ਕੇਵਲ ਢਿੱਲੋਂ ਲੁਧਿਆਣਾ ਉੱਤਰੀ ਤੋਂ ਲੜ ਸਕਦੇ ਨੇ ਚੋਣ

ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿਲੋਂ ਲੁਧਿਆਣਾ ਉੱਤਰੀ ਹਲਕੇ ਤੋਂ ਚੋਣ ਲੜ ਸਕਦੇ ਹਨ, ਜਿਸ ਕਰਕੇ ਇਹ ਹਲਕਾ ਸੂਬੇ ਦੀ ਸਿਆਸਤ ਵਿੱਚ ਚਰਚਾ ਦਾ ਕੇਂਦਰ ਬਣਦਾ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਹਲਕੇ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਅਤੇ ਤਿਉਹਾਰਾਂ ਦੀਆਂ ਵਧਾਈਆਂ ਦੇਣ ਵਾਲੇ ਪੋਸਟਰ ਲੱਗ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਵੱਲੋਂ ਹਲਕੇ ਦੇ ਸਿਵਲ ਸਿਟੀ ਇਲਾਕੇ ਵਿੱਚ ਕੋਠੀ ਖਰੀਦਣ ਅਤੇ ਉੱਥੇ ਸਾਮਾਨ ਭੇਜਣਾ ਸ਼ੁਰੂ ਕਰਨ ਦੀ ਚਰਚਾ ਨੇ ਇਹ ਕਿਆਸ ਹੋਰ ਮਜ਼ਬੂਤ ਕਰ ਦਿੱਤੀਆਂ ਹਨ।ਸਿਆਸੀ ਹਲਕਿਆਂ ਵਿੱਚ ਇਸ ਨੂੰ ਉਨ੍ਹਾਂ ਦੀ ਉੱਤਰੀ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ। ਇਹ ਸੀਟ ਭਾਜਪਾ ਲਈ ਕਾਫ਼ੀ ਅਹਿਮ ਹੈ। ਲੁਧਿਆਣਾ ਉੱਤਰੀ ਦਾ ਸਿਆਸੀ ਇਤਿਹਾਸ ਵੀ ਦਿਲਚਸਪ ਰਿਹਾ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਰਾਕੇਸ਼ ਪਾਂਡੇ ਇੱਥੋਂ 7 ਵਾਰ ਵਿਧਾਇਕ ਚੁਣੇ ਗਏ ਹਨ, ਜਦਕਿ ਮਰਹੂਮ ਆਗੂ ਹਰੀਸ਼ ਬੇਦੀ ਵੀ ਇਸ ਹਲਕੇ ਤੋਂ ਭਾਜਪਾ ਨੂੰ ਜਿਤਾ ਚੁੱਕੇ ਹਨ। ਭਾਜਪਾ ਆਗੂ ਪ੍ਰਵੀਨ ਬਾਂਸਲ ਇਸ ਸੀਟ ਤੋਂ 3 ਵਾਰ ਚੋਣ ਲੜੇ, ਪਰ ਹਰ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਪਾਰਟੀ ਵੱਲੋਂ ਇਸ ਵਾਰ ਨਵੇਂ ਚਿਹਰੇ ਨੂੰ ਮੈਦਾਨ ਵਿੱਚ ਉਤਾਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Real Estate