ਕਮੀਨ (ਕਹਾਣੀ)-ਅੰਮ੍ਰਿਤਾ ਪ੍ਰੀਤਮ

ਵੀਰਾਂ ਦਾ ਪਿਓ ਕਰਮ ਚੰਦ ਹੁਰਾਂ ਦੇ ਖੇਤ ਵਿਚ ਕਾਮਾ ਹੁੰਦਾ ਸੀ ਤੇ ਜਦੋਂ ਉਹ ਮੋਇਆ , ਵੀਰਾਂ ਮਸੇਂ ਕੁਛੜੋਂ ਲੱਥ ਕੇ ਰਿੱੜਨ ਜੋਗੀ ਹੋਈ ਸੀ । ਵੀਰਾਂ ਦਾ ਪਿਓ ਭਰ ਜਵਾਨੀ ਦੀ ਮੌਤ ਮੋਇਆ ਸੀ , ਜਿਸ ਲਈ ਇਕ ਵਾਰੀ ਤਾਂ ਸਾਰੇ ਪਿੰਡ ਦਾ ਦਿਲ ਵੀਰਾਂ ਦੀ ਜਵਾਨ – ਜਹਾਨ ਮਾਂ ਦੇ ਦੁੱਖ ਵਿਚ ਪੰਘਰ ਉੱਠਿਆ ਸੀ । ਕਿਸੇ ਨੇ ਕਪੜਾ , ਕਿਸੇ ਨੇ ਦਾਣੇ ਕਿਸੇ ਨੇ ਕਪਾਹ ਢੋ – ਢੋ ਕੇ ਵੀਰਾਂ ਦੀ ਮਾਂ ਨੂੰ ਆਉਂਦੇ ਸਿਆਲ ਦਾ ਬਾਨਣੂ੍ ਬੰਨ੍ਹ ਦਿੱਤਾ ।
ਕੋਈ ਆਂਹਦਾ ਹੈ , ਵੀਰਾਂ ਦਾ ਪਿਓ ਛੀਂਬਿਆ ਦਾ ਪੁੱਤਰ ਸੀ ਤੇ ਕੋਈ ਆਂਹਦਾ ਸੀ ਜੁਲਾਹਿਆਂ ਦਾ । ਇਕ ਵਾਰ ਜਦੋਂ ਪਿੰਡਾਂ ਵਿਚ ਭਾਰੀ ਤਾਊਨ ਪਈ ਸੀ , ਉਸਦੇ ਵੱਡਿਆਂ ਦਾ ਘਰ ਜਿਵੇਂ ਹੂੰਝਿਆ ਗਿਆ ਸੀ , ਤੇ ਉਹ ਆਪਣੇ ਨਸੀਬਾਂ ਨੂੰ ਘਰ ਦੀ ‘ਕੱਲੀ ਨਿਸ਼ਾਨੀ ਰਹਿ ਗਿਆ ਸੀ । ਤੇ ਫਿਰ ਉਹ ਜਿਨ੍ਹਾਂ ਚਿਰ ਜੀਵਿਆ ਕਰਮ ਚੰਦ ਦੇ ਖੇਤਾਂ ਵਿਚ ਕਾਮਾ ਬਣ ਕੇ ਰਿਹਾ । ਪਿੰਡ ਦੀਆਂ ਤੀਵੀਆਂ ਵੀਰਾਂ ਦੀ ਮਾਂ ਨੂੰ ਚੌੰਕੇ – ਚੁੱਲ੍ਹੇ ਦਾ ਕੰਮ ਨਹੀਂ ਸਨ ਦੱਸਦੀਆਂ , ਪਰ ਉਸ ਨੂੰ ਕਰਮ ਚੰਦ ਹੁਰਾਂ ਦੇ ਘਰ ਵਿਚ ਤੇ ਹੋਰ ਉਰ੍ਹਾਂ – ਪਰਾਂਹ ਦਾਣੇ ਛੜਨ ਦਾ ਚੌਖਾ ਕੰਮ ਮਿਲ ਗਿਆ ਸੀ । ਕਰਮ ਚੰਦ ਦੀ ਤੀਵੀਂ ਵੀਰਾਂ ਦੀ ਮਾਂ ਕੋਲੋਂ ਕੱਪੜਾ ਲੱਤਾ ਧੁਆ ਲੈਂਦੀ , ਚਰਖਾ ਕਤਵਾ ਲੈਂਦੀ ਤੇ ਹੋਰ ਉਸ ਨੂੰ ਕਿੰਨੇ ਨਿੱਕੇ – ਮੋਟੇ ਕੰਮ ਦੱਸ ਦੇਂਦੀ । ਕਰਮ ਚੰਦ ਦੀ ਤੀਵੀਂ ਹੱਥ ਦੀ ਘੁੱਟਵੀਂ ਨਹੀਂ ਸੀ ਜਿਸ ਲਈ ਵੀਰਾਂ ਨੂੰ ਰੋਜ਼ ਦੁੱਧ ਦਾ ਘੁੱਟ ਵੀ ਮਿਲ ਜਾਂਦਾ ਤੇ ਉਹਦੀ ਮਾਂ ਕਦੇ ਕੱਪੜੇ – ਲੱਤੇ ਤੋਂ ਵੀ ਸੌੜੀ ਨਾ ਹੁੰਦੀ ।
ਕਰਮ ਚੰਦ ਨੇ ਮੰਨਤਾਂ ਮੰਨ – ਮੰਨ ਕੇ ਰੱਬ ਕੋਲੋਂ ਪਿਛਲੀ ਉਮਰੇ ਇਕ ਪੁੱਤਰ ਲੱਭਾ ਸੀ । ਡਾਢੀਆਂ ਰੀਝਾਂ ਨਾਲ ਉਸ ਨੇ ਪੁੱਤਰ ਦਾ ਨਾਂ ਰੂਪ ਚੰਦ ਰੱਖਿਆ ਸੀ । ਹੋਰ ਰੂਪ ਚੰਦ ਦੀ ਨਾਂ ਕੋਈ ਭੈਣ ਸੀ ਨਾ ਕੋਈ ਭਰਾ । ਰੂਪ ਦੀ ਮਾਂ ਰੂਪ ਨੂੰ ਲਡਿਆਂਦੀ ਆਂਹਦੀ ਹੁੰਦੀ ਸੀ , ” ਇਹੋ ਮੇਰਾ ਪਲੇਠੀ ਤੇ ਇਹੋ ਪੇਟ ਘਰੋੜਾ । “
ਵੀਰਾਂ ਰੂਪ ਚੰਦ ਤੋਂ ਕੋਈ ਸੱਤ – ਅੱਠ ਵਰ੍ਹੇ ਛੋਟੀ ਸੀ । ਉਹ ਖੇਡਣ ਲਈ ਉਸਦਾ ਹਾਣ ਨਹੀਂ ਸੀ ਪਰ ਕੱਲੇ – ਕਾਰੇ ਰੂਪ ਨੂੰ ਜਿਵੇਂ ਉਹ ਇਕ ਖਿਡੋਣਾ ਲੱਭ ਪਈ ਸੀ । ਰੂਪ ਰੋਟੀ ਖਾਣ ਲਗਦਾ ਵੀਰਾਂ ਨੂੰ ਆਵਾਜ਼ ਦੇ ਲੈਂਦਾ । ਕਦੇ ਸੇਵੀਆਂ ਦਾ ਬੁੱਕ ਉਸ ਦੇ ਹੱਥਾਂ ਉੱਤੇ ਪਾ ਦਿੰਦਾ , ਕਦੇ ਖੀਰ ਉਸ ਦੀ ਰੋਟੀ ਉੱਤੇ ਲੱਦ ਦੇਂਦਾ । ਤੇ ਰਾਤੀਂ ਮਾਂ ਜਦੋਂ ਕਾੜ੍ਹਨੀ ਦਾ ਦੁੱਧ ਮਲਾਈ ਭਰ ਕੇ ਰੂਪ ਦੇ ਅੱਗੇ ਧਰਦੀ , ਉਹ , ਜਿਵੇਂ ਇਕਲੌਤੇ ਧੀਆਂ ਪੁੱਤਰ ਕਰਦੇ ਹਨ , ਦੁੱਧ ਤੋਂ ਮੂੰਹ ਭੁਆ ਲੈਂਦਾ । ਮਾਂ ਫੇਰ ਵੀਰਾਂ ਨੂੰ ਲੱਭਦੀ , ਉਸ ਨੂੰ ਵੀ ਉਸ ਦੀ ਕਟੋਰੀ ਵਿਚ ਦੁੱਧ ਪਾ ਦੇਂਦੀ ਤੇ ਫੇਰ ਉਹ , ” ਵੇਖਾਂ ਭਲਾਂ ਕਿਹੜਾ ਡੀਕ ਲਾ ਕੇ ਪੀਂਦਾ ਏ …… ਅੱਖੀਂ ਮੀਟੀ ਕੌਣ ਪੀਵੇਗਾ ….।” ਸੌ ਸੌ ਪੱਜ ਕਰਦੀ ਤਾਂ ਮਸਾਂ ਕੀਤੇ ਕੁਝ ਰੂਪ ਦੇ ਸੰਘੋ ਲਹਿੰਦਾ ।
ਉਸ ਦੀਆਂ ਸ਼ਰੀਕਣੀਆਂ ਕਈ ਵਾਰ ਉਸ ਨੂੰ ਸੁਣਾਉਂਦੀਆਂ, ” ਤੂੰ ਏਸ ਕਮੀਣ ਕੁੜੀ ਨੂੰ ਕਿਹਾ ਹਿਲਾ ਛੱਡਿਆ ਏ । ਜੋ ਵੀ ਤੇਰਾ ਪੁੱਤਰ ਖਾਵੇ , ਬਰਾਬਰ ਉਹਦੇ ਨਾਲ ਖਾਂਦੀ ਏ । ਲੋਕ ਪੁੱਤਰਾਂ ਨੂੰ ਅੰਦਰ ਵੜ ਕੇ ਖੁਆਂਦੇ ਨੇ ਕਿ ਇੰਝ ਖਾਧਾ – ਪੀਤਾ ਨਸ਼ਰ ਕਰਦੇ ਨੇ ……? “
” ਨੀ ਉਹ ਜਾਣੇ .. ਮੈਂ ਏਸ ਮੂੰਹ ਜੋਗੀ ਕਿੱਥੇ ਸਾਂ ….. ਕਿਸੇ ਪੰਜ ਗਰਾਹੀ ਖਾਂਦਾ ਤੇ ਹੈ ਨਾ ….”
ਮਾਂ ਆਪਣੀਆਂ ਸ਼ਰੀਕਣੀਆਂ ਨੂੰ ਮੂੰਹ ਨਾ ਚੜ੍ਹਨ ਦੇਂਦੀ ।
ਵੀਰਾਂ ਨੂੰ ਨਾਵਾਂ ਵਰ੍ਹਾ ਚੜ੍ਹ ਪਿਆ । ਹੁਣ ਉਹ ਮਾਂ ਦੇ ਕੰਮਾਂ ਵਿਚ ਬਰਾਬਰ ਹੱਥ ਵਟਾਦੀਂ ਸੀ । ਆਪਣੇ ਘਰ ਉਸ ਦੀ ਮਾਂ ਜੋ ਭਾਂਡੇ ਮਾਂਜਦੀ ਹੁੰਦੀ , ਤਾਂ ਉਹ ਤੰਦੂਰ ਦੀ ਗਰਮ ਸੁਆਹ ਵਿਚ ਟਾਕੀ ਲਬੇੜ ਕੇ ਭਾਂਡਿਆਂ ਨੂੰ ਸੁੱਕਾ ਕਰਦੀ ਜਾਂਦੀ । ਤੇ ਜੇ ਸ਼ਾਹਣੀ ਦੇ ਘਰ ਉਸ ਦੀ ਮਾਂ ਕੱਪੜੇ ਧੋਂਦੀ ਹੁੰਦੀ ਤਾਂ ਉਹ ਨਿੱਕੇ ਕਪੱੜਿਆਂ ਨੂੰ ਛੱਡ – ਛੱਡ ਕੇ ਸੁੱਕਣੇ ਪੈਂਦੀ ਤੇ ਸੁੱਕਿਆਂ ਨੂੰ ਸਾਂਭਦੀ , ਅੰਦਰ ਸ਼ਾਹਣੀ ਦੀ ਮੰਜੀ ਉੱਤੇ ਤੈਹਾਂ ਲਾ ਆਓਂਦੀ । ਸ਼ਾਹਣੀ ਦੇ ਟੰਰਕਾਂ ਵਿਚ ਲੋੜ ਦੀਆਂ ਚੀਜ਼ਾਂ ਧਰ ਆਓਂਦੀ ਤੇ ਪੈਲੀਆਂ ਵਿਚੋਂ ਸਾਗ – ਪੱਤਰ ਤੋੜ ਲਿਆਓਂਦੀ ।
ਪੂਰੇ ਚਾਲ੍ਹੀ ਕਿੱਲੇ ਕਰਮ ਚੰਦ ਦੀ ਜ਼ਮੀਨ ਸੀ , ਪਿੰਡ ਵਿਚ ਨਿੱਕੀਆਂ ਇੱਟਾਂ ਦੀ ਕਿਲ੍ਹੇ ਜਿੱਡੀ ਹਵੇਲੀ ਸੀ ਤੇ ਬੂਹੇ ਉੱਤੇ ਤ੍ਰੈ ਲਵੇਰੇ ਬੱਝੇ ਹੋਏ ਸਨ । ਸੋਲ੍ਹਾਂ – ਸਤਾਰਾਂ ਵਰ੍ਹਿਆਂ ਦੇ ਰੂਪ ਨੂੰ ਹੁਣ ਕੁੜਮਾਈਆਂ ਢੁੱਕ ਢੁੱਕ ਆਉਂਦੀਆਂ ਸਨ ।
” ਮੈਂ ਨਹੀਂ ਜੋ ਲੋਕਾਂ ਨੂੰ ਬਹੁਤੇ ਫੇਰੇ ਪਵਾਣੇ । ਅੱਜ ਮੈਂ ਏਸ ਮੂੰਹ ਜੋਗੀ ਹੋਈ , ਤਾਂ ਲੋਕ ਮੇਰੀਆਂ ਦਲ੍ਹੀਜਾਂ ਤੇ ਚੜ੍ਹੇ । ਮਰ – ਮਰ ਕੇ ਮੈਂ ਪੁੱਤਰ ਲੱਭਾ ਏ । ਇੰਝ ਲੋਕਾਂ ਦੇ ਮੂੰਹ ਵਿਚ ਆ ਜਾਈਦਾ ਏ ਲੋਕ ਆਂਹਦੇ ਣੇ ਇਹ ਫਿੱਟ ਗਏ ਨੇ ………” ਇੰਝ ਕਰਮ ਚੰਦ ਦੀ ਤੀਵੀਂ ਕਰਮ ਚੰਦ ਨੂੰ ਆਂਹਦੀ ਰਹਿੰਦੀ । ਆਖ਼ਰ ਕਰਮ ਚੰਦ ਨੇ ਨਾਲ ਦੇ ਪਿੰਡ ਦੇ ਇਕ ਸਰਦੇ – ਪੁੱਜਦੇ ਘਰੋਂ ਗੁਡ ਦੀ ਰੋੜੀ ਤੇ ਪੰਜ ਰੁਪਈਏ ਲੈ ਲਏ ।
ਅਜੇ ਵਿਆਹ ਦੀ ਤਾਰੀਖ ਨਹੀਂ ਸੀ ਪਈ ਜਦੋਂ ਕਰਮ ਚੰਦ ਦੇ ਘਰ ਵਿਚ ਹੋਣੀ ਵਰਤ ਗਈ । ਰੂਪ ਦੀ ਮਾਂ ਦੋ ਦਿਨਾਂ ਦੇ ਤਾਪ ਨਾਲ ਉਸ ਦੁਨੀਆਂ ਤੋਂ ਟੁਰ ਗਈ । ਤੇ ਆਪ ਕਰਮ ਚੰਦ ਦੀਆਂ ਅੱਖਾਂ ਰਹੀ ਗਈਆਂ ।
ਵੀਰਾਂ ਦੀ ਮਾਂ ਨੇ ਆਪਣਾ ਅੰਗ ਪਾਲਿਆ ਤੇ ਘਰ ਨੂੰ ਇਸ ਤਰ੍ਹਾਂ ਸਾਂਭਦੀ – ਸਿਕਰਦੀ ਰਹੀ ਕਿ ਬੁੱਢੇ ਤੇ ਮੁਥਾਜ ਕਰਮ ਚੰਦ ਦੇ ਮੂੰਹੋ ਦਿਹਾੜੀ ਵਿਚ ਵੀਰਾਂ ਨੂੰ ਤੇ ਉਸਦੀ ਮਾਂ ਨੂੰ ਸੱਤ ਸੱਤ ਅਸੀਸਾਂ ਨਿਕਲਦੀਆਂ । ਰੋਟੀ ਟੁੱਕਰ ਕਰਨ ਵਾਸਤੇ ਉਨ੍ਹਾਂ ਨੇ ਪਿੰਡ ਦੀ ਇਕ ਮਹਿਰੀ ਨੂੰ ਲਾ ਲਿਆ ਸੀ ।
” ਵੀਰਾਂ ਧੀਏ ! ਮੇਰੀ ਸੋਟੀ ਤੇ ਫੜਾ ਜਾਈਂ ……ਕੀ ਚਾੜ੍ਹਿਆ ਜੇ ਅੱਜ ਵੀਰਾਂ ਧੀਏ…ਅੱਜ ਲੱਸੀ ਵਿਚ ਲੂਣ ਨਹੀਂ ਜੇ ਖੋਰਿਆ …. ਮੈਂ ਨਹੀਂ ਜੇ ਦੁੱਧ ਪੀਣਾ ਜਾਗ ਲਾ ਛੱਡੇ …..” ਭਾਂਵੇ ਇਹ ਕੰਮ ਉਸ ਮਹਿਰੀ ਤੀਵੀਂ ਨੇ ਕਰਨੇ ਹੁੰਦੇ ਸਨ ਪਰ ਪਲੇ – ਪਲੇ ਕਰਮ ਚੰਦ ਵੀਰਾਂ ਨੂੰ ਹੀ ਆਵਾਜ਼ਾਂ ਦੇਂਦਾ । ਉਹ ਕਰਮ ਚੰਦ ਦਾ ਹੱਥ ਫੜ ਕੇ ਉਸ ਨੂੰ ਪਸਾਰ ਵਿਚ ਲਿਆਉਂਦੀ ਤੇ ਜੇ ਉੱਥੇ ਪਾਲਾ ਹੁੰਦਾ ਉਸ ਦੀ ਮੰਜੀ ਅੰਦਰ ਕਰ ਦੇਂਦੀ । ਇੰਝ ਵੀਰਾਂ ਦੀ ਤੇ ਉਸਦੀ ਮਾਂ ਦੀ ਦਿਹਾੜ ਬੀਤ ਜਾਂਦੀ ।
ਸਾਰੇ ਲੋਕ ਆਂਹਦੇ ਸਨ ਤੇ ਕਰਮ ਚੰਦ ਆਪ ਵੀ ਆਂਹਦਾ ਸੀ , ” ਹੁਣ ਜਿਵੇਂ – ਕਿਵੇਂ ਰੂਪ ਦਾ ਵਿਆਹ ਕਰ ਛੱਡੀਏ ਸ਼ਰੀਕੇ ਵਿਚੋਂ ਰੂਪ ਚੰਦ ਦੀ ਇਕ ਤਾਈ ਸੱਤਾਂ ਹਸਾਨਾਂ ਨਾਲ ਰਹਿਣ ਵਾਸਤੇ ਆਈ ਤੇ ਘਰ ਵਿਚ ਰੂਪ ਦਾ ਵਿਆਹ ਰਚਿਆ ਗਿਆ ।
ਕੰਮਾਂ ਦਾ ਗਾਹੜ ਪੈ ਗਿਆ । ਵੀਰਾਂ ਦੀ ਮਾਂ ਪਲੇ – ਪਲੇ ਸ਼ਾਹਣੀ ਨੂੰ ਯਾਦ ਕਰਦੀ ਤੇ ਅੱਖਾਂ ਭਰ ਲੈਂਦੀ । ਵੀਰਾਂ ਵਿਆਹ ਦੇ ਕੰਮਾ ਵਿਚ ਉੱਡਦੀ ਫਿਰਦੀ ਸੀ ।
ਜੰਝ ਦੇ ਨਾਲ ਹੋਰ ਕੋਈ ਤੀਵੀਂ ਨਹੀਂ ਸੀ ਸਿਰਫ ਵੀਰਾਂ ਤੇ ਵੀਰਾਂ ਦੀ ਮਾਂ ਮੌਲੀ – ਮਹਿੰਦੀ ਤੇ ਹੋਰ ਸ਼ਗਨ ਦੀਆਂ ਚੀਜ਼ਾਂ ਲੈ ਕੇ ਗਈਆਂ ।
ਸ਼ਿੱਬੋ , ਰੂਪ ਦੀ ਹੋਣ ਵਾਲੀ ਵਹੁਟੀ ਦਾ ਨਾਂ ਸੀ । ਵੀਰਾਂ ਨੇ ਸਹੇਲੀਆਂ ਨੇ ਵਾਕੁਰ ਸ਼ਿੱਬੋ ਨੂੰ ਮਹਿੰਦੀ ਲਾਈ । ਤੇ ਜਦੋਂ ਸ਼ਿੱਬੋ ਦੀਆਂ ਪੇੱਕੀਆਂ ਸ਼ਿੱਬੋ ਨੂੰ ਵੱਟਨਾਂ ਮਲ – ਮਲ ਨੁਹਾਂਦੀਆਂ ਰਹੀਆਂ , ਵੀਰਾਂ ਬਰਾਬਰ ਉਨ੍ਹਾਂ ਦੇ ਨਾਲ ਗਾਉਂਦੀ ਰਹੀ । ਤੇ ਫੇਰ ਵੀਰਾਂ ਨੇ ਉਸ ਦੇ ਵਾਲਾਂ ਵਿਚ ਸੂਹਾ ਲਾਲ ਪਰਾਂਦਾ ਗੰਦਿਆ ।
ਸ਼ਿੱਬੋ ਦਾ ਬੁੱਕ ਭਾਰਾ ਸੀ , ਜਿਸ ਲਈ ਉਸਦਾ ਮਾਮਾ ਸਰ੍ਹੋਂ ਦਾ ਤੇਲ ਲਾ – ਲਾ ਕੇ ਉਸ ਨੂੰ ਚੂੜਾ ਚਾੜ੍ਹਦਾ ਰਿਹਾ । ਕਿੱਡੀਆਂ ਹੀ ਚੀਸਾਂ ਸ਼ਿੱਬੋ ਨਾ ਸਹੀ ਨਾ ਹੋਣ ਦਿੱਤੀਆਂ ਪਰ ਹੁਣ ਸੱਜੇ ਹੱਥ ਦੀਆਂ ਅਗਲੀਆਂ ਚੂੜੀਆਂ ਚਾੜ੍ਹਨ ਲਈ ਜਿਓਂ – ਜਿਓਂ ਉਸਦਾ ਮਾਮਾ ਜ਼ੋਰ ਲਾਂਦਾ ਸ਼ਿੱਬੋ ਦੇ ਹੱਥ ਉੱਤੇ ਲਾਸ ਢੂੰਘੀ ਹੁੰਦੀ ਜਾਂਦੀ ਤੇ ਮਾਸਉੱਭਰਦਾ ਆਓਂਦਾ ।
ਸ਼ਿੱਬੋ ਦੀ ਖੱਬੀ ਬਾਂਹ ਨੂੰ ਚੂੜਾ ਚੜ੍ਹ ਚੁੱਕਾ ਸੀ ਤੇ ਵੀਰਾਂ ਉਸ ਦੇ ਪਾਸੇ ਨਾਲ ਅੱਟੀ ਹੋਈ ਉਸ ਦੀ ਚੂੜੇ ਵਾਲੀ ਬਾਂਹ ਆਪਣੇ ਹੱਥਾਂ ਵਿਚ ਲੈ ਕੇ ਸ਼ਿੱਬੋ ਦੇ ਵੱਲ ਇੰਝ ਤੱਕਦੀ ਪਈ ਸੀ , ਜਿਵੇਂ ਉਸ ਦੇ ਕੋਲੋਂ ਸ਼ਿੱਬੋ ਦੀ ਝਾਲ ਨਾ ਝੱਲੀ ਜਾਂਦੀ ਹੋਵੇ ।
ਸ਼ਿੱਬੋ ਦਾ ਮਾਮਾ ਥੱਕ ਲੱਥਾ ਸੀ ਪਰ ਸੱਜੇ ਹੱਥ ਦੀਆਂ ਅਗਲੀਆਂ ਦੋ ਚੂੜੀਆਂ ਅਜੇ ਵੀ ਸ਼ਿੱਬੋ ਦੇ ਬੁੱਕ ਤੋਂ ਲੰਘੀਆਂ ਨਹੀਂ ਸਨ ਤੇ ਸ਼ਿੱਬੋ ਦੀਆਂ ਅੱਖਾਂ ਵਿਚ ਗ਼ਲੇਡੂ ਭਰ ਆਏ ਸਨ । ਆਖਰ ਚੂੜੀਆਂ ਨੇ ਮਾਸ ਦੇ ਉਭੱਰੇ ਵੱਟਾਂ ਨੂੰ ਪੀਚਿਆ ਤੇ ਬਾਂਹ ਵੱਲ ਨੂੰ ਤਿਲਕੀਆਂ , ” ਉਈ …” ਸ਼ਿੱਬੋ ਕੋਲੋਂ ਪੀੜ ਨਾ ਜਰੀ ਗਈ ਪਰ ਜਿਓਂ ਹੀ ਵੀਰਾਂ ਨੇ ਦੋਹਾਂ ਹੱਥਾਂ ਵਿਚ ਲੈ ਕੇ ਸ਼ਿੱਬੋ ਦੀ ਬਾਂਹ ਨੂੰ ਛਣਕਾਇਆ , ਸ਼ਿੱਬੋ ਨੂੰ ਮੱਲੋ ਮੱਲੀ ਹਾਸਾ ਆ ਗਿਆ ।
ਸ਼ਿੱਬੋ ਦੀਆਂ ਬਾਂਹਵਾ ਨਾਲ ਗਰੀਆਂ ਤੇ ਕੌਡੀਆਂ ਨਾਲ ਪਰੁਚੇ ਹੋਏ ਕਲੀਰੇ ਬੱਝ ਗਏ । ਵੀਰਾਂ ਨੇ ਚਿੱਟੀਆਂ ਤੇ ਗੁੱਟਕਣੀਆਂ ਕੌਡੀਆਂ ਨੂੰ ਮੁੜ ਛਣਕਾ ਕੇ ਤੱਕਿਆ ।
” ਆਹ ਲੈ ਖੋਪਾ ਤੇਰੇ ਸਿਰ ਉੱਤੇ ਮਾਰਨੀ ਆਂ , ਤੇਰੇ ਵਿਆਹ ਬੱਸ ਝੱਟ ਹੀ ਹੋ ਜਾਵੇਗਾ । ਤੇ ਫੇਰ ਤੂੰ ਇਹੋ – ਜਿਹਾ ਚੂੜਾ ਪਾਵੇਂਗੀ , ਇਹੋ ਜਿਹੇ ਕਲ੍ਹੀਰੇ ਬੰਨੇਗੀ ” ਸ਼ਿੱਬੋ ਨੇ ਹੱਸ ਹੱਸ ਕੇ ਜਿੱਥੇ ਆਪਣੀਆਂ ਹੋਰ ਕੰਵਾਰੀਆਂ ਸਹੇਲੀਆਂ ਦੇ ਸਿਰ ‘ ਤੇ ਵਾਰੋ ਵਾਰ ਕਲ੍ਹੀਰੇ ਦਾ ਖੋਪਾ ਮਾਰਿਆ ਉੱਥੇ ਵੀਰਾਂ ਦੇ ਸਿਰ ਉੱਤੇ ਦੋ ਵਾਰ ਖੋਪਾ ਧਰਿਆ ।
ਵੀਰਾਂ ਰੱਜ ਕੇ ਖੁਸ਼ ਸੀ । ਜਦੋਂ ਸ਼ਿੱਬੋ ਨੇ ਮੱਥੇ ਉੱਤੇ ਦੌਣੀ ਬੱਝੀ ਵੀਰਾਂ ਦੀਆਂ ਅੱਡੀਆਂ ਭੋਏਂ ‘ ਤੇ ਨਹੀਂ ਸਨ ਲੱਗਦੀਆਂ । ਉਹ ਪੱਬਾਂ ਦੇ ਭਾਰ ਹੋ – ਹੋ ਕੇ ਸ਼ਿੱਬੋ ਦੇ ਮੱਥੇ ਵੱਲ ਵੇਹਂਦੀ ਰਹੀ । ਆਖਰ ਡੋਲੀ ਤੁਰਨ ਦਾ ਵੇਲਾ ਹੋ ਪਿਆ । ਵੀਰਾਂ ਨੂੰ ਖਾਣ ਦੀ ਸੁੱਧ ਸੀ ਨਾ ਪੀਣ ਦੀ । ਉਸ ਨੂੰ ਜਿਵੇਂ ਅੱਜ ਕੁਝ ਲੱਭ ਪਿਆ ਸੀ ।
ਪੇਕੀਆਂ ਤੀਵੀਆਂ ਮੁੜ – ਮੁੜ ਸ਼ਿੱਬੋ ਦੇ ਗਲ ਮਿਲਦੀਆਂ । ਹੁਣ ਉਹ ਸਹੁਰਿਆਂ ਦੀ ਦੌਲਤ ਸੀ ਤੇ ਪੇਕਿਆਂ ਦੀ ਪ੍ਰਾਹੁਣੀ ਸੀ । ਨਿੱਕਿਆਂ ਅੰਜਾਣਿਆਂ ਨੂੰ ਵਹੁਟੀ ਬਣੀ ਸ਼ਿੱਬੋ ਦੇ ਕੋਲ ਢੁਕ – ਢੁਕ ਕੇ ਬਹਿਣ ਦਾ ਚਾਅ ਸੀ । ਪਰ ਵੀਰਾਂ ਨੂੰ ਜਾਪਦਾ ਸੀ ਹੁਣ ਸ਼ਿੱਬੋ ਉੱਤੇ ਉਸ ਦਾ ਸਾਰਿਆਂ ਤੋਂ ਬਹੁਤਾ ਹੱਕ ਸੀ । ਇਸ ਲਈ ਉਹ ਸ਼ਿੱਬੋ ਦੇ ਪਾਸੇ ਨਾਲ ਅੱਟੀ ਹੋਈ ਸੀ ।
ਸ਼ਿੱਬੋ ਦੀਆਂ ਸਹੇਲੀਆਂ ਉਸ ਦੇ ਕੰਨਾ ਵਿਚ ਪਤਾ ਨਹੀਂ ਕੀ – ਕੀ ਕਹਿਣਾ ਚਾਹੁੰਦੀਆਂ ਸਨ ਤੇ ਉਹਨਾਂ ਦਾ ਜੀਅ ਕਰਦਾ ਸੀ ਉਹ ਦੋ ਮਿੰਟ ਇੱਕਲੀਆਂ ਸ਼ਿੱਬੋ ਕੋਲ ਬਹਿਣ । ਆਖਰ ਇਕ ਸਹੇਲੀ ਨੇ ਡਾਢੇ ਰੋਹ ਨਾਲ ਆਖਿਆ , ” ਇਕ ਤੇ ਅਹਿ ਕਮੀਣ ਕੁੜੀ ਨਹੀਂ ਇਹਦੇ ਪਾਸੇ ਨਾਲੋਂ ਲਹਿੰਦੀ “।
ਵੀਰਾਂ ਦਾ ਮੂੰਹ ਲਹਿ ਗਿਆ ਤੇ ਉਹ ਚੁੱਪ – ਚਪੀਤੀ ਸ਼ਿੱਬੋ ਤੋਂ ਪਰ੍ਹਾਂ ਹਟ ਗਈ ।
ਨਾ ਸ਼ਿੱਬੋ ਨੇ ਚਾਰ ਦਿਨ ਪੀਹੜੇ ਉਤੇ ਬਹਿ ਕੇ ਤੱਕਿਆ ਤੇ ਨਾ ਗੋਟੇ ਨਾਲ ਜੜੇ ਹੋਏ ਕੱਪੜੇ ਹੰਢਾ ਕੇ ਵੇਖੇ । ਪੇਕੇ ਵੀ ਕਦੀ ਰੱਜ ਕੇ ਸ਼ਿੱਬੋ ਨੂੰ ਜਾਣਾ ਨਾ ਮਿਲਿਆ । ਭਾਵੇਂ ਉੱਤਲਾ ਕੰਮ ਵੀਰਾਂ ਦੀ ਮਾਂ ਹੀ ਕਰਦੀ ਸੀ ਪਰ ਰੋਟੀ – ਟੁੱਕਰ ਹੁਣ ਸ਼ਿੱਬੋ ਆਪ ਕਰਦੀ ਸੀ । ਮਹਿਰੀ ਉਹਨਾਂ ਨੇ ਲਾਹ ਛੱਡੀ ਸੀ । ਚਾਟੀਆਂ ਕੂਚਦੀ , ਦੁੱਧ ਜਮਾਂਦੀ ਤੇ ਲੱਸੀ ਰਿੜਕਦੀ ਸ਼ਿੱਬੋ ਦੀ ਦਿਹਾੜ ਲੰਘ ਜਾਂਦੀ । ਦੋ ਵੇਲੇ ਰੋਟੀ ਵੀ ਕਰਦੀ । ਫੇਰ ਦੁਪਿਹਰਾਂ ਵੇਲੇ ਚਰਖੇ ਨੂੰ ਚੋਪੜਦੀ , ਮਾਹਲ ਵੱਟਦੀ , ਨਵਾਂ ਬੀੜਾ ਪਾਂਦੀ ਤੇ ਜਾਂ ਕੋਈ ਮੂਹੜਾ ਜਾਂ ਪੱਛੀ ਉਣਦੀ , ਸ਼ਿੱਬੋ ਨੂੰ ਵਾਰ ਨਹੀਂ ਸੀ ਆਓਂਦਾ ।
ਕਰਮ ਚੰਦ ਗੱਲੇ – ਗੱਲੇ ਸ਼ਿੱਬੋ ਨੂੰ ਅਸੀਸਾਂ ਦੇਂਦਾ ਸੀ । ਪਰ ਵਰ੍ਹੇ ਉੱਤੇ ਵਰ੍ਹਾ ਪੈ ਚੱਲਿਆ ਸੀ ਪਤਾ ਨਹੀਂ ਸ਼ਿੱਬੋ ਨੂੰ ਕੋਈ ਅਸੀਸ ਲੱਗਦੀ ਕਿਓਂ ਨਹੀਂ ਸੀ । ਲੋਕ ਆਂਹਦੇ ਸਨ ,” ਥੁੜਾਂ ਵਾਲੇ ਘਰ ਮਾਲੂਮ ਕਿਓਂ ਹੋਣ ।”
ਵਾਹ ਲੱਗਦੇ ਵੀਰਾਂ ਸਾਰਿਆਂ ਕੰਮਾਂ ਵਿਚ ਸ਼ਿੱਬੋ ਦਾ ਹੱਥ ਵਟਾਂਦੀ ਸੀ ਤੇ ਵੀਰਾਂ ਦੀ ਮਾਂ ਘਰ ਦੀ ਸੱਸ ਮਾਂ ਵਾਕੁਰ ਸ਼ਿੱਬੋ ਦਾ ਦਰਦ ਕਰਦੀ ਸੀ । ਵੀਰਾਂ ਨੂੰ ਜੁਆਨੀ ਹਾੜ੍ਹ ਕੇ ਚੜ੍ਹਦੀ ਪਈ ਸੀ । ਵੇਲਨਿਆਂ ਵਾਂਗ ਉਸਦੀਆਂ ਬਾਂਹਵਾਂ ਗੁੰਦੀਆਂ ਗਈਆਂ ਸਨ , ਕਈ ਵਾਰ ਵੀਰਾਂ ਦੀ ਮਾਂ ਸ਼ਿੱਬੋ ਦੇ ਕੋਲ ਬਹਿੰਦੀ ਤੇ ਆਂਹਦੀ , ” ਪੱਲੇ ਚਾਰ ਕੌਡਾਂ ਵੀ ਨਹੀਂ , ਤੇ ਵੀਰਾਂ ਛੱਤ ਨੂੰ ਹੱਥ ਪਾਓਣ ਲੱਗ ਪਈ ਏ । “
” ਤੂੰ ਕਾਹਨੂੰ ਝੂਰਨੀ ਏਂ ਮਾਂ ! ਜਿੱਥੇ ਉਹਦੇ ਸੰਜੋਗ ਹੋਣਗੇ ……” ਸ਼ਿੱਬੋ ਹਮੇਸ਼ਾਂ ਉਸ ਦਾ ਦਿਲ ਰੱਖ ਲੈਂਦੀ ।
ਸ਼ਿੱਬੋ ਦੇ ਵਿਆਹ ਨੂੰ ਛੇਵਾਂ ਵਰ੍ਹਾ ਲੱਗ ਪਿਆ । ਅਸੀਸਾਂ ਦੇ ਦੇ ਕੇ ਵਿਚਾਰੇ ਕਰਮ ਚੰਦ ਦੀ ਜੀਭ ਸੁੱਕ ਗਈ ਸੀ ਤੇ ਹੁਣ ਉਹ ਆਪਣੀਂ ਉਮਰ ਦੇ ਆਖਰੀ ਸਾਹ ਗਿਣਦਾ ਪਿਆ ਸੀ ।
“ ਅੱਛਾ ਮੇਰੇ ਕਰਮਾਂ ਵਿਚ ਨਾ ਹੋਵੇਗਾ ….” ਵਿਚਾਰਾ ਕਰਮ ਚੰਦ ਆਖੀਰੀ ਸਾਹ ਕਹਿੰਦਾ ਰਿਹਾ ।
ਹੁਣ ਘਰ ਵਿਚ ਸ਼ਿੱਬੋ ਤੇ ਉਸ ਦਾ ਮਰਦ ਹੀ ਰਹਿ ਗਏ ਸਨ । ਸ਼ਰੀਕੇ ਵਾਲੇ ਘਰਾਂ ਵਿਚ ਲੋਕ ਮੂੰਹ ਜੋੜਨ ਲੱਗ ਪਏ ” ਜੀਵੇ ਰੂਪ ਚੰਦ —ਕੱਲ੍ਹ ਨੂੰ ਕਰਮ ਚੰਦ ਦਾ ਨਾਂ ਏਸ ਪਿੰਡ ਵਿਚ ਕਿਹਨੇ ਲੈਣਾ ਏਂ …. ਛੇ ਵਰ੍ਹੇ ਹੋ ਗਏ ਨੇ ….. ਰੱਬ ਨੇ ਦੇਣਾ ਹੁੰਦਾ ਤੇ ਪਹਿਲੇ ਦਿਨੋਂ ਹੀ ਨਾ ਦੇ ਦੇਂਦਾ … ਐਡੀਆਂ ਜ਼ਮੀਨਾਂ ….ਐਡੀਆਂ ਹਵੇਲੀਆਂ …..”
ਸ਼ਿੱਬੋ ਜਿਓਂ – ਜਿਓਂ ਘਰ ਨੂੰ ਬਣਾਂਦੀ , ਸੰਵਾਰਦੀ , ਭਾਂਡਿਆਂ ਦੇ ਮੂੰਹ ਲਿਸ਼ – ਲਿਸ਼ ਕਰਦੇ ਪਰ ਸ਼ਿੱਬੋ ਦਾ ਮੂੰਹ ਮੈਲਾ ਹੁੰਦਾ ਜਾਂਦਾ ਸੀ ।
ਰੂਪ ਚੰਦ ਨੇ ਕਦੇ ਉਸ ਨੂੰ ਕੁਝ ਨਹੀਂ ਸੀ ਆਖਿਆ । ਕਦੇ ਇਕ ਸੁਨੌਤ ਵੀ ਨਹੀਂ ਸੀ ਸੁੱਟੀ ਪਰ ਉਹ ਮਨ ਹੀ ਮਨ ਸੋਚਦੀ ” ਆਖਰ ਉਹ ਉਹਦਾ ਕਿੰਨਾ ਕੁ ਚਿਰ ਲਿਹਾਜ ਕਰੇਗਾ ? “
ਇਕ ਦਿਹਾੜੇ ਸ਼ਿੱਬੋ ਆਪਣੇ ਮਨ ਨੂੰ ਆਟੇ ਵਾਂਗ ਪੀਹ ਲਿਆ ਤੇ ਆਪਣੇ ਮਰਦ ਨੂੰ ਹੋਰ ਵਿਆਹ ਕਰ ਲੈਣ ਲਈ ਆਖਿਆ । ਰੂਪ ਚੰਦ ਜਿਓਂ – ਜਿਓਂ ਗੱਲ ਨੂੰ ਟਾਲਦਾ ਰਿਹਾ , ਸ਼ਿੱਬੋ ਹੋਰ ਵੀ ਖਹਿੜੇ ਪੈਂਦੀ ਰਹੀ ।
” ਤੂੰ ਮੇਰਾ ਦਿਲ ਲੈਨੀ ਏਂ …”
” ਮੇਨੂੰ ਕਿਸੇ ਦੀ ਸੰਹੁ ਪੁਆ ਲਵੋ ਜੇ ਮੈਂ ਸੱਚੇ ਦਿਲੋਂ ਨਾ ਆਂਹਦੀ ਹੋਵਾਂ ….”
” ਮੇਨੂੰ ਤੇ ਕੋਈ ਲੋੜ ਨਹੀਂ “
” ਸਾਰੀ ਉਮਰ ?”
” ਸਾਰੀ ਉਮਰ । ” ਤੇ ਰੂਪ ਚੰਦ ਬਾਹਰ ਖੇਤਾਂ ਨੂੰ ਤੁਰ ਗਿਆ । ਉਸ ਦਿਹਾੜੇ ਸ਼ਿੱਬੋ ਖੁਸ਼ ਸੀ । ਅਸਲ ਵਿਚ ਉਹ ਮਰਦ ਦਾ ਦਿਲ ਟੋਹਂਦੀ ਸੀ ਤੇ ਉਸ ਦੇ ਮੂੰਹੋਂ ਨਾਂਹ ਸੁਣ ਕੇ ਜਿਵੇਂ ਉਸ ਦੇ ਦਿਲ ਨੂੰ ਟੋਹਣੀ ਮਿਲ ਗਈ ਸੀ ।
ਵੀਰਾਂ ਨੂੰ ਭਰ ਜੁਆਨੀ ਚੜ੍ਹੀ ਸੀ । ਪਿਛਲੇ ਸਾਲ ਦੇ ਕੱਪੜੇ ਉਸ ਨੂੰ ਅੜਦੇ ਨਹੀਂ ਸਨ । ਵੀਰਾਂ ਦਾ ਰੰਗ ਕਣਕ – ਭਿਨਾਂ ਸੀ ਪਰ ਇਹ ਸੱਚ ਕਿ ਵੇਖਣ ਵਾਲੇ ਦੀ ਉਸ ਦੇ ਮੂੰਹ ਉੱਤੋਂ ਅੱਖ ਤਿਲਕ ਪੈਂਦੀ ਸੀ ।
ਵੀਰਾਂ ਦੀ ਮਾਂ ਸ਼ਿੱਬੋ ਨੂੰ ਮੁੜ – ਮੁੜ ਚੇਤੇ ਕਰਾਂਦੀ ” ਜਿਹਦੇ ਬੂਹੇ ਏਡੀ ਜਵਾਨ ਧੀ ਹੋਵੇ , ਉਹਨੂੰ ਰਾਤੀਂ ਨੀਂਦਰ ਨਹੀਂ ਪੈਂਦੀ ਧੀਏ ! ਤੂਏੰ ਇਹਦੇ ਸਿਰ ਉੱਤੇ ਹੱਥ ਰੱਖ….”
ਇਕ ਰਾਤ ਸ਼ਿੱਬੋ ਨੇ ਰੂਪ ਚੰਦ ਅੱਗੇ ਵੀਰਾਂ ਦੇ ਵਿਆਹ ਦੀ ਗੱਲ ਛੇੜੀ ਤੇ ਆਪਣੀ ਵਲੋਂ ਦੋ – ਤਿੰਨ ਮੁੰਡਿਆਂ ਦੀ ਦੱਸ ਪਾਈ । ਫੇਰ ਵੀਰਾਂ ਨੂੰ ਦੇਣ – ਲੈਣ ਵਲੋਂ ਕਈ ਗੱਲਾਂ ਕਰਦੀ ਰਹੀ । ਰਾਤ ਕਿੱਡੀ ਹੋ ਚੱਲੀ ਸੀ ਪਰ ਰੂਪ ਚੰਦ ਨਾ ਹੁੰਗਾਰਾ ਭਰਦਾ ਸੀ ਤੇ ਨਾ ਅਜੇ ਤੱਕ ਸੁੱਤਾ ਸੀ ।
” ਸ਼ਿੱਬੋ ? ” ਰੂਪ ਚੰਦ ਨੇ ਤ੍ਰਭਕ ਕੇ ਆਖਿਆ ।
” ਦੱਸੋ ।”
” ਇਕ ਵਾਰ ਤੂੰ ………” ਤੇ ਰੂਪ ਚੰਦ ਚੁੱਪ ਕਰ ਰਿਹਾ ।
” ਕੀ ਇਕ ਵਾਰ ਮੈਂ ” ………ਸ਼ਿੱਬੋ ਪੁੱਛਦੀ ਰਹਿ ਗਈ ਪਰ ਰੂਪ ਚੰਦ ਕਿਨਾਂ ਚਿਰ ਕੁਝ ਨਾ ਬੋਲਿਆ ।
” ਅੱਜ ਕਲ੍ਹ ਜਾਤਾਂ ਕੌਣ ਵੇਹਂਦਾ ਏ ਸ਼ਿੱਬੋ , ਜੇ ਵੀਰਾਂ …….. ” ਰੂਪ ਚੰਦ ਤੋਂ ਮਸਾਂ ਇਨਾਂ ਹੀ ਕਹਿਣ ਹੋਇਆ । ਸ਼ਿੱਬੋ ਨੂੰ ਸਮਝ ਕੁਝ ਨਾ ਪਈ ।
” ਵੀਰਾਂ ਸਾਰੀ ਉਮਰ ਤੇਰੀ ਟਹਿਲ ਕਰੇਗੀ ……..” ਫੇਰ ਜਿਵੇਂ ਅਬੱੜ – ਵਾਹੇ ਰੂਪ ਚੰਦ ਨੇ ਆਖਿਆ ।
ਹੁਣ ਸ਼ਿੱਬੋ ਨੂੰ ਸਮਝ ਪੈ ਗਈ ਤੇ ਉਹ ਆਪਣੇ ਮਰਦ ਦੇ ਮੂੰਹ ਵਲ ਤੱਕਦੀ ਦੀ ਤੱਕਦੀ ਰਹਿ ਗਈ ।
” ਵੀਰਾਂ …..” ਸ਼ਿੱਬੋ ਕੋਲੋਂ ਫੇਰ ਇਨਾਂ ਹੀ ਆਖ ਹੋਇਆ ਤੇ ਫੇਰ ਆਪਣੇ ਚੂੜੇ ਨਾਲ ਖੇਡਦੀ ਉਸ ਨੂੰ ਬਾਲੜੀ ਜਿਹੀ ਵੀਰਾਂ ਚੇਤੇ ਆ ਗਈ । ਤੇ ਫੇਰ ਸ਼ਿੱਬੋ ਨੂੰ ਚੇਤੇ ਆਇਆ ਕਿ ਉਸ ਨੇ ਵੀਰਾਂ ਨੂੰ ਦੋ ਵਾਰ ਖੋਪਾ ਮਾਰ ਕੇ ਆਖਿਆ ਸੀ , ” ਆਹ ਲੈ ਤੇਰਾ ਵਿਆਹ ਝੱਟ ਹੀ ਹੀ ਜਾਏਗਾ ।”
ਫੇਰ ਸ਼ਿੱਬੋ ਦੇ ਜੀਅ ਵਿਚ ਇਕ ਵਲ੍ਹੇਟ ਪਿਆ , ” ਵੀਰਾਂ ਤੂੰ ਉਦੋਂ ਹੀ ਕਿਓਂ ਨਾ ਚੂੜਾ ਚਾੜ੍ਹ ਲਿਆ ….ਤੂੰ ਉਦੋਂ ਹੀ ਕਿਓਂ ਨਾ ਇਹ ਮਹਿੰਦੀ ਲਾ ਲਈ —- ਤੋਂ ਉਦੋਂ ਹੀ ਕਿਓਂ ਇਹ ਕਲ੍ਹਿਰੇ ਬੰਨ ਲਏ….”
ਪਤਾ ਨਹੀਂ ਕਿਥੋਂ ਦੇ ਪੱਥਰ ਸ਼ਿੱਬੋ ਨੇ ਆਪਣੇ ਜੀਅ ਉੱਤੇ ਧਰ ਲਏ । ਉਂਜ ਵੀ ਉਹ ਸੋਚਦੀ ਸੀ ਜੇ ਮਰਦ ਆਪਣੀ ਆਈ ਉੱਤੇ ਆ ਜਾਏ ਤਾਂ ਉਹ ਭਲਾ ਉਸਦਾ ਕੀ ਕਰ ਸਕਦੀ ਸੀ । ਵੀਰਾਂ ਨਹੀਂ ਤੇ ਕੋਈ ਹੋਰ ਉਸ ਦੀ ਥਾਵੇਂ ਆ ਜਾਏਗੀ । ਨਾਲ ਦੇ ਪਿੰਡਾਂ ਵਿਚੋਂ ਕੇਹੜਾ ਸੀ ਜੁ ਆਪਣੀ ਧੀ ਨਹੀਂ ਸੀ ਦੇਣਾ ਚਾਹੁੰਦਾ …. ਜੇ ਹੋਰ ਕਿਸੇ ਆਓਣਾ ਏਂ ਤਾਂ ਵੀਰਾਂ ਹੀ ਸਹੀ ….. ਤੇ ਦਲੀਲਾਂ ਵਿਚ ਪੈ – ਪੈ ਕੇ ਸ਼ਿੱਬੋ ਨੇ ਵੀਰਾਂ ਦੀ ਮਾਂ ਕੋਲੋਂ ਵੀਰਾਂ ਮੰਗ ਲਈ ।
” ਹਾਏ ਮੈਂ ਮਰ ਜਾਂ । …… ਭਲਾ ਕਦੀ ਇੰਜ ਵੀ ਹੋਇਆ ਏ ….ਜਹੀ ਉਹ ……..” ਵੀਰਾਂ ਦੀ ਮਾਂ ਦੀ ਅਥੱਰ ਨਹੀਂ ਸੀ ਸੁੱਕਦੀ ਪਰ ਸ਼ਿੱਬੋ ਆਂਹਦੀ ਸੀ , “ ਜਿੱਥੇ ਦੀ ਵੀਰਾਂ ਦੀ ਲਿਖੀ ਹੋਈ ਏ …..”
ਦੂਜੇ ਕੰਨ ਉਸੇ ਵੇਲੇ ਖ਼ਬਰ ਹੋਈ ਜਦੋਂ ਵੀਰਾਂ ਨਿੱਕੀਆਂ ਇੱਟਾਂ ਦੀ ਹਵੇਲੀ ਵਿਚ ਵਹੁਟੀ ਬਣ ਕੇ ਆ ਗਈ ।
ਰੂਪ ਚੰਦ ਦੇ ਮੂੰਹ ਉੱਤੇ ਹੋਰ ਤੇ ਕਿਸੇ ਕੁਝ ਨਾ ਆਖਿਆ ਸਿਰਫ ਪਿੰਡ ਦੇ ਦੋ ਚਾਰ ਵੱਡਿਆਂ ਨੇ ਇਕ ਓਲਾਂਭੇ ਨਾਲ ਕਿਹਾ , ” ਰੂਪ ਚੰਦਾ ! ਭਲਾ ਤੂੰ ਉਂਗਲੀ ਕਰਦੋਂ ਤਾਂ ਕਿਸੇ ਨੇ ਤੇਨੂੰ ਉੱਚੇ ਘਰ ਦੀ ਧੀ ਨਹੀਂ ਸੀ ਦੇਣੀ ? ਤੂੰ ਕਮੀਣਾਂ ਦੀ ਧੀ ਵਿਆਹ ਲਈ ………”
” ਕੋਈ ਨਹੀਂ ਚਾਚਾ , ਅੱਜ ਕੱਲ੍ਹ ਜਾਤਾਂ ਕੌਣ ਵੇਹੰਦਾ ਏ ….” ਰੂਪ ਚੰਦ ਨੇ ਸਾਰਿਆਂ ਨੂੰ ਇੰਜ ਹੱਸ ਕੇ ਟਾਲ ਛੱਡਿਆ ।
ਕਈਆਂ ਨੇ ਉਭਾਸਰ ਕੇ ਤਾਂ ਕੁਝ ਨਾ ਕਿਹਾ ਪਰ ਆਲੇ ਟੋਲੇ ਕਰ ਕੇ ਰੂਪ ਚੰਦ ਦੇ ਘਰ ਦਾ ਲੱਸੀ ਪਾਣੀ ਛੱਡ ਦਿੱਤਾ ।
ਜਿਓਂ – ਜਿਓਂ ਸ਼ਿੱਬੋ ਦਾ ਮਨ ਕੰਮਾਂ ਵਿਚੋਂ ਮੁੱਕਦਾ ਜਾਂਦਾ ਸੀ । ਤਿਓਂ – ਤਿਓਂ ਵੀਰਾਂ ਪੈਸੇ – ਧੇਲੇ ਤੇ ਗਹਿਣੇ – ਗੱਟੇ ਦਾ ਸਾਂਭ – ਸਿੱਕਰ ਜ਼ੋਰੀਂ ਸ਼ਿੱਬੋ ਉੱਤੇ ਪਾਂਦੀ ਰਹਿੰਦੀ ਸੀ । ਉਂਜ ਉਸਨੇ ਸ਼ਿੱਬੋ ਕੋਲੋਂ ਸਾਰਾ ਖੇਚਲ ਵਾਲਾ ਕੰਮ ਆਪਣੇ ਜ਼ਿੰਮੇ ਲੈ ਲਿਆ ਸੀ । ਉਹ ਮੂੰਹ ਹਨ੍ਹੇਰੇ ਜਾਗਦੀ , ਖੁਰਚ ਖੁਰਚ ਕੇ ਅੰਦਰ ਬਾਹਰ ਧੋਂਦੀ ਤੇ ਨਿੱਕੇ – ਮੋਟੇ ਕੰਮ ਕਰਦੀ ਦੁਪਹਿਰਾਂ ਲਾਹ ਛੱਡਦੀ ।
ਵੀਰਾਂ ਦੇ ਹੱਥੀ ਅਜੇ ਚੂੜਾ ਨਹੀਂ ਸੀ ਮੈਲਾ ਹੋਇਆ ਜਦੋਂ 1947 ਚੜ੍ਹ ਪਿਆ ਤੇ ਸਾਰਿਆਂ ਪਿੰਡਾਂ ਵਿਚ ਫਸਾਦਾਂ ਦੀ ਅੱਗ ਲੱਗ ਪਈ । ਲੋਕ ਆਪਣੇ ਗੁਵਾਂਢੀਆਂ ਦੇ ਘਰ ਛੁਰਿਆਂ ਨੂੰ ਸਾਣ ਉਤੇ ਚੜ੍ਹਦਿਆਂ ਵੇਖਦੇ । ਲੋਕ ਛਵ੍ਹੀਆਂ ਨੂੰ ਮਾਂਜ ਮਾਂਜ ਕੇ ਅੰਦਰ ਧਰਦੇ । ਛੋਟੇ ਚਾਕੂ ਅਤੇ ਲੰਮੀਆਂ ਕਰਦਾਂ , ਗਾਜ਼ਰਾਂ ਤੇ ਮੂਲੀਆਂ ਵਾਕੁਰ ਵਿਕਦੀਆਂ । ਲੋਕਾਂ ਨੇ ਟੁੱਟੇ – ਭੁੱਜੇ ਸ਼ੀਸ਼ਿਆਂ ਦੀਆਂ ਕੰਕਰਾਂ ਇਕੱਠੀਆਂ ਕਰ ਲਈਆਂ ਤੇ ਸਾਬਣ ਵਿਚ ਪਾਣ ਵਾਲਾ ਸੋਢਾ ਘੋਲ ਘੋਲ ਕੇ ਲੋਕਾਂ ਨੇ ਭਾਂਡੇ ਭਰ ਲਏ । ਕਿਤੇ ਕੋਈ ਅੱਗ ਲਾਣ ਦਾ ਸਾਮਾਨ ਇਕੱਠਾ ਕਰਦਾ ਤੇ ਕਿਤੇ ਅੱਗ ਬੁਝਾਣ ਲਈ ਆਪਣੇ ਅੰਦਰ ਰੇਤ ਦੀਆਂ ਬੋਰੀਆਂ ਧਰਦਾ । ਤੀਵੀਆਂ ਨੇ ਤੋਲਾ ਤੋਲਾ ਅਫੀਮ ਦਾ ਕੰਨੀ ਨਾਲ ਬੰਨ੍ਹ ਛੱਡਿਆ ਸੀ।
ਅੱਗ ਅੰਦਰੇ – ਅੰਦਰ ਧੁਖਦੀ ਰਹੀ । ਫੇਰ ਧੂੰਏ ਉੱਚੇ ਹੁੰਦੇ ਗਏ ਤੇ ਫੇਰ ਅੱਖਾਂ ਦੇ ਸਾਹਮਣੇ ਲਾਟਾਂ ਬਲਣ ਲੱਗ ਪਈਆਂ । ਪਿੰਡਾਂ ਤੋਂ ਪਿੰਡਾਂ ਦੇ ਰਾਹ ਟੁੱਟ ਗਏ ਸਨ । ਜਿਥੇ ਕੋਈ ਹੈ ਸੀ , ਹੈ ਸੀ । ਦੂਜੇ ਦੀ ਸੂਰਤ ਲੈਣ ਜੋਗਾ ਕੋਈ ਨਹੀਂ ਸੀ । ਵੀਰਾਂ ਦੀ ਮਾਂ ਵੀਰਾਂ ਦੇ ਵਿਆਹ ਤੋਂ ਕੋਈ ਅੱਠ ਦਿਨ ਪਿਛੋਂ ਇਕ ਦੂਰ ਦੇ ਪਿੰਡ ਆਪਣੇ ਕਿਸੇ ਸਬੰਧੀ ਕੋਲ ਟੁਰ ਗਈ । ਹੁਣ ਉਸ ਨੂੰ ਆਪਣੀ ਧੀ ਦੇ ਘਰ ਰਹਿਣਾ ਚੰਗਾ ਨਹੀਂ ਸੀ ਲੱਗਦਾ । ਇਸ ਲਈ ਹਵੇਲੀ ਵਿਚ ਸ਼ਿੱਬੋ ਤੇ ਵੀਰਾਂ ਦੋਵੇਂ ਇੱਕਲੀਆਂ ਸਨ ।
ਸ਼ਰੀਕੇ ਦੇ ਦੋ ਘਰਾਂ ਨੇ , ਜਿਹਨਾਂ ਦੀ ਕੰਧ ਕਰਮ ਚੰਦ ਦੇ ਘਰ ਨਾਲ ਲੱਗਦੀ ਸੀ , ਉਸਦੀ ਪੱਕੀ ਹਵੇਲੀ ਵਿਚ ਠਾਹਰ ਲੈ ਲਈ । ਇਨ੍ਹਾਂ ਵਿਚੋਂ ਇਕ ਰੂਪ ਚੰਦ ਦਾ ਸ਼ਰੀਕੇ ਵਿਚ ਭਰਾ ਲੱਗਦਾ ਸੀ ਤੇ ਦੂਜਾ ਭਤੀਜਾ । ਭਰਾ ਨੇ ਆਪਣੇ ਤ੍ਰੈਵੇ ਬਾਲ ਆਪਣੀ ਇਕ ਭੈਣ ਕੋਲ ਲੁਧਿਆਣੇ ਘੱਲ ਛੱਡੇ ਸਨ ਤੇ ਆਪ ਦੋਵੇਂ ਜੀਅ ਆਪਣੇ ਘਰਾਂ – ਜ਼ਮੀਨਾਂ ਦੀ ਰਾਖੀ ਲਈ ਪਿੱਛੇ ਰਹਿ ਗਏ ਸਨ । ਭਤੀਜੇ ਦਾ ਵਿਆਹ ਵੀਰਾਂ ਦੇ ਵਿਆਹ ਤੋਂ ਮਸਾਂ ਮਹੀਨਾਂ ਅਗ੍ਦੋਂ ਹੋਇਆ ਸੀ ਤੇ ਉਸਦੀ ਵਹੁਟੀ ਦੇ ਹੱਥ ਵੀ ਅਜੇ ਦੰਦ – ਖੰਦ ਦਾ ਚੂੜਾ ਉਂਜੇ ਦਾ ਉਂਜੇ ਪਿਆ ਹੋਇਆ ਸੀ ।
ਮੁਸੀਬਤ ਨੇ ਤਿੰਨਾਂ ਘਰਾਂ ਨੂੰ ਇਕੱਠਿਆਂ ਕਰ ਦਿੱਤਾ ਸੀ , ਪਰ ਜ਼ਨਾਨੀਆਂ ਅਜੇ ਵੀ ਆਪਣਾ ਪਕਾਂਦੀਆਂ ਤੇ ਆਪੋ ਆਪਣਾ ਖਾਂਦੀਆਂ ਸਨ । ਵੀਰਾਂ ਆਪ ਵੀ ਵੱਸ ਲੱਗਦੇ ਚੌਂਕੇ ਵਲ ਨਾ ਜਾਂਦੀ । ਉਂਜ ਕਿਸੇ ਨੂੰ ਵੀਰਾਂ ਤੋਂ ਕੋਈ ਹੋਰ ਸ਼ਿਕਾਇਤ ਨਹੀਂ ਸੀ ।
ਕਿਆਮਤ ਦਾ ਦਿਨ ਇਸ ਤੋਂ ਅੱਗੇ ਹੋਰ ਕੋਈ ਨਹੀਂ ਸੀ ਆਓਣਾ ਰੂਪ ਚੰਦ ਦਾ ਸ਼ਰੀਕ ਭਰਾ ਬਾਹਰ ਪੈਲੀਆਂ ਵਿਚ ਕਿਸੇ ਨੇ ਵੱਢ ਛੱਡਿਆ ਤੇ ਆਪ ਰੂਪ ਚੰਦ ਉਸ ਰਾਤ ਹਵੇਲੀ ਦਾ ਪਹਿਰਾ ਦੇਂਦਾ ਮਾਰਿਆ ਗਿਆ । ਸਾਰੀ ਰਾਤ ਹਵੇਲੀ ਦੇ ਬੰਦ ਬੂਹੇ ਭੱਜਦੇ ਰਹੇ ਤੇ ਜ਼ਨਾਨੀਆਂ ਦੀਆਂ ਚੀਕਾਂ ਕੰਧਾਂ ਨਾਲ ਵੱਜ – ਵੱਜ ਕੇ ਟੁੱਟਦੀਆਂ ਰਹੀਆਂ । ਵੀਰਾਂ ਨੇ ਆਪਣਾ ਚੂੜਾ ਭੰਨ – ਭੰਨ ਕੇ ਆਪਣੀਆਂ ਬਾਹਵਾਂ ਘਾਇਲ ਕਰ ਛੱਡੀਆਂ ਸਨ ।
ਘਰ ਵਿਚ ਹੁਣ ਇਕੋ ਮਰਦ ਰੂਪ ਚੰਦ ਦਾ ਸ਼ਰੀਕ ਭਤੀਜਾ ਰਹਿ ਗਿਆ ਸੀ , ਉਹ ਹਵੇਲੀ ਦੇ ਬਾਹਰ ਬੂਹੇ ਵਲ ਬੰਦੂਕ ਤਾਣ ਕੇ ਆਪਣੀ ਬਾਰੀ ਵਿਚ ਬੈਠਾ ਹੋਇਆ ਸੀ ਤੇ ਜਿਥੋਂ ਤੱਕ ਵਾਹ ਲੱਗਦੀ ਕਿਸੇ ਨੂੰ ਹਵੇਲੀ ਦੇ ਬੂਹੇ ਤੱਕ ਨਹੀਂ ਸੀ ਆਓਣ ਦੇਂਦਾ ।
ਸਵੇਰੇ ਅਜੇ ਚੜ੍ਹੀ ਨਹੀਂ ਸੀ , ਜਦੋਂ ਹਵੇਲੀ ਦੇ ਬੰਦ ਬੂਹਿਆਂ ਉੱਤੇ ਤੇਲ ਛਿੜਕਿਆ ਗਿਆ ਤੇ ਅੱਗ ਦੀ ਪਹਿਲੀ ਲੰਬ ਆਕਾਸ਼ ਵੱਲ ਉੱਠੀ ।
ਹਵੇਲੀ ਦੇ ਪਿਛਵਾੜੇ ਹਵੇਲੀ ਦੀ ਉੱਚੀ ਤੇ ਪੱਥਰ ਵਰਗੀ ਕੰਧ ਨਾਲ ਕਿੰਨੇ ਹੀ ਨੀਵੇਂ – ਉੱਚੇ ਕੋਠੇ ਸਨ । ਜਿਹਨਾਂ ਉੱਤੋਂ ਪੰਜਵੇਂ , ਚੌਥੇ , ਤੀਸਰੇ ਤੇ ਦੂਜੇ ਘਰ ਦੀਆਂ ਕੰਧਾਂ ਵਿਚ ਰੱਸੀਆਂ , ਅੜਾਂਦਾ ਤੇ ਛੱਤਾਂ , ਟੱਪਦਾ ਨਜ਼ੀਰ ਆਖੀਰ ਹਵੇਲੀ ਦੀ ਛੱਤ ਉੱਤੇ ਪਹੁੰਚ ਪਿਆ ਸੀ ।
ਤ੍ਰੀਮਤਾਂ ਨੇ ਸੁਣਿਆ ਹੋਇਆ ਸੀ ਜਦੋਂ ਮਕਾਨ ਸੜ ਰਿਹਾ ਹੋਵੇ ਤਾਂ ਕੋਈ ਛੱਤ ਹੇਠ ਨਹੀਂ ਬਹਿੰਦਾ । ਉਸ ਵੇਲੇ ਪੌੜੀਆਂ ਵਿਚ ਬੈਠਣਾ ਚਾਹੀਦਾ ਹੈ । ਛੱਤਾਂ ਸਭ ਤੋਂ ਪਹਿਲਾਂ ਡਿਗਦੀਆਂ ਹਨ ਫੇਰ ਕੰਧਾਂ ਤੇ ਫੇਰ ਪੌੜੀਆਂ । ਸ਼ਿੱਬੋ, ਵੀਰਾਂ ਤੇ ਦੋਵੇਂ ਤੀਵੀਆਂ ਹਵੇਲੀ ਦੀਆਂ ਉੱਤਲੀਆਂ ਪੌੜੀਆਂ ਵਿਚ ਬੈਠੀਆਂ ਕੰਬ ਰਹੀਆਂ ਸਨ । ਬਾਹਰ ਆਖਰਾਂ ਦਾ ਧੂੰਆਂ ਸੀ ਤੇ ਵਿਚ – ਵਿਚ ਲੋਕਾਂ ਦੀਆਂ ਆਵਾਜ਼ਾਂ ਰਲੀਆਂ ਹੋਈਆਂ ਸਨ । ਵੀਰਾਂ ਨੇ ਪੌੜੀਆਂ ਤੋਂ ਬਾਹਰ ਆ ਕੇ ਖੁੱਲ੍ਹੀ ਛੱਤ ਉਤੋਂ ਇਕ ਵਾਰ ਬਾਹਰ ਨੂੰ ਨਜ਼ਰ ਕੀਤੀ ਪਰ ਧੂੰਏ ਤੋਂ ਬਿਨਾਂ ਦਿਸਦਾ ਕੁਝ ਨਹੀਂ ਸੀ । ਜਿਓਂ ਜਿਓਂ ਅੱਗ ਉੱਚੀ ਹੁੰਦੀ ਪਈ ਸੀ ਲੋਕਾਂ ਦੀਆਂ ਆਵਾਜ਼ਾਂ ਕੁਝ ਦੂਰ ਹੋ ਗਈਆਂ ਸਨ ।
” ਵੀਰਾਂ ” ਵੀਰਾਂ ਤ੍ਰਿਹ ਗਈ । ਨਜ਼ੀਰ ਨੇ ਉਸਦੇ ਮੋਢੇ ਉੱਤੇ ਹੱਥ ਧਰਿਆ ਹੋਇਆ ਸੀ ।
” ਜੋ ਕੁਝ ਹੋਣਾ ਸੀ ਹੋ ਗਿਆ ਹੈ ਵੀਰਾਂ , ਹੁਣ ਅਜਾਈਂ ਮੌਤੇ ਮਰਨ ਵਿਚ ਕੁਝ ਨਹੀਂ ਲੱਭਣਾ । ” ਨਜ਼ੀਰ ਨੇ ਡਾਢੀ ਹਲੀਮੀ ਨਾਲ ਆਖਿਆ ।
ਵੀਰਾਂ ਜਿਵੇਂ ਆਪਣੀ ਹੋਸ਼ ਵਿਚ ਨਹੀਂ ਸੀ ਨਾ ਉਸ ਨੇ ਆਪਣੀ ਗਵਾਂਢੀ ਨਜ਼ੀਰ ਨੂੰ ਪਛਾਣਿਆ ਤੇ ਨਾ ਜਿਵੇਂ ਉਸ ਦੀ ਗੱਲ ਸਮਝੀ ।
” ਸੱਚਾ ਰੱਬ ਗਵਾਹ ਏ ਵੀਰਾਂ , ਵਾਰ੍ਹਿਓਂ ਉੱਤੇ ਹੋਣ ਲੱਗਾ ਏ , ਮੈਂ ਕਦੇ ਰੱਜ ਕੇ ਸੁੱਤਾ ਨਹੀਂ , ਸਾਰੀ – ਸਾਰੀ ਰਾਤ ਮੈਂ ਤੇਰੇ ਸੁਪਨੇ ਪਿਆ ਘੜਦਾ ਰਹਿਨਾਂ ਵਾਂ …..”
” ਤੂੰ ਕੌਣ ਏ ? ” ਵੀਰਾਂ ਦੇ ਮੂੰਹੋਂ ਮਸਾਂ ਏਨਾਂ ਹੀ ਨਿਕਲਿਆ ।
” ਮੈਂ ਤੇਰਾ ਗਵਾਂਢੀ ਨਜ਼ੀਰ ਹਾਂ ਵੀਰਾਂ , ਤੂੰ ਮੇਨੂੰ ਪਛਾਣਦੀ ਕਿਓਂ ਨਹੀਂ ? ਜਿੰਨੀ ਵਾਰ ਤੂੰ ਆਪਣੇ ਖੇਤਾਂ ਵਿਚ ਜਾਂਦੀ ਰਹੀ ਏਂ , ਮੈਂ ਉਨੀ ਵਾਰ ਹੀ ਖੂਹ ਉੱਤੇ ਬਹਿ ਕੇ ਟੱਪੇਗਾਉਂਦਾ ਰਿਹਾਂ ਹਾਂ । ਆਪਣੀ ਜਵਾਨੀ ਉਤੇ ਰਹਿਮ ਕਰ ਵੀਰਾਂ । ਜੇ ਤੂੰ ਜਿਓੰਦੀ ਕਿਸੇ ਹੋਰ ਦੇ ਹੱਥ ਲੱਗ ਗਈਉਂ ਤਾਂ ਵੀ ਤੂੰ ਨਹੀਂ ਬਚਣਾਂ । ਮੈਂ ਸਾਰੀ ਉਮਰ ਤੇਨੂੰ ਅਜਾਂ ਨਹੀਂ ਲੱਗਣ ਦਿਆਂਗਾ । ਐਸ ਰਾਹੋੰ …..ਪਿਛਲੇ ਰਾਹੋੰ ਮੈਂ ਤੇਨੂੰ ਫੁੱਲਾਂ ਵਾਂਗ ਉਤਾਰ ਲਵਾਂਗਾ ….ਛੇਤੀ ਕਰ ਵੀਰਾਂ , ਹੁਣ ਇਹ ਹਵੇਲੀ ਸੜا ਕੇ
ਸਵਾਹ ਹੋ ਜਾਣੀ ਏਂ ………”
ਅੱਗ ਦੀਆਂ ਲਾਟਾਂ ਵੀਰਾਂ ਦੇ ਮੂੰਹ ‘ ਤੇ ਲਿਸ਼ਕੀਆਂ ਤੇ ਉਸ ਨੇ ਇਕ ਨਜ਼ਰ ਭਰ ਕੇ ਨਜ਼ੀਰ ਦੀਆਂ ਅੱਖਾਂ ਵਿਚ ਵੇਖਿਆ ।
” ਇਕ ਮੇਰੀ ਗੱਲ ਮੰਨੇਗਾਂ ? “
” ਮੈਂ ਤੇਰੀਆਂ ਸੱਭੋ ਮੰਨਾਂਗਾ ਵੀਰਾਂ ! ਸਾਰੀ ਉਮਰ ਮੰਨਾਂਗਾ । “
” ਦੱਸ ਵੀਰਾਂ “
” ਤੂੰ ਸ਼ਿੱਬੋ ਨੂੰ ਤੇ ਦੋਹਾਂ ਤ੍ਰੀਮਤਾਂ ਨੂੰ ਏਥੋਂ ਅਮਨ – ਅਮਾਨ ਕੱਢ ਦੇ ਕਿਸੇ ਨੂੰ ਉਨ੍ਹਾਂ ਦੋ ਸੂਹ ਨਾ ਪਵੇ …….”
” ਏਹ ਮੈਂ ਕਿੰਝ ਕਰਾਂਗਾ ਵੀਰਾਂ ! ਲੋਕ ਤੇ ਅੱਗੇ ਹੀ ਚਾਹੁੰਦੇ ਸਨ ਜੁ ਕੀਤੇ ਉਹ ਜੀਉਂਦੀਆਂ ਲੱਭ ਪੈਣ । ਉਹਨਾਂ ਨੂੰ ਤੇ ਹੋਰ ਕੋਈ ਰਾਹ ਨਹੀਂ ਲੱਭਾ ਤਾਂ ਉਹਨਾਂ ਨੇ ਅੱਗ ਲਾਈ ਏ …..”
” ਏਹ ਮੇਨੂੰ ਪਤਾ ਨਹੀਂ , ਪਰ ਜੇ ਤੂੰ ਇੰਜ ਕਰ ਦਏਂ …. ਮੈਂ ਸਾਰੀ ਉਮਰ ਤੇਰੀ ਹੱਥ ਬੱਧੀ ਗੁਲਾਮ ਹੋ ਜਾਵਾਂਗੀ ….ਨਹੀਂ ਤੇ ਮੈਂ ਏਸ ਅੱਗ ਵਿਚੋਂ ਬਾਹਰ ਨਹੀਂ ਆਓਣਾ । “
” ਚੰਗਾ ਮੈਂ ਆਪਣੀ ਵਾਹ ਲਾ ਦੇਨਾਂ ਵਾਂ ….”
“ ਸੱਚ ਆਹਨਾਂ ਏਂ ? “
” ਰੱਬ ਗਵਾਹ ਏ “
” ਮੇਨੂੰ ਇਤਬਾਰ ਏ , ਨਹੀਂ ਤੇ ਫੇਰ ਕਿਨ੍ਹੇ ਮਰਨੋਂ ਡੱਕ ਲੈਣਾ ਏਂ “
ਅੱਗ ਦੀਆਂ ਲਾਟਾਂ ਹੁਣ ਸੂਹੀਆਂ – ਘੁੱਟ ਹੋ ਗਈਆਂ ਸਨ ਤੇ ਲੋਕਾਂ ਦੀਆਂ ‘ ਵਾਜ਼ਾਂ ਹੋਰ ਦੂਰ ਚਲੀਆਂ ਗਈਆਂ ਸਨ ।
ਇਕ – ਇਕ ਤ੍ਰੀਮਤ ਨੂੰ ਨਜ਼ੀਰ ਨੇ ਬਾਂਹਵਾਂ ਵਿਚ ਚੁੱਕ – ਚੁੱਕ ਕੇ ਨਾਲ ਦੇ ਘਰ ਉਤਾਰਿਆ । ਵੀਰਾਂ ਨੇ ਧੂੰਏਂ ਨੂੰ ਚੀਰ ਕੇ ਹਵੇਲੀ ਦੀਆਂ ਪੌੜੀਆਂ ਉੱਤਰੀਆਂ ਤੇ ਹੇਠਲੀ ਛਤੋਂ ਖਾਲੀ ਬੰਦੂਕ ਫੜ ਰੂਪ ਚੰਦ ਦੇ ਭਤੀਜੇ ਦੀ ਬਾਂਹ ਫੜ ਆਂਦੀ । ਕੜੀ ਜਿਹਾ ਜਵਾਨ ਮੁੰਡਾ ਜਿਵੇਂ ਅੱਧਿਉ ਬਹੁਤਾ ਮਰ ਚੁਕਾ ਸੀ ਬੇ – ਸੁਰਤ ਦਾ ਬੇਸੁਰਤ ਵੀਰਾਂ ਦੇ ਪਿੱਛੇ ਤੁਰਦਾ , ਰੱਸੀਆਂ ਨੂੰ ਫੜਦਾ , ਕੰਧਾਂ ਨਾਲ ਲਮਕਦਾ ਉਹ ਨਾਲ ਦੇ ਘਰ ਉੱਤਰਿਆ ਤੇ ਫੇਰ ਉਸ ਤੋਂ ਨਾਲ ਦੇ , ਹੋਰ ਨਾਲ ਦੇ , ਹੋਰ ਨੀਵੇਂ ਨਜ਼ੀਰ ਦੇ ਘਰ ਲੱਥਾ । ਸ਼ੁਕਰ ਏਹ ਸੀ , ਜੁ ਲੋਕ ਘਰਾਂ ਵਿਚ ਨਹੀਂ ਸਨ ਤੇ ਦੂਜੇ ਬੰਨ੍ਹੇ ਹਵੇਲੀ ਦੇ ਮੂੰਹ ਵਲ ਖਲੋਤੇ , ਸੜਦੀ ਹਵੇਲੀ ਨੂੰ ਤੱਕ ਰਹੇ ਸਨ ।
ਅੱਗ ਦੇ ਲਾਂਭੇ ਅਸਮਾਨਾਂ ਨੂੰ ਛੋਹਣ ਲੱਗੇ ਸਨ । ਪਰ ਹੁਣ ਲੋਕ ਅੱਗ ਬੁਝਾ ਰਹੇ ਸਨ , ਨਹੀਂ ਤੇ ਨਾਲ ਦਾ , ਉਸ ਤੋਂ ਨਾਲ ਦਾ ਤੇ ਹੋਰ ਪਤਾ ਨਹੀਂ ਕਿੰਨੇ ਘਰ ਸੜ ਜਾਣੇ ਸਨ ।
ਨਾਲ ਦੇ ਖਾਲੀ ਘਰ ਦੀਆਂ ਬਾਰੀਆਂ ਕਾਲੀਆਂ – ਚੁਆਤੀ ਹੋ ਗਈਆਂ ਸਨ , ਜਦੋਂ ਅੱਗ ਨੂੰ ਡੱਕਾ ਪਿਆ ਲਾਂਬੇ ਹੇਠਾਂ ਲਹਿ ਗਏ । ਪਰ ਧੂੰਆ ਤੇ ਸੇਕ ਕਿਸੇ ਨੂੰ ਹਵੇਲੀ ਦੇ ਨੇੜੇ ਨਹੀਂ ਸੀ ਆਉਣ ਦੇਂਦਾ । ਪੂਰੇ ਦੇ ਦਿਨ ਹਵੇਲੀ ਦਾ ਅੰਦਰ ਧੁਖਦਾ ਰਿਹਾ ਤੇ ਜਦੋਂ ਲੋਕਾਂ ਨੇ ਹਵੇਲੀ ਦੀ ਸਵਾਹ ਫਰੋਲੀ ਤਾਂ ਹੈਰਾਨ ਸਨ , ਨਾਂ ਕਿਸੇ ਮੱਨੁਖ ਦੀ ਹੱਡੀਲੱਭਦੀ ਸੀ , ਤੇ ਨਾਂ ਪੰਘਰੇ ਹੋਏ ਸੋਨੇ ਦੀ ਝਲਕ ਪੈਂਦੀ ਸੀ । ਫੇਰ ਆਪੇ ਹੀ ਲੋਕ ਆਖਦੇ , ” ਅੱਗ ਵੀ ਤੇ ਆਖਰਾਂ ਦੀ ਸੀ , ਹੱਡੀਆਂ ਵੀ ਸੜ ਕੇ ਸਵਾਹ ਹੋ ਗਈਆਂ ਹੋਣਗੀਆਂ ।”
ਸਾਰੇ ਪਿੰਡ ਵਿਚੋਂ ਮੁਰਦਿਆਂ ਨੂੰ ਬਾਹਰ ਢੋਅ ਦਿੱਤਾ ਗਿਆ ਤੇ ਲੋਕਾਂ ਨੇ ਲਹੂ ਦੀ ਆਖਰੀ ਬੂੰਦ ਵੀ ਢੋ ਕੇ ਪਿੰਡ ਨੂੰ ਮੁੜ ਨਰੋਇਆ ਕਰ ਲਿਆ । ਸਿਰਫ ਅਜੇ ਹਵੇਲੀ ਦੀ ਸਵਾਹ ਆਪਣੀ ਥਾਂ ‘ ਤੇ ਪਈ ਹੋਈ ਸੀ ।
ਰਾਤ ਅੱਧੀਉਂ ਬਹੁਤੀ ਲੰਘ ਗਈ ਸੀ । ਮਾੜੀ – ਮਾੜੀ ਹਵਾ ਵਗਦੀ ਪਈ ਸੀ । ਹਵੇਲੀ ਦੀ ਸਵਾਹ ਇਸ ਤਰ੍ਹਾਂ ਹਿੱਲੀ , ਜਿਵੇਂ ਇਕ ਵਾਰ ਉਸ ਦਾ ਦਿਲ ਹਿੱਲ ਗਿਆ ਹੋਵੇ । ਪਾਰ ਕਮਾਦ ਵਿਚੋਂ ਅੱਗੜ – ਪਿਛੱੜ ਤਿੰਨ ਘੋੜੀਆਂ ਲੰਘ ਰਹੀਆਂ ਸਨ । ਜਿਨ੍ਹਾਂ ਵਿਚੋਂ ਵਿਚਲੀ , ਸ਼ਿੱਬੋ ਦੀ ਘੋੜੀ ਕੋਲ ਖਲੋ ਕੇ , ਵੀਰਾਂ ਨੇ ਗਹਿਣਿਆਂ ਦੀ ਇਕ ਪੋਟਲੀ ਸ਼ਿੱਬੋ ਦੇ ਲੱਕ ਨਾਲ ਬੱਧੀ ਤੇ ਫੇਰ ਉੱਚੇ – ਉੱਚੇ ਕਮਾਦ ਵਿਚ ਇਕ ਪਰਛਾਵਾਂ ਬਣ ਗਈ ।
ਉਹ ਪਿੰਡ ਦੇ ਲੋਕ ਸਿਰਫ ਇਹੋ ਜਾਣਦੇ ਹਨ , ਕੀ ਰੂਪ ਚੰਦ ਨੇ ਜੁ ਕਮੀਣਾ ਦੀ ਧੀ ਨਾਲ ਨਵਾਂ ਵਿਆਹ ਕੀਤਾ ਸੀ , ਉਹ ਕੁੜੀ ਪਤਾ ਨਹੀਂ ਕਿਵੇਂ ਨਜ਼ੀਰ ਨੇ ਹਵੇਲੀ ਵਿਚੋਂ ਜਿਓੰਦੀ ਕੱਢ ਲਈ ਹੈ , ਤੇ ਆਪਣੇ ਘਰ ਪਾ ਲਈ ਹੈ
ਇੱਕ ਹਉਕਾ (ਕਹਾਣੀ)-ਅੰਮ੍ਰਿਤਾ ਪ੍ਰੀਤਮ
Posted on January 19, 2011 by Dr. Klara Gill
ਕਰਮੋ ਨੇ ਗੜਵੇ ਵਿਚ ਲੱਸੀ ਪੁਆਈ ਤੇ ਫੇਰ ਅਧਿਉਂ ਵੀ ਬਹੁਤੇ ਖਾਲੀ ਗੜਵੇ ਨੂੰ ਵੇਂਹਦੀ ਹੋਈ ਆਖਣ ਲੱਗੀ,
“ਅਜ ਵਡੀ ਸਰਦਾਰਨੀ ਨਹੀਂ ਦਿਸੀ, ਕਿਤੇ ਸੁਖ ਨਾਲ ਰਾਜੀ ਤੇ ਹੈ?” ਸਰਦਾਰਨੀ ਨਿਹਾਲ ਕੌਰ ਹੁਣੇ ਘੜੀ ਕੁ ਪਹਿਲਾਂ ਚੌਂਕੇ ਵਿਚ ਆਈ ਸੀ। ਚੁਲ੍ਹੇ ਉਤੇ ਰਿਝਦੀ ਖੀਰ ਹੇਠਾਂ ਅਗ ਦਾ ਭਾਂਬੜ ਵੇਖ ਕੇ ਉਸ ਲਕੜਾਂ ਪਿਛਾਂਹ ਖਿਚ ਦਿਤੀਆਂ ਸਨ। “ਵੀਰੋ ਕੁੜੀਏ! ਖੀਰਾਂ ਕਦੇ ਏਡੀ ਅੱਗ ਤੇ ਵੀ ਰਿਝਦੀਆਂ ਨੇ? ਖੀਰ ਹੇਠਾਂ ਡਾਢੀ ਮਠੀ ਅੱਗ ਬਾਲੀ ਦੀ ਏ,” ਉਸ ਨੇ ਆਖਿਆ ਸੀ ਤੇ ਫੇਰ ਚੁਲ੍ਹੇ ਦੇ ਕੋਲ ਲਕੜ ਦੀ ਪਟੜੀ ਡਾਹ ਕੇ, ਉਹ ਪਟੜੀ ਉਤੇ ਬਹਿੰਦੀ ਖੀਰ ਦੇ ਪਤੀਲੇ ਵਿਚ ਕੜਛੀ ਫੇਰਨ ਲਗ ਪਈ ਸੀ। ਸਵੇਰੇ ਦਹੀਂ ਦੀ ਚਾਟੀ ਉਸ ਨੇ ਆਪ ਰਿੜਕੀ ਸੀ, ਪਰ ਲੱਸੀ ਪੁਣਦੀ ਨੇ ਵੀਰੋ ਨੂੰ ਆਖਿਆ ਸੀ ਕਿ ਉਹ ਹੁਣ ਘੜੀ ਕੁ ਆਰਾਮ ਕਰੇਗੀ, ਜਿਹੜਾ ਵੀ ਕੰਮੀ ਕਮੀਣ ਆਵੇ ਵੀਰੋ ਉਸ ਨੂੰ ਲੱਸੀ ਦੇ ਦੇਵੇ। ਸ਼ਾਇਦ ਹੋਰਨਾਂ ਕੰਮੀਆਂ ਨੇ ਵੀ ਲੱਸੀ ਲੈਣ ਲਗਿਆਂ ਇਹ ਗੱਲ ਪੁਛੀ ਹੋਵੇਗੀ, ਪਰ ਨਿਹਾਲ ਕੌਰ ਨੂੰ ਪਤਾ ਨਹੀਂ, ਉਹ ਅੰਦਰਲੇ ਕਮਰੇ ਵਿਚ ਸੀ। ਪਰ ਇਸ ਵੇਲੇ ਜਦੋਂ ਉਹ ਚੌਂਕੇ ਵਿਚ ਬੈਠੀ ਹੋਈ ਸੀ, ਤਾਂ ਦਹਿਲੀਜ਼ਾਂ ਤੋਂ ਬਾਹਰ ਬੈਠੀ ਹੋਈ ਕਰਮੋ ਦੀ ਆਵਾਜ਼ ਉਸ ਨੇ ਆਪ ਸੁਣੀ।
“ਰਾਜ਼ੀ ਆਂ ਕਰਮੋ! ਤੂੰ ਰਾਜ਼ੀ ਏਂ?” ਨਿਹਾਲ ਕੌਰ ਨੇ ਅੰਦਰੋਂ ਆਵਾਜ਼ ਦਿਤੀ। ਕਰਮੋ ਨੇ ਛੇਤੀ ਨਾਲ ਦਹਿਲੀਜ਼ਾਂ ਦੇ ਕੋਲ ਆ ਕੇ ਅੰਦਰ ਵਲ ਝਾਕਿਆ ਤੇ ਆਪਣੇ ਇਕ ਹੱਥ ਨੂੰ ਮੱਥੇ ਨਾਲ ਛੁਹਾਂਦੀ ਆਖਣ ਲੱਗੀ, “ਤੈਨੂੰ ਸੱਤੇ ਖੈਰਾਂ ਸਰਦਾਰਨੀ! ਅੱਜ ਤੈਨੂੰ ਡਿੱਠਾ ਨਹੀਂ ਸੀ। ਮੈਂ ਆਖਿਆ ਮੇਰੀ ਸਰਦਾਰਨੀ ਵੱਲ ਹੋਵੇ ਸਹੀ!”
ਕੰਮੀ ਕਮੀਣ ਸਾਰੇ ਹੀ ਨਿਹਾਲ ਕੌਰ ਦੀਆਂ ਬਲਾਈਂ ਲੈਂਦੇ ਸਨ, ਇਹ ਨਵੀਂ ਗੱਲ ਨਹੀਂ ਸੀ, ਪਰ ਤਾਂ ਵੀ ਨਿਹਾਲ
ਕੌਰ ਨੂੰ ਜਾਪਿਆ ਕਿ ਕਰਮੋ ਨੇ ਲੱਸੀ ਲੈਂਦਿਆਂ ਹੀ ਜਿਹੜਾ ਉਹਨੂੰ ਜਾਂਦ ਕੀਤਾ ਸੀ, ਜ਼ਰੂਰ ਕੋਈ ਹੋਰ ਗੱਲ ਸੀ। ਤਾਂਹੀਉਂ ਜੁ ਨਿਹਾਲ ਕੌਰ ਨੇ ਕਰਮੋ ਵਲ ਵੇਖਿਆ ਤਾਂ ਕਰਮੋ ਨੇ ਗੜਵੇ ਦਾ ਮੂੰਹ ਉੜਾ ਕੇ ਉਹਦੇ ਵਲ ਕੀਤਾ ਹੋਇਆ ਸੀ। ਨਿਹਾਲ ਕੌਰ ਸਮਝ ਗਈ, ਤੇ ਵੀਰੋ ਵਲ ਵੇਖਦੀ ਆਖਣ ਲੱਗੀ, “ਮਖੇ! ਕਰਮੋ ਨੂੰ ਗੜਵਾ ਭਰ ਦਿਆ ਕਰ, ਇਹਦੇ ਨਿਕੇ ਨਿਕੇ ਜੀਅ ਨੇ ਲੱਸੀ ਪੀਣ ਵਾਲੇ।”
“ਰੱਬ ਤੈਨੂੰ ਬਹੁਤ ਦਏ! ਤੇਰੇ ਹਥ ਏਨੇ ਸਬਰ-ਕੱਤੇ ਨੇ ਕਿ ਅੰਜਾਣੇਂ ਦੋ-ਦੋ ਵਾਰਾਂ ਲੱਸੀ ਚਾੜ੍ਹ ਜਾਂਦੇ ਨੇ,” ਹੋਰ ਲੱਸੀ ਲੈਂਦੀ ਕਰਮੋ ਨੇ ਆਖਿਆ। ਤੇ ਭਾਵੇਂ ਇਸ ਵੇਲੇ ਉਸ ਨੂੰ ਲੱਸੀ ਦੇਂਦੇ ਹੱਥ ਵੀਰੋ ਦੇ ਸਨ ਪਰ ਕਰਮੋ ਜੋ ਕੁਝ ਆਖਦੀ ਪਈ ਸੀ, ਉਹ ਨਿਹਾਲ ਕੌਰ ਦੇ ਹਥਾਂ ਨੂੰ ਆਖਦੀ ਪਈ ਸੀ। ਕਰਮੋ ਚਲੀ ਗਈ ਤਾਂ ਨਿਹਾਲ ਕੌਰ ਨੂੰ ਉਹਦੀਆਂ ਅਸੀਸਾਂ ਭੁਲ ਗਈਆਂ। ਸਿਰਫ ਉਹਦਾ ਆਖਿਆ ਹੋਇਆ ਇਕੋ ਲਫਜ਼ ਚੇਤੇ ਰਹਿ ਗਿਆ “ਵਡੀ ਸਰਦਾਰਨੀ….।”
ਨਿਹਾਲ ਕੌਰ ਇਕ ਦਿਨ ਵਿਚ ਸਰਦਾਰਨੀ ਤੋਂ ਵਡੀ ਸਰਦਾਰਨੀ ਬਣ ਗਈ ਸੀ। ਪਤਾ ਨਹੀਂ ਉਸ ਨੂੰ ਵਡੀ
ਸਰਦਾਰਨੀ ਕਹਿਣ ਦਾ ਖਿਆਲ ਸਭ ਤੋਂ ਪਹਿਲਾਂ ਕਿਸ ਨੂੰ ਆਇਆ ਸੀ। ਸ਼ਾਇਦ ਸਾਰਿਆਂ ਨੂੰ ਇਕਠਿਆਂ ਹੀ ਆ ਗਿਆ ਸੀ। ਘਰ ਦੀ ਮਹਿਰੀ ਤੋਂ ਲੈ ਕੇ ਕਾਰਖਾਨੇ ਦੇ ਸਾਰੇ ਮੁਨਸ਼ੀ ਮੁਨੀਮ ਤੇ ਕੰਮੀ ਕਮੀਣ ਉਸ ਨੂੰ ਵਡੀ ਸਰਦਾਰਨੀ ਕਹਿਣ ਲਗ ਪਏ ਸਨ। ਏਥੋਂ ਤਕ ਕਿ ਘਰ ਦੇ ਮਾਲਕ ਸਰਦਾਰ ਨੇ ਵੀ ਕਲ੍ਹ ਉਸਨੂੰ ਵਡੀ ਸਰਦਾਰਨੀ ਆਖ ਕੇ ਬੁਲਾਇਆ ਸੀ। ਤੇ ਫੇਰ ਨਿਹਾਲ ਕੌਰ ਨੂੰ ਖਿਆਲ ਆਇਆ ਕਿ ਪਰਸੋਂ ਉਸਨੇ ਆਪ ਹੀ ਤਾਂ ਮਹਿਰੀ ਨੂੰ ਆਖਿਆ ਸੀ ਕਿ ਜਾਹ ਛੋਟੀ ਸਰਦਾਰਨੀ ਨੂੰ ਉਹਦੇ ਕਮਰੇ ਵਿਚੋਂ ਬੁਲਾ ਲਿਆ। “ਸੋ ਜੇ ਕੋਈ ਛੋਟੀ ਸਰਦਾਰਨੀ ਹੋਵੇ ਤਾਂ ਵਡੀ ਸਰਦਾਰਨੀ ਆਪੇ ਹੀ ਬਣ ਜਾਣੀ ਸੀ।” ਨਿਹਾਲ ਕੌਰ ਨੂੰ ਖਿਆਲ ਆਇਆ, ਤੇ ਫੇਰ ਕਿੰਨੇ ਹੀ ਖਿਆਲ ਨਿੱਕੇ ਨਿੱਕੇ ਚੌਲਾਂ ਵਾਂਗ ਉਹਦੇ ਮਨ ਦੇ ਦੁਧ ਵਿਚ ਰਿਝਣ ਲਗ ਪਏ। ਰਿਝਦੇ ਖਿਆਲਾਂ ਵਿਚੋਂ ਇਕ ਖਿਆਲ ਇਹ ਵੀ ਸੀ ਕਿ ਵੀਰੋ ਜਦੋਂ ਦੀ ਇਸ ਘਰ ਵਿਚ ਛੋਟੀ ਸਰਦਾਰਨੀ ਬਣ ਕੇ ਆਈ ਸੀ, ਉਦੋਂ ਦੀ ਉਹ ਰਾਤ ਨੂੰ ਸੌਣ ਲਗਿਆਂ ਇਕ ਨੇਮ ਵਾਂਗ ਨਿਹਾਲ ਕੌਰ ਦੇ ਕਮਰੇ ਵਿਚ ਆਉਂਦੀ ਸੀ ਤੇ ਉਹਦੀ ਮੰਜੀ ਦੀ ਹੀਂਹ ਉਤੇ ਬਹਿ ਕੇ ਉਹਦੇ ਪੈਰ ਘੁਟਦੀ ਸੀ। ਨਿਹਾਲ ਕੌਰ ਨੇ ਨਾ ਧੀ ਦੀ ਡੋਲੀ ਤੋਰੀ ਸੀ ਤੇ ਨਾ ਪੁਤਰ ਦੀ ਡੋਲੀ ਲਿਆਉਣੀ ਸੀ, ਪਰ ਜਦੋਂ ਉਹਦੇ ਹਥੀਂ ਵਿਆਹੀ ਸੌਕਣ ਉਹਦੇ ਪੈਰ ਘੁਟਦੀ ਸੀ ਤਾਂ ਨਿਹਾਲ ਕੌਰ ਨੂੰ ਜਾਪਦਾ ਸੀ ਕਿ ਉਹਨੇ ਧੀ ਵੀ ਵੇਖ ਲਈ ਤੇ ਨੂੰਹ ਵੀ। ਤੇ ਨਿਹਾਲ ਕੌਰ ਨੇ ਇਕ ਡੂੰਘਾ ਸਾਹ ਭਰ ਕੇ ਬੜੇ ਹਸਦੇ ਹੋਠਾਂ ਨਾਲ ਆਪਣੇ ਆਪ ਨੂੰ ਮਨਾ ਲਿਆ ਸੀ ਕਿ ਵੀਰੋ ਉਹਦੀ ਧੀ ਵੀ ਸੀ ਤੇ ਨੂੰਹ ਵੀ। ਨਿਹਾਲ ਕੌਰ ਨੇ ਆਪਣੇ ਸਰਦਾਰ ਦੇ ਦੂਜੇ ਵਿਆਹ ਲਈ ਇਹ ਕੁੜੀ ਵੀਰੋ ਆਪ ਹੀ ਲਭੀ ਸੀ। ਸਾਕ ਚੰਗੇ ਘਰਾਂ ਤੋਂ ਵੀ ਮਿਲਦੇ ਸਨ, ਪਰ ਉਹ ਸਾਰੇ ਸਰਦਾਰ ਨੂੰ ਨਹੀਂ ਸਰਦਾਰ ਦੀ ਹਵੇਲੀ ਨੂੰ ਮਿਲਦੇ ਸਨ। ਸਰਦਾਰ ਦੀ ਸਿਆਣੀ ਉਮਰ ਤੋਂ
ਡਰਦੇ, ਜਿਹੜੇ ਵੀ ਸਾਕ ਲੈ ਕੇ ਆਉਂਦੇ ਸਨ, ਉਹ ਸਾਕ ਕਰਨ ਤੋਂ ਪਹਿਲਾਂ ਹਵੇਲੀ ਨੂੰ ਆਪਣੀ ਧੀ ਦੇ ਨਾਂ ਕਰਵਾ ਲੈਣਾ ਚਾਹੁੰਦੇ ਸਨ। ਸਰਦਾਰ ਆਪਣੀ ਹਵੇਲੀ ਦਾ ਵਾਰਸ ਜ਼ਰੂਰ ਲਭਦਾ ਸੀ ਪਰ ਹਵੇਲੀ ਨੂੰ ਉਸ ਔਰਤ ਦੇ ਨਾਂ ਨਹੀਂ ਸੀ ਕਰ ਸਕਦਾ, ਜਿਹਦੀ ਕੁਖ ਨੇ ਵਾਰਸ ਤੇ ਪਤਾ ਨਹੀਂ ਕਦੋਂ ਜੰਮਣਾ ਸੀ, ਹਾਲ ਦੀ ਘੜੀ ਸਿਰਫ ਉਹਦੀ ਭਵਿਖਵਾਣੀ ਕਰਨੀ ਸੀ। ਤੇ ਸਰਦਾਰ ਨੇ ਦੂਜਾ ਵਿਆਹ ਕਰਨ ਤੋਂ ਨਾਂਹ ਕਰ ਦਿਤੀ ਸੀ। ਪਰ ਇਸ ਨਾਂਹ ਵਿਚ ਇਕ ਹਉਕਾ ਰਲਿਆ ਹੋਇਆ ਸੀ। ਨਿਹਾਲ ਕੌਰ ਨੇ ਇਹ ਹਉਕਾ ਸੁਣਿਆ ਸੀ ਤੇ ਇੰਜ ਉਸਨੇ
ਇਕ ਬੜੇ ਨਿਮਾਣੇ ਜਿਹੇ ਘਰ ਦੀ ਇਹ ਵੀਰੋ ਲਭ ਕੇ ਆਪਣੇ ਸਰਦਾਰ ਨੂੰ ਦੇ ਦਿਤੀ ਸੀ ਤੇ ਉਹਦੇ ਬਦਲੇ ਵਿਚ ਉਹਦਾ ਹਉਕਾ ਆਪ ਲੈ ਲਿਆ ਸੀ।
ਇਕ ਦਿਨ ਸਰਦਾਰ ਨੇ ਕੰਧ ਵਿਚ ਲਗੀ ਹੋਈ ਆਪਣੀ ਲੋਹੇ ਦੀ ਅਲਮਾਰੀ ਖੋਲ੍ਹੀ ਤਾਂ ਕਿੰਨਾ ਚਿਰ ਖੁਲ੍ਹੀ ਅਲਮਾਰੀ ਦੇ ਅਗੇ ਖਲੋਤਾ ਕੁਝ ਸੋਚਦਾ ਰਿਹਾ। “ਵਡੀ ਸਰਦਾਰਨੀ ਕਿਥੇ ਗਈ ਏ?” ਸਰਦਾਰ ਨੇ ਵੀਰੋ ਨੂੰ ਕਾਹਲਿਆਂ ਪੈ ਕੇ ਪੁਛਿਆ। ਵੱਡੀ ਸਰਦਾਰਨੀ ਘਰ ਨਹੀਂ ਸੀ। ਸਰਦਾਰ ਨੇ ਅਲਮਾਰੀ ਬੰਦ ਕਰਕੇ ਚਾਬੀ ਬੋਝੇ ਵਿਚ ਪਾ ਲਈ ਤੇ ਕਾਰਖਾਨੇ ਜਾਂਦਾ ਵੀਰੋ ਨੂੰ ਆਖ ਗਿਆ ਕਿ ਨਿਹਾਲ ਕੌਰ ਜਿਸ ਵੇਲੇ ਵੀ ਘਰ ਆਵੇ ਉਹ ਹੇਠਾਂ ਮੁਨਸ਼ੀ ਨੂੰ ਆਵਾਜ਼ ਦੇ ਕੇ ਮੈਨੂੰ ਕਾਰਖਾਨੇ ਵਿਚ ਸੁਨੇਹਾ ਭੇਜ ਦੇਵੇ। ਨਿਹਾਲ ਕੌਰ ਜਿਸ ਵੇਲੇ ਆਈ ਵੀਰੋ ਬਾਹਰਲੇ ਖੁਰੇ ਉਤੇ ਬੜੀ ਘਾਬਰੀ ਹੋਈ ਬੈਠੀ ਹੋਈ ਸੀ। ਉਸ ਨੂੰ ਹੁਣੇ ਇਕ ਉਲਟੀ ਆਈ ਸੀ।
ਨਿਹਾਲ ਕੌਰ ਨੇ ਵੀਰੋ ਦੀ ਬਾਂਹ ਥੰਮੀ, ਉਹਦੇ ਮੋਢੇ ਘੁਟੇ ਤੇ ਉਹਨੂੰ ਮੰਜੀ ਉਤੇ ਲਿਟਾਇਆ। ਪਰ ਵੀਰੋ ਨੇ ਕੰਬਦੇ
ਕੰਬਦੇ ਪੈਰ ਮੰਜੀ ਤੋਂ ਥਲੇ ਲਾਹੇ ਤੇ ਉੜ ਕੇ ਨਿਹਾਲ ਕੌਰ ਦੇ ਪੈਰ ਫੜ ਲਏ।
“ਸਰਦਾਰਨੀ! ਤੂੰ ਮੈਨੂੰ ਇਕ ਦਿਨ ਆਖਿਆ ਸੀ ਕਿ ਮੈਂ ਤੇਰੀ ਧੀ ਵੀ ਹਾਂ ਤੇ ਨੂੰਹ ਵੀ। ਅਜ ਮੈਨੂੰ ਭਾਵੇਂ ਆਪਣੀ ਧੀ ਸਮਝ ਕੇ ਬਚਾ ਲੈ ਭਾਵੇਂ ਨੂੰਹ ਸਮਝ ਕੇ”। ਵੀਰੋ ਵਿਲਕ ਉਠੀ ਤੇ ਵਿਲਕਦੀ ਵਿਲਕਦੀ ਵੀਰੋ ਨੇ ਨਿਹਾਲ ਕੌਰ ਨੂੰ ਦਸਿਆ ਕਿ ਪਿਛੇ ਜਦੋਂ ਉਹਦਾ ਭਰਾ ਉਹਨੂੰ ਮਿਲਣ ਆਇਆ ਸੀ ਤਾਂ ਉਹਦੇ ਭਰਾ ਨੂੰ ਪੈਸਿਆਂ ਦੀ ਡਾਢੀ ਲੋੜ ਸੀ। ਵੀਰੋ ਨੇ ਉਸ ਨੂੰ ਕੁਝ ਪੈਸੇ ਵੀ ਦਿਤੇ ਸਨ ਪਰ ਪੈਸੇ ਉਹਦੇ ਕੋਲ ਬੜੇ ਥੋੜੇ ਸਨ, ਇਸ ਲਈ ਉਸਨੇ ਸਰਦਾਰ ਦੇ ਬੋਝੇ ਵਿਚੋਂ ਅਲਮਾਰੀ ਦੀ ਚਾਬੀ ਚੁਰਾ ਕੇ ਲੋਹੇ ਦੀ ਅਲਮਾਰੀ ਖੋਲ੍ਹੀ ਸੀ ਤੇ ਅਲਮਾਰੀ ਵਿਚੋਂ ਚਾਂਦੀ ਦੇ ਭਾਂਡੇ ਕਢ ਕੇ ਆਪਣੇ ਭਰਾ ਨੂੰ ਦੇ ਦਿਤੇ ਸਨ। “ਇਹ ਤੇਰਾ ਆਪਣਾ ਘਰ ਏ ਵੀਰੋ! ਜੇ ਤੂੰ ਆਪਣੇ ਘਰ
ਨੂੰ ਆਪਣੇ ਹਥੀਂ ਉਜਾੜੇਂਗੀ…..।” ਗੱਲ ਅਜੇ ਨਿਹਾਲ ਕੌਰ ਦੇ ਮੂੰਹ ਵਿਚ ਸੀ, ਵੀਰੋ ਤਮਕ ਉਠੀ, “ਇਹ ਘਰ ਨਾ ਮੈਨੂੰ ਕਦੇ ਆਪਣਾ ਲੱਗਾ ਏ, ਨਾ ਲਗਣਾ ਏ, ਪਰ ਇਹ ਮੈਂ ਤੇਰੇ ਨਾਲ ਇਕਰਾਰ ਕਰਨੀ ਆਂ ਸਰਦਾਰਨੀ ਕਿ ਅਗੋਂ ਮੈਂ ਕਦੀ ਇਸ ਘਰ ਦੀ ਕੋਈ ਚੀਜ਼ ਕਿਸੇ ਨੂੰ ਨਹੀਂ ਦਿਆਂਗੀ। ਮੈਂ ਉਸ ਦਿਨ ਵੀ ਗਲਤੀ ਕੀਤੀ ਸੀ। ਐਵੇਂ ਕਰ ਬੈਠੀ, ਪਿਛੋਂ ਪਛਤਾ ਗਈ ਸਾਂ। ਤੈਨੂੰ ਪਤਾ ਏ ਮੇਰਾ ਵਿਆਹ ਕਰਨ ਲਗਿਆਂ ਮੇਰੇ ਪਿਉ ਨੇ ਮੇਰੇ ਭਰਾ
ਦੇ ਕਾਰੋਬਾਰ ਦਾ ਵਾਸਤਾ ਪਾ ਕੇ ਤੇਰੇ ਕੋਲੋਂ ਦੋ ਹਜਾਰ ਰੁਪਿਆ ਮੰਗਿਆ ਸੀ। ਤੂੰ ਦੋ ਹਜਾਰ ਰੁਪਿਆ ਦੇ ਦਿਤਾ। ਮੇਰੇ ਪਿਉ ਨੇ ਵਿਆਹ ਕਰ ਦਿਤਾ। ਮੈਨੂੰ ਵੇਚਣ ਵਿਚ ਕੀ ਕਸਰ ਰਹਿ ਗਈ? ਦੋ ਹਜਾਰ ਪਿਛੇ ਮੈਨੂੰ ਇਸ ਬੁਢੇ ਸਰਦਾਰ ਦੇ ਪੱਲੇ ਪਾ ਦਿਤਾ। ਮੇਰੇ ਪਿਉ ਤੇ ਭਰਾ ਕਾਹਦੇ ਸੱਕੇ ਨੇ…ਮੈਂ ਕਿਸੇ ਦਾ ਘਰ ਉਜਾੜ ਕੇ ਉਨ੍ਹਾਂ ਦਾ ਘਰ ਕਿਉਂ ਭਰਾਂ…।”
“ਵੀਰੋ…।” ਨਿਹਾਲ ਕੌਰ ਤ੍ਰਭਕ ਕੇ ਵੀਰੋ ਦੇ ਮੂੰਹ ਵਲ ਵੇਖਣ ਲਗ ਪਈ।
ਨਿਹਾਲ ਕੌਰ ਨੇ ਵੀਰੋ ਦੀ ਲਾਜ ਰਖ ਲਈ। ਸਰਦਾਰ ਨੂੰ ਕਹਿ ਦਿਤਾ ਕਿ ਅਲਮਾਰੀ ਵਿਚ ਪਏ ਹੋਏ ਚਾਂਦੀ ਦੇ ਭਾਂਡੇ ਬੜੇ ਪੁਰਾਣੇ ਢੰਗ ਦੇ ਸਨ, ਉਹਨੇ ਉਹ ਭਾਂਡੇ ਕਢ ਕੇ ਤੇ ਕੁਝ ਚਾਂਦੀ ਆਪਣੇ ਕੋਲੋਂ ਪਾ ਕੇ ਸੁਨਿਆਰੇ ਨੂੰ ਨਵੇਂ ਭਾਂਡੇ ਘੜਨੇ ਦਿਤੇ ਹੋਏ ਸਨ। ਸਰਦਾਰ ਦਾ ਫਿਕਰ ਮੁਕ ਗਿਆ ਪਰ ਨਿਹਾਲ ਕੌਰ ਜਦੋਂ ਵੀ ਵੀਰੋ ਦੇ ਮੂੰਹ ਵਲ ਵੇਖਦੀ, ਉਹਦੇ ਮਨ ਵਿਚ ਇਕ ਫਿਕਰ ਛਿੜ ਪੈਂਦਾ। ਵੀਰੋ ਦੀਆਂ ਕਾਲੀਆਂ ਭੌਰਿਆਂ ਵਰਗੀਆਂ ਅੱਖਾਂ ਸਨ। ਰੰਗ ਜ਼ਰਾ ਕੁ ਸੌਲਾ ਸੀ ਪਰ ਸੌਲੇ ਰੰਗ ਵਿਚ ਜਵਾਨੀ ਪੀਡੇ ਆਟੇ ਵਾਂਗ ਗੁਝੀ ਹੋਈ ਸੀ। ਉਹਦੀਆਂ ਬਾਹਵਾਂ ਵੇਲਣਿਆਂ ਵਾਂਗ ਗੋਲ ਤੇ ਪੀਡੀਆਂ ਸਨ, ਮਾਸ ਉਤੇ ਚੂੰਢੀ ਨਹੀਂ ਸੀ ਭਰੀ ਜਾਂਦੀ। ਨਿਹਾਲ ਕੌਰ ਨੂੰ ਜਾਪਣ ਲਗ ਪਿਆ ਕਿ ਸਰਦਾਰ ਕੋਲੋਂ ਜਿਹੜਾ ਹਉਕਾ ਲੈ ਕੇ ਉਸ ਨੇ ਆਪਣੇ ਜਿੰਮੇ ਪਾ ਲਿਆ ਸੀ, ਵੀਰੋ ਨੇ ਉਹੀ ਹਉਕਾ ਉਹਦੇ ਕੋਲੋਂ ਲੈ ਕੇ ਆਪਣੀ ਛਾਤੀ ਵਿਚ ਪਾ ਲਿਆ ਸੀ। ਤੇ ਫੇਰ ਵੀਰੋ ਨੂੰ ਦਿਨ ਚੜ੍ਹ ਗਏ। ਹਵੇਲੀ ਬਹੁਤ ਵਡੀ
ਸੀ, ਪਰ ਮੁਬਾਰਕਾਂ ਏਨੀਆਂ ਸਨ ਕਿ ਕਿ ਹਵੇਲੀ ਵਿਚ ਮਿਉਂਦੀਆਂ ਨਹੀਂ ਸਨ। ਸਰਦਾਰ ਦਾ ਪੈਰ ਭੋਏਂ ਤੇ ਨਹੀਂ ਸੀ ਲਗਦਾ, ਤੇ ਨਿਹਾਲ ਕੌਰ ਵੀਰੋ ਨੂੰ ਪੈਰ ਭੋਏਂ ਤੇ ਨਹੀਂ ਸੀ ਲਾਉਣ ਦੇਂਦੀ ਪਰ ਲੋਕ ਨਾ ਸਰਦਾਰ ਨੂੰ ਏਨੀਆਂ ਮੁਬਾਰਕਾਂ ਦੇਂਦੇ ਸਨ, ਨਾ ਵੀਰੋ ਨੂੰ, ਜਿੰਨੀਆਂ ਨਿਹਾਲ ਕੌਰ ਨੂੰ।
“ਮੈਂ ਜੰਮਦਾ ਝੋਲੀ ਪੁਆ ਲੈਣਾ ਏ, ਪਿਛੋਂ ਨਾ ਆਖੀਂ। ਮੈਂ ਵਡੀ ਸਰਦਾਰਨੀ ਆਂ, ਤੂੰ ਛੋਟੀ ਸਰਦਾਰਨੀ ਏਂ, ਸੋ ਪਹਿਲਾ ਪੁਤਰ ਵੀ ਵਡੀ ਦਾ। ਪਿਛੋਂ ਹੋਰ ਜਿਹੜੇ ਜੰਮੇਂਗੀ ਉਹ ਤੇਰੇ,” ਨਿਹਾਲ ਕੌਰ ਹੱਸ ਕੇ ਵੀਰੋ ਨੂੰ ਆਖਦੀ। ਨਿਹਾਲ ਕੌਰ ਨੂੰ ਆਪ ਨਹੀਂ ਸੀ ਪਤਾ ਲਗਦਾ ਪਿਆ ਕਿ ਉਹਦੇ ਮਨ ਵਿਚ ਕੋਈ ਗੁਝਾ ਛਿਪਾ ਵੀ ਮਲਾਲ ਕਿਉਂ ਨਹੀਂ ਸੀ। ਉਹਨੇ ਆਪਣੇ ਹਥੀਂ ਆਪਣਾ ਖਾਵੰਦ ਇਕ ਪਰਾਈ ਔਰਤ ਨੂੰ ਦੇ ਦਿਤਾ ਸੀ ਤੇ ਹੁਣ ਉਸ ਨੇ ਸਾਰੀ ਜ਼ਮੀਨ ਜਾਇਦਾਦ ਵੀ ਇਕ ਪਰਾਈ ਔਰਤ ਦੇ ਪੁੱਤਰ ਨੂੰ ਦੇ ਦੇਣੀ ਸੀ।
“ਟੂਣੇਹਾਰੀਏ! ਮੈਂ ਕਿਹੜੇ ਵੇਲੇ ਤੈਨੂੰ ਆਪਣੀ ਨੂੰਹ ਤੇ ਧੀ ਆਖਿਆ ਸੀ। ਮੈਂ ਸਚੀ ਮੁਚੀਂ ਇਕ ਸੱਸ ਮਾਂ ਵਾਂਗ ਖੁਸ਼
ਹਾਂ। ਮੈਨੂੰ ਕਦੀ ਇਹ ਚੇਤਾ ਨਹੀਂ ਰਹਿੰਦਾ ਕਿ ਤੂੰ ਮੇਰੀ…,” ਨਿਹਾਲ ਕੌਰ ਦੀ ਇਸ ਗੱਲ ਨੂੰ ਵੀਰੋ ਟੁਕ ਦਿੰਦੀ ਤੇ ਹੱਸ ਕੇ ਆਖਦੀ, “ਸਰਦਾਰਨੀ ਮੈਂ ਭਾਵੇਂ ਤੇਰੀ ਕੁਝ ਲਗਨੀ ਆਂ ਤੇ ਭਾਂਵੇ ਨ੍ਹੀਂ, ਪਰ ਇਹ ਮੈਨੂੰ ਪਤਾ ਏ ਕਿ ਮੈਂ ਤੇਰੀ ਸੌਂਕਣ ਨਹੀਂ ਲਗਦੀ।”
ਨਿਹਾਲ ਕੌਰ ਨੇ ਤਰਖਾਣ ਕੋਲੋਂ ਜਿਹੜਾ ਭੰਗੂੜਾ ਬਣਵਾਇਆ ਉਸ ਭੰਗੂੜੇ ਨੂੰ ਚਾਂਦੀ ਦੀਆਂ ਘੰਟੀਆਂ ਬੰਨ੍ਹੀਆਂ,
ਸੁਚੇ ਪਟ ਦੀ ਉਸ ਨੇ ਨਿਕੀ ਜਿਹੀ ਰਜਾਈ ਬਣਵਾਈ। ਸ਼ਹਿਰ ਦਾ ਇਕ ਅੰਗ੍ਰੇਜ਼ ਅਫਸਰ ਇਕ ਮਹੀਨੇ ਛੁਟੀ ਵਲਾਇਤ ਚਲਿਆ ਸੀ, “ਵਲੈਤੀ ਸਵੈਟਰ ਰੇਸ਼ਮ ਵਰਗੇ ਹੁੰਦੇ ਨੇ,” ਨਿਹਾਲ ਕੌਰ ਨੇ ਆਖਿਆ ਸੀ ਤੇ ਉਸ ਅੰਗ੍ਰੇਜ਼ ਅਫਸਰ ਨੂੰ ਪੱਕੀ ਕੀਤੀ ਕਿ ਉਹ ਨਿਕੇ ਨਿਕੇ ਦੋ ਸਵੈਟਰ ਉਥੋਂ ਖਰੀਦ ਕੇ ਜ਼ਰੂਰ ਲਿਆਵੇ। ਆਪਣੇ ਵੇਲੇ ਨਿਹਾਲ ਕੌਰ ਨੇ ਸਿਆਣੀਆਂ ਦਾਈਆਂ ਨੂੰ ਵੀ ਵਿਖਾਇਆ ਸੀ ਤੇ ਵਡੇ ਸ਼ਹਿਰਾਂ ਵਿਚ ਜਾ ਕੇ ਡਾਕਟਰਾਂ ਨੂੰ ਵੀ ਪਰ ਆਪਣੇ ਵੇਲੇ ਕਦੇ ਕਿਸੇ ਦੇ ਦੇਵਤੇ ਦੀ ਮੰਨਤ ਨਹੀਂ ਸੀ ਮੰਨੀ। ਵੀਰੋ ਨੂੰ ਜਦੋਂ ਪੂਰੇ ਤਿੰਨ ਦਿਨ ਲਕ ਵਿਚ ਪੀੜ ਹੁੰਦੀ ਰਹੀ, ਤੇ ਇਕ ਦਿਨ ਜ਼ਰਾ ਕੁ ਖੂਨ ਦਾ ਦਾਗ ਵੀ ਲਗ ਗਿਆ ਤਾਂ ਨਿਹਾਲ ਕੌਰ ਨੇ ਉਸ ਦਿਨ ਆਪਣੀ ਜਿੰਦਗੀ ਵਿਚ ਪਹਿਲੀ ਵਾਰ ਸੁਖਣਾ ਸੁਖੀ।
ਇਹ ਨਾਜ਼ ਕਰਨ ਦਾ ਵੇਲਾ ਸੀ। ਵੀਰੋ ਚਾਹੁੰਦੀ ਤਾਂ ਦੂਰ ਦਸੌਰ ਦੀਆਂ ਫਰਮਾਇਸ਼ਾਂ ਵੀ ਪਾ ਸਕਦੀ ਸੀ। ਸਰਦਾਰ ਹੁਣ ਉਹਦੇ ਮੂੰਹ ਵਲ ਵੇਖਦਾ ਉਹਦੇ ਮੂੰਹ ਦਾ ਬੋਲ ਉਡੀਕਦਾ ਸੀ। ਪਰ ਨਿਹਾਲ ਕੌਰ ਨੂੰ ਪਤਾ ਸੀ ਕਿ ਵੀਰੋ ਦੀ ਸੰਗ ਅਜੇ ਵੀ ਏਨੀ ਸੀ ਕਿ ਉਹਨੇ ਨਿਗੂਣੀ ਆਚਾਰ ਦੀ ਫਾੜੀ ਵੀ ਮੰਗਣੀ ਹੁੰਦੀ ਤਾਂ ਦੋ ਵਾਰੀ ਝਕ ਕੇ ਨਿਹਾਲ ਕੌਰ ਦੇ ਮੂੰਹ ਵਲ ਵੇਖਦੀ। ਇਸ ਲਈ ਨਿਹਾਲ ਕੌਰ ਆਪ ਹੀ ਵੀਰੋ ਦੇ ਮਨ ਦਾ ਖਿਆਲ ਰਖਦੀ ਸੀ। ਏਸ ਸਾਰੇ ਵੇਲੇ ਵਿਚ ਵੀਰੋ ਨੇ ਆਪਣੇ ਮੂੰਹੋਂ ਜੇ ਕੁਝ ਜ਼ੋਰ ਨਾਲ ਆਖਿਆ ਸੀ ਤਾਂ ਇਕੋ ਗੱਲ ਆਖੀ ਸੀ ਕਿ
“ਵਿਹੜੇ ਵਿਚ ਰੱਸੀ ਨਾਲ ਟੰਗੇ ਹੋਏ ਗੋਂਗਲੂਆਂ ਦੇ ਹਾਰ ਲਾਹ ਕੇ ਪਰ੍ਹਾਂ ਰਖ ਦਿਉ। ਇਹਨਾਂ ਨੂੰ ਵੇਖ ਕੇ ਮੇਰੇ ਜੀਅ ਨੂੰ ਕੁਝ ਹੁੰਦਾ ਏ। ਗੋਂਗਲੂਆਂ ਦੀਆਂ ਕਚਰੀਆਂ ਇਸ ਤਰ੍ਹਾਂ ਜਾਪਦੀਆਂ ਨੇ ਜਿਵੇਂ ਕਿਸੇ ਦਾ ਮਾਸ ਪਿਲ ਪਿਲ ਕਰਦਾ ਹੋਵੇ,” ਵੀਰੋ ਨੇ ਆਖਿਆ ਸੀ ਤੇ ਸੁਕਦੇ ਗੋਂਗਲੂਆਂ ਵਲ ਵੇਖਦੀ ਉਬਾਕਣ ਲਗ ਪਈ ਸੀ।
ਫੇਰ ਵੀਰੋ ਦੇ ਮਨ ਵਿਚ ਪਤਾ ਨਹੀਂ ਕੀ ਆਇਆ। ਜਦੋਂ ਉਸ ਨੂੰ ਨੌਵਾਂ ਮਹੀਨਾ ਲਗ ਪਿਆ ਤਾਂ ਉਸ ਨੇ ਜਿਦ ਫੜ ਲਈ ਕਿ ਉਹ ਆਪਣੇ ਪੇਕੇ ਘਰ ਆਪਣਾ ਜਣੇਪਾ ਕਟੇਗੀ। ਸਰਦਾਰ ਉਹਦੀ ਜਿਦ ਨਹੀਂ ਸੀ ਮੰਨਦਾ। ਨਿਹਾਲ ਕੌਰ ਉਹਦੇ ਵਾਸਤੇ ਪਾਂਦੀ ਸੀ ਪਰ ਵੀਰੋ ਨੇ ਇਕੋ ਹੀ ਹਠ ਫੜ ਲਿਆ ਸੀ ਕਿ ਉਹਦੇ ਪਿੰਡ ਇਕ ਬੁਢੀ ਦਾਈ ਬੜੀ ਸਿਆਣੀ ਏ। ਉਹਨੂੰ ਸਿਰਫ ਉਸੇ ਦਾਈ ਉਤੇ ਇਤਬਾਰ ਹੈ, ਹੋਰ ਕਿਸੇ ਉਤੇ ਨਹੀਂ ਤੇ ਉਸ ਨੂੰ ਯਕੀਨ ਹੈ ਕਿ ਜੇ ਉਹ ਇਥੇ ਰਹੀ ਤਾਂ ਸ਼ਹਿਰੀ ਡਾਕਟਰਨੀਆਂ ਦੇ ਹਥੋਂ ਜ਼ਰੂਰ ਮਰ ਜਾਏਗੀ।
“ਇਹ ਡਰ ਬੜਾ ਮਾੜਾ ਹੁੰਦਾ ਏ” ਡਾਕਟਰਾਂ ਨੇ ਵੀ ਸਰਦਾਰ ਨੂੰ ਸਲਾਹ ਦਿਤੀ। ਪਰ ਸਰਦਾਰ ਦੇ ਮਨ ਵਿਚ ਕੁਝ ਹੋਰ ਹੀ ਡਰ ਸੀ। ਉਹ ਨਿਹਾਲ ਕੌਰ ਨੂੰ ਇੱਕਲਵਾਂਝੇ ਲਿਜਾ ਕੇ ਆਖਣ ਲੱਗਾ, “ਮੈਨੂੰ ਡਰ ਏ ਕਿ ਜੇ ਇਹਨੂੰ ਉਥੇ ਕੁੜੀ ਹੋਈ ਤਾਂ ਇਹਦੇ ਮਾਪਿਆਂ ਨੇ ਕਿਸੇ ਦੇ ਮੁੰਡੇ ਨਾਲ ਉਹ ਕੁੜੀ ਵਟਾ ਦੇਣੀ ਏਂ। ਮੈ ਅਗੇ ਇਹੋ ਜਿਹੀਆਂ ਕਈ ਗੱਲਾਂ ਸੁਣੀਆਂ ਹੋਈਆਂ ਨੇ। ਉਨ੍ਹਾਂ ਨੂੰ ਲਾਲਚ ਹੁੰਦਾ ਏ ਕਿ ਮੁੰਡਾ ਹੋਵੇਗਾ ਤਾਂ ਵਡਾ ਹੋ ਕੇ ਜਾਇਦਾਦ ਦਾ ਵਾਰਸ ਬਣੇਗਾ।”
“ਫੇਰ ਇਹਦਾ ਤੇ ਇਹੋ ਇਲਾਜ ਏ ਕਿ ਮੈਂ ਇਹਦੇ ਨਾਲ ਚਲੀ ਜਾਨੀ ਆਂ। ਮੇਰੇ ਕੋਲ ਹੁੰਦਿਆਂ ਉਹ ਕੁਝ ਨਹੀਂ ਕਰ ਸਕਣਗੇ,” ਨਿਹਾਲ ਕੌਰ ਨੇ ਸੋਚ ਸੋਚ ਕੇ ਆਖਿਆ। ਸਰਦਾਰ ਮੰਨ ਗਿਆ। ਵੀਰੋ ਨੇ ਵੀ ਕੋਈ ਉਜਰ ਨਾ ਕੀਤਾ। ਨਿਹਾਲ ਕੌਰ ਨੇ ਘਰ ਦੀ ਮਹਿਰੀ ਨੂੰ ਵੀ ਸੇਵਾ ਕਰਨ ਲਈ ਨਾਲ ਲੈ ਲਿਆ, ਤੇ ਵੀਰੋ ਨੂੰ ਲੈ ਕੇ ਵੀਰੋ ਦੇ ਪੇਕੇ ਚਲੀ ਗਈ। ਵੀਰੋ ਦਾ ਜਣੇਪਾ ਔਖਾ ਨਹੀਂ ਸੀ। ਉਹ ਭਰ ਜਵਾਨ ਸੀ, ਤੰਦਰੁਸਤ ਵੀ ਬੜੀ ਸੀ। ਉਹਦੀ ਮਾਂ ਤੇ ਭਰਜਾਈ ਵੀ ਉਹਨੂੰ ਮਜਾਕ ਕਰਦੀਆਂ ਸਨ। “ਇਹ ਤੇ ਐਵੇਂ ਡਰਦੀ ਏ। ਪੁਤਰ ਜੰਮਣ ਦਾ ਕੀ ਹੁੰਦਾ ਏ, ਇਕ ਚੀਕ ਮਾਰੀ ਤੇ ਪੁਤਰ ਜੰਮ ਛਡਿਆ।”
ਨਿਹਾਲ ਕੌਰ ਨੇ ਵੀਰੋ ਦੇ ਪੇਕਿਆਂ ਤੇ ਕਿਸੇ ਤਰ੍ਹਾਂ ਦਾ ਵੀ ਭਾਰ ਨਹੀਂ ਸੀ ਪੈਣ ਦਿਤਾ। ਖੁਲ੍ਹੇ ਹਥੀਂ ਖਰਚ ਕਰਦੀ ਸੀ। ਸਾਰੇ ਉਸ ਨੂੰ ਸਰਦਾਰਨੀ ਸਰਦਾਰਨੀ ਆਖਦੇ ਥਕਦੇ ਨਹੀਂ ਸਨ। ਨਿਹਾਲ ਕੌਰ ਹਸ ਕੇ ਆਖਦੀ “ਇਕ ਚੀਕ ਮਾਰੀ ਤਾਂ ਪੁਤਰ ਜੰਮ ਛਡਿਆ, ਪਰ ਜੇ ਧੀ ਜੰਮਣੀ ਹੋਵੇ ਤਾਂ…।”
ਵੀਰੋ ਦੀ ਭਰਜਾਈ ਖਿੜ ਖਿੜ ਹਸਦੀ ਆਖਦੀ “ਦੋ ਚੀਕਾਂ ਮਾਰੀਆਂ ਤੇ ਧੀ ਜੰਮ ਛਡੀ”।
“ਧੀ ਦੀ ਵਾਰੀ ਦੋ ਚੀਕਾਂ?” ਨਿਹਾਲ ਕੌਰ ਹਸ ਕੇ ਪੁਛਦੀ।
“ਇਕ ਚੀਕ ਪੀੜ ਦੀ, ਤੇ ਇਕ ਚੀਕ ਗ਼ਮ ਦੀ,” ਵੀਰੋ ਦੀ ਭਰਜਾਈ ਆਖਦੀ, “ਖੁਸ਼ੀਆਂ ਤੇ ਪੁਤਰਾਂ ਦੀਆਂ ਹੁੰਦੀਆਂ ਨੇ ਧੀਆਂ ਦੀ ਕਾਹਦੀ ਖੁਸ਼ੀ!”
ਨਿਹਾਲ ਕੌਰ ਨੂੰ ਭਾਵੇਂ ਆਪਣੇ ਮਨ ਵਿਚ ਇਕ ਵਾਰੀ ਡਾਢੀ ਚੀਸ ਪਈ, “ਮੈਂ ਤਾਂ ਜਿੰਦਗੀ ਵਿਚ ਨਾ ਇਕ ਚੀਕ ਮਾਰ ਕੇ ਵੇਖੀ ਨਾ ਦੋ” ਪਰ ਉਸ ਨੇ ਆਪਣੇ ਹਸਦੇ ਹੋਠਾਂ ਨਾਲ ਆਪਣੀ ਚੀਸ ਨੂੰ ਇਸ ਤਰ੍ਹਾਂ ਪੀ ਲਿਆ ਕਿ ਉਸ ਦੀ ਚੀਸ ਵੀ ਉਹਦੇ ਮੂੰਹ ਵਲ ਵੇਖ ਕੇ ਸ਼ਰਮਿੰਦੀ ਹੋ ਗਈ। ਤੇ ਫਿਰ ਜਿਸ ਰਾਤ ਵੀਰੋ ਨੂੰ ਪੀੜਾਂ ਛਿੜੀਆਂ ਉਹਦੇ
ਦੰਦਾਂ ਹੇਠਾਂ ਦਿਤੇ ਹੋਏ ਜਵਾਨ ਹੋਠਾਂ ਨੇ ਉਹਨਾਂ ਪੀੜਾਂ ਨੂੰ ਇਸ ਤਰ੍ਹਾਂ ਜਰ ਲਿਆ ਕਿ ਦੂਜੇ ਕੰਨ ਆਵਾਜ਼ ਨਾ ਪਹੁੰਚੀ। ਸਿਰਫ ਇਕੋ ਵਾਰੀ ਉਹਦੀ ਇਕ ਚੀਕ ਸੁਣਾਈ ਦਿਤੀ ਤੇ ਫੇਰ ਦਾਈ ਨੇ ਵੀਰੋ ਦੀ ਸਰਹਾਂਦੀ ਵਲ ਬੈਠੀ ਹੋਈ ਨਿਹਾਲ ਕੌਰ ਵਲ ਵੇਖ ਕੇ ਆਖਿਆ “ਸਰਦਾਰਨੀ ! ਮੁਬਾਰਖਾਂ ਹੋਣ! ਆ ਤੇਰੀ ਝੋਲੀ ਪੁਤਰ ਨਾਲ ਭਰ ਦਿਆਂ!”
ਨਿਹਾਲ ਕੌਰ ਨੇ ਮੁੰਡੇ ਨੂੰ ਵੀ ਝੋਲੀ ਵਿਚ ਪਾਇਆ, ਮੁਬਾਰਕਾਂ ਨੂੰ ਵੀ। ਪਰ ਸਵੇਰ ਸਾਰ ਜਿਸ ਵੇਲੇ ਉਹ ਸਰਦਾਰ ਨੂੰ ਤਾਰ ਦੇਣ ਲਗੀ ਤਾਂ ਵੀਰੋ ਨੇ ਨਿਹਾਲ ਕੌਰ ਨੂੰ ਆਪਣੇ ਕੋਲ ਬੁਲਾ ਕੇ ਆਪਣੇ ਦੋਵੇਂ ਹਥ ਉਹਦੇ ਪੈਰਾਂ ਉਤੇ ਰਖ ਦਿਤੇ।
“ਸਰਦਾਰਨੀ! ਮੈਂ ਜੱਗ ਜਹਾਨ ਅਗੇ ਝੂਠ ਬੋਲ ਸਕਨੀ ਆਂ, ਪਰ ਤੇਰੇ ਅਗੇ ਨਹੀਂ। ਇਹ ਮੁੰਡਾ ਤੇਰੇ ਸਰਦਾਰ ਦਾ ਨਹੀਂ।”
“ਵੀਰੋ” ਨਿਹਾਲ ਕੌਰ ਨੂੰ ਜਾਪਿਆ ਉਹਦੀ ਜੀਭ ਥਥਲਾਂਦੀ ਪਈ ਸੀ। “ਮੈਂ ਸਰਦਾਰ ਦੀ ਦੇਣਦਾਰ ਨਹੀਂ ਪਰ ਤੇਰੀ ਦੇਣਦਾਰ ਹਾਂ। ਇਹ ਮੁੰਡਾ ਜੇ ਨਿਰਾ ਸਰਦਾਰ ਦੇ ਵਿਹੜੇ ਵਿਚ ਖੇਡਣਾ ਹੁੰਦਾ, ਮੈਨੂੰ ਕੋਈ ਉਜਰ ਨਹੀਂ ਸੀ, ਪਰ ਮੈਂ ਇਹ ਤੇਰੀ ਝੋਲੀ ਨਹੀਂ ਪਾ ਸਕਦੀ। ਇਹ ਤੇਰੀ ਝੋਲੀ ਦੇ ਕਾਬਲ ਨਹੀਂ।”
“ਕੀ ਪਈ ਆਖਣੀ ਏਂ ਵੀਰੋ…?”
“ਕੀਤਾ ਤਾਂ ਮੈਂ ਹਾਸੇ ਭਾਣੇ ਸੀ, ਪਰ ਹਾਸੇ ਦਾ ਵਿਨਾਸਾ ਖੌਰੇ ਇੰਜ ਹੀ ਹੁੰਦਾ ਏ। ਪਰ ਤੈਨੂੰ ਸਚੀਂ ਦੱਸਾਂ, ਮੈਨੂੰ ਆਪਣੇ ਲਈ ਕੋਈ ਪਛਤਾਵਾ ਨਹੀਂ। ਜੇ ਕੋਈ ਪਛਤਾਵਾ ਏ ਤਾਂ ਤੇਰੇ ਲਈ।”
“ਵੀ…ਰੋ…।”
“ਤੈਨੂੰ ਜਾਂਦ ਏ ਮੈਂ ਇਕ ਫੇਰਾ ਪੇਕੇ ਆਈ ਸਾਂ। ਪਿਛਲੇ ਵਰ੍ਹੇ…ਤੁਹਾਡਾ ਮੁਨਸ਼ੀ ਮੇਰੇ ਨਾਲ ਆਇਆ ਸੀ, ਮੈਨੂੰ ਪੇਕਿਆਂ ਨੂੰ ਮਿਲਾਣ ਲਈ…ਇਥੇ ਸਾਰੇ ਪਿੰਡ ਵਿਚ ਇਕ ਗੱਲ ਫੈਲੀ ਹੋਈ ਸੀ ਕਿ ਮੇਰੇ ਮਾਪਿਆਂ ਨੇ ਰੁਪਈਆ ਲੈ ਕੇ ਮੈਨੂੰ ਇਕ ਬੁਢੇ ਸਰਦਾਰ ਨਾਲ ਵਿਆਹ ਦਿਤਾ ਸੀ। ਸਰਦਰ ਕਦੇ ਇਸ ਪਿੰਡ ਨਹੀਂ ਆਇਆ। ਮੇਰਾ ਪਿਉ ਹੀ ਮੈਨੂੰ ਤੁਹਾਡੇ ਸ਼ਹਿਰ ਲੈ ਗਿਆ ਸੀ, ਤੇ ਗੁਰਦੁਆਰੇ ਵਿਚ ਲਾਵਾਂ ਪੜ੍ਹਾ ਕੇ ਤੁਹਾਡੇ ਘਰ ਛਡ ਆਇਆ ਸੀ…ਮੈਂ ਜਦੋਂ ਪਿੰਡ ਆਈ, ਜਣੀ ਖਣੀ ਨੇ ਮੈਨੂੰ ਪੁਛਿਆ ਕਿ ਸਰਦਾਰ ਕਿੰਨਾ ਕੁ ਬੁਢਾ ਸੀ। ਮੈਨੂੰ ਕੀ ਸੁਝੀ, ਮੈਂ ਉਨ੍ਹਾਂ ਨੂੰ ਗਲੋਂ ਲਾਹਣ ਲਈ ਆਖ ਦਿਤਾ ਕਿ ਮੇਰਾ ਵਿਆਹ ਬੁਢੇ ਨਾਲ ਨਹੀਂ ਹੋਇਆ। ਤੁਹਾਡਾ ਮੁਨਸ਼ੀ ਬੜਾ ਜਵਾਨ
ਸੀ, ਸੋਹਣਾ ਵੀ ਸੀ। ਮੈਂ ਉਨ੍ਹਾਂ ਨੂੰ ਵਿਖਾਇਆ ਤੇ ਆਖਿਆ ਕਿ ਉਹ ਮੇਰਾ ਘਰਵਾਲਾ ਸੀ। ਸਾਰੀਆਂ ਮੇਰੀ ਕਿਸਮਤ ਤੇ ਹੈਰਾਨ ਹੋ ਗਈਆਂ। ਮੁਨਸ਼ੀ ਨੂੰ ਮੈਂ ਇਹ ਗੱਲ ਦੱਸ ਦਿਤੀ। ਉਹਨੇ ਵੀ ਮਚਲ ਮਾਰ ਛਡੀ ਤੇ ਜਦੋਂ ਮੇਰੀਆਂ ਸਹੇਲੀਆਂ ਨੇ ਉਹਦੇ ਕੋਲੋਂ ਕਲੀਚੜੀਆਂ ਮੰਗੀਆਂ ਤਾਂ ਉਹਨੇ ਸੁਨਿਆਰੇ ਕੋਲੋਂ ਚਾਂਦੀ ਦੀਆਂ ਕਲੀਚੜੀਆਂ ਖਰੀਦ ਕੇ ਉਨ੍ਹਾਂ ਨੂੰ ਵੰਡ ਦਿਤੀਆਂ। ਪੰਜ ਛੇ ਦਿਨ ਮੈਂ ਇਥੇ ਰਹੀ। ਰੋਜ਼ ਹਾਸਾ ਠੱਠਾ ਕਰਦਿਆਂ ਮੈਨੂੰ ਵੀ ਇਹ ਜਾਪਣ ਲਗ ਪਿਆ ਕਿ ਮੇਰਾ ਵਿਆਹ ਉਹਦੇ ਨਾਲ ਹੀ ਹੋਇਆ ਸੀ, ਹੋਰ ਕਿਸੇ ਨਾਲ ਨਹੀਂ।”
“ਸਾਡਾ ਮੁਨਸ਼ੀ ਮਦਨ ਸਿੰਘ!”
“ਮੈਂ ਹੁਣ ਪਰਤ ਕੇ ਸਰਦਾਰ ਦੇ ਘਰ ਨਹੀਂ ਜਾਣਾ, ਨਾ ਏਸ ਮੁੰਡੇ ਨੂੰ ਲਿਜਾਣਾ ਏ। ਮੈਂ ਇਸ ਲਈ ਜਿਦ ਬੰਨ੍ਹ ਕੇ ਏਥੇ ਆਈ ਸਾਂ। ਮੇਰੀ ਕੀਤੀ ਮੇਰੇ ਅਗੇ। ਮੈਂ ਹੋਰ ਤੇਰੇ ਕੋਲੋਂ ਕੁਝ ਨਹੀਂ ਮੰਗਦੀ, ਸਰਦਾਰਨੀ! ਬਸ ਇਕੋ ਗੱਲ ਮੰਗਨੀ ਆਂ ਕਿ ਸਰਦਾਰ ਨੂੰ ਉਸ ਮੁਨਸ਼ੀ ਦਾ ਨਾਂ ਨਾ ਦਸੀਂ, ਨਹੀਂ ਤੇ ਉਹ ਮੁਨਸ਼ੀ ਨੂੰ ਨੌਕਰੀ ਤੋਂ ਕਢ ਦੇਵੇਗਾ।”
“ਪਰ ਮਦਨ ਸਿੰਘ ਦਾ ਵਿਆਹ ਹੋਇਆ ਏ। ਵੀਰੋ ਉਹਦੇ ਘਰ ਦੋ ਬਾਲ ਨੇ।”
“ਏਸੇ ਲਈ ਉਹ ਡਰਦਾ ਏ ਕਿ ਜੇ ਸਰਦਾਰ ਨੂੰ ਪਤਾ ਲਗ ਗਿਆ ਤਾਂ ਉਹਦੀ ਨੌਕਰੀ ਜਾਂਦੀ ਰਹੇਗੀ। ਉਹਨੇ ਕਿਹੜਾ ਮੈਨੂੰ ਆਪਣੇ ਘਰ ਵਸਾਣਾ ਏਂ ਜੁ ਮੈਂ ਉਹਦੀ ਨੌਕਰੀ ਛੁੜਵਾਵਾਂ…ਉਹ ਜਿਥੇ ਰਵ੍ਹੇ ਰਾਜੀ ਰਵ੍ਹੇ…ਉਹ ਜਾਣੇ, ਮੈਂ ਇਕ ਵਾਰੀ ਵੇਖਿਆ ਤੇ ਸਹੀ ਕਿ ਜਵਾਨ ਆਦਮੀ ਕਿਹੋ ਜਿਹਾ ਹੁੰਦਾ ਏ…।”
ਨਿਹਾਲ ਕੌਰ ਨੇ ਘਬਰਾ ਕੇ ਅੱਖਾਂ ਮੀਟ ਲਈਆਂ ਤੇ ਫੇਰ ਜਿਸ ਵੇਲੇ ਉਹਨੇ ਅਖਾਂ ਖੋਲ੍ਹੀਆਂ, ਵੀਰੋ ਦੀ ਝੋਲੀ ਪਿਆ
ਪਿਆ ਉਹਦਾ ਪੁਤਰ ਉਹਦੀ ਛਾਤੀ ਵਿਚੋਂ ਦੁਧ ਪੀਣ ਲਈ ਮੂੰਹ ਮਾਰਦਾ ਪਿਆ ਸੀ। ਨਿਹਾਲ ਕੌਰ ਨੂੰ ਜਾਪਿਆ-ਸਰਦਾਰ ਦਾ ਜਿਹੜਾ ਹਉਕਾ ਉਸ ਨੇ ਆਪਣੇ ਜ਼ਿੰਮੇ ਲੈ ਲਿਆ ਸੀ, ਤੇ ਵੀਰੋ ਨੇ ਉਹੀ ਹਉਕਾ ਉਹਦੇ ਕੋਲੋਂ ਲੈ ਕੇ ਆਪਣੀ ਛਾਤੀ ਵਿਚ ਪਾ ਲਿਆ ਸੀ: ਇਹ ਮੁੰਡਾ ਐਸ ਵੇਲੇ ਉਸੇ ਹਉਕੇ ਨੂੰ ਵੀਰੋ ਦੀ ਛਾਤੀ ਵਿਚੋਂ ਪੀਣ ਦੀ ਕੋਸ਼ਿਸ਼ ਕਰਦਾ ਪਿਆ ਸੀ।

ਮੁਰੱਬਿਆਂ ਵਾਲੀ
ਅੰਮ੍ਰਿਤਾ ਪ੍ਰੀਤਮ
ਉਹ ਜਦੋਂ ਮਲੂਕ ਜਿਹੀ ਡੋਲੀ ਵਿਚੋਂ ਨਿਕਲੀ ਸੀ, ਉਦੋਂ ਹੀ ਸਾਰੇ ਪਿੰਡ ਦੇ ਮੂੰਹ ਤੇ ਉਹਦਾ ਨਾਂ ਚਡ਼੍ਹ ਗਿਆ ਸੀ – ਮੁਰੱਬਿਆਂ ਵਾਲੀ।

ਸਿਰਫ਼ ਜ਼ਮੀਨ ਦੇ ਕਾਗ਼ਜ਼ਾਂ ਪੱਤਰਾਂ ਵਿਚ ਉਹਦਾ ਨਾਂ “ਸਰਦਾਰਨੀ ਰਾਜ ਕੌਰ” ਲਿਖਿਆ ਹੋਇਆ ਸੀ, ਜਾਂ ਉਹਦਾ ਸਹੁਰਾ ਜਿੰਨਾ ਚਿਰ ਜਿਉਂਦਾ ਰਿਹਾ ਸੀ ਉਹਨੂੰ ਸਰਦਾਰਨੀ ਰਾਜ ਕੌਰ ਕਹਿੰਦਾ ਰਿਹਾ ਸੀ, ਪਰ ਜਿੱਥੋਂ ਤਕ ਸ਼ਰੀਕੇ ਦਾ ਤੇ ਪਿੰਡ ਦੇ ਹੋਰ ਲੋਕਾਂ ਦਾ ਸਵਾਲ ਸੀ, ਉਹ ਸਭਨਾਂ ਲਈ ਮੁਰੱਬਿਆਂ ਵਾਲੀ ਸੀ। ਉਹਦੇ ਚਡ਼੍ਹੇ ਪੀਡ਼ੇ ਪਿਉ ਨੇ ਇਕ ਮੁਰੱਬਾ ਦਾਜ ਵਿਚ ਦਿੱਤਾ ਸੀ। ਪਰ ਬਿਨਾਂ ਨਾਵਿਉਂ ਵੀ ਸਭ ਨੂੰ ਪਤਾ ਸੀ ਕਿ ਰਹਿੰਦੀ ਤਿੰਨ ਮੁਰੱਬੇ ਜ਼ਮੀਨ ਦੀ ਵੀ ਉਹੀਉ ਵਾਰਸ ਸੀ। ਉਹਦੇ ਬਾਰੇ ਦੰਦ ਕਥਾ ਸੀ ਕਿ ਉਹਦੀ ਮਾਂ ਜਦੋਂ ਚਲੀਹਾ ਨ੍ਹਾਤੀ, ਉਹਨੂੰ ਕੀਮਖ਼ਾਬ ਵਿਚ ਵਲ੍ਹੇਟ ਕੇ ਗੁਰਦੁਆਰੇ ਮੱਥਾ ਟਿਕਾਣ ਲੈ ਗਈ, ਤਾਂ ਉਹਦੇ ਪਿਉ ਨੇ ਉਹਦੇ ਹੱਥੋਂ ਸੋਨੇ ਦੀਆਂ ਯਾਰਾਂ ਅਸ਼ਰਫ਼ੀਆਂ ਮੱਥਾ ਟਿਕਵਾਈਆਂ ਸਨ, ਤੇ ਉਸੇ ਦਿਨ ਗੁਰਦੁਆਰੇ ਦੇ ਭਾਈ ਜੀ ਨੇ ਉਹਨੂੰ ਮੁਰੱਬਿਆਂ ਵਾਲੀ ਆਖ, ਇਕ ਸੁੱਚੇ ਗੋਟੇ ਵਾਲੀ ਚੁੰਨੀ ਗੁਰੂ ਮਹਾਰਾਜ ਨੂੰ ਛੁਹਾ ਕੇ ਉਹਦੇ ਲਈ ਸਿਰੋਪਾ ਦਿੱਤੀ ਸੀ।

ਉਹ ਭਰੇ ਘਰ ਜੰਮੀ ਸੀ, ਭਰੇ ਘਰ ਵਿਆਹੀ। ਪਰ ਜਿਹਡ਼ਾ ਇਕ ਦੁੱਖ ਉਹਨੇ ਦਡ਼ ਵੱਟ ਕੇ ਪੀ ਲਿਆ ਸੀ, ਉਹਨੂੰ ਉਹਦੇ ਤੋਂ ਤੇ ਉਹਦੇ ਸੱਚੇ ਪਾਤਸ਼ਾਹ ਤੋਂ ਬਿਨਾਂ ਕੋਈ ਵੀ ਨਹੀਂ ਸੀ ਜਾਣਦਾ। ਸੱਜਰ ਵਿਆਹੀ ਨੂੰ ਸੂਹ ਲੱਗ ਗਈ ਸੀ ਕਿ ਉਹਦਾ ਮਰਦ ਹਾਕਮ ਸਿੰਘ ਆਪਣੇ ਦਾਦੇ ਪੋਤਰਿਉਂ ਭਰਾ ਲਗਦੇ ਕਰਮ ਸਿੰਘ ਦੀ ਤੀਵੀਂ ਨਾਲ ਰਲਿਆ ਹੋਇਆ ਸੀ। ਪਿੱਛੋਂ ਉਹਨੇ ਏਸ ਗੱਲ ਦੀ ਈਚੀ ਬੀਚੀ ਵੀ ਜਾਣ ਲਈ ਸੀ ਕਿ ਜਦੋਂ ਤੱਕ ਕਰਮ ਸਿੰਘ ਜੀਊਂਦਾ ਰਿਹਾ, ਉਦੋਂ ਤੱਕ ਤਾਂ ਢੱਕੀ ਰਿਝਦੀ ਰਹੀ, ਪਰ ਜਿੱਦਣ ਦਾ ਉਹ ਰੱਬ ਨੂੰ ਪਿਆਰਾ ਹੋ ਗਿਆ ਸੀ, ਉਹਦੀ ਤੀਵੀਂ ਨੇ ਸਾਕਾਂ ਵਿਚੋਂ ਦਿਉਰ ਲਗਦੇ ਏਸ ਹਾਕਮ ਸਿੰਘ ਦੇ ਦੋ ਕੱਚੇ ਕਢਵਾਏ ਸਨ।

ਇਹ ਮੁਰੱਬਿਆਂ ਵਾਲੀ ਰੱਬ ਦੀ ਬੰਦੀ, ਮੂੰਹੋਂ ਨਾ ਬਿਰਕੀ। ਸਿਰਫ਼ ਇਕ ਵਾਰ ਗੁਰਦੁਆਰੇ ਜਾ ਕੇ ਆਪਣੇ ਸੱਚੇ ਪਾਤਸ਼ਾਹ ਅੱਗੇ ਫ਼ਿੱਸ ਪਈ “ਲੋਕ ਪ੍ਰਲੋਕ ਦੀ ਜਾਨਣ ਵਾਲਿਆ! ਮੈਂ ਤਾਂ ਉਹਨੂੰ ਸੁੱਚੇ ਅੰਗ ਦਿੱਤੇ ਸਨ, ਪਰ ਉਸ ਭ੍ਰਿਸ਼ਟੇ ਹੋਏ ਨੇ ਉਹ ਵੀ ਭ੍ਰਿਸ਼ਟ ਕਰ ਛੱਡੇ।”

ਤੇ ਉਹਦਾ ਮਰਦ ਜਿਹਡ਼ੀ ਰਾਤ ਉਹਦੇ ਵਿਛੌਣੇ ਉਤੇ ਔਂਦਾ, ਉਹ ਉਸ ਪ੍ਰਭਾਤੇ ਮਲ ਮਲ ਕੇ ਨਹਾਉਂਦੀ ਤੇ ਦਿਨ ਚਡ਼੍ਹੇ ਸਾਰਾ ਵਿਛੌਣਾ ਧੁਆ ਛੱਡਦੀ। ਰੋਜ਼ ਪੰਜ ਪੌਡ਼ੀਆਂ ਪਡ਼੍ਹਦੀ, ਪਰ ਉਸ ਦਿਨ ਸੁੱਚੇ ਮੂੰਹ ਸਾਰੀ ਸੁਖਮਨੀ ਦਾ ਪਾਠ ਕਰਦੀ।
ਉਹਨੇ ਅੱਖਾਂ ਮੀਟ ਕੇ ਜੀਉਂਦੀ ਮੱਖੀ ਨਿਗਲ ਲਈ ਸੀ, ਪਰ ਆਪਣੇ ਮਰਦ ਨੂੰ ਮੂੰਹੋਂ ਕੁਝ ਨਹੀਂ ਸੀ ਆਖਿਆ। ਉਹਨੂੰ ਵੀ ਖੌਰੇ ਅੰਦਰ ਦਾ ਭੈਅ ਮਾਰਦਾ ਸੀ, ਉਹਨੇ ਆਪਣੀ ਇਸ ਸਰਦਾਰਨੀ ਅੱਗੇ ਕਦੇ ਅੱਖ ਨਹੀਂ ਸੀ ਉਚੀ ਕੀਤੀ। ਪਰ ਮਰਦ ਦੀ ਇਹ ਗੱਲ ਵੀ ਉਹਨੂੰ ਫਿੱਸੇ ਹੋਏ ਫੋਡ਼ੇ ਵਰਗੀ ਲਗਦੀ ਤੇ ਉਹਦਾ ਜੀਅ ਕਚਿਆ ਜਾਂਦਾ।

ਪਰ ਉਹਦੇ ਜੀਅ ਨੂੰ ਠੱਲ੍ਹ ਪੈ ਗਈ, ਜਦੋਂ ਉਤੋਡ਼ੱਤੀ ਉਸ ਦੇ ਘਰ ਦੋ ਪੁੱਤਰ ਜੰਮੇ। ਉਹਨੂੰ ਜਾਪਿਆ – ਉਹਨੂੰ ਕੱਲੀਕਾਰੀ ਨੂੰ ਰੱਬ ਨੇ ਲੋਹੇ ਦੀਆਂ ਬਾਹਵਾਂ ਦੇ ਦਿੱਤੀਆਂ ਹਨ। ਫੇਰ ਤੀਜੀ ਪੇਟ ਘਰੋਡ਼ੀ ਧੀ ਜੰਮੀ ਜਿਹਨੂੰ ਲਾਡ ਨਾਲ ਉਹ ਮਲਕੀ ਬੁਲਾਂਦੀ ਰਹੀ। ਭਾਵੇਂ ਪਿੱਛੋਂ ਗੁਰੂ ਗਰੰਥ ਵਿਚੋਂ ਜਦੋਂ ਉਹਦਾ ਨਾਂ ਕਢਵਾਇਆ, ਉਹ ਕੁਝ ਹੋਰ ਸੀ, ਪਰ ਜਿਹਡ਼ਾ ਪਹਿਲੇ ਦਿਨ ਉਹਦੇ ਮੂੰਹ ਚਡ਼੍ਹਿਆ ਸੀ, ਉਹੀਉ ਫੇਰ ਸਾਰਿਆਂ ਦੇ ਮੂੰਹ ਚਡ਼੍ਹ ਗਿਆ ਸੀ।

ਵੇਲਾ ਚੰਗਾ ਭਲਾ ਆਪਣੇ ਮੂੰਹ ਧਿਆਨ ਤੁਰਦਾ ਪਿਆ ਸੀ, ਪਰ ਪਟੋਲੇ ਵਰਗੀ ਮਲਕੀ ਜਦੋਂ ਉੱਸਰ ਖਲੋਤੀ, ਸਕੂਲ ਪਾਸ ਕਰਨ ਜਿੱਡੀ ਹੋ ਗਈ, ਤਾਂ ਵੇਲੇ ਨੇ ਇਕ ਅਜਿਹੀ ਭੁਆਟੀ ਖਾਧੀ ਕਿ ਕੀ ਸ਼ਰੀਕੇ ਦੀ ਭਾਬੀ ਤੇ ਕੀ ਕੋਈ ਹੋਰ, ਜਿਹਡ਼ੀ ਕਦੇ ਏਸ ਮੁਰੱਬਿਆਂ ਵਾਲੀ ਦੇ ਸਾਹਮਣੇ ਅੱਖ ਭਰ ਕੇ ਨਹੀਂ ਸੀ ਤੱਕੀ, ਲਾ ਲਾ ਕੇ ਗੱਲਾਂ ਕਰਨ ਲੱਗ ਪਈ।

ਮਲਕੀ ਨੇ ਜ਼ਿਦ ਬੰਨ੍ਹ ਲਈ ਸੀ ਕਿ ਉਹ ਸਕੂਲ ਪਾਸ ਕਰ ਕੇ ਅੱਗੋਂ ਸ਼ਹਿਰ ਜਾਏਗੀ, ਤੇ ਪਡ਼੍ਹੇਗੀ। ਏਥੋਂ ਤਕ ਤਾਂ ਗੱਲ ਨਜਿੱਠਣ ਵਾਲੀ ਸੀ ਕਿ ਮਲਕੀ ਦੇ ਮਨ ਵਿਚ ਜੋ ਕੁਝ ਭਰਿਆ ਸੀ, ਉਹ ਸਕੂਲ ਦੇ ਜਵਾਨ ਜਹਾਨ ਮਾਸਟਰ ਨੇ ਉਹਨੂੰ ਕੋਈ ਉਲਟੀਆਂ ਪੁਲਟੀਆਂ ਕਿਤਾਬਾਂ ਪਡ਼੍ਹਾ ਕੇ ਭਰਿਆ ਸੀ, ਪਰ ਗੱਲ ਏਥੇ ਨਹੀਂ ਸੀ ਨਿੱਬਡ਼ਦੀ। ਲੋਕ ਮਲਕੀ ਦੀ ਤੇ ਮਾਸਟਰ ਦੀ ਅਸ਼ਨਾਨੀ ਜੋਡ਼ਨ ਲੱਗ ਪਏ ਸਨ।

ਇਕ ਦਿਨ ਤਾਂ ਗਲੀ ਵਿਚੋਂ ਲੰਘਦੀ ਰਾਜ ਕੌਰ ਦੇ ਕੰਨੀਂ ਵਾਜ ਪਈ, ਜੁ ਸਾਫ਼ ਦਿਸਦਾ ਸੀ ਕਿ ਪਿੰਡ ਦੀ ਨ੍ਹਾਮੋ ਸ਼ਰੀਕਣੀ ਨੇ ਉਸੇ ਨੂੰ ਸੁਨਾਣ ਲਈ ਆਖੀ ਸੀ “ਨੀ ਮੈਂ ਅੰਬ ਦਾ ਅਚਾਰ ਪਾਇਆ, ਡਾਢਾ ਸੋਹਣਾ ਪੀਲਾ ਪੀਲਾ, ਮੈਂ ਸੋਚਿਆ ਚਾਰ ਫਾਡ਼ੀਆਂ ਮਾਸਟਰ ਜੀ ਨੂੰ ਵੀ ਦੇ ਆਵਾਂ, ਐਵੇਂ ਹੇਜ ਆ ਗਿਆ। ਪਰ ਫਿਟਿਆ ਹੋਇਆ ਆਂਹਦਾ ਏ – ਮੈਂ ਅਚਾਰ ਨਹੀਂ ਖਾਂਦਾ। ਆਹੋ ਜੀ! ਅਚਾਰ ਕਾਹਨੂੰ ਖਾਵੇ, ਉਹ ਤਾਂ ਮ੍ਹਾਦਡ਼ ਤੁਮ੍ਹਾਤਡ਼ ਖਾਂਦੇ ਨੇ, ਉਹ ਤਾਂ ਕੋਈ ਮਰਤਬਾਨ ਭੰਨੇਗਾ, ਮੁਰੱਬਾ ਖਾਏਗਾ…”

ਗੱਲ ਭਾਵੇਂ ਖਾਣ ਵਾਲੇ ਮੁਰੱਬੇ ਦੀ ਸੀ, ਪਰ ਰਾਜ ਕੌਰ ਸਮਝ ਗਈ ਕਿ ਇਹ ਗੱਲ ਉਸੇ ਦੇ ਮੁਰੱਬਿਆਂ ਨੂੰ ਲਾ ਕੇ ਸੁਣਾਈ ਗਈ ਸੀ। ਲਹੂ ਦੇ ਘੁੱਟ ਵਾਂਗੂੰ ਪੀ ਗਈ। ਪਰ ਹਨੇਰੀ ਵਾਂਗੂੰ ਚੱਲੀ ਹੋਈ ਗੱਲ ਅੱਗੇ ਕੰਨਾਂ ਦਾ ਬੂਹਾ ਭੀਡ਼ਿਆਂ ਕੁਝ ਨਹੀਂ ਸੀ ਬਣਦਾ। ਇਕ ਦਿਨ ਉਹਨੂੰ ਉਹ ਸ਼ਰੀਕੇ ਦੀ ਭਾਬੀ ਮੂੰਹ ਪਾਡ਼ ਕੇ ਆਖਣ ਲੱਗੀ – “ਕੀ ਹਾਲ ਏ ਕੁਡ਼ੀ ਦਾ, ਜੀ ਰਾਜੀ ਨਹੀਂ ਉਹਦਾ? ਕਹਿੰਦੀ ਸੀ ਹੱਡ ਪੈਰ ਭੱਜਦੇ ਨੇ…” ਤੇ ਜਦੋਂ ਅੱਗੋਂ ਸਰਦਾਰਨੀ ਨੇ ਗੱਲ ਨਹੀਂ ਸੀ ਗੌਲੀ ਤਾਂ ਉਹ ਆਪੇ ਬੋਲ ਪਈ ਸੀ “ਅਸ਼ਕੂਲੇ ਗਈ ਹੋਣੀ ਏਂ – ਪਈ ਪਿੰਡੇ ਨੂੰ ਟਕੋਰ ਹੋ ਜਾਏਗੀ…?”

ਉਸ ਦਿਨ ਸਰਦਾਰਨੀ ਰਾਜ ਕੌਰ ਛੋਲਿਆਂ ਵਾਂਗੂੰ ਅਜਿਹਾ ਵੱਟ ਖਆ ਗਈ ਕਿ ਛਮ ਛਮ ਰੋਂਦੀ ਮਲਕੀ ਨੂੰ ਵੇਖ ਕੇ ਵੀ ਉਹਦੇ ਮਨ ਦਾ ਦਾਣਾ ਗਲਣ ਵਿਚ ਨਹੀਂ ਸੀ ਆਇਆ। ਤੇ ਉਹਦੇ ਹਾਮੀ ਭਰਨ ਤੇ ਮਲਕੀ ਦੇ ਪਿਉ ਨੇ ਜਿਥੇ ਚਾਹਿਆ ਸੀ, ਉਥੇ ਮਲਕੀ ਦਾ ਸਾਕ ਪੱਕਾ ਕਰ ਦਿੱਤਾ ਸੀ।

ਬੂਹੇ ਜੰਝ ਢੁੱਕਣ ਵਾਲੀ ਸੀ, ਗੇਣਤਰੀ ਦੇ ਦਿਨ ਰਹਿੰਦੇ ਸਨ, ਜਦੋਂ ਮਲਕੀ ਨੇ, ਇਕ ਦਿਨ ਪਿੱਪਲ ਦੇ ਪੱਤੇ ਵਾਂਗ ਕੰਬਦੀ ਨੇ, ਮਾਂ ਨੂੰ ਅੰਦਰ ਵਡ਼ ਕੇ ਆਖਿਆ ਕਿ ਉਹਦੇ ਜੀਅ ਵਿਚ ਜਿਹਡ਼ਾ ਮਰਦ ਸੀ, ਉਹ ਮਾਸਟਰ ਸੀ, ਹੁਣ ਉਹਦੇ ਜੀਏ ਵਿਚ ਹੋਰ ਕੋਈ ਨਹੀਂ ਸੀ ਸਮਾਣਾ। ਪਰ ਰਾਜ ਕੌਰ ਨੇ ਉਹਦੇ ਸਿਰ ਉਤੇ ਹੱਥ ਫੇਰ ਕੇ ਆਪਣੀ ਇੱਜ਼ਤ ਦਾ ਵਾਸਤਾ ਇਸ ਤਰ੍ਹਾਂ ਪਾਇਆ ਸੀ – ਜਿਵੇਂ ਮਲਕੀ ਨੇ ਬਲਦ ਦੇ ਸਿੰਗਾਂ ਵਾਂਗੂੰ ਧਰਤੀ ਸਿਰ ਉਤੇ ਚੁੱਕਣੀ ਹੋਵੇ, ਤੇ ਜਿਹਦੇ ਥਾਉਂ ਹਿੱਲਣ ਨਾਲ ਸਾਰੀ ਧਰਤੀ ਹਿੱਲ ਜਾਣੀ ਹੋਵੇ।

ਸੋ ਮਲਕੀ ਨੇ ਬਲਦ ਦੇ ਸਿੰਗਾਂ ਵਾਂਗੂੰ ਧਰਤੀ ਸਿਰ ਉਤੇ ਚੁੱਕ ਲਈ ਸੀ। ਘਰ ਦੀ ਇੱਜ਼ਤ ਬਣੀ ਰਹਿ ਗਈ ਸੀ। ਉਹ ਅੱਖਾਂ ਨੂਡ਼ ਕੇ ਡੋਲੀ ਵਿਚ ਬਹਿ ਗਈ ਸੀ ਤੇ ਸਾਰੇ ਸ਼ਰੀਕੇ ਨੂੰ ਦੰਦਣ ਪੈ ਗਈ ਸੀ।

ਵੇਲਾ ਫੇਰ ਆਪਣੇ ਮੂੰਹ ਧਿਆਨ ਤੁਰਨ ਲੱਗ ਪਿਆ ਸੀ। ਇਹ ਗੱਲ ਵੱਖਰੀ ਸੀ ਕਿ ਮਲਕੀ ਗੋਹਿਆਂ ਵਾਂਗ ਧੁਖਦੀ ਰਹੀ, ਤੇ ਉਹਦਾ ਧੂੰਆਂ ਉਹਦੇ ਮਾਪਿਆਂ ਦੇ ਬੂਹੇ ਵੀ ਅੱਪਡ਼ਦਾ ਉਹਦੀ ਮਾਂ ਦੀਆਂ ਅੱਖਾਂ ਨੂੰ ਵੀ ਲਗਦਾ ਰਿਹਾ। ਪਰ ਹਾਰੇ ਦੀ ਅੱਗ ਉੱਤੇ ਦਾਲ ਰਿਝਦੀ ਰਹੀ, ਦੁਧ ਕਡ਼੍ਹਦਾ ਰਿਹਾ, ਪੁੱਤਰ ਧੀਆਂ ਜੰਮਦੇ ਰਹੇ..

ਪਰ ਫੇਰ ਪੰਝੀਆਂ ਵਰ੍ਹਿਆਂ ਪਿਛੋਂ ਚੰਗੇ ਭਲੇ ਤੁਰਦੇ ਵੇਲੇ ਨੇ ਅਜਿਹੀ ਭੁਆਟਣੀ ਖਾ ਲਈ ਕਿ ਮਲਕੀ ਦੇ ਸਹੁਰੇ ਵੀ ਤੇ ਮਲਕੀ ਦੇ ਪੇਕੇ ਵੀ ਛਵ੍ਹੀਆਂ ਲਿਸ਼ਕ ਪਈਆਂ। ਮਲਕੀ ਦੀ ਪਲੇਠੀ ਧੀ ਸਾਹਬ ਕੌਰ, ਜਿਹਨੂੰ ਸਾਰੇ ਪਿਆਰ ਨਾਲ ਸਾਹਿਬਾਂ ਆਖਦੇ ਸਨ, ਤੇ ਜੋ ਪਿਛਲੇ ਛੇਆਂ ਵਰ੍ਹਿਆਂ ਤੋਂ ਸ਼ਹਿਰ ਪਡ਼੍ਹਦੀ ਸੀ, ਜਦੋਂ ਪਡ਼੍ਹ ਕੇ ਘਰ ਆਈ ਤਾਂ ਔਂਦੀ ਨੇ ਮਾਂ ਪਿਉ ਨੂੰ ਆਖ ਦਿੱਤਾ ਕਿ ਉਹ ਆਪਣੀ ਮਰਜ਼ੀ ਦੇ ਮਰਦ ਨਾਲ ਵਿਆਹ ਕਰੇਗੀ। ਤੇ ਪਤਾ ਲੱਗਾ ਕਿ ਉਹਦੀ ਮਰਜ਼ੀ ਦਾ ਮਰਦ ਮਜ਼੍ਹਬੀਆਂ ਦਾ ਇਕ ਲਡ਼ਕਾ ਸੀ, ਜੋ ਉਹਦੇ ਨਾਲ ਹੀ ਉਹਦੇ ਕਾਲਜ ਵਿਚ ਪਡ਼੍ਹਦਾ ਹੁਣ ਅਗਲੀ ਪਡ਼੍ਹਾਈ ਵਾਸਤੇ ਪਤਾ ਨਹੀਂ ਕਿਹਡ਼ੇ ਦੇਸ ਚੱਲਿਆ ਸੀ…

ਸਾਹਿਬਾਂ ਦੇ ਭਰਾ ਛੋਟੇ ਸਨ, ਪਰ ਪਿਉ ਤੇ ਚਾਚੇ ਅਜੇ ਵੀ ਲੋਹੇ ਦੀਆਂ ਲੱਠਾਂ ਵਰਗੇ ਸਨ, ਤੇ ਉਧਰੋਂ ਸਾਹਿਬਾਂ ਦੇ ਮਾਮੇ ਪੈਰਾਂ ਦੀ ਅੱਡੀ ਨਾਲ ਧਰਤੀ ਪਾਡ਼ਦੇ ਸਨ, ਸੋ ਇਕ ਕਹਿਰ ਝੁੱਲ ਪਿਆ।

ਘਰ ਦੀ ਧੀ ਆਪਣੀ ਹੱਥੀਂ ਮਾਰਣ ਨਹੀਂ ਸੀ ਹੁੰਦੀ, ਪਰ ਮਜ਼੍ਹਬੀਆਂ ਦਾ ਮੁੰਡਾ ਮੁਕਾਇਆ ਜਾ ਸਕਦਾ ਸੀ। ਸੋ ਬਾਨ੍ਹਣ ਬੱਝਣ ਲੱਗੇ। ਕੁਡ਼ੀ ਨੂੰ ਅੰਦਰ ਬਹਿ ਕੇ ਸਮਝਾਇਆ ਸੀ, ਪਰ ਉਹ ਬਿਜਲੀ ਦੀ ਨੰਗੀ ਤਾਰ ਵਾਂਗੂੰ ਕਿਸੇ ਦਾ ਹੱਥ ਨਹੀਂ ਸੀ ਲੱਗਣ ਦੇਂਦੀ। ਉਹਨੇ ਦੂਜਾ ਭੇਤ ਵੀ ਪਾ ਲਿਆ ਸੀ – ਚਮਕ ਕੇ ਬੋਲੀ “ਜੇ ਉਸ ਬੰਦੇ ਦਾ ਵਾਲ ਵੀ ਵਿੰਗਾ ਹੋਇਆ ਤਾਂ ਉਹ ਆਪ ਕਚਿਹਰੀ ਵਿਚ ਜਾ ਕੇ ਗਵਾਹੀ ਦੇਵੇਗੀ”

ਮਲਕੀ, ਧੀ ਅੱਗੇ ਹੱਥ ਬੰਨ੍ਹਦੀ ਰਹੀ, ਪਰ ਸਾਹਿਬਾਂ ਉਤੇ ਇਹ ਜਾਦੂ ਵੀ ਨਹੀਂ ਸੀ ਚਲਦਾ। ਸਾਹਿਬਾਂ ਦੇ ਪਿਉ ਨੂੰ ਵੀ ਜਾਪਿਆ – ਕਿ ਉਹ ਸਾਰੇ ਹਵਾ ਨੂੰ ਤਲਵਾਰਾਂ ਮਾਰਦੇ ਪਏ ਸਨ। ਸੋ ਹਾਰ ਕੇ ਉਹਨੇ ਸਰਦਾਰਨੀ ਮੁਰੱਬਿਆਂ ਵਾਲੀ ਨੂੰ ਵਾਸਤਾ ਲਿਖ ਭੇਜਿਆ ਕਿ ਉਹ ਜਿਵੇਂ ਜਾਣੇ, ਇਥੇ ਆਵੇ ਤੇ ਕੁਡ਼ੀ ਨੂੰ ਸਮਝਾਵੇ, ਇਹ ਜੱਟਾਂ ਦੀ ਧੀ ਜੇ ਮਜ਼੍ਹਬੀਆਂ ਦੇ ਜਾ ਵੱਸੀ, ਤਾਂ ਆਖਰ ਇਹ ਉਸੇ ਦੇ ਨਾਂ ਨੂੰ ਲੀਕ ਲੱਗਣੀ ਹੈ..

ਸਰਦਾਰਨੀ ਰਾਜ ਕੌਰ ਸਣੇ ਪੁੱਤਰਾਂ ਦੇ ਆਈ। ਆਪ ਪਾਲਕੀ ਵਿਚ, ਪੁੱਤਰ ਘੋਡ਼ਿਆਂ ਉਤੇ ਚਡ਼੍ਹੇ ਪੀਡ਼ੇ ਹੋਏ।

ਅਜੇ ਪਰ੍ਹਾਂ ਪੱਕੇ ਰਾਹ ਉਤੇ ਸੁੰਮਾਂ ਦੇ ਚੰਗਿਆਡ਼ੇ ਲਿਸ਼ਕਦੇ ਪਏ ਸਨ ਕਿ ਸਾਹਿਬਾਂ ਦੇ ਪਿਉ ਦੀਆਂ ਅੱਖਾਂ ਲਿਸ਼ਕ ਉਠੀਆਂ। ਉਹਨੂੰ ਧਰਵਾਸ ਬੱਝ ਗਿਆ ਕਿ ਹਵਾ ਦੇ ਘੋਡ਼ੇ ਚਡ਼੍ਹੀ ਹੋਈ ਕੁਡ਼ੀ ਨੂੰ ਹੁਣ ਮੁਰੱਬਿਆਂ ਵਾਲੀ ਲਗਾਮਾਂ ਪਾ ਲਵੇਗੀ।

ਰਾਜ ਕੌਰ ਆਈ, ਉਹ ਅਜੇ ਤੱਕ ਭਾਵੇਂ ਇਕਹਿਰੇ ਪਿੰਡੇ ਦੀ ਸੀ, ਪਰ ਵੇਹਡ਼ੇ ਵਿਚ ਬੋਹਡ਼ ਵਾਂਗੂੰ ਬੈਠੀ, ਤੇ ਉਹਨੇ ਕੁਡ਼ੀ ਨੂੰ ਆਪਣੇ ਗੋਡੇ ਮੁੱਢ ਬਿਠਾ ਲਿਆ।

ਮਲਕੀ ਨੂੰ ਯਕੀਨ ਹੋ ਗਿਆ ਕਿ ਹੁਣੇ ਉਹਦੀ ਮਾਂ – ਕੁਡ਼ੀ ਦੇ ਸਿਰ ਤੇ ਹੱਥ ਰੱਖ ਕੇ ਕੁਝ ਇਹੋ ਜਿਹਾ ਆਖੇਗੀ ਕਿ ਕੁਡ਼ੀ ਚੁੱਪ ਕਰ ਕੇ ਬਲਦ ਦੇ ਸਿੰਗਾਂ ਵਾਂਗੂੰ ਧਰਤੀ ਨੂੰ ਸਿਰ ਉਤੇ ਚੁੱਕ ਲਵੇਗੀ..

ਕੋਲ ਵੇਹਡ਼ੇ ਵਿਚ ਮੰਜੀਆਂ ਉਤੇ ਸਾਹਿਬਾਂ ਦੇ ਪਿਉ ਭਰਾ ਵੀ ਸਨ ਤੇ ਮਾਮੇ ਵੀ। ਕੁਡ਼ੀ ਆਪਣੀ ਨਾਨੀ ਦੇ ਗੋਡੇ ਕੋਲ ਬੈਠੀ ਮਨ ਦੀ ਦੱਸ ਰਹੀ ਸੀ। ਰਾਜ ਕੌਰ ਠਰ੍ਹੰਮੇ ਨਾਲ ਕਿੰਨਾ ਚਿਰ ਸੁਣਦੀ ਰਹੀ। ਹੁੰਗਾਰਾ ਜਿਹਾ ਵੀ ਭਰਨ ਦੀ ਲੋਡ਼ੀ ਨਹੀਂ ਸੀ, ਸਿਰਫ ਕਦੇ ਨੀਝ ਲਾ ਕੇ ਉਹਦੇ ਮੂੰਹ ਵੱਲ ਵੇਖ ਛੱਡਦੀ। ਬਾਕੀ ਦੇ ਸਾਰੇ ਸਿਰਫ਼ ਰਾਜ ਕੌਰ ਦੇ ਮੂੰਹ ਵੱਲ ਵੇਖ ਰਹੇ ਸਨ।

ਤੇ ਫੇਰ ਕੁਡ਼ੀ ਦੇ ਸਿਰ ਉਤੇ ਹੱਥ ਰੱਖ ਕੇ ਕਹਿਣ ਲੱਗੀ – “ਸੁਣ ਕੁਡ਼ੀਏ! ਜੇ ਮਨ ਪੱਕਾ ਈ, ਤਾਂ ਮਨ ਦੀ ਕਰ ਲੈ! ਨਹੀਂ ਤਾ ਸਾਰੀ ਉਮਰ ਅੰਦਰ ਵਡ਼ ਕੇ ਗੋਹਿਆਂ ਦੀ ਅੱਗ ਵਾਂਗੂੰ ਧੁਖਦੀ ਰਹੇਂਗੀ”

“ਮਾਂ!” ਮਲਕੀ ਦੇ ਮੂੰਹੋਂ ਕੰਬ ਕੇ ਨਿਕਲਿਆ ਤੇ ਉਹ ਸਰ੍ਹੋਂ ਦੀ ਗੰਦਲ ਵਾਂਗ ਪੀਲੀ ਹੁੰਦੀ ਪਹਿਲੋਂ ਸਾਹਿਬਾਂ ਦੇ ਪਿਉ ਵੱਲ ਤੱਕੀ ਫੇਰ ਉਹਦੇ ਮਾਮਿਆਂ ਵੱਲ।

“ਨੀ ਤੂੰ ਇਹਨਾਂ ਦਾ ਫਿਕਰ ਨਾ ਕਰ” ਰਾਜ ਕੌਰ ਲਿਸ਼ਕ ਕੇ ਬੋਲੀ “ਮੈਂ ਜੁ ਕਹਿਨੀ ਪਈ ਆਂ – ਇਹ ਮੇਰੇ ਜੰਮੇ ਹੋਏ ਤੇ ਮੇਰੇ ਸ੍ਹੇਡ਼ੇ ਹੋਏ ਮੇਰੇ ਅੱਗੇ ਬੋਲ ਸਕਦੇ ਨੇ ?”

ਤੇ ਉਹ ਸਾਹਿਬਾਂ ਨੂੰ ਬਾਹੋਂ ਫਡ਼ ਕੇ ਉਠਾਂਦੀ ਹੋਈ ਕਹਿਣ ਲੱਗੀ “ਉਠ! ਆਪਣੇ ਕੁਝ ਲਗਦੇ ਨੂੰ ਖ਼ਬਰ ਕਰ ਦੇ ਕਿ ਜੰਝ ਬੰਨ੍ਹ ਕੇ ਲੈ ਆਵੇ! ਮੈਂ ਹੱਥੀਂ ਤੇਰਾ ਕਾਜ ਕਰਕੇ ਜਾਵਾਂਗੀ” ਤੇ ਫੇਰ ਕੰਧਾਂ ਤੋਂ ਪਾਰ ਤੱਕਦੀ ਆਖਣ ਲੱਗੀ “ਲੋਕਾਂ ਦਾ ਕੀ ਏ, ਚਾਰ ਦਿਨ ਬੋਲ ਬਾਲ ਕੇ ਆਪੇ ਹੀ ਕੰਡਿਆਂ ਦੀ ਅੱਗ ਵਾਂਗੂੰ ਬੁਝ ਜਾਣਗੇ।”

ਤੇ ਵੇਲਾ ਭੁਆਟਣੀ ਖਾਂਦਾ ਮੁਰੱਬਿਆਂ ਵਾਲੀ ਦੇ ਮੂਹ ਵਲ ਤੱਕਣ ਲਗ ਪਿਆ।
(ਚੋਣਵੇਂ ਪੱਤਰੇ ਵਿੱਚੋਂ)
ਵੀਰਵਾਰ ਦਾ ਵਰਤ
ਅੰਮ੍ਰਿਤਾ ਪ੍ਰੀਤਮ
ਅੱਜ ਵੀਰਵਾਰ ਦਾ ਵਰਤ ਸੀ, ਇਸ ਲਈ ਪੂਜਾ ਨੇ ਅੱਜ ਕੰਮ ਤੇ ਨਹੀ ਜਾਣਾ ਸੀ….
ਬੱਚੇ ਦੇ ਜਾਗਣ ਦੀ ਆਵਾਜ਼ ਨਾਲ ਪੂਜਾ ਹੁਲਸ ਕੇ ਮੰਜੀ ਤੋਂ ਉੱਠੀ, ਤੇ ਉਹਨੇ ਬੱਚੇ ਨੂੰ ਪੰਘੂਡ਼ੇ ਵਿਚੋਂ ਚੁੱਕ ਕੇ ਆਪਣੀ ਅਲਸਾਈ ਹੋਈ ਛਾਤੀ ਨਾਲ ਲਾ ਲਿਆ – ਮਨੂ ਦੇਵਤਾ! ਅੱਜ ਨਹੀਂ ਰੋਣਾ, ਅਜ ਅਸੀਂ ਦੋਵੇਂ ਸਾਰਾ ਦਿਨ ਬਹੁਤ ਗੱਲਾਂ ਕਰਾਂਗੇ.. ਸਾਰਾ ਦਿਨ…
ਇਹ ਸਾਰਾ ਦਿਨ ਪੂਜਾ ਨੂੰ ਹਫ਼ਤੇ ਵਿਚ ਇਕ ਵਾਰੀ ਨਸੀਬ ਹੁੰਦਾ ਸੀ। ਇਸ ਦਿਨ ਉਹ ਮਨੂ ਨੂੰ ਆਪਣੇ ਹੱਥੀਂ ਨੁਹਾਂਦੀ ਸੀ, ਸਜਾਂਦੀ ਸੀ, ਖਿਡਾਂਦੀ ਸੀ, ਤੇ ਉਹਨੂੰ ਮੋਢੇ ਉਤੇ ਚੁੱਕ ਕੇ ਨੇਡ਼ੇ ਤੇਡ਼ੇ ਦੇ ਕਿਸੇ ਬਗੀਚੇ ਵਿਚ ਵੀ ਲੈ ਜਾਂਦੀ ਸੀ।
ਇਹ ਦਿਨ ਆਯਾ ਦਾ ਨਹੀਂ ਸੀ ਹੁੰਦੀ, ਮਾਂ ਦਾ ਦਿਨ ਹੁੰਦਾ ਸੀ…

ਅੱਜ ਵੀ ਪੂਜਾ ਨੇ ਬੱਚੇ ਨੂੰ ਨੁਹਾ ਧੁਆ ਕੇ ਤੇ ਦੁੱਧ ਨਾਲ ਰਜਾ ਕੇ ਜਦੋਂ ਚਾਬੀ ਵਾਲੇ ਖਿਡੌਣੇ ਉਹਦੇ ਸਾਹਮਣੇ ਰੱਖ ਦਿੱਤੇ, ਤਾਂ ਬੱਚੇ ਦੀਆਂ ਕਿਲਕਾਰੀਆਂ ਨਾਲ ਉਹਦਾ ਲੂੰ ਲੂੰ ਪੁਲਕ ਗਿਆ…
ਇਹ ਚਡ਼੍ਹਦੇ ਚੇਤਰ ਦੇ ਦਿਨ ਸਨ। ਹਵਾ ਵਿਚ ਇਕ ਆਪ ਮੁਹਾਰੀ ਮਹਿਕ ਸੀ, ਤੇ ਪੂਜਾ ਦੀ ਰੂਹ ਵਿਚ ਵੀ ਇਕ ਆਪ ਮੁਹਾਰੀ ਮਮਤਾ ਸੀ। ਬੱਚਾ ਖੇਡਦਾ ਖੇਡਦਾ ਥੱਕ ਕੇ ਉਹਦੀਆਂ ਲੱਤਾਂ ਉਤੇ ਸਿਰ ਰਖਦਾ ਉਘਲਾਣ ਲੱਗਾ, ਤਾਂ ਉਹਨੂੰ ਚੁੱਕ ਕੇ ਝੋਲੀ ਵਿਚ ਪਾਂਦਿਆਂ ਉਹ ਲੋਰੀਆਂ ਵਰਗੀਆਂ ਗੱਲਾਂ ਕਰਨ ਲਗ ਪਈ – ਮੇਰੇ ਮਨੂ ਦੇਵਤਾ ਨੂੰ ਫਿਰ ਨੀਂਦਰ ਆ ਗਈ… ਮੇਰਾ ਨਿਕਾ ਜਿਹਾ ਦੇਵਤਾ… ਬਸ ਜ਼ਰਾ ਕੁ ਭੋਗ ਲਾਇਆ, ਤੇ ਫੇਰ ਸੌਂ ਗਿਆ…

ਪੂਜਾ ਨੇ ਇਕ ਲੋਰ ਵਿਚ ਆ ਕੇ ਮਨੂ ਦਾ ਸਿਰ ਵੀ ਚੁੰਮਿਆ, ਅੱਖਾਂ ਵੀ, ਗੱਲ੍ਹਾਂ ਵੀ, ਗਰਦਨ ਵੀ, ਤੇ ਜਦੋਂ ਉਹਨੂੰ ਚੁੱਕ ਕੇ ਮੰਜੀ ਉਤੇ ਸੁਆਣ ਲੱਗੀ ਤਾਂ ਮਨੂ ਕੱਚੀ ਜਹੀ ਨੀਂਦਰ ਵਿਚੋਂ ਜਾਗਦਾ ਰੋਣ ਲੱਗ ਪਿਆ…

ਪੂਜਾ ਨੇ ਉਹਨੂੰ ਚੁੱਕ ਕੇ ਫੇਰ ਮੋਢੇ ਨਾਲ ਲਾ ਲਿਆ, ਤੇ ਦੁਲਾਰਣ ਲੱਗ ਪਈ – ਮੈਂ ਕਿਤੇ ਨਹੀਂ ਜਾਵਾਂਗੀ…
ਡੇਢ ਕੁ ਵਰ੍ਹੇ ਦੇ ਮਨੂ ਨੂੰ ਅੱਜ ਵੀ ਸ਼ਾਇਦ ਰੋਜ਼ ਵਰਗਾ ਅਹਿਸਾਸ ਹੋਇਆ ਸੀ ਕਿ ਮਾਂ ਜਦੋਂ ਬਡ਼ੀ ਵਾਰੀ ਉਹਦੇ ਸਿਰ ਨੂੰ ਮੱਥੇ ਨੂੰ ਚੁੰਮਦੀ ਹੈ, ਉਸ ਤੋਂ ਬਾਅਦ ਉਹਨੂੰ ਛੱਡ ਕੇ ਚਲੀ ਜਾਂਦੀ ਹੈ..

ਤੇ ਮੋਢੇ ਨਾਲ ਘੁੱਟ ਕੇ ਲੱਗੇ ਹੋਏ ਮਨੂ ਨੂੰ ਉਹ ਤਲੀ ਨਾਲ ਦੁਲਾਰਦੀ ਕਹਿਣ ਲੱਗੀ – ਰੋਜ਼ ਤੈਨੂੰ ਛੱਡ ਕੇ ਚਲੀ ਜਾਂਦੀ ਹਾਂ ਨਾ.. ਪਤਾ ਏ ਕਿਥੇ ਜਾਂਦੀ ਹਾਂ ? ਮੈਂ ਜੰਗਲ ਵਿਚੋਂ ਫੁੱਲ ਤੋਡ਼ਨ ਨਹੀਂ ਜਾਵਾਂਗੀ ਤਾਂ ਆਪਣੇ ਦੇਵਤਾ ਦੀ ਪੂਜਾ ਕਿਸ ਤਰ੍ਹਾਂ ਕਰਾਂਗੀ ?…

ਤੇ ਪੂਜਾ ਦੇ ਮੱਥੇ ਵਿਚ ਤ੍ਰਾਟ ਵਰਗਾ ਉਹ ਦਿਨ ਘੁੰਮ ਗਿਆ, ਜਦੋਂ ਇਕ “ਗੈਸਟ ਹਾਊਸ” ਦੀ ਮਾਲਕਣ ਮੈਡਮ ਡੀ. ਨੇ ਉਹਨੂੰ ਆਖਿਆ ਸੀ – ਮਿਸਿਜ਼ ਨਾਥ! ਏਥੇ ਲਡ਼ਕੀ ਦਾ ਅਸਲੀ ਨਾਂ ਕਿਸੇ ਨੂੰ ਨਹੀਂ ਦੱਸਿਆ ਜਾਂਦਾ। ਇਸ ਲਈ ਤੈਨੂੰ ਜਿਹਡ਼ਾ ਵੀ ਨਾ ਪਸੰਦ ਹੈ, ਰੱਖ ਲੈ!
ਤੇ ਉਸ ਦਿਨ ਉਹਦੇ ਮੂੰਹੋਂ ਨਿਕਲਿਆ ਸੀ – ਮੇਰਾ ਨਾਂ ਪੂਜਾ ਹੋਵੇਗਾ।
ਗੈਸਟ ਹਾਊਸ ਵਾਲੀ ਮੈਡਮ ਡੀ. ਹੱਸ ਪਈ ਸੀ – ਹਾਂ ਪੂਜਾ ਠੀਕ ਹੈ, ਪਰ ਕਿਸ ਮੰਦਰ ਦੀ ਪੂਜਾ ?
ਤੇ ਉਹਨੇ ਆਖਿਆ ਸੀ – ਪੇਟ ਦੇ ਮੰਦਰ ਦੀ।

ਮਾਂ ਦੇ ਗਲ ਨਾਲ ਲੱਗੀਆਂ ਬਾਹਵਾਂ ਨੇ ਜਦੋਂ ਬੱਚੇ ਦੀਆਂ ਅੱਖਾਂ ਵਿਚ ਇਤਮੀਨਾਨ ਦੀ ਨੀਂਦਰ ਭਰ ਦਿੱਤੀ, ਤਾਂ ਪੂਜਾ ਨੇ ਉਹਨੂੰ ਮੰਜੀ ਉਤੇ ਲਿਟਾਂਦਿਆਂ, ਪੈਰਾਂ ਭਾਰ ਮੰਜੀ ਦੇ ਕੋਲ ਬਹਿ ਕੇ ਆਪਣਾ ਸਿਰ ਉਹਦੀ ਛਾਤੀ ਦੇ ਕੋਲ ਵਾਰ ਮੰਜੀ ਦੀ ਬਾਹੀ ਉਤ ਰੱਖ ਦਿੱਤਾ। ਆਖਿਆ – ਤੈਨੂੰ ਪਤਾ ਏ ਮੈਂ ਉਸ ਦਿਨ ਆਪਣੇ ਪੇਟ ਨੂੰ ਮੰਦਰ ਕਿਉਂ ਆਖਿਆ ਸੀ? ਜਿਸ ਮਿੱਟੀ ਵਿਚੋਂ ਕਿਸੇ ਦੇਵਤਾ ਦੀ ਮੂਰਤੀ ਲੱਭ ਜਾਏ, ਉਥੇ ਮੰਦਰ ਬਣ ਜਾਂਦਾ ਹੈ.. ਤੂੰ ਮਨੂ ਦੇਵਤਾ ਮਿਲ ਗਿਆ ਤਾਂ ਮੇਰਾ ਪੇਟ ਮੰਦਰ ਬਣ ਗਿਆ…
ਤੇ ਮੂਰਤੀ ਨੂੰ ਅਰਘ ਦੇਣ ਵਾਲੇ ਪਾਣੀ ਵਾਂਗ ਪੂਜਾ ਦੀਆਂ ਅੱਖਾਂ ਵਿਚ ਪਾਣੀ ਆ ਗਿਆ – ਮੈਂ ਤੇਰੇ ਲਈ ਫੁੱਲ ਚੁਨਣ ਵਾਸਤੇ ਜੰਗਲ ਵਿਚ ਜਾਂਦੀ ਹਾਂ ਮਨੂ!
ਬਹੁਤ ਵੱਡਾ ਜੰਗਲ ਹੈ, ਬਹੁਤ ਭਿਆਨਕ, ਚੀਤਿਆਂ ਨਾਲ ਭਰਿਆ ਹੋਇਆ, ਬਘਿਆਡ਼ਾਂ ਨਾਲ ਭਰਿਆ ਹੋਇਆ, ਸੱਪਾਂ ਨਾਲ ਭਰਿਆ ਹੋਇਆ..
ਤੇ ਪੂਜਾ ਦੇ ਪਿੰਡੇ ਵਿਚੋਂ ਉਠਦੀ ਕੰਬਣੀ, ਉਹਦੀ ਉਸ ਤਲੀ ਵਿਚ ਆ ਗਈ, ਜੋ ਮਨੂ ਦੀ ਪਿੱਠ ਉੱਤੇ ਪਈ ਹੋਈ ਸੀ.. ਤੇ ਹੁਣ ਉਹ ਕੰਬਣੀ ਸ਼ਾਇਦ ਤਲੀ ਵਿਚੋਂ ਲੰਘ ਕੇ ਮਨੂ ਦੀ ਪਿੱਠ ਵਿਚ ਵੀ ਉਤਰ ਰਹੀ ਸੀ..
ਉਹਨੂੰ ਖਿਆਲ ਆਇਆ – ਮਨੂ ਜਦੋਂ ਵੱਡਾ ਹੋ ਜਾਏਗਾ, ਜੰਗਲ ਦੇ ਅਰਥ ਬਣ ਜਾਣੇਗਾ, ਤੇ ਮਾਂ ਨੂੰ ਬਹੁਤ ਨਫਰਤ ਕਰੇਗਾ – ਤਾਂ ਸ਼ਾਇਦ ਉਹਦੇ ਅਚੇਤ ਮਨ ਵਿਚੋਂ ਅੱਜ ਦਾ ਦਿਨ ਵੀ ਜਾਗੇਗਾ, ਤੇ ਉਹਨੂੰ ਦੱਸੇਗਾ ਕਿ ਉਹਦੀ ਮਾਂ ਕਿਸ ਤਰ੍ਹਾਂ ਉਹਨੂੰ ਜੰਗਲ ਦੀ ਕਹਾਣੀ ਸੁਣਾਂਦੀ ਹੁੰਦੀ ਸੀ, ਜੰਗਲ ਦੇ ਚੀਤਿਆਂ ਦੀ, ਜੰਗਲ ਦੇ ਬਘਿਆਡ਼ਾਂ ਦੀ, ਤੇ ਜੰਗਲ ਦੇ ਸੱਪਾਂ ਦੀ,, ਤੇ ਸ਼ਾਇਦ.. ਉਹਨੂੰ ਮਾਂ ਦਾ ਕੁਝ ਪਹਿਚਾਣ ਆਵੇਗੀ…
ਪੂਜਾ ਨੇ ਚੈਨ ਦਾ ਤੇ ਬੇਚੈਨੀ ਦਾ ਇਕ ਰਲਵਾਂ ਸਾਹ ਲਿਆ। ਉਹਨੂੰ ਜਾਪਿਆ – ਉਹਨੇ ਦਰਦ ਦੀ ਇਕ ਕਣੀ ਆਪਣੇ ਪੁੱਤਰ ਦੇ ਅਚੇਤ ਮਨ ਵਿਚ ਜਿਵੇਂ ਰਾਖਵੀਂ ਰੱਖ ਦਿੱਤੀ ਹੈ..
ਪੂਜਾ ਨੇ ਉਠ ਕੇ ਆਪਣੇ ਲਈ ਚਾਹ ਦਾ ਇਕ ਪਿਆਲਾ ਬਣਾਇਆ, ਤੇ ਕਮਰੇ ਵਿਚ ਮੁਡ਼ਦੀ – ਕਮਰੇ ਦੀਆਂ ਕੰਧਾਂ ਨੂੰ ਇਸ ਤਰ੍ਹਾਂ ਵੇਖਣ ਲੱਗ ਪਈ, ਜਿਵੇਂ ਉਹਦੇ ਤੇ ਉਹਦੇ ਬੱਚੇ ਦੇ ਦੁਆਲੇ ਬਣੀਆਂ ਹੋਈਆਂ ਉਹ ਕਿਸੇ ਦੀਆਂ ਬਡ਼ੀਆਂ ਹੀ ਪਿਆਰੀਆਂ ਬਾਹਵਾਂ ਹੋਣ…
ਉਹਨੂੰ ਉਹਦੇ ਵਰਤਮਾਨ ਤੋਂ ਵੀ ਲੁਕਾ ਕੇ ਬੈਠੀਆਂ ਹੋਈਆਂ…
ਪੂਜਾ ਨੇ ਇਕ ਨਜ਼ਰ ਕਮਰੇ ਦੇ ਉਸ ਬੂਹੇ ਵੱਲ ਵੇਖਿਆ – ਜਿਹਦੇ ਬਾਹਰ ਉਹਦਾ ਵਰਤਮਾਨ ਬਡ਼ੀ ਦੂਰ ਤੱਕ ਫੈਲਿਆ ਹੋਇਆ ਸੀ –
ਸ਼ਹਿਰ ਦੇ ਕਿੰਨੇ ਹੀ ਗੈਸਟ ਹਾਊਸ, ਐਕਸਪੋਰਟ ਦੇ ਕਿੰਨੇ ਹੀ ਕਾਰਖਾਨੇ, ਏਅਰ ਲਾਈਨਜ਼ ਦੇ ਕਿੰਨੇ ਹੀ ਦਫ਼ਤਰ, ਤੇ ਸਧਾਰਣ ਹੋਟਲਾਂ ਤੋਂ ਲੈ ਕੇ ਫ਼ਾਈਵ ਸਟਾਰ ਹੋਟਲਾਂ ਤੱਕ ਦੇ ਕਿੰਨੇ ਹੀ ਕਮਰੇ ਸਨ, ਜਿਨ੍ਹਾਂ ਵਿਚ ਉਹਦਾ ਇਕ ਇਕ ਟੁਕਡ਼ਾ ਵਰਤਮਾਨ ਪਿਆ ਹੋਇਆ ਸੀ…
ਪਰ ਅੱਜ ਵੀਰ ਵਾਰ ਸੀ – ਜਿਹਨੇ ਉਹਦੇ ਤੋਂ ਉਹਦੇ ਵਰਤਮਾਨ ਦੇ ਵਿਚਕਾਰ ਇਕ ਬੂਹਾ ਭੀਡ਼ਿਆ ਹੋਇਆ ਸੀ..
ਬੰਦ ਬੂਹੇ ਦੀ ਹਿਫ਼ਾਜ਼ਤ ਵਿਚ ਖਲੋਤੀ ਹੋਈ ਪੂਜਾ ਨੂੰ ਪਹਿਲੀ ਵਾਰ ਇਹ ਖ਼ਿਆਲ ਆਇਆ ਕਿ ਉਹਦੇ ਕਸਬ ਵਿਚ ਏਸ ਵੀਰਵਾਰ ਨੂੰ ਛੁੱਟੀ ਦਾ ਦਿਨ ਕਿਉਂ ਮੰਨਿਆ ਗਿਆ ਹੈ ?
ਏਸ ਵੀਰਵਾਰ ਦੀ ਤੈਹ ਵਿਚ ਜ਼ਰੂਰ ਕੋਈ ਭੇਤ ਹੋਵੇਗਾ – ਉਹ ਨਹੀਂ ਸੀ ਜਾਣਦੀ, ਇਸ ਲਈ ਖ਼ਾਲੀ ਖ਼ਾਲੀ ਜਿਹੀਆਂ ਨਜ਼ਰਾਂ ਨਾਲ ਕਮਰੇ ਦੀਆਂ ਕੰਧਾਂ ਨੂੰ ਵੇਖਣ ਲੱਗ ਪਈ..
ਕੰਧਾਂ ਤੋਂ ਪਾਰ ਉਹਨੇ ਜਦੋਂ ਵੀ ਵੇਖਿਆ ਸੀ – ਉਹਨੂੰ ਕਿਧਰੇ ਕੋਈ ਆਪਣਾ ਭਵਿੱਖ ਨਹੀਂ ਸੀ ਦਿਸਿਆ, ਸਿਰਫ਼ ਇਹ ਵਰਤਮਾਨ ਦਿਸਿਆ ਸੀ, ਜੋ ਰੇਗਿਸਤਾਨ ਵਾਂਗ ਸ਼ਹਿਰ ਦੀਆਂ ਬਹੁਤ ਸਾਰੀਆਂ ਇਮਾਰਤਾਂ ਵਿਚ ਫੈਲ ਰਿਹਾ ਸੀ..
ਤੇ ਪੂਜਾ ਨੇ ਕੰਬ ਕੇ ਸੋਚਿਆ – ਇਹੀ ਰੇਗਿਸਤਾਨ ਉਹਦੇ ਦਿਨਾਂ ਵਿਚੋਂ ਮਹੀਨਿਆਂ ਵਿਚ ਫੈਲਦਾ – ਇਕ ਦਿਨ ਮਹੀਨਿਆਂ ਤੋਂ ਅੱਗੇ ਉਹਦੇ ਵਰ੍ਹਿਆਂ ਵਿਚ ਫੈਲ ਜਾਏਗਾ..
ਤੇ ਪੂਜਾ ਨੇ ਬੰਦ ਬੂਹੇ ਦਾ ਆਸਰਾ ਲੈ ਕੇ ਵਰਤਮਾਨ ਤੋਂ ਅੱਖਾਂ ਮੋਡ਼ ਲਈਆਂ…
ਉਹਦੀਆਂ ਅੱਖਾਂ ਪੈਰਾਂ ਹੇਠਲੇ ਫਰਸ਼ ਵੱਲ ਗੋਈਆਂ, ਤਾਂ ਬੀਤੇ ਹੋਏ ਦਿਨਾਂ ਦੇ ਤਹਿਖਾਨੇ ਵਿਚ ਉਤਰ ਗਈਆਂ –
ਤਹਿਖਾਨੇ ਵਿਚ ਬਹੁਤ ਹਨੇਰਾ ਸੀ…
ਬੀਤੀ ਹੋਈ ਜ਼ਿੰਦਗੀ ਦਾ ਪਤਾ ਨਹੀਂ ਕੀ ਕੀ – ਕਿਥੇ ਕਿਥੇ ਪਿਆ ਹੋਇਆ ਸੀ, ਪੂਜਾ ਨੂੰ ਕੁਝ ਵੀ ਵਿਖਾਈ ਨਹੀਂ ਸੀ ਦੇ ਰਿਹਾ..
ਪਰ ਅੱਖਾਂ ਜਦੋਂ ਹਨੇਰੇ ਨਾਲ ਕੁਝ ਵਾਕਫ਼ ਹੋਈਆਂ – ਵੇਖਿਆ, ਤਹਿਖਾਨੇ ਦੇ ਖੱਬੇ ਹੱਥ, ਦਿਲ ਵਾਲੇ ਪਾਸੇ, ਇਕ ਕਣ ਜਿਹਾ ਕੁਝ ਚਮਕਦਾ ਪਿਆ ਸੀ…
ਪੂਜਾ ਅਹੁਲ ਕੇ ਉਹਦੇ ਕੋਲ ਗਈ –
ਪਤਾ ਨਹੀਂ ਇਹ ਧਰਤੀ ਦੀ ਮਿੱਟੀ ਦਾ ਕੋਈ ਕਣ ਸੀ, ਕਿ ਅਸਮਾਨ ਤੋਂ ਟੁੱਟੇ ਹੋਏ ਤਾਰੇ ਦਾ ਇਕ ਟੁਕਡ਼ਾ, ਜੋ ਅਜੇ ਵੀ ਬਲਦਾ ਪਿਆ ਹੋਇਆ ਸੀ…
ਪੂਜਾ ਨੇ ਗੋਡਿਆਂ ਦੇ ਭਾਰ ਹੋ ਕੇ ਉਹਨੂੰ ਹੱਥ ਨਾਲ ਛੋਹਿਆ…
ਉਹਦੇ ਸਾਰੇ ਪਿੰਡੇ ਵਿਚ ਇਕ ਗਰਮ ਜਿਹੀ ਲੀਕ ਫਿਰ ਗਈ, ਤੇ ਉਹਨੇ ਪਛਾਣਿਆ – ਇਹ ਉਹਦੇ ਇਸ਼ਕ ਦਾ ਜ਼ੱਰਰਾ ਸੀ, ਜਿਹਦੇ ਵਿਚ ਕੋਈ ਅੱਗ ਅਜੇ ਵੀ ਸਲਾਮਤ ਸੀ…
ਤੇ ਇਸੇ ਦੀ ਰੋਸ਼ਨੀ ਵਿਚ ਨਰੇਂਦ੍ਰ ਦਾ ਨਾਂ ਚਮਕਿਆ – ਨਰੇਂਦ੍ਰ ਨਾਥ ਚੌਧਰੀ ਦਾ, ਜਿਹਨੂੰ ਉਹਨੇ ਬੇਪਨਾਹ ਇਸ਼ਕ ਕੀਤਾ ਸੀ…
ਤੇ ਨਾਲ ਹੀ ਉਹਦਾ ਆਪਣਾ ਨਾਂ ਚਮਕਿਆ – ਗੀਤਾ, ਗੀਤਾ ਸ਼੍ਰੀਵਾਸਤਵ…
ਉਹ ਦੋਵੇਂ ਆਪਣੀ ਆਪਣੀ ਜਵਾਨੀ ਦੀ ਪਹਿਲੀ ਪੌਡ਼ੀ ਚਡ਼੍ਹੇ ਸਨ – ਜਦੋਂ ਇਕ ਦੂਜੇ ਦੀ ਹੋਂਦ ਨਾਲ ਮੋਹੇ ਗਏ ਸਨ…
ਉਸ ਵੇਲੇ ਨਰੇਂਦ੍ਰ ਨੇ ਆਪਣੇ ਨਾਂ ਨਾਲੋਂ ਚੌਧਰੀ ਲਫਜ਼ ਝਾਡ਼ ਦਿੱਤਾ ਸੀ, ਤੇ ਗੀਤਾ ਨੇ ਆਪਣੇ ਨਾਂ ਨਾਲੋਂ ਸ਼੍ਰੀਵਾਸਤਵ…
ਤੇ ਉਹ ਦੋਵੇਂ ਟੁੱਟੇ ਹੋਏ ਖੰਭਾਂ ਵਾਲੇ ਪੰਛੀਆਂ ਵਾਂਗ ਹੋ ਗਏ ਸਨ…

ਚੌਧਰੀ ਤੇ ਸ੍ਰੀਵਾਸਤਵ ਦੋਹਾਂ ਲਫਜ਼ਾਂ ਦੀ ਇਕ ਮਜ਼ਬੂਰੀ ਸੀ। ਭਾਵੇਂ ਵੱਖੋ ਵੱਖ ਤਰ੍ਹਾਂ ਦੀ। ਚੌਧਰੀ ਲਫਜ਼ ਕੋਲ ਅਮੀਰੀ ਦਾ ਮਾਣ ਸੀ। ਇਸ ਲਈ ਉਹਦੀ ਮਜ਼ਬੂਰੀ ਉਹਦਾ ਇਹ ਭਿਆਨਕ ਗੁੱਸਾ ਸੀ, ਜੋ ਨਰੇਂਦ੍ਰ ਉਤੇ ਵਰ੍ਹ ਪਿਆ ਸੀ। ਤੇ ਸ੍ਰੀਵਾਸਤਵ ਕੋਲ ਬੀਮਾਰੀ ਤੇ ਗ਼ਰੀਬੀ ਦੀ ਨਿਰਾਸਤਾ ਸੀ, ਜਿਹਦੀ ਮਜ਼ਬੂਰੀ ਗੀਤਾ ਉਤੇ ਵਰ੍ਹ ਪਈ ਸੀ, ਤੇ ਉਹਨਾਂ ਦੋਹਾਂ ਨੂੰ ਕਾਲਜ ਦੀ ਪਡ਼੍ਹਾਈ ਛੱਡਣੀ ਪਈ ਸੀ।
ਤੇ ਜਦੋਂ ਦੋਹਾਂ ਨੇ ਇਕ ਮੰਦਰ ਵਿਚ ਜਾ ਕੇ ਆਪਣਾ ਵਿਆਹ ਕੀਤਾ ਸੀ, ਉਦੋਂ ਚੌਧਰੀ ਤੇ ਸ੍ਰੀਵਾਸਤਵ ਦੋਵੇਂ ਲਫਜ਼ ਉਹਨਾਂ ਦੇ ਨਾਲ ਮੰਦਰ ਵਿਚ ਨਹੀਂ ਸਨ ਗਏ। ਤੇ ਮੰਦਰ ਤੋਂ ਪਿਛਾਂਹ ਮੁਡ਼ਦੇ ਪੈਰਾਂ ਲਈ – ਚੌਧਰੀ ਘਰ ਦਾ ਅਮੀਰ ਬੂਹਾ ਗੁੱਸੇ ਨਾਲ ਭੀਡ਼ਿਆ ਗਿਆ ਸੀ, ਤੇ ਸ੍ਰੀਵਾਸਤਵ ਘਰ ਦਾ ਗ਼ਰੀਬੀ ਦੀ ਮਜਬੂਰੀ ਕਾਰਨ।
ਫੇਰ ਕਿਸੇ ਰੋਜ਼ਗਾਰ ਦਾ ਕੋਈ ਵੀ ਬੂਹਾ ਨਹੀਂ ਸੀ, ਜਿਹਡ਼ਾ ਉਹਨਾਂ ਨੇ ਖਡ਼ਕਾ ਕੇ ਨਹੀਂ ਸੀ ਵੇਖਿਆ। ਸਿਰਫ਼ ਵੇਖਿਆ ਸੀ ਕਿ ਹਰ ਬੂਹੇ ਨਾਲ ਮੱਥਾ ਭੰਨ ਕੇ ਉਹਨਾਂ ਦੋਹਾਂ ਦੇ ਮੱਥਿਆਂ ਉਤੇ ਸਖ਼ਤ ਉਦਾਸੀ ਦੇ ਨੀਲ ਪੈ ਗਏ ਸਨ…
ਰਾਤਾਂ ਨੂੰ ਉਹ ਬੀਤੇ ਹੋਏ ਦਿਨਾਂ ਵਾਲੇ ਹੋਸਟਲਾਂ ਵਿਚ ਜਾ ਕੇ, ਕਿਸੇ ਆਪੋ ਆਪੋ ਵਾਕਫ਼ ਦੇ ਕਮਰੇ ਦੀ ਪਨਾਹ ਮੰਗ ਲੈਂਦੇ ਸਨ, ਤੇ ਦਿਨੇ ਉਹਨਾਂ ਦੇ ਪੈਰਾਂ ਲਈ ਸਡ਼ਕਾਂ ਖੁਲ੍ਹ ਜਾਂਦੀਆਂ ਸਨ।
ਉਹੀ ਦਿਨ ਸਨ – ਜਦੋਂ ਉਹਨਾਂ ਦੇ ਬੱਚੇ ਦੀ ਆਮਦ ਦੇ ਦਿਨ ਆ ਗਏ…
ਗੀਤਾ ਦੀਆਂ ਕਾਲਜ ਵਾਲੀਆਂ ਸਹੇਲੀਆਂ ਨੇ, ਤੇ ਨਰੇਂਦ੍ਰ ਦੇ ਕਾਲਜ ਵਾਲੇ ਦੋਸਤਾਂ ਨੇ ਉਹਨਾਂ ਦਿਨਾਂ ਵਿਚ ਕੁਝ ਪੈਸੇ ਇਕੱਠੇ ਕੀਤੇ ਸਨ, ਤੇ ਦੋਹਾਂ ਨੇ ਜਮਨਾ ਤੋਂ ਪਾਰ ਦੀ ਇਕ ਨੀਵੀਂ ਬਸਤੀ ਵਿਚ ਕਾਨਿਆਂ ਦੀ ਇਕ ਝੁੱਗੀ ਪਾ ਲਈ ਸੀ – ਜਿਹਦੇ ਬਾਹਰ ਇਕ ਮੰਜੀ ਵਿਛਾ ਕੇ ਗੀਤਾ ਆਲੂ ਗੋਭੀ ਤੇ ਟਮਾਟਰ ਵੇਚਣ ਲੱਗ ਪਈ ਸੀ, ਤੇ ਨਰੇਂਦ੍ਰ ਨੰਗੇ ਪੈਰੀਂ ਸਡ਼ਕਾਂ ਤੇ ਘੁੰਮਦਾ ਕੋਈ ਕੰਮ ਲੱਭਣ ਲੱਗ ਪਿਆ ਸੀ…
ਖ਼ਰਾਇਤੀ ਹਸਪਤਾਲ ਵਾਲੇ ਦਿਨ ਹੋਰ ਵੀ ਔਖੇ ਸਨ – ਤੇ ਜਦੋਂ ਗੀਤਾ ਆਪਣੇ ਸੱਤਾਂ ਦਿਨਾਂ ਦੇ ਮਨੂ ਨੂੰ ਝੋਲੀ ਵਿਚ ਪਾ ਕੇ, ਕਾਨਿਆਂ ਦੀ ਝੁੱਗੀ ਵਿਚ ਮੁਡ਼ੀ ਸੀ – ਬੱਚੇ ਲਈ ਦੁੱਧ ਦਾ ਸਵਾਲ ਵੀ ਝੁੱਗੀ ਵਿਚ ਆ ਕੇ ਬਹਿ ਗਿਆ ਸੀ…
ਤੇ ਕਮੇਟੀ ਦੇ ਨਲਕੇ ਤੋਂ ਪਾਣੀ ਭਰ ਕੇ ਲਿਆਉਣ ਵਾਲਾ ਵਕਤ –
ਪੂਜਾ ਦੇ ਪੈਰਾਂ ਵਲੋਂ ਇਕ ਤ੍ਰਾਟ ਜਿਹੀ ਉਠ ਕੇ ਹੁਣ ਵੀ, ਉਹਦੇ ਪੈਰਾਂ ਨੂੰ ਸੁੰਨ ਕਰਦੀ, ਉਤਾਂਹ ਉਹਦੀ ਰੀਡ਼੍ਹ ਦੀ ਹੱਡੀ ਵਿਚ ਫੈਲ ਗਈ, ਜਿਸ ਤਰ੍ਹਾਂ ਉਦੋਂ ਫੈਲਦੀ ਹੁੰਦੀ ਸੀ, ਜਦੋਂ ਉਹ ਗੀਤਾ ਹੁੰਦੀ ਸੀ, ਤੇ ਉਹਦੇ ਹੱਥ ਵਿਚ ਫਡ਼ੀ ਹੋਈ ਪਾਣੀ ਦੀ ਬਾਲਟੀ ਦਾ ਭਾਰ ਪਿੱਠ ਵਿਚ ਵੀ ਤ੍ਰਾਟ ਪਾ ਦੇਂਦਾ ਸੀ, ਤੇ ਗਰਭ ਵਾਲੇ ਪੇਟ ਵਿਚ ਵੀ…
ਪੂਜਾ ਨੇ ਤਹਿਖਾਨੇ ਵਿਚ ਪਏ ਹੋਏ ਦਿਨਾਂ ਨੂੰ ਉਥੇ ਹੀ ਹੱਥ ਨਾਲ ਛਿਣਕ ਕੇ ਹਨੇਰੇ ਵਿਚ ਸੁੱਟ ਦਿੱਤਾ, ਤੇ ਉਸ ਮਘਦੇ ਜਿਹੇ ਕਣ ਵੱਲ ਵੇਖਣ ਲੱਗ ਪਈ, ਜੋ ਅਜੇ ਵੀ ਉਹਦੇ ਮਨ ਦੇ ਹਨੇਰੇ ਵਿਚ ਮਘਦਾ ਪਿਆ ਸੀ…
ਉਹ ਘਬਰਾ ਕੇ ਤੇ ਘੁੱਟ ਕੇ ਜਦੋਂ ਨਰੇਂਦ੍ਰ ਦੀ ਛਾਤੀ ਨਾਲ ਲੱਗ ਜਾਂਦੀ ਹੁੰਦੀ ਸੀ – ਉਹਦੀ ਆਪਣੀ ਛਾਤੀ ਵਿਚੋਂ ਇਕ ਸੁਖ ਪੰਘਰ ਕੇ ਉਹਦੇ ਲਹੂ ਦੀਆਂ ਨਾਡ਼ਾਂ ਵਿਚ ਤੁਰਨ ਲੱਗ ਪੈਂਦੀ ਸੀ…
ਪੂਜਾ ਦੇ ਪੈਰਾਂ ਵੱਲੋਂ ਫੇਰ ਇਕ ਕੰਬਣੀ ਉਹਦੇ ਮੱਥੇ ਵੱਲ ਨੂੰ ਚਡ਼੍ਹੀ – ਜਦੋਂ ਤਹਿਖਾਨੇ ਵਿਚ ਪਏ ਹੋਏ ਦਿਨਾਂ ਵਿਚੋਂ – ਅਚਾਨਕ ਇਕ ਦਿਹਾਡ਼ਾ ਇਕ ਕੰਡੇ ਵਾਂਗੂੰ ਉਠ ਕੇ ਉਹਦੇ ਪੈਰ ਵਿਚ ਲਹਿ ਗਿਆ – ਜਦੋਂ ਨਰੇਂਦ੍ਰ ਨੂੰ ਰੋਜ਼ ਮੱਠਾ ਮੱਠਾ ਤਾਪ ਚਡ਼੍ਹਨ ਲੱਗ ਪਿਆ ਸੀ, ਤੇ ਉਹ ਮਨੂ ਨੂੰ ਨਰੇਂਦ੍ਰ ਦੀ ਮੰਜੀ ਕੋਲ ਪਾ ਕੇ ਨੌਕਰੀ ਲੱਭਣ ਚਲੀ ਗਈ ਸੀ…
ਉਹਨੂੰ ਇਕ ਸੋਚ ਆਈ ਸੀ ਕਿ ਆਖ਼ਰ ਉਹ ਏਸ ਦੇਸ ਦੀ ਜੰਮ ਪਲ ਨਹੀਂ ਸੀ, ਬਾਪ ਵਲੋਂ ਸ੍ਰੀਵਾਸਤਵ ਅਖਵਾਂਦੀ ਸੀ, ਪਰ ਨੈਪਾਲ ਦੀ ਕੁਡ਼ੀ ਸੀ, ਮਾਂ ਵਲੋਂ ਨੈਪਾਲੀ, ਤੇ ਉਹਨੂੰ ਏਸ ਨਾਤੇ ਸ਼ਾਇਦ ਆਪਣੇ ਜਾਂ ਕਿਸੇ ਹੋਰ ਦੇਸ ਦਾ ਸਫ਼ਾਰਤ ਖਾਨੇ ਵਿਚ ਜ਼ਰੂਰ ਕੋਈ ਨੌਕਰੀ ਮਿਲ ਜਾਏਗੀ.. ਤੇ ਏਸ ਸਿਲਸਿਲੇ ਵਿਚ ਸਾਗ ਭਾਜੀ ਦੀ ਵਿੱਕਰੀ ਉਹ ਨਰੇਂਦ੍ਰ ਨੂੰ ਸੌਂਪ ਕੇ ਰੋਜ਼ ਨੌਕਰੀ ਲੱਭਣ ਜਾਣ ਲੱਗ ਪਈ ਸੀ…
“ਮਿਸਟਰ ਐਚ.” – ਪੂਜਾ ਨੂੰ ਅਚਾਨਕ ਇਹ ਨਾਂ ਇਸ ਤਰ੍ਹਾਂ ਯਾਦ ਆਇਆ, ਜਿਵੇਂ ਉਹ ਜ਼ਿੰਦਗੀ ਦੇ ਸਡ਼ ਕੇ ਸਵਾਹ ਹੋਏ ਦਿਨਾਂ ਨੂੰ ਫੋਲਦੀ ਹੋਵੇ, ਤੇ ਅਚਾਨਕ ਉਸ ਰਾਖ ਵਿਚ ਉਹਦਾ ਹੱਥ – ਇਕ ਤੱਤੇ ਕੋਇਲੇ ਨੂੰ ਛੋਹ ਗਿਆ ਹੋਵੇ…
ਉਹ ਇਕ ਸਫ਼ਾਰਤ ਖਾਨੇ “ਰਿਸੈਪਸ਼ਨ ਰੂਮ” ਵਿਚ ਉਹਨੂੰ ਮਿਲਿਆ ਸੀ। ਇਕ ਦਿਨ ਕਹਿਣ ਲੱਗਾ – “ਗੀਤਾ ਬੀਬੀ! ਮੈਂ ਤੈਨੂੰ ਆਏ ਦਿਨ ਫੇਰੇ ਮਾਰਦਿਆਂ ਵੇਖਦਾ ਹਾਂ। ਤੈਨੂੰ ਨੌਕਰੀ ਚਾਹੀਦੀ ਏ? ਮੈਂ ਤੈਨੂੰ ਨੌਕਰੀ ਦੁਆ ਦੇਂਦਾ ਹਾਂ। ਅਹਿ ਲੈ, ਤੈਨੂੰ ਪਤਾ ਲਿਖ ਦੇਂਦਾ ਹਾਂ, ਹੁਣੇ ਚਲੀ ਜਾ, ਅੱਜ ਹੀ ਨੌਕਰੀ ਦਾ ਬੰਦੋਬਸਤ ਹੋ ਜਾਏਗਾ… ” ਤੇ ਪੂਜਾ ਜਦੋਂ ਗੀਤਾ ਹੁੰਦੀ ਸੀ, ਕਾਗਜ਼ ਦਾ ਇਹ ਟੋਟਾ ਜਿਹਾ ਫਡ਼ ਕੇ, ਅਚਾਨਕ ਇਸ ਬਹੁਡ਼ ਪਈ ਕਿਸਮਤ ਉਤੇ ਹੈਰਾਨ ਖਲੋਤੀ ਰਹਿ ਗਈ ਸੀ…
ਉਹ ਪਤਾ ਇਕ ਗੈਸਟ ਹਾਊਸ ਦੀ ਮਾਲਕਣ – ਮੈਡਮ ਡੀ. ਦਾ ਸੀ, ਜਿਥੇ ਪਹੁੰਚ ਕੇ ਉਹ ਹੋਰ ਵੀ ਹੈਰਾਨ ਹੋਈ ਸੀ ਕਿ ਨੌਕਰੀ ਦੇਣ ਵਾਲੀ ਮੈਡਮ ਡੀ. ਉਹਨੂੰ ਇਸ ਤਰ੍ਹਾਂ ਤਪਾਕ ਨਾਲ ਮਿਲੀ, ਜਿਵੇਂ ਪੁਰਾਣੇ ਦਿਨਾਂ ਦੀ ਕੋਈ ਸਹੇਲੀ ਮਿਲੀ ਹੋਵੇ। ਇਕ ਠੰਢੇ ਕਮਰੇ ਵਿਚ ਗੀਤਾ ਨੂੰ ਬਿਠਾ ਕੇ ਉਹਨੇ ਉਹਨੂੰ ਗਰਮ ਚਾਹ ਪਿਆਈ ਸੀ ਤੇ ਭੁੱਜੇ ਹੋਏ ਕਬਾਬ ਖੁਆਏ ਸਨ।
ਨੌਕਰੀ ਕਿਸ ਕੰਮ ਦੀ ਹੋਵੇਗੀ, ਕਿੰਨੇ ਘੰਟੇ ਤੇ ਤਨਖਾਹ ਕਿੰਨੀ, ਜਿਹੇ ਸਵਾਲ ਉਹਦੇ ਹੋਠਾਂ ਉਤੇ ਜਿੰਨੀ ਵਾਰ ਆਉਂਦੇ ਰਹੇ, ਮੈਡਮ ਡੀ. ਉਨੀ ਵਾਰ ਮੁਸਕਰਾ ਛੱਡਦੀ ਸੀ। ਕਿੰਨੇ ਚਿਰ ਪਿਛੋਂ ਉਹਨੇ ਸਿਰਫ਼ ਇਹ ਆਖਿਆ, ਕੀ ਨਾਂ ਦੱਸਿਆ ਸੀ? ਮਿਸਿਜ਼ ਗੀਤਾ ਨਾਥ ? ਪਰ ਕੋਈ ਹਰਜ ਹੋਵੇਗਾ ਜੇ ਮਿਸਿਜ਼ ਨਾਥ ਦੀ ਥਾਂ ਤੈਨੂੰ ਮਿਸ ਨਾਥ ਆਖਿਆ ਕਰਾਂ ?
ਗੀਤਾ ਹੈਰਾਨ ਹੋਈ ਸੀ, ਪਰ ਹੱਸ ਪਈ ਸੀ “ਮੇਰੇ ਖਾਵੰਦ ਦਾ ਨਾਂ ਨਰੇਂਦ੍ਰ ਨਾਥ ਹੈ, ਉਸੇ ਤੋਂ ਆਪਣੇ ਆਪ ਨੂੰ ਮਿਸਿਜ਼ ਨਾਥ ਕਹਿੰਦੀ ਹਾਂ। ਤੁਸੀ ਲੋਕ ਮੈਨੂੰ ਮਿਸ ਨਾਥ ਆਖੋਗੇ, ਤਾਂ ਅੱਜ ਜਾ ਕੇ ਉਹਨੂੰ ਦੱਸਾਂਗੀ ਕਿ ਹੁਣ ਮੈਂ ਉਹਦੀ ਬੀਵੀ ਦੇ ਨਾਲ ਉਹਦੀ ਬੇਟੀ ਵੀ ਹੋ ਗਈ ਹਾਂ…”

ਮੈਡਮ ਡੀ. ਕੁਝ ਦੇਰ ਉਹਦੇ ਮੂੰਹ ਵੱਲ ਵੇਖਦੀ ਰਹੀ, ਬੋਲੀ ਨਹੀਂ ਸੀ, ਤੇ ਜਦੋਂ ਗੀਤਾ ਨੇ ਪੁੱਛਿਆ ਸੀ “ਤਨਖ਼ਾਹ ਕਿੰਨੀ ਹੋਵੇਗੀ?” – ਤਾਂ ਉਹਨੇ ਜਵਾਬ ਦਿੱਤਾ ਸੀ – “ਪੰਜਾਹ ਰੁਪਏ ਰੋਜ਼।”

“ਸੱਚ ?” – ਗੀਤਾ ਕਮਰੇ ਦੇ ਸੋਫ਼ੇ ਉਤੇ ਬੈਠੀ ਹੋਈ – ਜਿਵੇਂ ਮਨ ਵਲੋਂ ਦੂਹਰੀ ਜਿਹਾ ਹੋ ਕੇ ਮੈਡਮ ਡੀ. ਦੇ ਕੋਲ ਗੋਡਿਆਂ ਭਾਰ ਬਹਿ ਗਈ ਸੀ।
“ਵੇਖ! ਅੱਜ ਤੂੰ ਕੋਈ ਚੰਗੇ ਕਪਡ਼ੇ ਨਹੀਂ ਪਾਏ ਹੋਏ। ਮੈਂ ਤੈਨੂੰ ਇਕ ਸਾਡ਼੍ਹੀ ਹੁਦਾਰ ਦੇਨੀ ਆਂ, ਤੂੰ ਨਾਲ ਦੇ ਗੁਸਲਖਾਨੇ ਵਿਚ ਹੱਥ ਮੂੰਹ ਧੋ ਕੇ, ਉਹ ਸਾਡ਼੍ਹੀ ਪਾ ਲੈ!” – ਮੈਡਮ ਡੀ. ਨੇ ਕਿਹਾ, ਤੇ ਗੀਤਾ ਜਦੋਂ ਮੰਤਰ ਮੁਗਧ ਜਿਹੀ ਉਹਦੇ ਕਹਿਣ ਤੇ ਕੱਪਡ਼ੇ ਵਟਾ ਕੇ ਕਮਰੇ ਵਿਚ ਆਈ, ਤਾਂ ਮੈਡਮ ਡੀ. ਨੇ ਪੰਜਾਹ ਰੁਪਏ ਉਹਦੇ ਸਾਹਮਣੇ ਰੱਖ ਦਿੱਤੇ ਸਨ “ਅੱਜ ਦੀ ਤਨਖ਼ਾਹ”

ਇਸ ਪਰੀ ਕਹਾਣੀ ਜਿਹੀ ਨੌਕਰੀ ਦੀ ਚਿਲਕੋਰ ਨਾਲ ਅਜੇ ਗੀਤਾ ਦੀਆਂ ਅੱਖਾਂ ਮੀਟੀਆਂ ਜਿਹੀਆਂ ਹੋਈਆਂ ਸਨ, ਜਦੋਂ ਮੈਡਮ ਡੀ. ਉਹਦਾ ਹੱਥ ਫਡ਼ ਕੇ ਉਹਨੂੰ ਉਤਲੀ ਛੱਤ ਦੇ ਇਕ ਉਸ ਕਮਰੇ ਵਿਚ ਛੱਡ ਆਈ, ਜਿਥੇ ਉਸ ਪਰੀ ਕਹਾਣੀ ਦਾ ਇਕ ਦੈਂਤ ਉਹਨੂੰ ਉਡੀਕਦਾ ਪਿਆ ਸੀ…
3
ਕਮਰੇ ਦਾ ਬੂਹਾ ਬਾਰ ਬਾਰ ਖਡ਼ਕਦਾ ਸੁਣਿਆ, ਤਾਂ ਪੂਜਾ ਨੇ ਇਸ ਤਰ੍ਹਾਂ ਹਫ਼ੀ ਹੋਈ ਨੇ ਬੂਹਾ ਖੋਲ੍ਹਿਆ ਜਿਵੇਂ ਉਹ ਤਹਿਖ਼ਾਨੇ ਵਿਚੋਂ ਬਹੁਤ ਸਾਰੀਆਂ ਪੌਡ਼ੀਆਂ ਚਡ਼੍ਹ ਕੇ – ਬਾਹਰ ਆਈ ਹੋਵੇ…
“ਰਾਤ ਦੀ ਰਾਣੀ – ਦਿਨ ਨੂੰ ਸੁੱਤੀ ਪਈ ਸੀ?” – ਬੂਹੇ ਤੋਂ ਅੰਦਰ ਆਉਂਦਿਆਂ ਸ਼ਬਨਮ ਨੇ, ਹੱਸਦੀ ਹੱਸਦੀ ਨੇ ਆਖਿਆ, ਤੇ ਪੂਜਾ ਦੇ ਖਿੰਡੇ ਜਿਹੇ ਵਾਲਾਂ ਵੱਲ ਵੇਖਦੀ ਆਖਣ ਲੱਗੀ, “ਤੇਰੀਆਂ ਅੱਖਾਂ ਵਿਚ ਤੇ ਅਜੇ ਵੀ ਨੀਂਦਰ ਭਰੀ ਹੋਈ ਏ, ਰਾਤ ਦੇ ਖਸਮ ਨੇ ਸਾਰੀ ਰਾਤ ਜਗਾਈ ਰੱਖਿਆ ਸੀ?”
ਸ਼ਬਨਮ ਨੂੰ ਬਹਿਣ ਲਈ ਆਖਦਿਆਂ, ਪੂਜਾ ਦਾ ਇਕ ਹਉਕਾ ਜਿਹਾ ਨਿਕਲ ਗਿਆ, “ਕਦੀ ਕਦੀ ਜਦੋਂ ਰਾਤ ਦਾ ਖਸਮ ਨਹੀਂ ਲਭਦਾ, ਤਾਂ ਆਪਣਾ ਦਿਲ ਹੀ ਆਪਣਾ ਖਸਮ ਬਣ ਜਾਂਦਾ ਏ। ਉਹ ਚੰਦਰਾ ਰਾਤ ਨੂੰ ਜਗਾਈ ਰਖਦਾ ਏ…”
ਸ਼ਬਨਮ ਹੱਸ ਪਈ, ਤੇ ਦੀਵਾਨ ਉੱਤੇ ਬਹਿੰਦੀ ਆਖਣ ਲੱਗੀ, “ਪੂਜਾ ਬੀਬੀ! ਦਿਲ ਤਾਂ ਖੌਰੇ ਚੰਦਰਾ ਹੁੰਦਾ ਏ ਕਿ ਨਹੀਂਸ ਅੱਜ ਦਾ ਦਿਨ ਹੀ ਚੰਦਰਾ ਹੁੰਦਾ ਏ, ਉਹੀਉ ਦਿਲ ਨੂੰ ਵੀ ਚੰਦਰਾ ਬਣਾ ਦੇਂਦਾ ਏ। ਵੇਖ! ਮੈਂ ਵੀ ਅੱਜ ਪੀਲੇ ਕੱਪਡ਼ੇ ਪਾਏ ਹੋਏ ਨੇ, ਤੇ ਮੰਦਰ ਵਿਚ ਪੀਲੇ ਫੁੱਲਾਂ ਦਾ ਪ੍ਰਸ਼ਾਦ ਚਡ਼੍ਹਾ ਕੇ ਆਈ ਹਾਂ…”

“ਅੱਜ ਦਾ ਦਿਨ? ਕੀ ਮਤਲਬ ? ” ਪੂਜਾ ਨੇ ਸ਼ਬਨਮ ਦੇ ਕੋਲ ਦੀਵਾਨ ਉੱਤੇ ਬਹਿੰਦਿਆਂ ਪੁੱਛਿਆ।
“ਅੱਜ ਦਾ ਦਿਨ, ਬਹ੍ਰਸਪਤਿ ਦਾ। ਤੈਨੂੰ ਪਤਾ ਨਹੀਂ…?”
“ਸਿਰਫ਼ ਏਨਾ ਪਤਾ ਏ ਕਿ ਅੱਜ ਦੇ ਦਿਨ ਛੁੱਟੀ ਹੁੰਦੀ ਏ…” ਪੂਜਾ ਨੇ ਕਿਹਾ ਤਾਂ ਸ਼ਬਨਮ ਹੱਸਣ ਲੱਗ ਪਈ “ਵੇਖ ਲੈ! ਸਾਡੇ ਸਰਕਾਰੀ ਦਫ਼ਤਰ ਵਿਚ ਵੀ ਛੁੱਟੀ ਹੁੰਦੀ ਏ…”
“ਮੈਂ ਅੱਜ ਸੋਚਦੀ ਪਈ ਸਾਂ ਕਿ ਸਾਡੇ ਕਸਬ ਵਿਚ ਏਸ ਵੀਰਵਾਰ ਨੂੰ ਛੁੱਟੀ ਦਾ ਦਿਨ ਕਿਉਂ ਮੰਨਿਆ ਗਿਆ ਏ…”
“ਸਾਡੇ ਸੰਸਕਾਰ…” ਸ਼ਬਨਮ ਦੇ ਹੋਠ ਇਕ ਵਲ ਜਿਹਾ ਖਾ ਕੇ ਹੱਸਣ ਵਰਗੇ ਹੋ ਗਏ। ਕਹਿਣ ਲੱਗੀ “ਔਰਤ ਭਾਵੇਂ ਕੰਜਰੀ ਵੀ ਬਣ ਜਾਏ, ਉਹਦੇ ਸੰਸਕਾਰ ਨਹੀਂ ਜਾਂਦੇ। ਇਹ ਵਾਰ ਔਰਤ ਲਈ, ਪਤੀ ਦਾ ਵਾਰ ਹੁੰਦਾ ਏ। ਪਤੀ ਪੁੱਤਰ ਦੇ ਨਾਂ ਤੇ ਉਹ ਵਰਤ ਵੀ ਰਖਦੀ ਏ, ਪੂਜਾ ਵੀ ਕਰਦੀ ਏ.. ਛੇ ਦਿਨ ਧੰਦਾ ਕਰਕੇ ਵੀ, ਉਹ ਪਤੀ ਤੇ ਪੁੱਤਰ ਲਈ ਸੁਖਣਾ ਸੁਖਦੀ ਏ…”
ਪੂਜਾ ਦੀਆਂ ਅੱਖਾਂ ਵਿਚ ਪਾਣੀ ਜਿਹਾ ਭਰ ਆਇਆ – “ਸੱਚ!” ਤੇ ਉਹ ਹੌਲੀ ਜਿਹੀ ਸ਼ਬਨਮ ਨੂੰ ਆਖਣ ਲੱਗੀ, “ਮੈਂ ਤਾਂ ਪਤੀ ਵੀ ਵੇਖਿਆ ਹੈ ਪੁੱਤਰ ਵੀ। ਤੂੰ ਤੇ ਕੁਝ ਵੀ ਨਹੀਂ ਵੇਖਿਆ…”
“ਜਦੋਂ ਕੁਝ ਨਾ ਵੇਖਿਆ ਹੋਵੇ, ਉਦੋਂ ਹੀ ਤੇ ਸੁਪਨਾ ਵੇਖਣ ਦੀ ਲੋਡ਼ ਪੈਂਦੀ ਏ…” ਸ਼ਬਨਮ ਨੇ ਹਲਕਾ ਜਿਹਾ ਹਉਕਾ ਲਿਆ “ਏਸ ਧੰਦੇ ਵਿਚ ਪੈ ਕੇ ਕਿਹਨੇ ਪਤੀ ਵੇਖਿਆ…?” ਤੇ ਆਖਣ ਲੱਗੀ – “ਜਿਹਨੂੰ ਕਦੇ ਜੁਡ਼ਦਾ ਏ, ਉਹ ਵੀ ਚਹੁੰ ਦਿਨਾਂ ਪਿਛੋਂ ਪਤੀ ਨਹੀਂ ਰਹਿੰਦਾ, ਦਲਾਲ ਬਣ ਜਾਂਦਾ ਏ… ਤੈਨੂੰ ਯਾਦ ਨਹੀਂ ਇੱਕ ਸ਼ੈਲਾ ਹੁੰਦੀ ਸੀ…”
“ਸ਼ੈਲਾ?” ਪੂਜਾ ਨੇ ਉਹ ਸਉਲੀ ਤੇ ਬਾਂਕੀ ਜਿਹੀ ਕੁਡ਼ੀ ਯਾਦ ਆਈ, ਜੋ ਇਕ ਦਿਨ ਅਚਾਨਕ ਹੱਥਾਂ ਵਿਚ ਦੰਦ ਖੰਦ ਦਾ ਲਾਲ ਚੂਡ਼ਾ ਪਾ ਕੇ, ਤੇ ਮਾਂਗ ਵਿਚ ਸੰਧੂਰ ਭਰ ਕੇ, ਮੈਡਮ ਨੂੰ ਆਪਣੇ ਵਿਆਹ ਦਾ ਤੋਹਫ਼ਾ ਦੇਣ ਆਈ ਸੀ, ਤੇ ਗੈਸਟ ਹਾਊਸ ਵਿਚ ਲੱਡੂ ਵੰਡ ਗਈ ਸੀ.. ਉਸ ਦਿਨ ਉਹਨੇ ਦੱਸਿਆ ਸੀ ਕਿ ਉਹਦਾ ਅਸਲੀ ਨਾਂ ਕਾਂਤਾ ਹੈ…
ਸ਼ਬਨਮ ਕਹਿਣ ਲੱਗੀ – “ਉਹੀ ਸ਼ੈਲਾ, ਜਿਹਦਾ ਨਾਂ ਕਾਂਤਾ ਸੀ। ਤੈਨੂੰ ਪਤਾ ਏ ਉਹਦਾ ਕੀ ਹੋਇਆ?”
“ਕੋਈ ਉਹਦਾ ਕਲਾਇੰਟ ਸੀ, ਜਿਹਨੇ ਉਹਦੇ ਨਾਲ ਵਿਆਹ ਕਰ ਲਿਆ ਸੀ…”
“ਇਹੋ ਜਿਹੇ ਪਤੀ – ਵਿਆਹ ਦੇ ਮੰਤਰਾਂ ਨੂੰ ਵੀ ਚਾਰ ਲੈਂਦੇ ਨੇ – ਉਹਨੂੰ ਵਿਆਹ ਕੇ ਬੰਬਈ ਲੈ ਗਿਆ ਸੀ, ਅਖੇ ਦਿੱਲੀ ਵਿਚ ਉਹਨੂੰ ਕਈ ਪਛਾਣਦੇ ਹੋਣਗੇ, ਬੰਬਈ ਵਿਚ ਕੋਈ ਨਹੀਂ ਜਾਣਦਾ, ਇਸ ਲਈ ਉਥੇ ਉਹ ਨੇਕ ਜ਼ਿੰਦਗੀ ਸ਼ੁਰੂ ਕਰਨਗੇ…”
“ਫੇਰ?” ਪੂਜਾ ਦੇ ਸਾਹਵਾਂ ਨੂੰ ਗੋਤਾ ਜਿਹਾ ਆ ਗਿਆ…
“ਹੁਣ ਸੁਣਿਆ ਏ ਕਿ ਉਥੇ ਬੰਬਈ ਵਿਚ ਉਹ ਆਦਮੀ ਉਸ “ਨੇਕ ਜ਼ਿੰਦਗੀ” ਤੋਂ ਬਹੁਤ ਪੈਸੇ ਕਮਾਂਦਾ ਏ…”
ਪੂਜਾ ਦੇ ਮੱਥੇ ਉੱਤੇ ਇਕ ਤੀਊਡ਼ੀ ਜਿਵੇਂ ਖੁਣੀ ਗਈ, ਆਖਣ ਲੱਗੀ “ਫੇਰ ਤੂੰ ਮੰਦਰ ਜਾ ਕੇ ਇਹੋ ਜਿਹਾ ਪਤੀ ਮੰਗਣ ਗਈ ਸੀ?”

ਸ਼ਬਨਮ ਚੁੱਪ ਜਿਹੀ ਹੋ ਗਈ, ਫੇਰ ਆਖਣ ਲੱਗੀ “ਨਾਂ ਬਦਲਣ ਨਾਲ ਕੁਝ ਨਹੀਂ ਹੁੰਦਾ। ਮੈਂ ਨਾਂ ਤੇ ਸ਼ਬਨਮ ਰੱਖ ਲਿਆ ਏ, ਪਰ ਵਿਚੋਂ ਉਹੀ ਸ਼ਕੁੰਤਲਾ ਹਾਂ – ਜਿਹਡ਼ੀ ਨਿੱਕੀ ਹੁੰਦੀ ਕਿਸੇ ਦੁਸ਼ਯੰਤ ਦਾ ਸੁਪਨਾ ਵੇਖਦੀ ਹੁੰਦੀ ਸੀ.. ਹੁਣ ਇਹੀ ਸਮਝ ਲਿਆ ਏ ਕਿ ਜਿਵੇਂ ਸ਼ਕੁੰਤਲੀ ਦੀ ਜ਼ਿੰਦਗੀ ਵਿਚ ਉਹ ਵੀ ਦਿਨ ਆਇਆ ਸੀ, ਜਦੋਂ ਦੁਸ਼ਯੰਤ ਨੂੰ ਉਹਦੀ ਪਛਾਣ ਭੁੱਲ ਗਈ ਸੀ.. ਮੇਰਾ ਇਹ ਜਨਮ ਉਸੇ ਦਿਨ ਵਰਗਾ ਏ…”
ਪੂਜਾ ਦਾ ਹੱਥ ਮੱਲੋ ਮਲੀ ਸ਼ਬਨਮ ਦੇ ਮੋਢੇ ਉਤੇ ਰੱਖਿਆ ਗਿਆ, ਤਾਂ ਸ਼ਬਨਮ ਨੇ ਅੱਖਾਂ ਨੀਵੀਆਂ ਪਾ ਲਈਆਂ। ਆਖਣ ਲੱਗੀ – “ਮੈਨੂੰ ਪਤਾ ਏ – ਏਸ ਜਨਮ ਵਿਚ ਕੁਝ ਨਹੀਂ ਹੋਣਾ। ਪਰ ਸ਼ਾਇਦ ਅਗਲੇ ਜਨਮ ਵਿਚ ਮੇਰਾ ਇਹ ਸਰਾਪ ਲਹਿ ਜਾਏਗਾ…”
ਪੂਜਾ ਦਾ ਹੇਠਲਾ ਹੋਠ ਜਿਵੇਂ ਦੰਦਾਂ ਵਿਚ ਟੁਕਿਆ ਗਿਆ। ਆਖਣ ਲੱਗੀ “ਤੂੰ ਹਮੇਸ਼ਾ ਇਹ ਵੀਰਵਾਰ ਦਾ ਵਰਤ ਰਖਨੀ ਏਂ?”
“ਹਮੇਸ਼ਾ.. ਅੱਜ ਦੇ ਦਿਨ ਲੂਣ ਨਹੀਂ ਖਾਂਦੀ, ਮੰਦਰ ਵਿਚ ਗੁਡ਼ ਤੇ ਚਨੇ ਦਾ ਪ੍ਰਸ਼ਾਦ ਚਡ਼੍ਹਾ ਕੇ ਸਿਰਫ਼ ਉਹੀ ਖਾਂਦੀ ਹਾਂ..ਬ੍ਰਹਸਪਤਿ ਦੀ ਕਥਾ ਵੀ ਸੁਣਦੀ ਹਾਂ, ਜਪ ਦਾ ਮੰਤ੍ਰ ਵੀ ਲਿਆ ਹੋਇਆ ਏ.. ਹੋਰ ਵੀ ਜਿਹਡ਼ੀਆਂ ਵਿਧੀਆਂ ਹਨ…?” ਸ਼ਬਨਮ ਕਹਿ ਰਹੀ ਸੀ – ਜਦੋਂ ਪੂਜਾ ਨੇ ਮੋਹ ਨਾਲ ਉਹਨੂੰ ਘੁੱਟ ਕੇ ਪਾਸੇ ਨਾਲ ਲਾ ਲਿਆ। ਪੁੱਛਣ ਲੱਗੀ “ਹੋਰ ਕਿਹਡ਼ੀਆਂ ਵਿਧੀਆਂ?” ਸ਼ਬਨਮ ਹੱਸ ਜਿਹੀ ਪਈ, “ਇਹੋ ਕਿ ਅੱਜ ਦੇ ਦਿਨ ਕੱਪਡ਼ੇ ਵੀ ਪੀਲੇ ਰੰਗ ਦੇ ਪਾਣੇ, ਗੁਡ਼ ਲੱਡੂ ਤੇ ਚਨੇ, ਪੀਲੇ ਰੰਗ ਦੇ ਹੁੰਦੇ ਨੇ, ਉਸੇ ਦਾ ਦਾਨ ਦੇਣਾ, ਤੇ ਉਹੀ ਖਾਣੇ… ਮੰਤ੍ਰ ਦੀ ਮਾਲਾ ਜਪਨੀ ਤਾਂ ਉਹ ਵੀ ਸਮ ਵਿਚ.. ਏਸ ਮਾਲਾ ਦੇ ਮਣਕੇ ਦਸ, ਬਾਰਾਂ ਜਾਂ ਵੀਹ ਦੀ ਗਿਣਤੀ ਵਿਚ ਹੁੰਦੇ ਨੇ। ਯਾਰਾਂ, ਤੇਰਾਂ ਜਾਂ ਇੱਕੀ ਦੀ ਗਿਣਤੀ ਵਿਚ ਨਹੀਂ.. ਯਾਨਿ ਜੋ ਗਿਣਤੀ – ਜੋਡ਼ੀ ਜੋਡ਼ੀ ਪੂਰੀ ਆਵੇ, ਉਹਦਾ ਕੋਈ ਦਾਣਾ ਇਕੱਲਾ ਨਾ ਰਹਿ ਜਾਏ…”
ਸ਼ਬਨਮ ਦੀਆਂ ਅੱਖਾਣ ਵਿਚ ਪਾਣੀ ਜਿਹਾ ਆਉਣ ਨੂੰ ਹੋਇਆ, ਤਾਂ ਉਹ ਉੱਚੀ ਸਾਰੀ ਹੱਸ ਪਈ। ਆਖਣ ਲੱਗੀ “ਏਸ ਜਨਮ ਵਿਚ ਤਾਂ ਇਹ ਜ਼ਿੰਦਗੀ ਦਾ ਦਾਣਾ ਇਕੱਲਾ ਰਹਿ ਗਿਆ.. ਪਰ ਸ਼ਾਇਦ ਅਗਲੇ ਜਨਮ ਵਿਚ ਇਹਦੀ ਜੋਡ਼ੀ ਦਾ ਦਾਣਾ ਇਹਨੂੰ ਮਿਲ ਜਾਏ.. ” ਤੇ ਪੂਜਾ ਵੱਲ ਤਕਦੀ ਆਖਣ ਲੱਗੀ – “ਜਿਸ ਤਰ੍ਹਾਂ ਦੁਸ਼ਯੰਤ ਦੀ ਮੁੰਦਰੀ ਵਿਖਾ ਕੇ ਸ਼ਕੁੰਤਲਾ ਨੇ ਉਹਨੂੰ ਚੇਤਾ ਕਰਾਇਆ ਸੀ – ਉਸੇ ਤਰ੍ਹਾਂ ਸ਼ਾਇਦ ਅਗਲੇ ਜਨਮ ਵਿਚ ਮੈਂ ਏਸ ਵਰਤ-ਨੇਮ ਦੀ ਮੁੰਦਰੀ ਵਿਖਾ ਕੇ ਉਹਨੂੰ ਚੇਤਾ ਕਰਵਾ ਲਵਾਂਗੀ ਕਿ ਮੈਂ ਸ਼ਕੁੰਤਲਾ ਹਾਂ…”
ਪੂਜਾ ਦੀਆਂ ਅੱਖਾਂ ਡਕ ਡਕ ਭਰ ਆਈਆਂ। ਅੱਜ ਤੋਂ ਪਹਿਲਾਂ ਉਹਨੇ ਕਿਸੇ ਦੇ ਸਾਹਮਣੇ ਇੰਜ ਅੱਖਾਂ ਨਹੀਂ ਸਨ ਭਰੀਆਂ। ਆਖਣ ਲੱਗੀ “ਤੂੰ ਜਿਹਡ਼ਾ ਸਰਾਪ ਲਾਹਨੀ ਪਈ ਏਂ, ਮੈਂ ਉਹ ਚਡ਼੍ਹਾਨੀ ਪਈ ਹਾਂ.. ਮੈਂ ਏਸ ਜਨਮ ਵਿਚ ਪਤੀ ਵੀ ਪਾਇਆ, ਪੁੱਤਰ ਵੀ… ਪਰ…”
“ਸੱਚ, ਤੇਰੇ ਪਤੀ ਨੂੰ ਬਿਲਕੁਲ ਨਹੀਂ ਪਤਾ?” ਸ਼ਬਨਮ ਨੇ ਹੈਰਾਨੀ ਜਿਹੀ ਨੇ ਪੁੱਛਿਆ।
“ਬਿਲਕੁਲ ਪਤਾ ਨਹੀਂ।” ਜਦੋਂ ਮੈਂ ਕਿਹਾ ਸੀ ਕਿ ਇਕ ਸਫ਼ਾਰਤਖ਼ਾਨੇ ਮੈਨੂੰ ਕੰਮ ਮਿਲ ਗਿਆ ਏ, ਤਾਂ ਬਹੁਤ ਡਰ ਗਈ ਸਾਂ, ਜਦੋਂ ਉਹਨੇ ਸਫ਼ਾਰਤਖ਼ਾਨੇ ਦਾ ਨਾਂ ਪੁੱਛਿਆ.. ਉਸ ਵੇਲੇ ਇਕ ਗੱਲ ਅਹੁਡ਼ ਗਈ, ਮੈਂ ਕਿਹਾ ਕਿ ਮੈਨੂੰ ਇਕ ਥਾਂ ਬੈਠਣਾ ਨਹੀਂ ਪੈਂਦਾ, ਕੰਮ ਵੀ ਇਨਡਾਇਰੈਕਟ ਜਿਹਾ ਏ, ਜਿਹਦੇ ਲਈ ਮੈਂ ਵੱਡੀਆਂ ਵੱਡੀਆਂ ਕੰਪਨੀਆਂ ਤੋਂ ਇਸ਼ਤਿਹਾਰ ਲਿਆਉਣੇ ਹੁੰਦੇ ਨੇ, ਜਿਨ੍ਹਾਂ ਵਿਚੋਂ ਏਨੀ ਕਮਿਸ਼ਨ ਮਿਲ ਜਾਂਦੀ ਏ ਕਿ ਦਫ਼ਤਰ ਵਿਚ ਬਹਿਣ ਵਾਲੀ ਨੌਕਰੀ ਤੋਂ ਨਹੀਂ ਮਿਲ ਸਕਦੀ… ਪੂਜਾ ਨੇ ਦੱਸਿਆ, ਤੇ ਕਹਿਣ ਲੱਗੀ “ਉਹ ਬਹੁਤ ਬੀਮਾਰ ਸੀ ਇਸ ਲਈ ਗੱਲ ਹਮੇਸ਼ਾ ਡਾਕਟਰਾਂ ਦੀ ਤੇ ਦਵਾਈਆਂ ਦੀ ਹੁੰਦੀ ਰਹਿੰਦੀ ਸੀ… ਫੇਰ ਡਾਕਟਰ ਨੇ ਉਹਨੂੰ ਸੋਲਨ ਭੇਜ ਦਿੱਤਾ। ਹਸਪਤਾਲ ਵਿਚ, ਕਿ ਘਰ ਵਿਚ ਰਹਿਣ ਨਾਲ ਬੱਚੇ ਨੂੰ ਛੂਤ ਦਾ ਖ਼ਤਰਾ ਹੋ ਜਾਏਗਾ। ਇਸ ਲਈ ਅਜੇ ਤਕ ਕੋਈ ਸ਼ੁਬ੍ਹਾ ਕਰਨ ਦਾ ਉਹਨੂੰ ਵੇਲਾ ਹੀ ਨਹੀਂ ਮਿਲਿਆ…”
ਸ਼ਬਨਮ ਦੱਸਣ ਲੱਗੀ – “ਕਈ ਕੁਡ਼ੀਆਂ ਨੇ, ਜਿਨ੍ਹਾਂ ਨੇ ਘਰਾਂ ਵਿਚ ਦੱਸਿਆ ਹੋਇਆ ਏ ਕਿ ਉਹ ਕਿਸੇ ਐਕਸਪੋਰਟ ਦੇ ਦਫਤਰ ਵਿਚ ਕੰਮ ਕਰਦੀਆਂ ਨੇ – ਉਹਨਾਂ ਦੇ ਘਰ ਦੇ ਜਾਣਦੇ ਨੇ, ਸਭ ਕੁਝ ਜਾਣਦੇ ਨੇ, ਪਰ ਚੁੱਪ ਰਹਿੰਦੇ ਨੇ…”
ਪੂਜਾ ਨੇ ਲਾਚਾਰ ਜਿਹਾ ਸਿਰ ਹਿਲਾਇਆ “ਤੂੰ ਨਰੇਂਦ੍ਰ ਨੂੰ ਨਹੀਂ ਜਾਣਦੀ। ਉਹਨੂੰ ਪਤਾ ਲੱਗ ਜਾਏ, ਤਾਂ ਸ਼ਾਇਦ ਮੈਨੂੰ ਕੁਝ ਨਹੀਂ ਕਹੇਗਾ – ਪਰ ਆਪ ਉਹ ਆਤਮ ਹੱਤਿਆ ਕਰ ਲਵੇਗਾ… ਉਹ ਜੀਵੇਗਾ ਨਹੀਂ…”
“ਪਰ ਜਦੋਂ ਹਸਪਤਾਲ ਵਿਚੋਂ ਵਾਪਿਸ ਆਏਗਾ… ਕਿਸੇ ਦਿਨ, ਕਿਸੇ ਥਾਂ ਤੋਂ ਉਹਨੂੰ ਪਤਾ ਲੱਗ ਸਕਦਾ ਏ.. ” ਸ਼ਬਨਮ ਨੇ ਫ਼ਿਕਰ ਨਾਲ ਕਿਹਾ, ਤਾਂ ਪੂਜਾ ਕਹਿਣ ਲੱਗੀ – “ਏਸੇ ਲਈ ਸੋਚਨੀ ਆਂ ਕਿ ਕੁਝ ਪੈਸੇ ਇਕੱਠੇ ਹੋ ਜਾਣ, ਤਾਂ ਦੋ ਤਿੰਨ ਸਕੂਟਰ ਰਿਕਸ਼ਾ ਖ਼ਰੀਦ ਕੇ, ਰੋਜ਼ ਦੇ ਕਰਾਏ ਉੱਤੇ ਦੇ ਦਿਆ ਕਰਾਂ। ਕਹਿੰਦੇ ਨੇ ਪੈਟਰੋਲ ਦਾ ਖ਼ਰਚ ਕੱਢ ਕੇ – ਰੋਜ਼ ਦੇ ਪੰਝੀ ਰੁਪਏ ਇਕ ਸਕੂਟਰ ਤੋਂ ਮਿਲ ਜਾਂਦੇ ਨੇ।”
ਸ਼ਬਨਮ ਹੱਸਣ ਲੱਗ ਪਈ – “ਤੇਰਾ ਖ਼ਿਆਲ ਏ ਕਿ ਰਿਕਸ਼ਾ ਚਲਾਣ ਵਾਲੇ ਮਾਲਕ ਦੇ ਪੱਲੇ ਕੁਝ ਪਾਣਗੇ? ਉਹ ਦਿਨ ਗੁਜ਼ਰ ਗਏ ਜਦੋਂ ਇਹ ਕਾਮੇ ਤੇ ਮਜ਼ਦੂਰ ਮਾਲਕਾਂ ਦੇ ਪੱਲੇ ਵੀ ਕੁਝ ਪਾਂਦੇ ਹੁੰਦੇ ਸਨ… ਤੈਨੂੰ ਸ਼ਹਿਨਾਜ਼ ਦਾ ਪਤਾ ਏ“? ਉਹਨੇ ਟਰੱਕ ਖਰੀਦਿਆ ਸੀ – ਭਾਡ਼ੇ ਤੇ ਦੇਣ ਲਈ। ਅਗਲਿਆਂ ਨੇ ਇਹੋ ਜਿਹੇ ਮਾਲ ਲੱਦੇ, ਹੁਣ ਵਿਚਾਰੀ ਮੁਕੱਦਮੇ ਵਿਚ ਫਸੀ ਹੋਈ ਏ…”
ਪੂਜਾ ਫ਼ਿਕਰ ਵਿਚ ਗ਼ਰਕ ਜਿਹੀ ਗਈ, ਤਾਂ ਸ਼ਬਨਮ ਨੇ ਆਖਿਆ “ਤੂੰ ਇਹ ਧੰਦਾ ਛੱਡਣਾ ਵੀ ਹੋਵੇ, ਤਾਂ ਐਸ ਵਰ੍ਹੇ ਨਾ ਸੋਚੀਂ, ਇਹ 1982 ਸੀਜ਼ਨ ਦਾ ਵਰ੍ਹਾ ਏ। ਸ਼ਹਿਰ ਵਿਚ ਇੰਡਸਟ੍ਰੀਅਲ ਫ਼ੇਅਰ ਲੱਗਣ ਵਾਲਾ ਏ। ਜਿੰਨੀ ਕਮਾਈ ਐਸ ਵਰ੍ਹੇ ਹੋਣੀ ਏਂ, ਉੱਨੀ ਪੰਜ ਵਰ੍ਹਿਆਂ ਵਿਚ ਨਹੀਂ ਹੋ ਸਕਦੀ। ਇਕ ਵਾਰੀ ਹੱਥ ਵਿਚ ਪੈਸਾ ਇਕੱਠਾ ਕਰ ਲੈ…”

ਪੂਜਾ ਏਸ ਵਰ੍ਹੇ ਪੈਸਿਆਂ ਦੀ ਗਿਣਤੀ ਜਿਹੀ ਕਰਨ ਲੱਗੀ, ਜਦੋਂ ਮਨੂ ਦੇ ਜਾਗਣ ਦੀ ਆਵਾਜ਼ ਆਈ। ਤੇ ਉਹ ਕਾਹਲੀ ਨਾਲ ਦੀਵਾਨ ਤੋਂ ਉਠਦੀ ਸ਼ਬਨਮ ਨੂੰ ਕਹਿਣ ਲੱਗੀ – “ਤੂੰ ਜਾਈਂ ਨਾ, ਕੁਝ ਖਾ ਕੇ ਜਾਂਈ!” ਤੇ ਹੱਸ ਜਿਹੀ ਪਈ “ਤੇਰੇ ਵਰਤ ਵਿਚ ਲੂਣ ਖਾਣਾ ਮਨ੍ਹਾ ਏਂ ਨਾ, ਇਸ ਲਈ ਮੈਂ ਕਿਸੇ ਚੀਜ਼ ਵਿਚ ਇਸ ਦੁਨੀਆ ਦਾ ਲੂਣ ਨਹੀਂ ਪਾਵਾਂਗੀ।”
(ਚੋਣਵੇਂ ਪੱਤਰੇ ਵਿਚੋਂ)

Total Views: 134 ,
Real Estate