ਅਬੋਹਰ ਨਗਰ ਨਿਗਮ ਦੇ ਮੇਅਰ ਦੀ ਚੋਣ ਮੁਲਤਵੀ,ਭਾਜਪਾ ਵੱਲੋਂ ਬਹੁਮਤ ਦਾ ਦਾਅਵਾ

ਅਬੋਹਰ ਨਗਰ ਨਿਗਮ ਵਿੱਚ ਮੇਅਰ ਦੀ ਚੋਣ ਦੌਰਾਨ ਅੱਜ ਸਿਆਸੀ ਮਾਹੌਲ ਉਸ ਵੇਲੇ ਭਖ ਗਿਆ, ਜਦੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਗਣੇਸ਼ ਸਬਲਾਨੀਆ ਨੂੰ ਮੇਅਰ ਐਲਾਨ ਦਿੱਤਾ ਗਿਆ। ਇਸ ਮਗਰੋਂ ਨਗਰ ਨਿਗਮ ਦੇ ਅਹਾਤੇ ’ਚ ਖੂਬ ਹੰਗਾਮਾ ਹੋਇਆ ਤੇ ਪ੍ਰਸ਼ਾਸਨ ਨੇ ਚੋਣ ਮੁਲਤਵੀ ਕਰ ਦਿੱਤੀ। ਹੁਣ ਇਹ ਚੋਣ ਅਗਲੇ ਹਫ਼ਤੇ ਕੀਤੀ ਜਾਵੇਗੀ।ਇਸ ਤੋਂ ਪਹਿਲਾਂ ਭਾਜਪਾ ਕੌਂਸਲਰਾਂ ਅਤੇ ਆਗੂਆਂ ਨੇ ਚੋਣ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰਦੇ ਹੋਏ ਨਗਰ ਨਿਗਮ ਕੰਪਲੈਕਸ ਵਿੱਚ ਪ੍ਰਦਰਸ਼ਨ ਕੀਤਾ। ਭਾਜਪਾ ਦਾ ਦਾਅਵਾ ਹੈ ਕਿ ਉਸ ਕੋਲ 29 ਕੌਂਸਲਰਾਂ ਦਾ ਸਮਰਥਨ ਮੌਜੂਦ ਸੀ, ਜਦੋਂ ਕਿ ਆਪ ਦੇ 20 ਤੇ ਕਾਂਗਰਸ ਦਾ ਇਕ ਕੌਂਸਲਰ ਸੀ। ਫਿਰ ਵੀ ਪ੍ਰਸ਼ਾਸਨ ਨੇ ‘ਆਪ’ ਦੇ ਉਮੀਦਵਾਰ ਨੂੰ ਮੇਅਰ ਐਲਾਨ ਦਿੱਤਾ।ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੂਰੇ ਨਗਰ ਨਿਗਮ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਨਤੀਜਾ ਐਲਾਨੇ ਜਾਣ ਮਗਰੋਂ ਭਾਜਪਾ ਕੌਂਸਲਰਾਂ ਅਤੇ ਸਮਰਥਕਾਂ ਨੇ ਅਧਿਕਾਰੀਆਂ ਦੀਆਂ ਗੱਡੀਆਂ ਦਾ ਘਿਰਾਓ ਕਰ ਦਿੱਤਾ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਡਿਪਟੀ ਕਮਿਸ਼ਨਰ ਦੀ ਗੱਡੀ ਅੱਗੇ ਲੇਟ ਗਏ।ਭਾਜਪਾ ਆਗੂਆਂ ਦਾ ਦੋਸ਼ ਹੈ ਕਿ ਡੀ ਸੀ ਦੇ ਡਰਾਈਵਰ ਨੇ ਗੱਡੀ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਦੋ ਭਾਜਪਾ ਕੌਂਸਲਰ ਜ਼ਖ਼ਮੀ ਹੋ ਗਏ। ਹਾਲਾਤ ਤਣਾਅਪੂਰਨ ਹੋਣ ‘ਤੇ ਪੁਲੀਸ ਨੇ ਭੀੜ ਨੂੰ ਕਾਬੂ ਕਰਨ ਲਈ ਹਲਕਾ ਲਾਠੀਚਾਰਜ ਵੀ ਕੀਤਾ। ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਮੌਕੇ ‘ਤੇ ਪਹੁੰਚੇ ਅਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ‘ਤੇ ਲੋਕਤੰਤਰ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ। ਖ਼ਬਰ ਲਿਖੇ ਜਾਣ ਤੱਕ ਸੁਨੀਲ ਜਾਖੜ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ ਅਤੇ ਚੋਣ ਪ੍ਰਕਿਰਿਆ ਬਾਰੇ ਸਪਸ਼ਟੀਕਰਨ ਮੰਗ ਰਹੇ ਸਨ।

Real Estate