ਮਿੰਨੀ ਕਹਾਣੀ “ਜੁਮੇਵਾਰ”

ਬਲਵਿੰਦਰ ਸਿੰਘ ਭੁੱਲਰ

‘‘ਯਾਰ ਹਰਪਾਲ! ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਜਮਹੂਰੀਅਤ ਵਾਲਾ ਦੇਸ਼ ਮੰਨਿਆਂ ਜਾਂਦੈ, ਪਰ ਇਹਦੀਆਂ ਸਰਕਾਰਾਂ ਦੀ ਕਾਰਜਸ਼ੈਲੀ ਇਸ ਕਦਰ ਨਾਕਸ ਐ ਕਿ ਜੇ ਇਮਾਰਤ ਨੂੰ ਅੱਗ ਲੱਗ ਜੇ ਤਾਂ ਇਨਸਾਨੀ ਜਾਨਾਂ ਬਚਾਉਣ ਲਈ
ਪੌੜੀ ਵੀ ਨਈਂ ਮਿਲਦੀ, ਜੇ ਬੱਚਾ ਬੋਰ ਦੇ ਖੂਹ ’ਚ ਪਏ ਤਾਂ ਉਸਨੂੰ ਕੱਢਣ ਲਈ ਕੋਈ ਮਸ਼ੀਨ ਤਕਨੀਕ ਹੈਨੀ।’’ ਨਵਰਾਜ ਨੇ ਆਪਣੇ ਦੋਸਤ ਹਰਪਾਲ ਨਾਲ ਚਿੰਤਾ ਸਾਂਝੀ ਕਰਨੀ ਚਾਹੀ।
‘‘ਇਸ ਵਿੱਚ ਸਰਕਾਰਾਂ ਦਾ ਤਾਂ ਕੀ ਕਸੂਰ ਹੈ?’’ ਹਰਪਾਲ ਨੇ ਉਸਦੀ ਗੱਲ ਨੂੰ ਟੋਕਦਿਆਂ ਕਿਹਾ।
‘‘ਕਸੂਰ ਕਿਉ ਨਹੀਂ ਯਾਰ! ਚੀਨ ਵਿੱਚ ਖੂਹ ’ਚ ਬੱਚਾ ਡਿੱਗਿਆ ਤਾਂ ਤਕਨੀਕ ਤੇ ਮਸ਼ੀਨਰੀ ਨਾਲ ਦੋ ਘੰਟਿਆਂ ਵਿੱਚ ਕੱਢ ਲਿਆ। ਅਮਰੀਕਾ ’ਚ ਇੱਕ ਇਮਾਰਤ ਨੂੰ ਅੱਗ ਲੱਗ ਗਈ ਤਾਂ ਸੈਂਕੜੇ ਲੋਕ ਸਰਕਾਰ ਨੇ ਯਤਨ ਕਰਦਿਆਂ ਸੁਰੱਖਿਅਤ ਕੱਢ ਲਏ। ਇਹ ਹੁੰਦੈ ਸਰਕਾਰਾਂ ਦਾ ਕੰਮ ਜੇ ਉਹ ਆਪਣੀ ਜੁਮੇਵਾਰੀ ਸਮਝਣ।’’ ਨਵਰਾਜ ਨੇ ਆਪਣੇ ਵਿਚਾਰ ਨੂੰ ਵਜਨਦਾਰ ਬਣਾਇਆ।
‘‘ਨਹੀਂ! ਨਵਰਾਜ ਇੱਥੇ ਵੀ ਤੂੰ ਗਲਤ ਐਂ, ਸਰਕਾਰਾਂ ਦਾ ਓਨਾ ਦੋਸ਼ ਨਹੀਂ ਜਿਨਾਂ ਲੋਕਾਂ ਦਾ ਐ। ਅਮਰੀਕਾ ਚੀਨ ਇੰਗਲੈਂਡ ਜਪਾਨ ’ਚ ਲੋਕ ਵਿਕਾਸ, ਨਵੀਨ ਤਕਨੀਕ, ਵਿਗਿਆਨ, ਸੁਰੱਖਿਆ ਆਦਿ ਮੁੱਦਿਆਂ ਤੇ ਵੋਟਾਂ ਪਾ ਕੇ ਸਰਕਾਰਾਂ ਚੁਣਦੇ ਨੇ, ਤੇ ਉਹ ਉਸੇ ਤਰ੍ਹਾਂ ਜੁਮੇਵਾਰੀ ਨਿਭਾਉਂਦੀਆਂ ਨੇ। ਭਾਰਤ ਦੇ ਲੋਕ ਧਰਮਿਕ ਸਥਾਨਾਂ ਦੇ ਨਾਂ ਤੇ, ਮੁਫ਼ਤ ਆਟਾ ਦਾਲ ਸਕੀਮ ਦੇ ਮੁੱਦੇ ਤੇ ਜਾਂ ਪੰਜ ਪੰਜ ਸੌ ਦੀ ਵੋਟ ਵੇਚ ਕੇ ਸਰਕਾਰਾਂ ਚੁਣਦੇ ਨੇ, ਫੇਰ ਭਾਲਦੇ ਨੇ ਅਮਰੀਕਾ ਚੀਨ ਵਾਲਾ ਵਿਕਾਸ। ਇਹਨਾਂ ਸਰਕਾਰਾਂ ਦਾ ਤਕਨੀਕ ਵਿਗਿਆਨ ਮਸ਼ੀਨਰੀ ਨਾਲ ਕੋਈ ਲੈਣਾ ਦੇਣਾ ਨਈਂ, ਲੋਕਾਂ ਨੂੰ ਆਟਾ ਦਾਲ ਦੇ ਦੇਣਗੇ ਤੇ ਧਾਰਮਿਕ ਸਥਾਨ ਬਣਾ ਦੇਣਗੇ।’’ ਹਰਪਾਲ ਨੇ ਮਾੜੀ ਕਾਰਗੁਜਾਰੀ ਵਾਲੀਆਂ ਸਰਕਾਰਾਂ ਚੁਣਨ ਲਈ ਲੋਕਾਂ ਨੂੰ ਜੁਮੇਵਾਰ ਠਹਿਰਾਉਂਦਿਆਂ ਠੀਕਰਾ ਉਹਨਾਂ ਸਿਰ ਭੰਨਿਆ। ਇਸਦਾ ਨਵਰਾਜ ਕੋਈ ਉੱਤਰ ਨਹੀਂ ਸੀ।

ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ

ਬਠਿੰਡਾ। ਮੋਬਾ: 09888275913

Total Views: 154 ,
Real Estate