ਇਰਾਨ ਨਾਲ ਸਮਝੌਤਾ ਖ਼ਤਮ- Trump

ਹਰਮੁਜ਼ ਜਲ ਮਾਰਗ ਵਿੱਚ ਤਿੰਨ ਸਮੁੰਦਰੀ ਬੇੜਿਆਂ ਉੱਤੇ ਹਮਲਿਆਂ ਮਗਰੋਂ ਅਮਰੀਕਾ ਨੇ ਬੁੱਧਵਾਰ ਤੜਕੇ ਇਰਾਨ ’ਤੇ ‘ਜਵਾਬੀ ਹਮਲੇ’ ਕੀਤੇ। ਟਰੰਪ ਪ੍ਰਸ਼ਾਸਨ ਨੇ ਇਰਾਨ ਨੂੰ ਆਲਮੀ ਬਾ਼ਜ਼ਾਰ ਵਿੱਚ ਕੱਚਾ ਤੇਲ ਵੇਚਣ ਦੀ ਖੁੱਲ੍ਹ ਵਾਲਾ ਲਾਇਸੈਂਸ ਵੀ ਰੱਦ ਕਰ ਦਿੱਤਾ। ਇਰਾਨ ਨੇ ਅਮਰੀਕਾ ਦੀ ਇਸ ਕਾਰਵਾਈ ਦੇ ਜਵਾਬ ਵਿੱਚ ਬਹਿਰੀਨ ਤੇ ਕੁਵੈਤ ’ਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਕਲੀਬਾਫ਼ ਨੇ ਐਕਸ ’ਤੇ ਪੋਸਟ ਵਿੱਚ ਕਿਹਾ, ‘‘ਡਰਾਉਣ ਧਮਕਾਉਣ ਤੇ ਜਬਰੀ ਵਸੂਲੀ ਦਾ ਦੌਰ ਖ਼ਤਮ ਹੋ ਚੁੱਕਾ ਹੈ। ਇਸ ਨਾਲ ਕੋਈ ਸਿੱਟਾ ਨਹੀਂ ਨਿਕਲੇਗਾ। ਅਸੀਂ ਨਹੀਂ ਝੁਕਾਂਗੇ।’’ ਉਧਰ ਭਾਰਤ ਨੇ ਹਰਮੁਜ਼ ਜਲ ਮਾਰਗ ਵਿੱਚ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨਾਲ ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਉੱਧਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਰਾਨ ਨਾਲ ਅੰਤਰਿਮ ਸਮਝੌਤਾ ‘ਖ਼ਤਮ’ ਹੋ ਗਿਆ ਹੈ, ਪਰ ਉਹ ਗੱਲਬਾਤ ਜਾਰੀ ਰਹਿਣ ਦੇਣਗੇ। ਦੋਵਾਂ ਧਿਰਾਂ ਦੀਆਂ ਪੇਸ਼ਬੰਦੀਆਂ ਨਾਲ ਪੱਛਮੀ ਏਸ਼ੀਆ ਵਿੱਚ ਮੁੜ ਤੋਂ ਟਕਰਾਅ ਵਧਣ ਦਾ ਖ਼ਦਸ਼ਾ ਹੈ।ਜੰਗਬੰਦੀ ਦੀ ਸਥਿਤੀ ਬਾਰੇ ਪੁੱਛਣ ਉੱਤੇ ਟਰੰਪ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਹੁਣ ਖ਼ਤਮ ਹੋ ਗਿਆ ਹੈ।’’ ਉਨ੍ਹਾਂ ਕਿਹਾ ਕਿ ਅਮਰੀਕੀ ਪ੍ਰਤੀਨਿਧ ਗੱਲਬਾਤ ਜਾਰੀ ਰੱਖ ਸਕਦੇ ਹਨ, ਪਰ ਉਨ੍ਹਾਂ ਇਸ ਦੇ ਨਤੀਜਿਆਂ ਬਾਰੇ ਖਦਸ਼ਾ ਜਤਾਇਆ। ਟਰੰਪ ਦੀਆਂ ਇਨ੍ਹਾਂ ਸੱਜਰੀਆਂ ਟਿੱਪਣੀਆਂ ਨਾਲ ਬੁੱਧਵਾਰ ਨੂੰ ਕੌਮਾਂਤਰੀ ਮਾਨਕ ਬਰੈਂਟ ਕੱਚੇ ਤੇਲ ਦੀ ਕੀਮਤਾਂ ਪੰਜ ਫੀਸਦ ਤੱਕ ਚੜ੍ਹ ਗਈਆਂ। ਦੋਵਾਂ ਧਿਰਾਂ ਵੱਲੋਂ ਹਮਲੇ ਅਜਿਹੇ ਮੌਕੇ ਹੋਏ ਹਨ ਜਦੋਂ ਇਰਾਨ ਦੇ ਮਰਹੂਮ ਸਿਖਰਲੇ ਆਗੂ ਆਇਤੁੱਲਾ ਖਮੇਨੇਈ ਦੀਆਂ ਅੰਤਿਮ ਰਸਮਾਂ ਨਾਲ ਜੁੜੇ ਪ੍ਰੋਗਰਾਮ ਜਾਰੀ ਹਨ।

Real Estate