ਦਿੱਲੀ ਵਿੱਚ ਚੱਲ ਰਹੀ SIR ਪ੍ਰਕਿਰਿਆ ਤਹਿਤ ਪੰਜਾਬ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਂ ਦਿੱਲੀ ਦੀ ਵੋਟਰ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ।ਚੋਣ ਅਧਿਕਾਰੀਆਂ ਨੇ ਦੱਸਿਆ ਕਿ ਰਾਘਵ ਚੱਢਾ ਦਾ ਨਾਂ ਪੰਜਾਬ ਤੋਂ ਹਟਾ ਦਿੱਤਾ ਗਿਆ ਸੀ ਕਿਉਂਕਿ ਉਹ ਪਹਿਲਾਂ ਆਪਣੀ ਪੁਰਾਣੀ ਪਾਰਟੀ ‘ਆਪ’ ਵੱਲੋਂ ਉੱਥੋਂ ਰਾਜ ਸਭਾ ਭੇਜੇ ਗਏ ਸਨ। ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਗਾਇਆ ਕਿ ਰਾਘਵ ਚੱਢਾ ਦਾ ਨਾਂ ਰਾਜਿੰਦਰ ਨਗਰ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਵਿੱਚ ਬਿਨਾਂ ਸਹੀ ਪ੍ਰਕਿਰਿਆ ਦੀ ਪਾਲਣਾ ਕੀਤੇ ਸ਼ਾਮਲ ਕੀਤਾ ਗਿਆ ਹੈ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਵਿੱਚ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਵੱਲੋਂ ਮੰਗਲਵਾਰ ਤੱਕ ਵੋਟਰ ਸੂਚੀਆਂ ਵਿੱਚ ਨਾਂ ਸ਼ਾਮਲ ਕਰਨ ਲਈ ਕੁੱਲ 700 ਫਾਰਮ ਮਨਜ਼ੂਰ ਕੀਤੇ ਗਏ ਸਨ ਅਤੇ ਰਾਘਵ ਚੱਢਾ ਦਾ ਨਾਂ ਵੀ ਉਨ੍ਹਾਂ ਵਿੱਚ ਸ਼ਾਮਲ ਸੀ।ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦੇ ਬਿਆਨ ਮੁਤਾਬਕ ਦਿੱਲੀ ਦੀ ਵੋਟਰ ਸੂਚੀ ਐੱਸ ਆਈ ਆਰ ਦੀ ਤਿਆਰੀ ਲਈ 16 ਜੂਨ ਨੂੰ ਫਰੀਜ਼ ਕਰ ਦਿੱਤੀ ਗਈ ਸੀ ਅਤੇ 31 ਅਗਸਤ ਤੱਕ ਮਸੌਦਾ ਵੋਟਰ ਸੂਚੀਆਂ ਪ੍ਰਕਾਸ਼ਤ ਹੋਣ ਤੱਕ ਉਸੇ ਹਾਲਤ ਵਿੱਚ ਰਹੀਆਂ। ਇਸ ਦੌਰਾਨ ਨਵੇਂ ਵੋਟਰਾਂ ਲਈ ਲਗਪਗ 2.14 ਲੱਖ ਫਾਰਮ-6 ਜਮ੍ਹਾਂ ਕਰਵਾਏ ਗਏ ਸਨ। ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ ਦੌਰਾਨ ਵੀ 4 ਨਵੰਬਰ ਨੂੰ ਪ੍ਰਕਾਸ਼ਤ ਹੋਣ ਵਾਲੀਆਂ ਅੰਤਿਮ ਵੋਟਰ ਸੂਚੀਆਂ ਵਿੱਚ ਨਾਂ ਸ਼ਾਮਲ ਕਰਨ ਲਈ ਅੱਠ ਦਿਨਾਂ ਵਿੱਚ (7 ਸਤੰਬਰ ਤੱਕ) ਹੋਰ 25,011 ਫਾਰਮ-6 ਜਮ੍ਹਾਂ ਹੋਏ ਹਨ। ਨਵੇਂ ਨਾਮਾਂ ਨੂੰ 4 ਨਵੰਬਰ ਨੂੰ ਪੂਰਕ ਸੂਚੀ ਵਜੋਂ ਪ੍ਰਕਾਸ਼ਤ ਕੀਤਾ ਜਾਵੇਗਾ।’ਆਪ’ ਦਿੱਲੀ ਯੂਨਿਟ ਦੇ ਮੁੱਖ ਸੌਰਭ ਭਾਰਦਵਾਜ ਨੇ ਸਵਾਲ ਕੀਤਾ ਕਿ ਜਦੋਂ 31 ਅਗਸਤ ਨੂੰ ਪ੍ਰਕਾਸ਼ਤ ਮਸੌਦਾ ਸੂਚੀ ਵਿੱਚ ਸਬੰਧਤ ਪੋਲਿੰਗ ਹਿੱਸੇ ਵਿੱਚ 746 ਵੋਟਰ ਸਨ ਤਾਂ ਰਾਘਵ ਚੱਢਾ ਦਾ ਨਾਂ 747ਵੇਂ ਵੋਟਰ ਵਜੋਂ ਕਿਵੇਂ ਆ ਗਿਆ ਅਤੇ ਚੋਣ ਕਮਿਸ਼ਨ ਨੂੰ ਇਸ ਦੀ ਪ੍ਰਕਿਰਿਆ ਸਪੱਸ਼ਟ ਕਰਨੀ ਚਾਹੀਦੀ ਹੈ। ਇਸ ਦੇ ਜਵਾਬ ਵਿੱਚ ਰਾਘਵ ਚੱਢਾ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਭ੍ਰਿਸ਼ਟ ਪਾਰਟੀ ਛੱਡੀ ਹੈ, ਉਦੋਂ ਤੋਂ ਪਾਰਟੀ ਦੀ ਲੀਡਰਸ਼ਿਪ ਇਸ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਅਤੇ ਇੱਕ ਖਿੱਝੇ ਹੋਏ ਵਾਂਗ ਵਿਹਾਰ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਕਰਦਿਆਂ ਕਾਨੂੰਨੀ ਤਰੀਕੇ ਨਾਲ ਆਪਣਾ ਨਾਂ ਦਰਜ ਕਰਵਾਇਆ ਹੈ।
ਰਾਘਵ ਚੱਢਾ ਦਾ ਨਾਂ ਵੋਟਰ ਸੂਚੀ ਵਿੱਚ ਸ਼ਾਮਲ
Real Estate





















