ਸੁਖਨੈਬ ਸਿੰਘ ਸਿੱਧੂ
2014 ਦੀ ਗੱਲ ਹੈ , ਸਰਦੀ ਦੇ ਦਿਨ ਸੀ , ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਕਿਸੇ ਰਿਸ਼ਤੇਦਾਰ ਦਾ ਹਾਲ ਚਾਲ ਪੁੱਛਣ ਗਏ ਸੀ। ਪਤਨੀ ਤੇ 4 ਸਾਲ ਦੀ ਬੇਟੀ ਰੂਪ ਕੰਵਲ ਵੀ ਨਾਲ ਸੀ । ਤੁਰਨ ਲੱਗੇ ਤਾਂ ਬੇਟੀ ਆਪਣੀ ਉਮਰ ਦੇ ਦੋ ਬੱਚਿਆਂ ਨਾਲ ਖੇਡਦੀ ਫਿਰੇ, ਉਹਨਾ ਦੇ ਚਿਹਰੇ ਤੋਂ ਇਸ ਤਰ੍ਹਾਂ ਲੱਗੇ ਜਿਵੇਂ ਉਹ ਕੁਝ ਮੰਗਦੇ ਹੋਣ ਪਰ ਮੂੰਹੋਂ ਬੋਲਦੇ ਨਹੀਂ ਸੀ । ਮੈਂ ਕਿਹਾ ਤੁਸੀ ਕੀ ਕਰਦੇ ਇੱਥੇ ? 10 ਕੁ ਸਾਲਾ ਦੀ ਲੜਕੀ ਬੋਲੀ ,’ਅੰਕਲ ਮੇਰੀ ਮੰਮੀ ਦਾਖਲ ਹੈ , ਟੀ ਬੀ ਆ ਉਹਨੂੰ ,’
ਫਿਰ ਮੈਨੂੰ ਛੋਟੀ ਕੁੜੀ ਦੇ ਠੰਡ ਨਾਲ ਠੁਕਰਦੇ ਪੈਰਾਂ ਵੱਲ ਦੇਖ ਕੇ ਅਗਲਾ ਸਵਾਲ ਪੁੱਛਣ ਦੀ ਜਰੂਰਤ ਨਾ ਰਹੀ । ਮੈਂ ਮਿਸਿਜ ਨੂੰ ਕਿਹਾ ਕਿ ਇਹਦੇ ਪੈਰਾਂ ਵਿੱਚ ਕਿੰਨੇ ਨੰਬਰ ਦੇ ਬੂਟ ਆ ਸਕਦੇ। ਉਸਨੇ ਆਪਣੇ ਹੱਥ ਨਾਲ ਹੀ ਉਂਗਲਾਂ ਮਿਣ ਕੇ ਨਾਪ ਲਿਆ । ਰੂਪ ਕੋਲ ਬਿਸਕੁਟ ਦਾ ਇੱਕ ਪੈਕੇਟ ਸੀ ਉਹਨੇ ਇੱਕ –ਦੋ ਬਿਸਕੁਟ ਦੋਵਾਂ ਨੂੰ ਦੇ ਦਿੱਤੇ , ਮੈਂ ਕਿਹਾ ‘ਦੀਦੀ ਨੂੰ ਹੋਰ ਬਿਸਕੁਟ ਦਿਵਾਓ।’
ਕੰਨਟੀਨ ‘ਤੇ ਚਲੇ ਗਏ , ਦੋਵਾਂ ਕੁੜੀਆਂ ਨੇ ਇੱਕ-ਇੱਕ ਛੋਟਾ ਪੈਕੇਟ ਚੁੱਕ ਕੇ ਕਿਹਾ , ‘ ਬੱਸ ਅੰਕਲ ਹੋਰ ਨਹੀਂ ਚਾਹੀਦੇ ।’
ਅਸੀਂ ਮਾਰਕੀਟ ‘ਚੋਂ ਲੜਕੀ ਲਈ ਬੂਟ ਲਿਆਂਦੇ । ਜਦੋਂ ਵਾਰਡ ‘ਚ ਜਾ ਕੇ ਦੇਖਿਆ ਅਤੇ ਸਟਾਫ ਨਰਸ ਨੂੰ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਇਹਨਾਂ ਦੀ ਮਾਂ ਹਾਲਤ ਜਿ਼ਆਦਾ ਗੰਭੀਰ ਹੈ , ਜਿ਼ਆਦਾ ਸਮਾਂ ਬਚ ਨਹੀਂ ਸਕਦੀ ।
ਖੈਰ, ਅਸੀਂ ਵਾਪਸ ਆ ਕੇ ਪੱਤਰਕਾਰ ਮਿੱਤਰ ਕਿਰਨਜੀਤ ਰੋਮਾਣਾ ਰਾਹੀਂ ਬੇਟੀ ਦੇ ਕੁਝ ਪੁਰਾਣੇ ਕੱਪੜੇ ਹਸਪਤਾਲ ਭੇਜੇ ਕਿ ਵਿਚਾਰੇ ਜੁਆਕ ਪਾ ਲੈਣਗੇ, । ਅਗਲੇ ਦਿਨ ਰੋਮਾਣਾ ਜੀ ਨੇ ਦੱਸਿਆ ਕਿ ਉਹ ਪਰਿਵਾਰ ਹਸਪਤਾਲ ‘ਚੋਂ ਜਾ ਚੁੱਕਿਆ ਸੀ ।
ਇਹ ਸਾਰੀ ਕਹਾਣੀ ਦਾ ਅਸਰ 10-11 ਮਹੀਨੇ ਬਾਅਦ ਸਾਨੂੰ ਘਰ ਦੇਖਣ ਨੂੰ ਮਿਲਿਆ , ਜਦੋਂ ਬੇਟੀ ਨੂੰ ਅਸੀਂ ਸਾਰਿਆਂ ਲੋਕਾਂ ਦੀ ਸਹਾਇਤਾ ਕਰਨ ਦਾ ਪਾਠ ਪੜ੍ਹਾ ਰਹੇ ਸੀ ਤਾਂ ਉਹ ਤੋਤਲੀ ਜੁਬਾਨ ‘ਚ ਬੋਲੀ ‘ਪਾਪਾ ਆਪਾਂ ਦੀਦੀ ਦੇ ਸ਼ੁਅ ਪੁਆਏ ਸੀ ’, ਸਾਨੂੰ ਗੱਲ ਚੇਤੇ ਨਾ ਆਵੇ ਪਰ ਮੇਰੀ ਧੀ ਦੇ ਚੇਤੇ ਵਿੱਚ ਉਕਰੀ ਗੱਲ ਨੇ ਇਹ ਤਸੱਲੀ ਦਿੱਤੀ ਕਿ ਨਿੱਕੀ ਨਿੱਕੀ ਖੁਸ਼ੀਆਂ ਬੱਚਿਆਂ ਦੇ ਚੇਤਿਆਂ ਵੱਸ ਕੇ ਸਹੀ ਰਾਹਾਂ ਤੇ ਵੱਲ ਤੋਰਨ ਲਈ ਮੀਲ ਪੱਥਰ ਬਣ ਜਾਂਦੀਆਂ ਹਨ ।
ਕੁਝ ਇਸ ਤਰ੍ਹਾਂ ਦੀ ਇੱਕ ਹੋਰ ਉਦਾਹਰਨ ਗੁਰਮੁੱਖ ਝੁੱਟੀ ਦੇ ਬੇਟੇ ਮਨਮੀਤ ਸੀ ਹੈ, ਜਿਹੜਾ ਕੈਨੇਡਾ ਵਿੱਚ ਸੌਕਰ ਟੀਮ ਦਾ ਅੰਤਰਰਾਸ਼ਟਰੀ ਖਿਡਾਰੀ ਹੈ। ਇਨਸਾਨੀਅਤ ਗਰੁੱਪ ਨੂੰ ਇੱਕ ਮਰੀਜ਼ ਦੇ ਇਲਾਜ਼ ਲਈ 10-12 ਲੱਖ ਰੁਪਏ ਦੀ ਜਰੂਰਤ ਸੀ , ਸਟੇਟਸ ਪਾ ਦਿੱਤਾ ਗਿਆ ਅਤੇ ਸਾਰੇ ਮੈਂਬਰ ਅਤੇ ਐਡਮਿਨ ਆਪਣਾ ਆਪਣਾ ਯੋਗਦਾਨ ਪਾਉਣ ਲੱਗੇ । ਮਨਮੀਤ ਨੇ ਆਪਣੇ ਪਿੱਗੀ ਬੈਂਕ ਵਿੱਚ ਇਕੱਠੇ ਕੀਤੇ 10-12 ਡਾਲਰ ਆਪਣੇ ਬਾਪ ਦੇ ਮੂਹਰੇ ਰੱਖ ਦਿੱਤੇ ਕਿ ਲਓ ਜੀ ਪਾਪਾ ਜੀ ਮੇਰਾ ਹਿੱਸਾ ਵੀ ਪਾਓ , ਇਨਸਾਨੀਅਤ ਵਿੱਚ ।