ਕੈਨੇਡਾ ਨੇ ਕੱਚੇ ਵਿਦੇਸ਼ੀਆਂ ਦੇ ਦੇਸ਼ ਨਿਕਾਲੇ ’ਚ ਲਿਆਂਦੀ ਹੋਰ ਤੇਜ਼ੀ

ਕੈਨੇਡਾ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਸਖ਼ਤ ਕਰਨ ਦੇ ਨਾਲ-ਨਾਲ ਕੱਚੇ ਵਿਦੇਸ਼ੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ (ਦੇਸ਼ ਨਿਕਾਲਾ) ਵਿੱਚ ਹਰ ਸਾਲ ਤੇਜ਼ੀ ਲਿਆਂਦੀ ਜਾ ਰਹੀ ਹੈ, ਜਿਸ ਦਾ ਦਰਦ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤੀਆਂ ਨੂੰ ਵੱਧ ਸਹਿਣਾ ਪੈ ਰਿਹਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਅੰਕੜਿਆਂ ’ਤੇ ਝਾਤ ਮਾਰੀਏ ਤਾਂ 2021 ਤੋਂ ਬਾਅਦ ਹਰੇਕ ਸਾਲ ਦੇਸ਼ ਨਿਕਾਲੇ ਵਿੱਚ ਤੇਜ਼ੀ ਆਈ ਹੈ। ਇਹ ਸਖ਼ਤੀ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਵਿੱਚ ਸ਼ੁਰੂ ਹੋਈ ਸੀ।ਚਾਲੂ ਸਾਲ ਦੀ ਪਹਿਲੀ ਤਿਮਾਹੀ ਵਿੱਚ 5,260 ਦੇ ਅੰਕੜੇ ਨਾਲ ਚਾਲ ਕੁਝ ਸੁਸਤ ਰਹੀ, ਪਰ ਦੂਜੀ ਤਿਮਾਹੀ ਦੌਰਾਨ 9,532 ਲੋਕਾਂ ਦਾ ਦੇਸ਼ ਨਿਕਾਲਾ ਅੱਗੇ ਹੋਰ ਵੀ ਜ਼ਿਆਦਾ ਤੇਜ਼ੀ ਦੇ ਸੰਕੇਤ ਨਾਲ 2026 ਦੇ ਨਵੇਂ ਰਿਕਾਰਡ ਵੱਲ ਇਸ਼ਾਰਾ ਕਰਦਾ ਹੈ।ਕੁਝ ਹਫ਼ਤੇ ਪਹਿਲਾਂ ਡਿਪੋਰਟੇਸ਼ਨ ਵਿੱਚ ਤੇਜ਼ੀ ਦੇ ਸੰਕੇਤ ਵਰਕ ਪਰਮਿਟ ਨਵਿਆਉਣ ਦੀ ਨਾਂਹ ਤੋਂ ਲੱਗਣੇ ਸ਼ੁਰੂ ਹੋਏ ਹਨ। ਪਤਾ ਲੱਗਾ ਹੈ ਕਿ ਜੁਲਾਈ ਵਿੱਚ 76,327 ਵਰਕ ਪਰਮਿਟ ਨਵਿਆਏ ਜਾਣੇ ਸਨ, ਪਰ ਇਮੀਗ੍ਰੇਸ਼ਨ ਵਿਭਾਗ ਨੇ ਪ੍ਰਾਰਥੀਆਂ ਨੂੰ ਮਿਆਦ ਵਾਧੇ ਤੋਂ ਕੋਰੀ ਨਾਂਹ ਕਰ ਦਿੱਤੀ, ਜਿਸ ਕਰਕੇ ਉਹ ਦੇਸ਼ ਦੇ ਕੁਝ ਪ੍ਰਮੁੱਖ ਸ਼ਹਿਰਾਂ ਵਿੱਚ ਧਰਨਿਆਂ ’ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸ਼ਰਨਾਰਥੀ ਅਰਜ਼ੀਆਂ, ਜਿਨ੍ਹਾਂ ਦੀ ਸਫ਼ਲਤਾ ਦਰ ਦੋ ਕੁ ਸਾਲ ਪਹਿਲਾਂ 87 ਫ਼ੀਸਦ ਸੀ, ਸਖ਼ਤ ਸ਼ਰਤਾਂ ਕਰਕੇ 2025 ਵਿੱਚ ਸਿਰਫ਼ 17 ਫ਼ੀਸਦ ਰਹਿ ਗਈ ਸੀ। ਇਸ ਸਾਲ ਇਹ ਦਰ ਹੋਰ ਘਟਣ ਦੇ ਸੰਕੇਤ ਮਿਲਣ ਲੱਗੇ ਹਨ।

Total Views: 2 ,
Real Estate