ਹਵਾਈ ਅੱਡੇ ‘ਤੇ ਕੀੜੀਆਂ ਦੀ ਹੋ ਰਹੀ ਸੀ ‘ਤਸਕਰੀ’!

ਕੀਨੀਆ ਦੇ ਮੁੱਖ ਹਵਾਈ ਅੱਡੇ ‘ਤੇ ਚੀਨੀ ਮੂਲ ਦੇ ਇੱਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ‘ਤੇ ਅਫਰੀਕੀ ਦੇਸ਼ ਕੇਨੀਆ ਤੋਂ 2,000 ਤੋਂ ਵੱਧ ਕੀੜੀਆਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਹੈ।ਰਾਜਧਾਨੀ ਨਾਇਰੋਬੀ ਦੇ ਜੋਮੋ ਕੇਨਯਾਟਾ ਕੌਮਾਂਤਰੀ ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ਦੌਰਾਨ ਝਾਂਗ ਕੇਕੁਨ ਨੂੰ ਰੋਕਿਆ ਗਿਆ। ਅਧਿਕਾਰੀਆਂ ਨੂੰ ਉਨ੍ਹਾਂ ਦੇ ਸਮਾਨ ’ਚੋਂ ਜਿਉਂਦੀਆਂ ਕੀੜੀਆਂ ਦੀ ਇੱਕ ਖੇਪ ਮਿਲੀ, ਜਿਸਨੂੰ ਚੀਨ ਲਿਜਾਇਆ ਜਾ ਰਿਹਾ ਸੀ।ਮੁਲਜ਼ਮ ਨੇ ਆਪਣੇ ‘ਤੇ ਲੱਗੇ ਇਲਜ਼ਾਮਾਂ ਦਾ ਜਵਾਬ ਨਹੀਂ ਦਿੱਤਾ ਹੈ ਪਰ ਜਾਂਚ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਉਹ ਕੀੜੀਆਂ ਦੀ ਤਸਕਰੀ ਕਰਨ ਵਾਲੇ ਇੱਕ ਨੈੱਟਵਰਕ ਨਾਲ ਜੁੜਿਆ ਹੋਇਆ ਸੀ, ਜਿਸ ਦਾ ਪਿਛਲੇ ਸਾਲ ਕੀਨੀਆ ‘ਚ ਖੁਲਾਸਾ ਹੋਇਆ ਸੀ।ਕੀੜੀਆਂ ਨੂੰ ਕੌਮਾਂਤਰੀ ਜੈਵ ਵਿਭਿੰਨਤਾ ਸਮਝੌਤਿਆਂ ਦੇ ਤਹਿਤ ਸੁਰੱਖਿਅਤ ਕੀਤਾ ਗਿਆ ਅਤੇ ਉਨ੍ਹਾਂ ਦੇ ਵਪਾਰ ‘ਤੇ ਸਖਤ ਨਿਯਮ ਲਾਗੂ ਹਨ।ਪਿਛਲੇ ਸਾਲ, ਕੀਨੀਆ ਜੰਗਲੀ ਜੀਵ ਸੇਵਾ (ਕੇਡਬਲਿਊਐਸ) ਨੇ ਯੂਰਪ ਅਤੇ ਏਸ਼ੀਆ ‘ਚ ਬਗੀਚੇ ਦੀਆਂ ਕੀੜੀਆਂ (ਵਿਗਿਆਨਕ ਤੌਰ ‘ਤੇ ਮੇਸਰ ਸੇਫਾਲੋਟਸ ਵਜੋਂ ਜਾਣੀਆਂ ਜਾਂਦੀਆਂ) ਦੀ ਵਧਦੀ ਮੰਗ ਬਾਰੇ ਚਿਤਾਵਨੀ ਦਿੱਤੀ ਸੀ, ਜਿੱਥੇ ਸੰਭਾਲ ਕਰਨ ਵਾਲੇ ਉਨ੍ਹਾਂ ਨੂੰ ਪਾਲਤੂ ਜੀਵ ਵਾਂਗ ਰੱਖਦੇ ਹਨ।ਬੁੱਧਵਾਰ ਨੂੰ ਇੱਕ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਝਾਂਗ ਨੇ ਕੁਝ ਕੀੜੀਆਂ ਨੂੰ ਟੈਸਟ ਟਿਊਬ ‘ਚ ਪੈਕ ਕੀਤਾ ਜਦੋਂਕਿ ਹੋਰਾਂ ਨੂੰ ਟਿਸ਼ੂ ਪੇਪਰ ਦੇ ਰੋਲ ‘ਚ ਲੁਕਾ ਕੇ ਆਪਣੇ ਸੂਟਕੇਸ ‘ਚ ਰੱਖਿਆ।ਸਰਕਾਰੀ ਵਕੀਲ ਐਲਨ ਮੁਲਾਮਾ ਨੇ ਅਦਾਲਤ ਨੂੰ ਦੱਸਿਆ ਕਿ “ਉਸਦੇ ਨਿੱਜੀ ਸਮਾਨ ‘ਚ ਵਿਸ਼ੇਸ਼ ਟੈਸਟ ਟਿਊਬ ‘ਚ ਪੈਕ ਕੀਤੀਆਂ ਗਈਆਂ 1948 ਬਗੀਚੇ ਦੀਆਂ ਕੀੜੀਆਂ ਪਾਈਆਂ ਗਈਆਂ।”ਉਨ੍ਹਾਂ ਨੇ ਅੱਗੇ ਕਿਹਾ, “ਸਮਾਨ ਦੇ ਅੰਦਰ ਟਾਇਲਟ ਪੇਪਰ ਦੇ ਤਿੰਨ ਰੋਲ ‘ਚ 300 ਜਿਉਂਦੀਆਂ ਕੀੜੀਆਂ ਲੁਕਾਈਆਂ ਹੋਈਆਂ ਮਿਲੀਆਂ।”

Total Views: 78 ,
Real Estate