ਕੀ ਅੱਜ ਬਚ ਜਾਵੇਗੀ ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ ਦੀ ਕੁਰਸੀ?

ਅੱਜ ਸੋਮਵਾਰ ਨੂੰ ਕਰਨਾਟਕ ਵਿਧਾਨ ਸਭਾ ’ਚ ਸ਼ਕਤੀ–ਪਰੀਖਣ ਹੋਵੇਗਾ। ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਵੱਲੋਂ ਪੇਸ਼ ਭਰੋਸੇ ਦੇ ਵੋਟ ਉੱਤੇ ਸਦਨ ਵਿੱਚ ਬਹਿਸ ਹੋਵੇਗੀ। ਉੱਧਰ ਬਾਗ਼ੀ ਵਿਧਾਇਕ ਆਪਣੀ ਅੜੀ ’ਤੇ ਕਾਇਮ ਹਨ। ਕੁਮਾਰਸਵਾਮੀ ਨੇ ਆਪਣੀ ਸਰਕਾਰ ਬਚਾਉਣ ਲਈ ਆਖ਼ਰੀ ਕੋਸ਼ਿਸ਼ ਵਜੋਂ ਕੱਲ੍ਹ ਐਤਵਾਰ ਨੂੰ ਗੱਠਜੋੜ ਦੇ ਵਿਧਾਇਕਾਂ ਨਾਲ ਬੈਂਗਲੁਰੂ ਦੇ ਤਾਜ ਹੋਟਲ ਵਿੱਚ ਮੀਟਿੰਗ ਕੀਤੀ। ਭਾਜਪਾ ਆਗੂ ਬੀਐੱਸ ਯੇਦੀਯੁਰੱਪਾ ਨੇ ਮੁੜ ਆਖਿਆ ਕਿ ਸੋਮਵਾਰ ਨੂੰ ਗੱਠਜੋੜ ਸਰਕਾਰ ਦਾ ਆਖ਼ਰੀ ਦਿਨ ਹੋਵੇਗਾ। ਮੁੰਬਈ ’ਚ ਆਪਣੇ ਇੱਕ ਸਟੈਂਡ ’ਤੇ ਜੰਮੇ ਬੈਠੇ ਬਾਗ਼ੀ ਵਿਧਾਇਕਾਂ ਨੇ ਹੋਰ ਵੀ ਸਖ਼ਤ ਰਵੱਈਆ ਅਪਣਾਉਂਦਿਆਂ ਆਖਿਆ ਕਿ ਉਹ ਕਾਂਗਰਸ–ਜੇਡੀਐੱਸ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ ਤੇ ਆਪਣੇ ਫ਼ੈਸਲੇ ਉੱਤੇ ਪੂਰੀ ਤਰ੍ਹਾਂ ਕਾਇਮ ਹਨ। ਉਨ੍ਹਾਂ ਕਿਹਾ ਕਿ ਅਸੀਂ ਇੱਥੇ ਪੈਸੇ ਜਾਂ ਕਿਸੇ ਹੋਰ ਚੀਜ਼ ਦੇ ਲਾਲਚ ਵਿੱਚ ਨਹੀਂ ਆਏ ਹਾਂ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਇਸ ਰਵੱਈਏ ਪਿੱਛੇ ਭਾਜਪਾ ਦੀ ਕੋਈ ਭੂਮਿਕਾ ਨਹੀਂ ਹੈ। ਇੱਕ ਵਾਰ ਸਭ ਕੁਝ ਠੀਕ ਹੋ ਜਾਵੇ, ਤਾਂ ਉਹ ਬੈਂਗਲੁਰੂ ਪਰਤ ਜਾਣਗੇ।
ਦੋ ਆਜ਼ਾਦ ਵਿਧਾਇਕ ਸੁਪਰੀਮ ਕੋਰਟ ਚਲੇ ਗਏ ਹਨ। ਦੋਵਾਂ ਨੇ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਉਹ ਕਰਨਾਟਕ ਸਰਕਾਰ ਨੂੰ ਹਦਾਇਤ ਦੇਵੇ ਕਿ ਉਹ ਸੋਮਵਾਰ ਨੂੰ ਕਿਸੇ ਵੀ ਹਾਲਤ ਵਿੱਚ ਬਹੁਮੱਤ ਸਿੱਧ ਕਰੇ।ਬਹੁਜਨ ਸਮਾਜ ਪਾਰਟੀ ਦੇ ਮੁਖੀ ਕੁਮਾਰੀ ਮਾਇਆਵਤੀ ਨੇ ਟਵੀਟ ਕਰ ਕੇ ਆਪਣੇ ਇਕਲੌਤੇ ਵਿਧਾਇਕ ਐੱਨ। ਮਹੇਸ਼ ਨੂੰ ਭਰੋਸੇ ਦੇ ਪ੍ਰਸਤਾਵ ਦੌਰਾਨ ਸਰਕਾਰ ਦੇ ਹੱਕ ਵਿੱਚ ਵੋਟ ਦੇਣ ਲਈ ਆਖਿਆ ਹੈ।

Total Views: 264 ,
Real Estate