
ਕਰਨਾਟਕ ਵਿੱਚ ਕਾਂਗਰਸ -ਜੇਡੀਐਸ ਗਠਜੋੜ ਦੀ ਸਰਕਾਰ ਡੇਗਣ ਤੋਂ ਬਾਅਦ ਮੱਧ ਪ੍ਰਦੇਸ਼ ‘ਚ ਵਿਰੋਧੀ ਧਿਰ ਦੇ ਨੇਤਾ ਗੋਪਾਲ ਭਾਰਗਵ ਨੇ ਕਮਲਨਾਥ ਸਰਕਾਰ ਡੇਗਣ ਦੀ ਚਿਤਾਵਨੀ ਦਿੱਤੀ ਹੈ। ਉਹਨਾਂ ਨੇ ਬੁੱਧਵਾਰ ਨੂੰ ਵਿਧਾਨ ਸਭਾ ‘ਚ ਕਿਹਾ ਕਿ ਸਾਡੇ ਉਪਰ ਵਾਲੇ ਨੰਬਰ 1 ਅਤੇ 2 ਦਾ ਹੁਕਮ ਹੋਇਆ ਤਾਂ ਕਾਂਗਰਸ ਸਰਕਾਰ 24 ਘੰਟੇ ਵੀ ਨਹੀਂ ਚੱਲੇਗੀ । ਭਾਜਪਾ ਦੇ ਨੇਤਾ ਦੇ ਇਸ ਬਿਆਨ ‘ਤੇ ਸਦਨ ਵਿੱਚ ਰੌਲਾ ਰੱਪਾ ਪਿਆ । ਹਾਲਾਂਕਿ , ਇਸ ਤੋਂ ਕੁਝ ਘੰਟੇ ਬਾਅਦ ਹੀ ਸਦਨ ਵਿੱਚ ‘ਦੰਡ ਵਿਧੀ ਬਿੱਲ’ਤੇ ਵੋਟਿੰਗ ਹੋਈ । ਤਾਂ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਸਾਡੇ ਪੱਖ ਵਿੱਚ ਭਾਜਪਾ ਦੇ ਦੋ ਵਿਧਾਇਕਾਂ ਨੇ ਵੋਟਿੰਗ ਕੀਤੀ ਹੈ।
ਮੁੱਖ ਮੰਤਰੀ ਦਾ ਦਾਅਵਾ ਹੈ ਕਿ ਮੈਹਰ ਵਿੱਚੋਂ ਭਾਜਪਾ ਵਿਧਾਇਕ ਨਰਾਇਣ ਤ੍ਰਿਪਾਠੀ ਅਤੇ ਸ਼ਹਿਡੋਲ ਦੇ ਬਪੋਹਾਰੀ ਵਿਧਾਨ ਸਭਾ ਤੋਂ ਵਿਧਾਇਕ ਸ਼ਰਦ ਕੋਲ ਨੇ ਸਾਡੇ ਹੱਕ ਵੋਟ ਪਾਏ ਹਨ। ਵੋਟਿੰਗ ਤੋਂ ਬਾਅਦ ਕਾਂਗਰਸ ਮੰਤਰੀ ਪੀਸੀ ਸ਼ਰਮਾ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਹੋਰ ਵਿਧਾਇਕ ਵੀ ਮੁੱਖ ਮੰਤਰੀ ਕਮਲਨਾਥ ਦੇ ਸੰਪਰਕ ‘ਚ ਹਨ।
ਵੋਟਿੰਗ ਤੋਂ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਟਾਲ ਦਿੱਤੀ ਗਈ । ਕਮਲਨਾਥ ਨੇ ਕਿਹਾ ਮੈਂ ਇਹ ਗੱਲ ਸਾਬਿਤ ਕਰਨੀ ਸੀ ਕਿ ਸਰਕਾਰ ਘੱਟ -ਗਿਣਤੀ ਨਹੀਂ ਸੀ ਅਤੇ ਪੇਸ਼ ਕੀਤੇ ਬਿੱਲ ‘ਦੇ ਹੱਕ ‘ਚ ਹੋਈ ਵੋਟਿੰਗ ਤੋਂ ਇਹ ਸਾਬਤ ਹੋ ਗਿਆ ਹੈ। ਐਨਾ ਹੀ ਨਹੀਂ ਬਸਪਾ, ਸਪਾ ਅਤੇ ਅਜ਼ਾਦ ਵਿਧਾਇਕ ਵੀ ਸਾਡੇ ਨਾਲ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਰਾਜਨੀਤਕ ਜੀਵਨ ਵਿੱਚ ਮੇਰੇ ਉਪਰ ਦਾਗ ਨਹੀਂ ਹੈ । ਇਹ ਬੈਠੇ ਵਿਧਾਇਕ ਵਿਕਾਊ ਨਹੀਂ ਹਨ। ਕਰਾਸ ਵੋਟਿੰਗ ਕਰਨ ਵਾਲੇ ਸ਼ਰਦ ਤ੍ਰਿਪਾਠੀ ਨੇ ਕਿਹਾ ਕਿ , ਮੇਰੀ ਘਰ ਵਾਪਸੀ ਹੋਈ ਹੈ।
ਮੱਧ ਪ੍ਰਦੇਸ਼ ਦੇ 230 ਵਿਧਾਨ ਸਭਾ ਹਲਕਿਆਂ ਵਿੱਚੋਂ ਕਾਂਗਰਸ ਕੋਲ 114 ਸੀਟਾਂ ਹਨ ਜਦਕਿ ਭਾਜਪਾ ਕੋਲ 108 । ਬਸਪਾ ਕੋਲ 2 ਅਤੇ ਸਪਾ ਕੋਲ ਸਿਰਫ ਇੱਕ ਸੀਟ ਹੈ । 4 ਆਜ਼ਾਦ ਵਿਧਾਇਕ ਹਨ ਅਤੇ ਇੱਕ ਕਿਸੇ ਪਾਰਟੀ ਦਾ ਵਿਧਾਇਕ ਹੈ। ਬਹੁਮਤ ਲਈ 116 ਵਿਧਾਇਕਾਂ ਦਾ ਹੋਣਾ ਲਾਜ਼ਮੀ ਹੈ।