ਯੋਧੇ ਹਥਿਆਰ ਕਦੋਂ ਸੁੱਟਦੇ ਨੇ

ਸੁਖਨੈਬ ਸਿੰਘ ਸਿੱਧੂ

‘ਬਾਈ , ਸਿ਼ਕਾਗੋ ‘ਚ ਗੁਰੂਘਰ ਤੇ ਮੰਦਰ ਜਰੂਰ ਦੇਖੀਂ ਨਾਲੇ ਪੰਜਾਬ ਟਾਈਮਜ਼ ਵਾਲੇ ਅਮੋਲਕ ਸਿੰਘ ਨੂੰ ਜਰੂਰ ਮਿਲਕੇ ਆਈਂ ’ ਇਹ ਗੱਲ ਦਰਸ਼ਨ ਬਸਰਾਉਂ ਨੇ ਮੈਨੂੰ ਫੋਨ ਕਰਕੇ ਉਦੋਂ ਆਖੀ ਸੀ ਜਦੋਂ ਮੈਂ ਬਾਈ ਗੁਰਮੁੱਖ ਭੁੱਲਰ ਨਾਲ 24 ਘੰਟਿਆਂ ਲਈ ਫਿਰ ਸਿ਼ਕਾਂਗੋ ਫੇਰੀ ਤੇ ਸੀ ।
ਉਤਰਿਆ ਤਾਂ ਪਿਛਲੇ ਸਾਲ ਵੀ ਸਿ਼ਕਾਗੋ ਦੇ ‘ਓ-ਹਾਰੇ’ ਹਵਾਈ ਅੱਡੇ ਸੀ , ਬਾਅਦ ‘ਚ ਵੀ ਕਿੰਨੇ ਗੇੜੇ ਲੱਗੇ । ਪਰ ਇਸ ਵਾਰ ਤਾਂ ਤੀਰਥ ਯਾਤਰਾ ਵਾਲੀ ਗੱਲ ਸੀ। ਮੇਰੇ ਭੇਤੀ ਜਾਣਦੇ ਹਨ ਮੈਂ ਬੁਢਾਪਾ ਪੈਨਸ਼ਨ ਦੀ ਰਾਸ਼ੀ ਕੁ ਜਿੰਨ੍ਹਾਂ ਆਸਤਕ ਹਾਂ ਅਤੇ ਰਾਜਨੀਤਕ ਲੋਕਾਂ ਦੀ ਸਰਕਾਰੀ ਖਜ਼ਾਨੇ ਵਿੱਚੋਂ ਲਗਾਤਾਰ ਵੱਧ ਰਹੀ ਤਨਖਾਹ ਨੂੰ ਜਿੰਨ੍ਹਾਂ ਨਾਸਤਕ ।ਜੇ ਕੁਝ ਦਰਸ਼ਨ ਬਾਈ ਨੇ ਕਿਹਾ ਸੀ ਤਾਂ ਉਹਦੀ ਇੱਕ ਖਾਸ ਵਜ਼ਾ ਸੀ , ਉਹਨੂੰ ਮੇਰੀ ਸੋਚ ਦਾ ਪਤਾ ਸੀ ।
ਪਾਲੇਟਾਈਨ ਗੁਰੂਘਰ ,ਸਿ਼ਕਾਂਗੋ ਦਾ ਪਹਿਲਾ ਸਿੱਖ ਸਥਾਨ ਹੈ ਜਿਹੜਾ 1974 ‘ਚ ਹੋਂਦ ‘ਚ ਆਇਆ । ਜੋ ਸਿਰਫ਼ ਸਿੱਖਾਂ ਲਈ ਹੀ ਨਹੀਂ ਬਲਕਿ ਹਰੇਕ ਜਾਤ ਮਜ਼ਹਬ ਦੇ ਲੋਕਾਂ ਲਈ ਦਰਵਾਜੇ ਖੁੱਲ੍ਹੇ ਰੱਖਦਾ ਅਤੇ ਸਿੱਖੀ ਸਿਧਾਤਾਂ ਦੀ ਗੱਲ ਕਰਦਾ ਜੋ ਇਨਸਾਨੀਅਤ ਲਈ ਜਰੂਰੀ ਹਨ । ਉੱਥੇ ਗਿਆ ਤਾਂ ਪਤਾ ਲੱਗਿਆ ਕਿ ਗੁਰੂਘਰ ਵਾਲਿਆਂ ਨੇ ਪਿਛਲੇ ਵਰ੍ਹੇ ਇੱਕ ਚਰਚ ਦੀ ਬਿਲਡਿੰਗ ਖਰੀਦੀ ਹੈ। ਇਹ ਵੀ ਇਤਫਾਕ ਹੈ , ਇੱਕ ਰੱਬ ਉੱਥੋਂ ਮੂਵ ਹੋ ਗਿਆ ਅਤੇ ਦੂਜੇ ਨੂੰ ਪੋਜੈਸ਼ਨ ਮਿਲ ਗਈ । ਪਰ ਇਹ ਵੀ ਤਾਂ ਕਮਾਲ ਦੀ ਉਦਾਹਰਨ ਕਿ ਇਸਾਈ ਭਾਈਚਾਰੇ ਨੇ ਇਹ ਗਿਰਜਾਘਰ ਚੁੱਪ ਕਰਕੇ ਵੇਚ ਦਿੱਤਾ ਅਤੇ ਚਰਚਾਂ ਵੇਚਣੀਆਂ ਕਿਉਂ ਪੈ ਰਹੀਆਂ ? ਕਿਤੇ ਧਰਮ ਤੋਂ ਪਾਸੇ ਜਾ ਰਹੇ ਲੋਕਾਂ ਦੇ ਰੁਝਾਨ ਕਾਰਨ ਤਾਂ ਨਹੀਂ ਇਹ ਸਿਆਣੇ ਲੋਕਾਂ ਲਈ ਚਰਚਾ ਦਾ ਵਿਸ਼ਾ ਹੈ, ਪਰ ਉਹੀ ਸਥਾਨ ਹੁਣ ਗੁਰੂਘਰ ਦੀ ਜਾਇਦਾਦ ਹੈ ਅਤੇ ਇਸ ਨੂੰ ਮੀਟਿੰਗ ਹਾਲ ਦੇ ਰੂਪ ‘ਚ ਵਰਤਿਆਂ ਜਾਂਦਾ ਹੈ। ਇਹ ਗੁਰੂਘਰ 16 ਏਕੜ ਜ਼ਮੀਨ ‘ਚ ਫੈਲਿਆ ਹੋਇਆ ਹੈ ਅਤੇ ਦੂਰੋਂ ਨੇੜਿਓ ਸੰਗਤਾਂ ਇੱਥੇ ਪਹੁੰਚਦੀਆਂ ਹਨ। ਜਦੋਂ ਸਾਡਾ ਭਾਈਚਾਰਾ ਵਿਦੇਸ਼ਾਂ ‘ਚ ਘੱਟ ਸੀ ਉਦੋਂ ਸੰਚਾਰ ਸਾਧਨ ਵੀ ਕਿੱਥੇ ਸਨ ਉਦੋਂ ਤਾਂ ਫਿਰ ਹੀ ਧਾਰਮਿਕ ਸਥਾਨ ਹੀ ਸਾਂਝ ਦਾ ਕੇਂਦਰ ਹੁੰਦੇ ਸਨ , ਲੋਕ ਐਤਵਾਰ ਨੂੰ ਇੱਕ ਦੂਜੇ ਨਾਲ ਮਿਲਦੇ ਸਨ।
ਸਿ਼ਕਾਗੋ ‘ਚ ਬਣਿਆ ਮੰਦਰ ( ਹਿੰਦੂ ਟੈਪਲ ਆਫ ਗਰੇਟਰ ਸਿ਼ਕਾਗੋ ) ਭਵਨ ਕਲਾ ਦਾ ਉੱਤਮ ਨਮੂਨਾ ਹੈ , ਜਿਸ ਨੂੰ ਹਿੰਦੂ ਧਰਮ ‘ਚ ਯਕੀਨ ਅਤੇ ਸ਼ਰਧਾ ਨਾ ਵੀ ਰੱਖਣ ਵਾਲੇ ਲੋਕ ਵੀ ਦੇਖਣ ਆਉਂਦੇ ਹਨ । ਸਮੇਂ ਦੀ ਘਾਟ ਮੈਂ ਨਹੀਂ ਜਾ ਸਕਿਆ ।
ਤੀਜਾ ਸਥਾਨ ਸੀ , ਸਿ਼ਕਾਗੋ ਤੋਂ ਛੱਪਦੇ ਅਖ਼ਬਾਰ ‘ਪੰਜਾਬ ਟਾਈਮਜ਼’ ਦਾ ਦਫ਼ਤਰ -ਕਮ -ਸੰਪਾਦਕ ਦੀ ਰਿਹਾਇਸ਼ । ਅਮਰੀਕਾ ‘ਚ ਇਹ ਪੰਜਾਬੀ ਅਖ਼ਬਾਰ ਅਜਿਹਾ ਹੈ ਜਿਸ ਨੂੰ ਲੋਕ ਪੜ੍ਹਦੇ ਹਨ , ਕਿਉਂਕਿ ਇਸ ਵਿੱਚ ਦਿਲਚਸਪ ਸਮੱਗਰੀ ਹੁੰਦੀ ਹੈ। ਵਿਦੇਸ਼ੀ ਪੰਜਾਬੀ ਅਖ਼ਬਾਰਾਂ ਤੋਂ ਅਨਜਾਣ ਲੋਕ ਹੈਰਾਨ ਹੋਣਗੇ ਕਿ ਇਹਨਾਂ ਨੂੰ ਲੋਕ ਪੜ੍ਹਦੇ ਨਈਂ , ਕਾਰਨ ਇਹ ਹੈ ਕਿ ਇਹਨਾਂ ਵਿੱਚ ਸਮੱਗਰੀ ਦੀ ਘਾਟ ਹੁੰਦੀ ਅਤੇ ਮਸ਼ਹੂਰੀਆਂ ਦੀ ਬਹੁਤਾਤ , ਜਿਹੜਾ ਮੈਟਰ ਵੀ ਹੁੰਦਾ ਉਹ ਕਾਪੀ ਪੇਸਟ ਵਾਲਾ ਹੁੰਦਾ ਜਿਹੜਾ ਪਾਠਕਾਂ ਨੇ ਵੱਖ ਵੱਖ ਸਰੋਤਾਂ ਤੋਂ ਹਫ਼ਤਾ ਪਹਿਲਾਂ ਹੀ ਪੜ੍ਹ ਲਿਆ ਹੁੰਦਾ ।ਕਿਉਂਕਿ ਵਿਦੇਸ਼ਾਂ ਜਿ਼ਆਦਾ ਅਖ਼ਬਾਰ ਹਫ਼ਤਾਵਰੀ ਹਨ ਅਤੇ ਕੁਝ ਪੰਦਰਵਾੜੇ ‘ਚ ਇੱਕ ਵਾਰ ਛੱਪਦੇ ਹਨ। ਪਰ ਮੈਂ ਤਾਂ ਪੰਜਾਬ ਟਾਈਮਜ ਆਲੇ ਅਮੋਲਕ ਸਿੰਘ ਦੀ ਗੱਲ ਕਰਨੀ ਸੀ ।
ਇਹਨਾ ਦਾ ਅਖ਼ਬਾਰ ਉੱਚ ਮਿਆਰੀ ਹੈ ਜਿਸਦੀ ਪਾਠਕਾਂ ਨੂੰ ਇਸ ਕਰਕੇ ਉਡੀਕ ਹੁੰਦੀ ਹੈ ਕਿ ਇਹਦੇ ਕੁਝ ਪੜ੍ਹਨਯੋਗ ਹੋਵੇਗਾ। ਕਿਸੇ ਅਖ਼ਬਾਰ ਵਿੱਚ ਪੜਨਯੋਗ ਸਮੱਗਰੀ ਹੋਵੇ ਤਾਂ ਇਹ ਕੋਈ ਮਾਅਰਕਾ ਵੀ ਨਈਂ ਹੁੰਦਾ , ਕਿਉਂਕਿ ਅਖ਼ਬਾਰ ਹੁੰਦੇ ਹੀ ਸਮੱਗਰੀ ਸਿਰ ‘ਤੇ ਹਨ । ਪਰ ਜਦੋਂ ਤੁਸੀ ਅਮੋਲਕ ਸਿੰਘ ਜੰਮੂ ਨੂੰ ਮਿਲਦੇ ਜਿਹੜੇ ਵੀਲ ਚੇਅਰ ‘ਤੇ ਬੈਠੇ ਮੁਸਕਰਾ ਰਹੇ ਹੁੰਦੇ ਉਦੋਂ ਅੱਖਾਂ ਤੋਂ ਗਰਦ ਲਹਿ ਜਾਂਦੀ । ਜਿਹੜਾ ਬੰਦਾ ਕਈ ਸਾਲਾਂ ਤੋਂ ਵੀਲ ਚੇਅਰ ‘ਤੇ ਹੋਵੇ , ਕਈ ਮਸ਼ੀਨਾਂ ਅਤੇ ਨਾਲੀਆਂ ਸ਼ਰੀਰ ‘ਚ ਲੱਗੀਆਂ ਹੋਣ ਤੇ ਫਿਰ ਵੀ ਕਲਮ ਦਾ ਹਲ ਵਾਹ ਰਿਹਾ ਹੋਵੇ ਉਦੋਂ ਤਾਂ ਆਪਣੇ ਆਪ ‘ਤੇ ਮਾਣ ਹੁੰਦਾ ਕਿ ਅਸੀਂ ਅਜਿਹੇ ਕਿਸੇ ਵਿਅਕਤੀ ਦੀ ਸੰਗਤ ਕਰ ਰਹੇ ।
ਰੂਸੀ ਨਾਵਲ ‘ ਅਸਲੀ ਇਨਸਾਨ ਦੀ ਕਹਾਣੀ’ ਦਾ ਨਾਇਕ ਅਜਿਹਾ ਹੀ ਸੀ । ਜਿਹੜਾ ਆਪਣੇ ਜਹਾਜ਼ ਦੇ ਹਾਦਸਾ ਗ੍ਰਸਤ ਹੋ ਜਾਣ ਮਗਰੋਂ ਜਦੋਂ ਆਪਣੇ ਆਪ ਨੂੰ ਜਿੰਦਾ ਮਹਿਸੂਸਦਾ ਫਿਰ ਆਪਣੀ ਯੂਨਿਟ ‘ਚ ਰੇਂਗਦਾ ਹੋਇਆ ਪਹੁੰਚਦਾ ਤੇ ਨਾਵਲ ਦੇ ਖ਼ਤਮ ਹੋਣ ਤੱਕ ਉਹ ਫਿਰ ਲੜਾਕੂ ਜਹਾਜ਼ ਨੂੰ ਉਡਾਣ ਭਰਨ ਦੀ ਖਾਹਿਸ਼ ਪੂਰੀ ਕਰਦਾ । ਮੈਨੂੰ ਤਾਂ ਅਮੋਲਕ ਸਿੰਘ ਵੀ ਉਹ ਯੋਧਾ ਲੱਗਦਾ ।
1998 ਤੋਂ ਪਹਿਲਾਂ ਉਹ ਪੰਜਾਬੀ ਟ੍ਰਿਬਿਊਨ ‘ਚ ਉਪ-ਸੰਪਾਦਕ ਸੀ । ਅਮਰੀਕਾ ਦਾ ਸਬੱਬ ਬਣਿਆ ਅਤੇ ਸਿ਼ਕਾਗੋ ਵੱਸ ਗਏ । ਅਖ਼ਬਾਰ ਸੁਰੂ ਕੀਤਾ ਉਹ ਤਾਂ ਚੱਲਣਾ ਹੀ ਸੀ , ਜੀਹਨੂੰ ਪੰਜਾਬੀ ਟ੍ਰਿਬਿਊਨ ‘ਚ ਸੰਪਾਦਕੀ ਦਾ ਮਾਣ ਅਤੇ ਤਜ਼ਰਬਾ ਹਾਸਲ ਹੋਵੇ ਉਹਨੂੰ ਪਾਠਕਾਂ ਦੀ ਨਬਜ਼ ਟੋਹਣ ਬਿਨਾ ਪਤਾ ਲੱਗ ਜਾਂਦਾ ਕਿ ਕਿਹੜੀ ਦਵਾਈ ਕੰਮ ਕਰੂ । ਅਖਬਾਰ ਚੱਲ ਨਿਕਲਿਆ , ਸਿ਼ਕਾਗੋ , ਨਿਊਯਾਰਕ ਅਤੇ ਕੈਲੀਫੋਰਨੀਆ ‘ਚ ‘ਪੰਜਾਬ ਟਾਈਮਜ਼’ ਨੇ ਹੋਂਦ ਕਾਇਮ ਕੀਤੀ । ਪਰ ਉਸਦੀ ਅਮਲੋਕ ਦੇਹ ਨੂੰ ਗੰਭੀਰ ਰੋਗ ਨੇ ਘੇਰ ਲਿਆ ਜੀਹਦਾ ਇਲਾਜ ਨਹੀਂ ਹੋ ਸਕਦਾ । ਮਸਕੂਲਰ ਡਿਸਟੋਰੋਫੀ ਵਰਗੀ ਲਾਇਲਾਜ ਬਿਮਾਰੀ ਕਾਰਨ ਸੰਪਾਦਕ ਦੀ ਕੁਰਸੀ ਵੀਲ੍ਹ ਚੇਅਰ ਨਾਲ ਬਦਲ ਗਈ । ਹੁਣ ਚੱਤੋ-ਪਹਿਰ ਉਹ ਵੀਲ੍ਹ ਚੇਅਰ ਹੀ ਉਸਦਾ ਸਭ ਕੁਝ ਹੈ। 3 ਕੁ ਸਾਲ ਤੋਂ ਉਹਨਾਂ ਦੀ ਆਵਾਜ਼ ਲਗਭਗ ਬੰਦ ਹੀ ਹੈ । ਜ਼ੋਰ ਲਾ ਕੇ 15- 20 ਸ਼ਬਦ ਬੋਲਦੇ ਹਨ ਤਾਂ ਮਸਾਂ ਇੱਕ -ਦੋ ਹੀ ਸਮਝ ਪੈਂਦੇ। ਉਹਨਾ ਦੀ ਧਰਮ ਪਤਨੀ ਜਿੱਥੇ ਅਖ਼ਬਾਰ ਦਾ ਕੰਮ ਦੇਖਦੀ ਹੈ ਉੱਥੇ ਅਮੋਲਕ ਸਿੰਘ ਦੀ ਦੇਖ ਭਾਲ ਕਰਦੀ ਹੈ। ਪਰ ਇਸ ਯੋਧੇ ਨੇ ਹਾਲੇ ਹਥਿਆਰ ਨਹੀਂ ਸੁੱਟੇ ਜਿੰਦਗੀ ਦੇ ਮੈਦਾਨੇ ਜੰਗ ‘ਚ ਵੈਰੀਆਂ ਦੇ ਚੱਕਰਵਿਊ ਤੋੜ ਰਿਹਾ । ਜਦੋਂ ਅਖ਼ਬਾਰ ਤਿਆਰ ਹੁੰਦਾ ਤਾਂ ਇਹ ਇਸ਼ਾਰਿਆਂ ਦੇ ਨਾਲ ਗਲਤੀਆਂ ਸੁਧਾਰਦੇ ਹਨ, ਫਿਰ ਕਿਤੇ ਜਾ ਕੇ ਅਖ਼ਬਾਰ ਪ੍ਰੈਸ ‘ਚ ਜਾਂਦਾ ।
ਮੈਨੂੰ ਤਾਂ ਹਿੰਮਤੀ ਲੋਕਾਂ ਨੂੰ ਮਿਲਣਾ ਮੱਕੇ ਦੇ ਹੱਜ ਵਰਗਾ ਲੱਗਦਾ , ਸਿ਼ਕਾਗੋ ‘ਚ ਸਰਗਰਮੀਆਂ ਦਾ ਧੁਰਾ ਬਾਈ ਗੁਰਮੁੱਖ ਭੁੱਲਰ ਜੇ ਨਾਲ ਨਾ ਹੁੰਦਾ ਤਾਂ ਮੈਂ ਇਸ ਅਮੋਲਕ ਜਿ਼ਆਰਤ ਤੋਂ ਵਾਂਝਾ ਰਹਿ ਜ਼ਾਂਦਾ ।
ਮੈਨੂੰ ਨਈਂ ਪਤਾ ਉਹਨਾਂ ਦੇ ਦਿਲ ‘ਚ ਕਿੰਨੀ ‘ਚ ਪੀੜ ਹੈ ਪਰ ਇਸ ਯੋਧੇ ਦੇ ਚਿਹਰੇ ਦੀ ਜੇਤੂ ਮੁਸਕਾਨ ਸਾਡੇ ਵਰਗਿਆਂ ਨੂੰ ਹੱਲਾਸ਼ੇਰੀ ਜਰੂਰ ਦੇ ਜਾਂਦੀ ।

Total Views: 31 ,
Real Estate