ਪੰਜਾਬ ’ਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੇ ਕੁੱਲ 1,896 ਵਾਰਡਾਂ ਲਈ ਅੱਜ ਵੋਟਾਂ ਪਾਉਣ ਦਾ ਅਮਲ ਕਈ ਥਾਵਾਂ ’ਤੇ ਤਿੱਖੀਆਂ ਝੜਪਾਂ ਦਰਮਿਆਨ ਮੁਕੰਮਲ ਹੋ ਗਿਆ ਹੈ। ਚੋਣ ਮੈਦਾਨ ’ਚ ਨਿੱਤਰੇ 7,555 ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਵੋਟ ਪੇਟੀਆਂ ’ਚ ਬੰਦ ਹੋ ਗਿਆ ਹੈ ਅਤੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਪੋਲਿੰਗ ’ਤੇ ਗਰਮੀ ਦਾ ਸਿੱਧਾ ਅਸਰ ਦੇਖਣ ਨੂੰ ਮਿਲਿਆ ਅਤੇ ਦੁਪਹਿਰ ਵੇਲੇ ਪੋਲਿੰਗ ’ਚ ਨਰਮੀ ਦੇਖਣ ਨੂੰ ਮਿਲੀ। ਦੁਪਹਿਰ ਦੋ ਵਜੇ ਤੱਕ ਪੰਜਾਬ ਭਰ ’ਚ 45.60 ਫ਼ੀਸਦੀ ਪੋਲਿੰਗ ਹੋਈ ਸੀ। ਸ਼ਾਮ ਵੇਲੇ ਮੁੜ ਕਤਾਰਾਂ ਜੁੜ ਗਈਆਂ ਸਨ। ਗਰਮੀ ਜ਼ਿਆਦਾ ਹੋਣ ਕਰ ਕੇ ਸੁਨਾਮ ਦੇ ਵਾਰਡ ਨੰਬਰ 8 ਅਤੇ 17 ਵਿੱਚ ਦੋ ਔਰਤਾਂ ਬੇਹੋਸ਼ ਹੋ ਗਈਆਂ। ਵੇਰਵਿਆਂ ਅਨੁਸਾਰ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ’ਚ ਕਰੀਬ 63.94 ਫ਼ੀਸਦੀ ਲੋਕਾਂ ਨੇ ਆਪਣੇ ਸਿਆਸੀ ਹੱਕ ਦੀ ਵਰਤੋਂ ਕੀਤੀ ਪਰ ਹਾਲੇ ਅੰਤਿਮ ਅੰਕੜੇ ਆਉਣੇ ਬਾਕੀ ਹਨ। ਨਗਰ ਨਿਗਮਾਂ ’ਚ 59.91 ਫ਼ੀਸਦੀ, ਨਗਰ ਕੌਂਸਲਾਂ ’ਚ 65.06 ਤੇ ਨਗਰ ਪੰਚਾਇਤਾਂ ’ਚ 76.18 ਫ਼ੀਸਦੀ ਵੋਟਿੰਗ ਹੋਈ। ਫਰਵਰੀ 2021 ’ਚ ਹੋਈਆਂ ਇਨ੍ਹਾਂ ਚੋਣਾਂ ’ਚ ਪੋਲਿੰਗ ਦਰ 73.53 ਫ਼ੀਸਦੀ ਰਹੀ ਸੀ। ਉਸ ਮਗਰੋਂ ‘ਆਪ’ ਦੇ ਕਾਰਜਕਾਲ ਦੌਰਾਨ 5 ਨਗਰ ਨਿਗਮਾਂ ਅਤੇ 44 ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਮੌਕੇ ਪੋਲਿੰਗ ਦਰ 65.85 ਫ਼ੀਸਦੀ ਰਹੀ ਸੀ। ਮੌਜੂਦਾ ਰੁਝਾਨ ਤੋਂ ਜਾਪਦਾ ਹੈ ਕਿ ਐਤਕੀਂ ਸ਼ਹਿਰੀ ਲੋਕਾਂ ਨੇ ਵੋਟਾਂ ਪਾਉਣ ’ਚ ਵੱਡੀ ਦਿਲਚਸਪੀ ਨਹੀਂ ਦਿਖਾਈ ਜਦਕਿ ਪਹਿਲੀ ਵਾਰ ਵੋਟਾਂ ਪਈਆਂ। ਪੰਜ ਵਜੇ ਤੱਕ ਪੋਲਿੰਗ ਸਟੇਸ਼ਨਾਂ ਦੇ ਅੰਦਰ ਦਾਖ਼ਲ ਹੋ ਚੁੱਕੇ ਵੋਟਰਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ।
ਨਿਗਮ ਤੇ ਕੌਂਸਲ ਚੋਣਾਂ ਵਿੱਚ 63.94 ਫ਼ੀਸਦੀ ਪਈਆਂ ਵੋਟਾਂ
Total Views: 3 ,
Real Estate




















