ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਲੂ ਦਾ ਕਹਿਰ

ਗਰਮੀ ਨੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ (IMD) ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਗਰਮ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ ਆਉਣ ਵਾਲੇ ਪੂਰੇ ਹਫ਼ਤੇ, ਯਾਨੀ ਅੱਜ ਤੋਂ ਲੈ ਕੇ ਐਤਵਾਰ ਤੱਕ ਲਈ ‘ਯੈਲੋ ਹੀਟ ਅਲਰਟ’ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਵੱਖ-ਵੱਖ ਥਾਵਾਂ ‘ਤੇ ਲੂ ਦੀ ਤਪਸ਼ ਰਹੇਗੀ। ਰਾਹਤ ਦੀ ਕੋਈ ਉਮੀਦ ਨਹੀਂ ਹੈ, ਕਿਉਂਕਿ ਪੂਰੇ ਇਲਾਕੇ ਵਿੱਚ ਲਗਾਤਾਰ ਸੱਤ ਦਿਨਾਂ ਤੱਕ ਕਿਧਰੇ ਵੀ ਮੀਂਹ ਪੈਣ, ਝੱਖੜ ਆਉਣ ਜਾਂ ਤੇਜ਼ ਹਵਾਵਾਂ ਚੱਲਣ ਦੀ ਕੋਈ ਸੰਭਾਵਨਾ ਨਹੀਂ ਹੈ।ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ ਸੋਮਵਾਰ ਨੂੰ 42 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਕਿ ਇਸ ਮੌਸਮ ਦੇ ਆਮ ਤਾਪਮਾਨ ਨਾਲੋਂ 3.1 ਡਿਗਰੀ ਜ਼ਿਆਦਾ ਹੈ। ਇਸ ਸੀਜ਼ਨ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਚੰਡੀਗੜ੍ਹ ਵਿੱਚ ਦਿਨ ਦਾ ਤਾਪਮਾਨ ਲੂ ਦੇ ਤੈਅ ਪੱਧਰ ਨੂੰ ਪਾਰ ਕਰ ਗਿਆ ਹੈ।ਉੱਥੇ ਹੀ ਇਸ ਵੇਲੇ ਪੰਜਾਬ ਭਰ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.1 ਡਿਗਰੀ ਸੈਲਸੀਅਸ ਜ਼ਿਆਦਾ ਚੱਲ ਰਿਹਾ ਹੈ। ਇਸ ਦੌਰਾਨ ਸਭ ਤੋਂ ਵੱਧ ਗਰਮੀ ਬਠਿੰਡਾ ਵਿੱਚ ਰਿਕਾਰਡ ਕੀਤੀ ਗਈ, ਜਿੱਥੇ ਪਾਰਾ 47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਕਿ ਇਸ ਸੀਜ਼ਨ ਵਿੱਚ ਪੂਰੇ ਸੂਬੇ ਦਾ ਸਭ ਤੋਂ ਜ਼ਿਆਦਾ ਤਾਪਮਾਨ ਹੈ।ਹਰਿਆਣਾ ਵਿੱਚ, ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.9 ਡਿਗਰੀ ਸੈਲਸੀਅਸ ਜ਼ਿਆਦਾ ਹੈ। ਇਸ ਤਹਿਤ ਸਿਰਸਾ ਵਿੱਚ ਸੂਬੇ ਦਾ ਸਭ ਤੋਂ ਵੱਧ ਤਾਪਮਾਨ 46.2 ਡਿਗਰੀ ਸੈਲਸੀਅਸ ਅਤੇ ਰੋਹਤਕ ਵਿੱਚ 45.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

Real Estate