ਕਿਹਾ ਕਿ ਕਰਫਿਊ ਤੇ ਦਫਾ 144 ਤਾਂ ਸਾਰਿਆਂ ਲਈ ਹੀ ਲੱਗੀ ਹੋਈ ਹੈ, ਇਸ ਤਰ•ਾਂ ਕੋਈ ਵੀ ਇੱਕਠ ਕਿਵੇਂ ਕਰ ਸਕਦਾ ਹੈ। ਮੈਂ ਤਾਂ ਇਸ ਸਬੰਧੀ ਕੋਈ ਪਤਾ ਨਹੀਂ ਹੈ, ਮੈ ਹੁਣ ਇਸ ਗੱਲ ਦੀ ਪੜਤਾਲ ਕਰਵਾ ਲੈਂਦਾ ਹਾਂ ਕਿ ਕੀ ਸਚਮੁੱਚ ਹੀ ਕਿਤੇ ਇਹੋ ਜਿਹੇ ਇੱਕਠ ਹੋ ਰਹੇ ਹਨ?

Total Views: 214 ,
Real Estate