ਮੁਅੱਤਲ DIG ਭੁੱਲਰ ਖ਼ਿਲਾਫ਼ ਸਖ਼ਤ ਐਕਸ਼ਨ

ਚੰਡੀਗੜ੍ਹ ਦੀ ਇੱਕ ਵਿਸ਼ੇਸ਼ ਸੀ.ਬੀ.ਆਈ. (CBI) ਅਦਾਲਤ ਨੇ ਪੰਜਾਬ ਪੁਲਿਸ ਦੇ ਮੁਅੱਤਲ ਡਿਪਟੀ ਇੰਸਪੈਕਟਰ ਜਨਰਲ (DIG) ਹਰਚਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਸਹਿਯੋਗੀ ਕਿਰਸ਼ਾਨੂ ਸ਼ਾਰਦਾ ਵਿਰੁੱਧ ਦਰਜ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਸੰਗਿਆਨ ਲਿਆ ਹੈ । ਅਦਾਲਤ ਦੇ ਇਸ ਫੈਸਲੇ ਨੇ 8 ਲੱਖ ਰੁਪਏ ਦੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਦੋਵਾਂ ਮੁਲਜ਼ਮਾਂ ਵਿਰੁੱਧ ਮੁਕੱਦਮਾ ਚਲਾਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਵਿਸ਼ੇਸ਼ ਸੀ.ਬੀ.ਆਈ. ਜੱਜ ਭਾਵਨਾ ਜੈਨ ਨੇ ਆਪਣੇ ਛੇ ਪੰਨਿਆਂ ਦੇ ਹੁਕਮ ਵਿੱਚ ਕਿਹਾ ਕਿ ਰਿਸ਼ਵਤ ਦੀ ਮੰਗ, ਰਕਮ ਦੀ ਬਰਾਮਦਗੀ, ਇਲੈਕਟ੍ਰਾਨਿਕ ਸਬੂਤ ਅਤੇ ਗਵਾਹਾਂ ਦੇ ਬਿਆਨ ਪਹਿਲੀ ਨਜ਼ਰੇ ਅਪਰਾਧਿਕ ਸਾਜ਼ਿਸ਼ ਦੀ ਪੁਸ਼ਟੀ ਕਰਦੇ ਹਨ।ਕੇਂਦਰੀ ਗ੍ਰਹਿ ਮੰਤਰਾਲੇ ਨੇ 23 ਜਨਵਰੀ ਨੂੰ ਭੁੱਲਰ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 19(2) ਤਹਿਤ ਮੁਕੱਦਮਾ ਚਲਾਉਣ ਦੀ ਰਸਮੀ ਮਨਜ਼ੂਰੀ ਦੇ ਦਿੱਤੀ ਸੀ। ਸੀ.ਬੀ.ਆਈ. ਵੱਲੋਂ ਵਿਛਾਏ ਜਾਲ ਦੌਰਾਨ ਕਿਰਸ਼ਾਨੂ ਸ਼ਾਰਦਾ ਨੂੰ 5 ਲੱਖ ਰੁਪਏ ਦੀ ਰਿਸ਼ਵਤ (ਕੁੱਲ 8 ਲੱਖ ਦੀ ਮੰਗ ਵਿੱਚੋਂ) ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ।

Total Views: 49 ,
Real Estate