ਇਰਾਨ ਵਲੋਂ ਮੁੜ UAE ਦੇ ਤੇਲ ਪਲਾਂਟ ਉਤੇ ਡਰੋਨ ਹਮਲਾ, 3 ਭਾਰਤੀ ਜ਼ਖ਼ਮੀ

ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਸੋਮਵਾਰ ਨੂੰ ਦਸਿਆ ਕਿ ਅਪ੍ਰੈਲ ਦੀ ਸ਼ੁਰੂਆਤ ਵਿਚ ਹੋਈ ਜੰਗਬੰਦੀ ਤੋਂ ਬਾਅਦ ਪਹਿਲੀ ਵਾਰ ਇਰਾਨ ਨੇ ਸਿੱਧੇ ਹਮਲੇ ਕੀਤੇ ਹਨ। ਫੁਜੈਰਾਹ ਵਿਚ ਇਕ ਪ੍ਰਮੁੱਖ ਤੇਲ ਸਹੂਲਤ ਉਤੇ ਹੋਏ ਡਰੋਨ ਹਮਲੇ ਵਿਚ ਤਿੰਨ ਭਾਰਤੀ ਨਾਗਰਿਕ ਜ਼ਖ਼ਮੀ ਹੋ ਗਏ ਹਨ।ਇਹ ਹਮਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਹੋਰਮੁਜ਼ ਜਲਡਮਰੂਮੱਧ ਨੂੰ ਮੁੜ ਖੋਲ੍ਹਣ ਦੀਆਂ ਕੋਸ਼ਿਸ਼ਾਂ ਦੇ ਜਵਾਬ ਵਿਚ ਵੇਖੇ ਜਾ ਰਹੇ ਹਨ। ਟਰੰਪ ਨੇ ਚੇਤਾਵਨੀ ਦਿਤੀ ਹੈ ਕਿ ਜੇਕਰ ਇਰਾਨ ਨੇ ਰੁਕਾਵਟ ਪਾਈ ਤਾਂ ਇਸ ਨਾਲ ਸਖ਼ਤੀ ਨਾਲ ਨਜਿੱਠਣਾ ਪਵੇਗਾ। ਉਨ੍ਹਾਂ ਨੇ ‘ਪ੍ਰਾਜੈਕਟ ਫਰੀਡਮ’ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਦਾ ਮਕਸਦ ਫਸੇ ਹੋਏ ਸਮੁੰਦਰੀ ਜਹਾਜ਼ਾਂ ਦੀ ਮਦਦ ਕਰਨਾ ਹੈ।ਇਰਾਨ ਦੇ ਮੇਜਰ ਜਨਰਲ ਅਲੀ ਅਬਦੁੱਲਾਹੀ ਨੇ ਸਖ਼ਤ ਲਹਿਜੇ ਵਿਚ ਕਿਹਾ, ‘‘ਅਸੀਂ ਚੇਤਾਵਨੀ ਦਿੰਦੇ ਹਾਂ ਕਿ ਕੋਈ ਵੀ ਵਿਦੇਸ਼ੀ ਫੌਜੀ ਤਾਕਤ, ਖਾਸ ਕਰ ਕੇ ਹਮਲਾਵਰ ਅਮਰੀਕੀ ਫੌਜ, ਜੋ ਹੋਰਮੁਜ਼ ਦੇ ਰਸਤੇ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰੇਗੀ, ਉਸ ਨੂੰ ਨਿਸ਼ਾਨਾ ਬਣਾਇਆ ਜਾਵੇਗਾ।’’

Total Views: 33 ,
Real Estate