ਗਾਇਕਾਂ , ਬਾਦਲਾਂ ਅਤੇ ਨਸ਼ਵਾਰ ਨਾਲ ਮਸ਼ਹੂਰ ਹੈ ਗਿੱਦੜਬਾਹਾ

 

ਗਿੱਦੜਬਾਹਾ ਬਾਰੇ 2010 ਵਿੱਚ ‘ਦ ਸੰਡੇ ਇੰਡੀਅਨ ‘ ਲਈ ਇੱਕ ਸਟੋਰੀ ਕਵਰ ਕੀਤੀ ਸੀ , ਇੰਨਬਿੰਨ ਹੁਣ ਫਿਰ ਅਪਲੋਡ ਕਰ ਰਹੇ ਹਾਂ – ਸੁਖਨੈਬ ਸਿੰਘ ਸਿੱਧੂ

ਗਿੱਦੜਬਾਹਾ ਸ਼ਬਦ ਜਿਹਨ ਵਿੱਚ ਆਉਂਦਿਆਂ ਹੀ ‘ਪੰਜ ਫੋਟੋ ਨਸਵਾਰ’ ਦੀ ਡੱਬੀ ਅਤੇ ਗੁਰਦਾਸ ਮਾਨ ਦੀਆਂ ਤਸਵੀਰਾਂ ਅੱਖਾਂ ਅੱਗੇ ਘੁੰਮਣ ਲੱਗਦੀਆਂ ਹਨ । ਗੁਰਦਾਸ ਮਾਨ , ਹਾਕਮ ਸੂਫੀ, ਅਸੋਕ ਮਸਤੀ ਅਤੇ ਦੀਪਕ ਢਿੱਲੋਂ ਪੰਜਾਬੀ ਸੰਗੀਤ ਜਗਤ ਦੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਨਾਂਮ ਹਨ ਇਹਨਾਂ ਸਾਰਿਆਂ ਦਾ ਬਚਪਨ ਅਤੇ ਜਵਾਨੀ ਗਿੱਦੜਬਾਹਾ ਦੀਆਂ ਗਲੀਆਂ ਵਿੱਚ ਗੁੱਜਰੀ ਸ਼ਾਇਦ ਇੱਥੇ ਬੀਤੇ ਬਚਪਨ ਦੇ ਦਿਨਾਂ ਨੂੰ ਚੇਤੇ ਕਰਦਿਆਂ ਗੁਰਦਾਸ ਮਾਨ ਨੇ ਲਿਖਿਆ ਹੋਣਾ , “ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ’। ਨਸਵਾਰ ਦੀ ਪੰਜਾਬ ਸਥਿਤ ਸਭ ਤੋਂ ਵੱਡੀ ਉਦਯੋਗਿਕ ਇਕਾਈ ਹੋਣ ਕਰਕੇ ਇਹ ਕਸਬਾ ਸਮੁੱਚੇ ਭਾਰਤ ,ਚੀਨ ਅਤੇ ਨੇਪਾਲ ਤੱਕ ਆਪਣੀ ਮਜਬੂਤ ਪਹੁੰਚ ਬਣਾ ਚੁੱਕਾ ਹੈ। ਨਸਵਾਰ ਦੇ ਕਾਰੋਬਾਰ ਨਾਲ ਨੇੜਿਓ ਜੁੜੇ ਸੁਧੀਰ ਕੁਮਾਰ ਦੱਸਦੇ ਹਨ ਕਿ ਇੱਥੇ ਨਸਵਾਰ ਦਾ ਕਾਰੋਬਾਰ ਸ਼ੁਰੂ ਹੋਏ ਨੂੰ ਇੱਕ ਸਦੀ ਤੋਂ ਜਿ਼ਆਦਾ ਸਮਾਂ ਹੋ ਗਿਆ ਹੈ । ਸੰਨ 1900 ਦੇ ਆਸਪਾਸ ਇੱਥੋਂ ਸਿੱਧ ਪੁਰਸ ਬਾਬਾ ਗੰਗਾ ਰਾਮ ਨੇ ਆਪਣੇ ਸਰਧਾਲੂ ਖੇਤੂ ਰਾਮ ਨੂੰ ਨਸਵਾਰ ਦਾ ਕਾਰੋਬਾਰ ਕਰਨ ਦੀ ਸਲਾਹ ਦਿੱਤੀ ਸੀ। ਉਦੋਂ ਹਜ਼ਰੋਂ ਜਿ਼ਲ੍ਹਾ ਪਿਸ਼ੌਰ ( ਹੁਣ ਪਾਕਿਸਤਾਨ ) ਵਿੱਚ ਨਸਵਾਰ ਦਾ ਕਾਰੋਬਾਰ ਹੁੰਦਾ ਸੀ । ਖੇਤੂ ਰਾਮ ਨੇ ਆਪਣੀ ਫਰਮ ‘ਖੇਤੂ ਰਾਮ ਬਿਸੰਭਰ ਦਾਸ’ ਦੇ ਨਾਂਮ ਹੇਠ ਇੱਥੇ ਨਸਵਾਰ ਬਣਾਉਣ ਦਾ ਕਾਰੋਬਾਰ ਸੁਰੂ ਕੀਤਾ । ਉਹਨਾਂ ਨੇ ਤੰਬਾਕੂ ਵਿੱਚ ਸੁਗੰਧੀਆਂ ਮਿਲਾ ਕੇ ਪਹਿਲਾਂ ਤੋਂ ਮਾਰਕੀਟ ਵਿੱਚ ਪ੍ਰਚਲਿਤ ਨਸਵਾਰ ਨਾਲੋਂ ਵੱਖਰੀ ਕਿਸਮ ਵਿਕਸਤ ਕਰ ਕੇ ਪੁੜੀਆਂ ਵਿੱਚ ਪਾ ਕੇ ਵੇਚਣੀ ਸੁਰੂ ਕੀਤੀ । ਦਿਨੋ ਦਿਨ ਵੱਧਦੀ ਮੰਗ ਨੂੰ ਦੇਖਦਿਆਂ ਹੋਇਆ ਉਹਨਾਂ ਨੇ 1915 ਵਿੱਚ ਆਪਣੀ ‘ ਪੰਜ ਫੋਟੋ ਨਸਵਾਰ ‘ ਨਾਮਕ ਬਰਾਂਡ ਮਾਰਕੀਟ ਵਿੱਚ ਲਿਆਂਦਾ । ਇਸ ਮਗਰੋਂ ਇਹ ਇਲਾਕੇ ਪੂਰੇ ਭਾਰਤ ਵਿੱਚ ਨਸਵਾਰ ਦੇ ਕਾਰੋਬਾਰ ਵਿੱਚ ਮੋਹਰੀ ਹੋ ਨਿਬੜਿਆ ।ਬੇਸੱ਼ਕ ਇਸ ਵਿੱਚ ਵਰਤਿਆਂ ਜਾਣ ਵਾਲਾ ਤੰਬਾਕੂ ਆਦਿ ਕੱਚਾ ਮਾਲ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਆਉਂਦਾ ਹੈ ਪਰ ਇਸਨੂੰ ਇੱਥੇ ਤਿਆਰ ਕਰਕੇ ਦੇਸ਼ ਅਤੇ ਵਿਦੇਸ਼ ਵਿੱਚ ਭੇਜਿਆ ਜਾਂਦਾ ਹੈ ।
ਗਿੱਦੜਬਾਹਾ ਨਸਵਾਰ ਉਦਯੋਗ ਯੂਨੀਅਨ ਦੇ ਪ੍ਰਧਾਨ ਸੁਧੀਰ ਅਰੋੜਾ ਦੱਸਦੇ ਹਨ ਕਿ ਪੰਜਾਬ ਵਿੱਚ ਇਸਦੀ ਕੋਈ ਬਹੁਤੀ ਮੰਗ ਨਹੀਂ ਪਰ ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਤੋਂ ਬਿਨਾ ਨੇਪਾਲ ਅਤੇ ਚੀਨ ਨੂੰ ਗਿੱਦੜਬਾਹਾ ਤੋਂ ਨਸਵਾਰ ਸਪਲਾਈ ਕੀਤੀ ਜਾਂਦੀ ਹੈ । ਹੁਣ ਇੱਥੇ 22 ਛੋਟੀਆਂ – ਵੱਡੀਆਂ ਉਦਯੋਗਿਕ ਇਕਾਈਆਂ ਨਸਵਾਰ ਤਿਆਰ ਕਰ ਰਹੀਆਂ ਹਨ । ਤੰਬਾਕੂ , ਸੰਗਧਿਤ ਪਦਾਰਥਾਂ , ਮੈਥਾਈਲ ਅਤੇ ਤੇਲ ਬੀਜ ਤੋਂ ਤਿਆਰ ਪਾਊਡਰ ਵਰਗਾ ਇਹ ਪਦਾਰਥ ਪਹਿਲਾਂ ਨਜਲਾ / ਬੰਦ ਨੱਕ ਖੋਲਣ ਲਈ ਇਸ ਨੂੰ ਦਵਾਈ ਦੇ ਤੌਰ ਤੇ ਵਰਤਿਆ ਜਾਂਦਾ ਸੀ । ਇਸ ਨਾਲ ਸੁੰਘਣ ਨਾਲ ਨੱਕ ਖੁੱਲ ਜਾਂਦਾ ਹੈ । ਪਰ ਕੁਝ ਲੋਕੀ ਇਸ ਨੂੰ ਸੁੰਘਣ ਦੇ ਆਦੀ ਹਨ । ਪਰ ਹੁਣ ਇਸ ਵਰਤੋਂ ਵਿੱਚ ਕਾਫੀ ਫਰਕ ਪਿਆ ਕਿਉਂਕਿ ਬਜ਼ਾਰ ਵਿੱਚ ਹੋ ਕਈ ਤਰ੍ਹਾਂ ਦੇ ਵਿਕਲਪ ਆ ਗਏ ਹਨ ।
ਕਈ ਨਾਂਮੀ ਨਸਵਾਰ ਕੰਪਨੀਆਂ ਨਾਲ ਕੱਚਾ ਮਾਲ ਸਪਲਾਈ ਕਰਨ ਵਾਲੇ ਸੁਧੀਰ ਦਾਅਵਾ ਕਰਦੇ ਹਨ ਕਿ ਇਸਦੇ ਸੁੰਘਣ ਨਾਲ ਕੋਈ ਨੁਕਸਾਨ ਨਹੀਂ ਜਦਕਿ ਤੰਬਾਕੂ ਜਾਂ ਬੀੜੀ ਪੀਣ ਦੇ ਨੁਕਸਾਨ ਹਨ ਸਗੋਂ ਇਹ ਦੰਦਾਂ ਵਿੱਚੋਂ ‘ਪਾਈਰੀਆ’ ਨਾਮਕ ਬਿਮਾਰੀ ਨੂੰ ਖਤਮ ਕਰਦੀ ਹੈ । ਜਦਕਿ ਇਸ ਕੰਮ ਵਿੱਚ ਉਦਯੋਗਪਤੀਆਂ ਨੂੰ ਟੈਕਸ ਬਹੁਤ ਦੇਣਾ ਪੈਦਾ ਹੈ ਕਿਉਂਕਿ ਕੇਂਦਰ ਸਰਕਾਰ ਨੇ ਡਬਲਿਊ ਐਚ ਓ ਦੀਆਂ ਹਦਾਇਤਾਂ ਮੁਤਾਬਿਕ ਤੰਬਾਕੂ ਤੇ ਟੈਕਸ ਬਹੁਤ ਲਗਾਇਆ ਹੋਇਆ ਹੈ ।
ਪੰਜਾਹ ਫੋਟੋ ਨਸਵਾਰ ਦੇ ਮੈਨੇਜਰ ਸਿਆਮ ਸੁੰਦਰ ਦੱਸਦੇ ਹਨ ਕਿ ਇੱਥੇ ਗਿੱਦੜਬਾਹਾ ਵਿੱਚ ਦੋ ਫੋਟੋ , ਚਾਰ ਫੋਟੋ , 6 ਫੋਟੋ ਤੋਂ ਬਿਨਾ ਵੱਖ ਵੱਖ ਮਾਰਕੇ ਨਾਲ ਨਸਵਾਰ ਵਿਕ ਰਹੀ ਹੈ ਪਰ ਜੋ ਪ੍ਰਸਿੱਧੀ ਪੰਜ ਫੋਟੋ ਨੂੰ ਉਸਦੀ ਆਪਣਾ ਹੀ ਮੁਕਾਮ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀ ਜਮਾਤ ਦੀ ਪੁਸਤਕ ਵਿੱਚ ਲਘੂ ਉਦਯੋਗਾਂ ਵਾਲੇ ਅਧਿਆਇ ਵਿੱਚ ਗਿੱਦੜਬਾਹਾ ਦੀ ‘ ਪੰਜ ਫੋਟੋ ਨਸਵਾਰ’ ਦਾ ਜਿ਼ਕਰ ਹੁੰਦਾ ਸੀ । ਉਹ ਦੱਸਦੇ ਹਨ ਕਿ ਇਸ ਇੰਡਸਟਰੀ ਕੰਮ ਕਰਨ ਵਾਲੇ ਲਗਭਗ 100 ਘਰਾਂ ਦੇ 250 -300 ਮਜਦੂਰਾਂ ਨੂੰ ਇੱਥੇ ਪੱਕਾ ਰੁਜਗਾਰ ਮਿਲਿਆ ਹੋਇਆ ਹੈ। ਉੱਤਰ ਪ੍ਰਦੇਸ਼ ਤੋਂ ਆ ਕੇ ਇੱਥੇ ਵਸੇ ਕਈ ਪਰਿਵਾਰ ਪੀੜੀ ਦਰ ਪੀੜੀ ਇੱਥੇ ਕੰਮ ਕਰ ਰਹੇ ਹਨ। ਇਸ ਕੰਮ ਵਿੱਚ ਆਦਮੀ ਅਤੇ ਔਰਤਾਂ ਨੂੰ ਰੁਜ਼ਗਾਰ ਪ੍ਰਾਪਤ ਹੁੰਦਾ ਹੈ। ਇਸ ਕੱਚੇ ਮਾਲ ਦੀ ਢੋਹ ਢੁਆਈ ਨਾਲ ਜਿੱਥੇ ਆਮ ਲੋਕਾਂ ਨੂੰ ਰੁਜਗਾਰ ਮਿਲਦਾ ਉੱਥੇ ਸਰਕਾਰ ਨੂੰ ਲੱਖਾਂ ਰੁਪਏ ਰੈਵੀਨਿਊ ਵਜੋਂ ਮਿਲਦੇ ਹਨ। ਸ਼ਹਿਰ ਵਿੱਚ ਸਭ ਤੋਂ ਪਹਿਲਾਂ ਆਪਣਾ ਕਾਰੋਬਾਰ ਕਰਨ ਵਾਲੀ ਫਰਮ ‘ਪੰਜ ਫੋਟੋ ਨਸਵਾਰ ’ ਦੇ ਮਾਲਕਾਂ ਨੇ ਹੁਣ ਆਪਣਾ ਟਿਕਾਣਾ ਦਿੱਲੀ ਵਿੱਚ ਤਬਦੀਲ ਕਰ ਲਿਆ ਹੈ ਅਤੇ ਇੱਥੇ ਉਹ ਇਮਾਰਤ ਦਾ ਕੁਝ ਹਿੱਸਾ ਹੀ ਇਸ ਗਵਾਹ ਰਹਿ ਗਿਆ ਹੈ।

ਪੰਜਾਬੀ ਸੰਗੀਤ ਸਨਅਤ ਦੇ ਇਤਿਹਾਸ ਵਿੱਚ ਗਿੱਦੜਬਾਹਾ ਕਸਬਾ ਆਪਣੀ ਅਮਿੱਟ ਛਾਪ ਛੱਡਦਾ ਹੈ। ਸਭ ਤੋਂ ਮਹਿੰਗਾ ਅਤੇ ਮਕਬੂਲ ਗਾਇਕ ਗੁਰਦਾਸ ਮਾਨ ਇਸੇ ਕਸਬੇ ਦਾ ਮੂਲ ਵਾਸੀ ਹੈ । ਪਹਿਲਾਂ ਉਨ੍ਹਾਂ ਦਾ ਪਰਿਵਾਰ ਪਿੰਡ ਗਿੱਦੜਬਾਹਾ ਵਿੱਚ ਰਹਿੰਦਾ ਸੀ ਪਰ ਹੁਣ ਮੰਡੀ ਵਿੱਚ ਰਹਿਣ ਲੱਗਾ ਹੈ। ਗੁਰਦਾਸ ਮਾਨ ਅੱਜ ਵੀ ਗਿੱਦੜਬਾਹਾ ਤੇ ਮਾਣ ਕਰਦਾ ਹੈ ਅਤੇ ਗਿੱਦੜਬਾਹਾ ਗੁਰਦਾਸ ਤੇ ਮਾਣ ਕਰਦਾ । ਫੁਰਸਤ ਦੇ ਪਲਾਂ ਦੌਰਾਨ ਗੁਰਦਾਸ ਆਪਣੇ ਪਿੰਡ ਆਉਂਦਾ ਤਾਂ ਉਸਦੇ ਪ੍ਰਸੰਸਾਂ ਦੀਆਂ ਭੀੜਾਂ ਲੱਗ ਜਾਂਦੀਆਂ ਹਨ । ਬੇਸ਼ੱਕ ਉਸਦੇ ਰਝੇਵੇ ਬਹੁਤ ਹਨ ਪਰ ਆਪਣੇ ਪਿੰਡ ਵਾਸੀਆਂ ਨਾਲ ਉਹ ਵਿਹਲ ਕੱਢ ਕੇ ਜਰੂਰ ਮਿਲਦਾ ਹੈ। ਦੂਰੋਂ -ਦੂਰੋਂ ਆਏ ਉਸਦੇ ਪ੍ਰਸੰਸਕ ਉਸਦੇ ਪੁਰਾਣੇ ਘਰ ਅਤੇ ਉਸਦੇ ਤਾਏ ਦੀ ਬੈਠਕ ( ਜਿੱਥੇ ਗੁਰਦਾਸ ਰਿਆਜ਼ ਕਰਦਾ ਹੁੰਦਾ ਸੀ) ਦੇ ਕਿਸੇ ਤੀਰਥ ਅਸਥਾਨ ਵਾਂਗ ਦਰਸ਼ਨ ਕਰਦੇ ਹਨ।
ਕਾਵਾਂ ਦੇ ਪੱਟੇ ਪਿੜ ਵਾਂਗੂੰ ਥਾਂ ਥਾਂ ਤੋਂ ਪੁੱਟੀਆਂ ਗਲੀਆਂ ਵਿੱਚ ਲੰਘ ਕੇ ਅਸੀਂ ਇੱਕ ਘਰ ਦੇ ਖੁੱਲੇ ਦਰਵਾਜੇ ਦੀ ਡੋਰਵੈੱਲ ਵਜਾ ਕੇ ਮੇਜਬਾਨ ਤੋਂ ਪਹਿਲਾਂ ਹੀ ਬੈਠਕ ਵਿੱਚ ਦਾਖਿਲ ਹੁੰਦੇ ਹਾਂ , ਅੰਦਰੋਂ ਅੱਖਾਂ ਮਲਦਾ ਗਾਇਕ ਹਾਕਮ ਸੂਫੀ ਨਿਕਲਦਾ । 31 ਮਾਰਚ ਨੂੰ ਹੋਈ ਆਪਣੀ ਰਿਟਾਇਰਮੈਂਟ ਮਗਰੋਂ ਸੂਫੀ ਹੁਣ ਆਪਣੀ ਮਰਜ਼ੀ ਨਾਲ ਸੌਦਾ -ਜਾਗਦਾ ਹੈ। ਟੀ ਐਸ ਆਈ ਨਾਲ ਗੱਲ ਕਰਦਿਆਂ ਉਹ ਗਿੱਦੜਬਾਹਾ ਦੀਆਂ ਗਲੀਆਂ ਅਤੇ ਆਪਣੇ ਸਾਥੀ ਗਾਇਕ ਗੁਰਦਾਸ ਦੀਆਂ ਸਾਂਝੀਆਂ ਗੱਲਾਂ ਸਾਡੇ ਪਾਠਕਾਂ ਲਈ ਸਾਂਝੀਆਂ ਕਰਦਾ ਆਖਦਾ ਹੈ, “ ਮੇਰਾ ਪੁਰਾਣਾ ਪਿੰਡ ਤਾਂ ਦੌਲਾ ਹੈ ਪਰ ਸਾਡੇ ਪੁਰਖੇ ਇੱਥੇ ਆ ਕੇ ਵਸੇ ਸਨ । ਬਾਕੀ ਸਾਰੀ ਦੁਨੀਆਂ ਆਬਾਦ ਹੋਗੀ ਇੱਥੋ ਲੋਕਾਂ ਦਾ ਘਰ ਤਾਂ ਪੱਕੇ ਪੈ ਗਏ ਪਰ ਗਲੀਆਂ ਦਾ ਹਾਲੇ ਵੀ ਉਹੀ ਹਾਲ ਹੈ। ਬਹੁਤ ਖੁਸ਼ੀ ਹੁੰਦੀ ਹੈ, ਜਦੋਂ ਲੋਕੀ ਸਾਨੂੰ ਅਤੇ ਸਾਡੇ ਪਿੰਡ ਨੂੰ ਸਤਿਕਾਰਤ ਨਜ਼ਰ ਨਾਲ ਦੇਖਦੇ ਹਨ। ਉਦੋਂ ਮਾਣ ਵੀ ਹੁੰਦਾ ਜਦੋਂ ਕਹਿੰਦੇ ਹਾਂ ਕਿ ਅਸੀਂ ਆਪਣੀ ਮਾਂ ਬੋਲੀ ਲਈ ਕੁਝ ਕੀਤਾ ਹੈ ਅਤੇ ਨਾਲ ਹੀ ਪਿੰਡ ਦਾ ਨਾਂਮ ਚਮਕਾਉਣ ਲਈ ਪਾਏ ਯੋਗਦਾਨ ਬਾਰੇ ਜਿ਼ਕਰ ਕਰਦਿਆਂ ਚਾਅ ਚੜ ਜਾਂਦਾ ਹੈ । ਪਰ ਮਾੜੀ ਕਿਸਮਤ ਸਾਡਾ ਪਿੰਡ ਵਿਕਸਤ ਨਹੀਂ ਹੋ ਸਕਿਆ ਸ਼ਹਿਰ ਥੋੜਾ ਜਿਹਾ ਵਿਕਸਤ ਹੋਇਆ ਹੈ। ”
ਗੁਰਦਾਸ ਨਾਲ ਆਪਣੇ ਪਿੰਡ ਦੀਆਂ ਗਲੀਆਂ ਦੀਆਂ ਯਾਦਾਂ ਸਾਂਝੀਆਂ ਕਰਦੇ ਦੱਸਦੇ ਹਨ ਸੂਫੀ ਦੱਸਦੇ ਹਨ ਕਿ ਬਚਪਨ ਵਿੱਚ ਗੁਰਦਾਸ ਨਾਲ ਖੇਡੀ ਹੋਲੀ ਨਹੀਂ ਭੁੱਲਦੀ , ਅਸੀਂ ਦੋ – ਦੋ ਕਿਲੋਮੀਟਰ ਤੱਕ ਹੋਲੀ ਖੇਡਦੇ ਭੱਜੇ ਫਿਰਦੇ ਸੀ, ਅੱਜ ਵਾਗੂੰ ਨਹੀਂ ਮੋਟਰ ਸਾਈਕਲਾਂ ਤੇ ਚੜ੍ਹ ਕੇ ਹੋਲੀ ਨਹੀਂ ਖੇਡਦੇ ਸੀ । ਜਾਂ ਫਿਰ ਅਸੀਂ ਸ਼ਮਸ਼ਾਨਘਾਟ ਵਿੱਚ ਜਾ ਕੇ ਗੀਤ ਗਾਉਣੇ । ਗੁਰਦਾਸ ਮੈਥੋਂ ਸੀਨੀਅਰ ਸੀ ਅਸੀਂ ਸਾਡੇ ਅਧਿਆਪਕ ਦਰਸ਼ਨ ਪਰਵਾਨਾ ਜੀ ਕੋਲ ਘੰਟਿਆਂ ਬੱਧੀ ਬੈਠੇ ਰਹਿਣਾ ।
ਇੱਕ ਹੋਰ ਯਾਦ ਸਾਂਝੀ ਕਰਦੇ ਸੂਫੀ ਦੱਸਦੇ ਹਨ ਕਿ ਸਾਡਾ ਇੱਕ ਦੋਸਤ ਕੁਲਵੰਤ ਦੰਦੀਵਾਲ ਦੁਬਈ ਤੋਂ ਟੇਪ ਰਿਕਾਰਡਰ ਲਿਆਇਆ ਸੀ , ਮੈ ਅਤੇ ਗੁਰਦਾਸ ਨੇ ਰਜਨੀਸ਼ ਆਸ਼ਰਮ ਵਾਲੀ ਥਾਂ ਤੇ ਆਪਣੀ –ਆਪਣੀ ਆਵਾਜ਼ ਵਿੱਚ ਕੰਪੇਅਰਿੰਗ ਕਰਨੀ ਫਿਰ ਉਸਨੂੰ ਸੁਣਨਾ ਸ਼ਾਇਦ ਇਹ ਸਾਡੇ ਲਈ ਪ੍ਰੇਰਨਾਦਾਇਕ ਮੌਕੇ ਸਨ ।
ਆਪਣੀ ਜਨਮ ਭੂਮੀ ਦਾ ਨਾਂਮ ਆਪਣੇ ਗੀਤ ਦਰਜ ਕਰਦਾ ਸੂਫੀ ਦੱਸਦਾ ਗੁਣਗੁਣਾਉਂਦਾ ਹੈ , “ ਆਜਾ ਪਿਆਰ ਦਾ ਸਿਖਾਵਾ ਤੈਨੂੰ ਢੰਗ ਸੱਜਣਾ।
ਮੰਡੀ ਗਿੱਦੜਬਾਹਾ ਦਾ ਮੈ ਮਲੰਗ ਸੱਜਣਾ ।”
ਮੇਲਾ ਯਾਰਾਂ ਦਾ , ਪਾਣੀ ਵਿੱਚ ਮਾਰਾਂ ਡੀਟਾਂ , ਕੋਕਾ , ਚਰਖੇ ਦੀ ਟੁੱਟ ਗਈ ਮਾਹਲ ਵਰਗੇ ਸਦਾਬਹਾਰ ਗੀਤ ਗਾਉਣ ਵਾਲਾ ਹਾਕਮ ਸੂਫੀ ਅਚਾਰੀਆਂ ਰਜਨੀਸ ਦਾ ਸੰਨਿਆਸੀ ਹੈ। ਇਸ ਚਿਣਗ ਤਹਿਤ ਉਸ ਨੇ ਰਜਨੀਸ਼ ਦੀ ਕਿਤਾਬ, “ ਮੈਂ ਮ੍ਰਿਤੂ ਸਿਖਾਉਂਦਾ ਹਾਂ ’ ਪੜ੍ਹਨ ਮਗਰੋਂ ਇੱਥੇ ਬਣੇ ‘ਰਜਨੀਸ ਆਸ਼ਰਮ’ ਨੂੰ ਦਿਨ ਰਾਤ ਮਿਹਨਤ ਕਰਕੇ ਨਵੀਂ ਦਿੱਖ ਦਿੱਤੀ । ਫਾਈਨ ਆਰਟਸ ਦੇ ਇਸ ਅਧਿਆਪਕ ਨੇ ਆਸ਼ਰਮ ਵਿੱਚ ਬਣੇ ਪਾਰਕ ਵਿੱਚ ਲੈਂਡ ਸਕੈਪਿੰਗ ਅਤੇ ਲੱਕੜੀ ਦਾ ਕੰਮ ਆਪਣੇ ਹੱਥੀ ਕੀਤਾ ਜੋ ਕਿ ਕਲਾ ਦਾ ਇੱਕ ਉੱਤਮ ਨਮੂਨਾ ਹੈ।
ਅਸੀਂ ਸੂਫੀ ਤੋਂ ਵਿਦਾ ਲੈਂਦਿਆਂ ਉਸਦਾ ਇੱਕ ਗੀਤ ਕਾਪੀ ਜਰੂਰ ਕਰ ਲੈਂਦੇ ਹਾਂ
ਊੜੇ ਦੀ ਕੋਈ ਕਦਰ ਨਾ ਕੀਤੀ ਵਕਤ ਦੀਆਂ ਸਰਕਾਰਾਂ
ਜੂੜੇ ਨੂੰ ਵੀ ਦੇਸ਼ ਨਿਕਾਲਾ ਦੇ ਦਿੱਤਾ ਸਰਦਾਰਾਂ
ਕਰਕੇ ਸੂਹਾ ਚਿਹਰਾ ਮੁੱਛ ਮਰੋੜੀ ਵੇ ਬਾਬਾ
ਵਿਰਸਾ ਭੱਜਿਆਂ ਜਾਂਦਾ ਅੱਗਿਓ ਮੋੜੀ ਵੇ ਬਾਬਾ

ਪੱਤਰਕਾਰ ਸਿ਼ਵਰਾਜ ਸਿੰਘ ਰਾਜੂ ਗਿੱਦੜਬਾਹਾ ਦੀਆਂ ਇਤਿਹਾਸਕ ਪਰਤਾਂ ਫਰੋਲਦੇ ਦੱਸਦੇ ਹਨ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਇੱਕ ਗੁਰਦੁਆਰਾ ਵੀ ਬਣਿਆ ਹੋਇਆ ਹੈ । ਇਹ ਕਥਾ ਪ੍ਰਚਲਿਤ ਹੈ ਕਿ ਗੁਰੂ ਗੋਬਿੰਦ ਸਿੰਘ ਖਦਰਾਣੇ ਦੀ ਢਾਬ ( ਮੁਕਤਸਰ) ਦੀ ਲੜਾਈ ਲੜ ਕੇ ਇੱਥੇ ਪਹੁੰਚੇ ਤਾਂ ਇਸ ਪਿਪਲੀ ਇਲਾਕੇ ਵਾਸੀਆਂ ਨੇ ਗੁਰੂ ਜੀ ਦੱਸਿਆ ਕਿ ਇੱਥੇ ਇੱਕ ਗਿੱਦੜ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕਰਦਾ ਹੈ ਗੁਰੂ ਜੀ ਦੇ ਆਦੇਸ਼ ਅਨੁਸਾਰ ਲੋਕ ਇੱਕ ਗਿੱਦੜੀ ਫੜ ਕੇ ਲਿਆਏ ਅਤੇ ਗੁਰੂ ਜੀ ਨੇ ਗਿੱਦੜ – ਗਿੱਦੜ ਦਾ ਵਿਆਹ ਕਰ ਦਿੱਤਾ ਜਿਸ ਮਗਰੋਂ ਇਸ ਇਲਾਕੇ ਨੂੰ ‘ਗਿੱਦੜਵਿਆਹਿਆ’ ਕਹਿਣ ਲੱਗੇ ਜੋਂ ਹੌਲੀ ਹੌਲੀ ਇਸ ਬਦਲ ਕੇ ‘ਗਿੱਦੜਬਾਹਾ’ ਪੈ ਗਿਆ । ਪਰ ਕੁਝ ਲੋਕ ਇੱਕ ਹੋਰ ਦੰਦ ਕਥਾ ਨੂੰ ਵੀ ਸੱਚ ਮੰਨਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਨਾਲ ਤਿੰਨ ਗਿੱਦੜਾਂ ਦੀ ਮੁਕਤੀ ਹੋਈ ਇਸ ਕਰਕੇ ਇਸਨੂੰ ਗਿੱਦੜਬਾਹਾ ਕਿਹਾ ਜਾਣ ਲੱਗਾ । ਉਪਰੋਕਤ ਦੋਵਾਂ ਕਥਾਵਾਂ ਦੇ ਬੇਸ਼ੱਕ ਕੋਈ ਠੋਸ ਸਬੂਤ ਨਹੀਂ ਮਿਲਦੇ ਪਰ ਗੁਰੂ ਜੀ ਇਸ ਸਥਾਨ ਪੜਾਅ ਕੀਤਾ ਇਹ ਗੱਲ ਇਤਿਹਾਸਕ ਨਜ਼ਰੀਏ ਤੋਂ ਬਹੁਤੀ ਸਹੀ ਜਾਪਦੀ ਹੈ। ਇਹ ਪਿੰਡ ਲਗਭਗ 300 ਸਾਲ ਪੁਰਾਣਾ ਹੈ । ਪਿੰਡ ਤੇ ਮੰਡੀ ਗਿੱਦੜਬਾਹਾ ਦੇ ਵਿਚਕਾਰ ਲੰਘਦੀ ਰੇਲਵੇ ਲਾਈਨ ਹੀ ਸਰਹੱਦ ਹੈ। ਕੁਝ ਲੋਕ ਪਿੰਡ ਗਿੱਦੜਬਾਹਾ ਨੂੰ ਪੁਰਾਣੀ ਮੰਡੀ ਵੀ ਕਹਿੰਦੇ ਹਨ । ਦਸੰਬਰ 1909 ਨੂੰ ਅੰਗਰੇਜ਼ ਅਧਿਕਾਰੀ ਮਿਸਟਰ ਬਲਟਿਨ ਨੇ ਮੌਜੂਦਾ ਗਿੱਦੜਬਾਹਾ ਸ਼ਹਿਰ ਦਾ ਨਿਰਮਾਣ ਕਾਰਜ ਕਰਵਾਇਆ ਸੀ । ਇਸ ਸ਼ਹਿਰ ਦੇ ਸ਼ਤਾਬਦੀ ਜਸ਼ਨ ਵੀ ਬੀਤੇ 9 ਦਸਬੰਰ ਨੂੰ ਮਨਾਏ ਗਏ । ਜਿਸ ਵਿੱਚ ਅਸ਼ੋਕ ਮਸਤੀ , ਗੁਰਦਾਸ ਮਾਨ ਤੋਂ ਇਲਾਵਾ ਸ਼ਹਿਰ ਦੀ ਨਾਂਮੀ ਸਾਹਿਤਕ ਸਮਾਜਿਕ ਅਤੇ ਰਾਜਨੀਤਕ ਹਸਤੀਆਂ ਸ਼ਾਮਿਲ ਸਨ ।
ਬਠਿੰਡਾ -ਮਲੋਟ ਰੋਡ ਸਥਿਤ ਇਹ ਮੁਕਤਸਰ ਜਿ਼ਲੇ ਦਾ ਅਵਿਕਸਤ ਕਸਬਾ ਹੈ। ਰਾਜ ਦੇ ਦੋ ਮੁੱਖ ਮੰਤਰੀਆਂ ਪਰਕਾਸ਼ ਸਿੰਘ ਅਤੇ ਸਵ: ਹਰਚਰਨ ਸਿੰਘ ਬਰਾੜ ਜੱਦੀ ਜਿਲ੍ਹ਼ੇ ਮੁਕਤਸਰ ਦਾ ਇਹ ਕਸਬਾ ਹਾਲੇ ਵੀ ਆਪਣੀ ਮਾੜੀ ਕਿਸਮਤ ਨੂੰ ਝੂਰਦਾ ਜਾਪਦਾ ਹੈ। ਬਾਦਲ ਪਰਿਵਾਰ ਨੂੰ ਇੱਥੋਂ ਵੋਟਰਾਂ ਨੇ ਕਈ ਵਾਰ ਜਿੱਤਾ ਕੇ ਵਿਧਾਨ ਸਭਾ ਭੇਜਿਆ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਜੱਦੀ ਹਲਕਾ ਹੋਣ ਕਰਕੇ ਬੇਸ਼ੱਕ ਸਿਆਸੀ ਖੇਮਿਆਂ ਵਿੱਚ ਗਿੱਦੜਬਾਹਾ ਦਾ ਨਾਂਮ ਗੂੰਜਦਾ ਹੈ । ਪਰ ਇੱਥੋਂ ਦੇ ਵਸਨੀਕਾਂ ਨੂੰ ਗਿਲਾ ਹੈ ਕਿ ਲਗਾਤਾਰ ਤਿੰਨ ਵਾਰ ਇੱਥੋਂ ਜਿੱਤ ਕੇ ਵਿਧਾਇਕ ਰਹਿ ਚੁੱਕੇ ਮੌਜੂਦਾ ਵਿੱਤ ਮੰਤਰੀ ਨੇ ਵੀ ਆਪਣੇ ਸ਼ਹਿਰ ਅਤੇ ਪਿੰਡ ਦੇ ਵਿਕਾਸ ਵੱਲ ਕੋਈ ਵਿਸੇ਼ਸ਼ ਧਿਆਨ ਨਹੀਂ ਦਿੱਤਾ । ਸ਼ਹਿਰ ਦੀਆਂ ਕੁਝ ਗਲੀਆਂ ਵਿੱਚ ਸੀਵਰੇਜ਼ ਪਾਉਣ ਦਾ ਕੰਮ ਬੀਤੇ ਸਾਲ ਤੋਂ ਚੱਲ ਤਾਂ ਰਿਹਾ ਹੈ ਪਰ ਖਤਮ ਕਦੋਂ ਹੋਊ ਲੋਕਾਂ ਨੂੰ ਇਸਦੀ ਬੇਸਬਰੀ ਨਾਲ ਉਡੀਕ ਹੈ। ਥਾਂ ਥਾਂ ਤੋਂ ਪੁੱਟੀਆਂ ਸੜਕਾਂ ਅਤੇ ਉਡਦੀ ਧੂੜ ਰਾਹਗੀਰਾਂ ਦਾ ਸਵਾਗਤ ਕਰਦੀ ਹੈ। ਫਿਰ ਗੁਰਦਾਸ ਮਾਨ ਗੀਤ ਮੱਲੋਮੱਲੀ ਜੁਬਾਨ ਤੇ ਆ ਜਾਂਦਾ ਹੈ , “ ਉੱਡਦੀ ਧੂੜ ਨੇ ਸਿਰ ਵਿੱਚ ਪੈਣਾ ਰੱਖ ਸਾਂਭ ਕੇ ਲਹਿੰਗਾ ’ । ਸ਼ਹਿਰ ਦੇ ਇੱਕ ਪਾਰਕ ਲਈ ਇੱਕ ਕਰੋੜ ਰੁਪਏ ਦੀ ਗਰਾਂਟ ਮਿਲਣ ਦੀਆਂ ਖ਼ਬਰਾਂ ਹਨ ਪਰ ਪਿੰਡ ਦੇ ਪਾਰਕ ਵਿੱਚ ਲੋਕਾਂ ਨੇ ਰੂੜੀਆਂ ਲਾਈਆ ਹੋਈਆਂ ਹਨ ਇਹ ਹੈ ਵਿੱਤ ਮੰਤਰੀ ਦੇ ਜੱਦੀ ਇਲਾਕੇ ਦਾ ਹਾਲ ।
ਪੱਤਰਕਾਰ ਕੁਲਭੂਸਨ ਗਰਗ ਸ਼ਹਿਰ ਵਾਸੀਆਂ ਦੀ ਮੁਸੀਬਤਾਂ ਦਾ ਵਰਨਣ ਕਰਦੇ ਆਖਦੇ ਹਨ ਕਿ ਬੇਸ਼ੱਕ ਇਹ ਵਿੱਤ ਮੰਤਰੀ ਦਾ ਇਲਾਕਾ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਇਲਾਕੇ ਦੇ ਵਿਕਾਸ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੱਤਾ ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਵਿਧਾਨ ਸਭਾ ਜਿੱਤੇ ਸਨ ਅਤੇ ਸਾਡਾ ਸ਼ਹਿਰ ਉਦਯੋਗਿਕ ਅਤੇ ਵਿਕਾਸ ਪੱਖੋ ਹਾਲੇ ਵੀ ਪੱਛੜਿਆ ਹੋਇਆ ਹੈ।
ਸ਼ਹਿਰ ਨਿਵਾਸੀਆਂ ਨੂੰ ਗਿਲਾ ਹੈ ਕਿ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਇਸ ਸ਼ਹਿਰ ਨੂੰ ਇੱਕ ਤੀਰਥ ਅਸਥਾਨ ਸਮਝਦੇ ਹੋਏ ਇੱਥੋਂ ਦੀ ਮਿੱਟੀ ਨੂੰ ਖੂਬਸੂਰਤ ਮਰਤਬਾਨਾਂ ਵਿੱਚ ਭਰਕੇ ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ ਤੇ ਲੈ ਕੇ ਗਏ ਤਾਂ ਜੋਂ ਆਪਣੇ ਹਲਕੇ ਦੀ ਮਿੱਟੀ ਦੇ ਰੋਜਾ਼ਨਾ ਦਰਸ਼ਨ ਕਰ ਸਕਣ ਪਰ ਇੱਥੋਂ ਦੇ ਮਿੱਟੀ ਨਾਲ ਮਿੱਟੀ ਹੁੰਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ ਭਾਵੇਂ ਉਹ ਚਾਰ ਵਾਰ ਮੁੱਖ ਮੰਤਰੀ ਬਣ ਗਏ। ਕੀ ਬਾਦਲ ਪਰਿਵਾਰ ਆਪਣੇ ਜੱਦੀ ਵੋਟਰਾਂ ਦਾ ਇਹ ਗਿਲ੍ਹਾ ਦੂਰ ਕਰੇਗਾ ਇਹ ਸਮਾਂ ਦੱਸੇਗਾ ।

Total Views: 141 ,
Real Estate