ਸਿਦਕਵਾਨ ਔਰਤਾਂ ਦੀਆਂ ਕੁਰਬਾਨੀਆਂ ਸਾਡੇ ਲਈ ਪ੍ਰੇਰਨਾਸ੍ਰੋਤ ਅਤੇ ਰਾਹ ਦਸੇਰਾ ਬਣਦੀਆਂ ਹਨ ਕਿ ਔਰਤ ਕਿਸੇ ਵੀ ਖੇਤਰ ਵਿੱਚ ਮਰਦਾਂ ਨਾਲੋਂ ਘੱਟ ਨਹੀਂ ਹਨ
ਸਿਦਕ ਹਾਰਦਾ ਨਹੀਂ : ਇੱਕ ਨਿਵੇਕਲੀ ਪੁਸਤਕ
ਰਣਬੀਰ ਰਾਣਾ
ਬਲਵਿੰਦਰ ਸਿੰਘ ਭੁੱਲਰ ਬਹੁਵਿਧਾਵੀ ਲੇਖਕ ਹੈ। ‘ਸਿਦਕ ਹਾਰਦਾ ਨਹੀਂ’ ਉਸਦੀ ਅੱਠਵੀਂ ਵਾਰਤਕ ਦੀ ਪੁਸਤਕ ਹੈ। ਜਿਸ ਵਿੱਚ ਲੇਖਕ ਨੇ ਸੰਸਾਰ ਪ੍ਰਸਿੱਧ ਸੂਰਬੀਰ ਔਰਤਾਂ ਦਾ ਜੀਵਨ ਸੰਘਰਸ਼ ਕਲਮਬੱਧ ਕੀਤਾ ਹੈ। ਜਿਹਨਾਂ ਨੇ ਅਪਣੇ ਦੇਸ਼, ਕੌਮ, ਧਰਮ ਅਤੇ ਵਿਗਿਆਨਕ ਸੋਚ ਲਈ ਕੁਰਬਾਨੀਆਂ ਦਿੱਤੀਆਂ ਹਨ। ਅਹਿੀਆਂ ਸਿਦਕਵਾਨ ਔਰਤਾਂ ਦੀਆਂ ਕੁਰਬਾਨੀਆਂ ਸਾਡੇ ਲਈ ਪ੍ਰੇਰਨਾਸ੍ਰੋਤ ਅਤੇ ਰਾਹ ਦਸੇਰਾ ਬਣਦੀਆਂ ਹਨ ਕਿ ਔਰਤ ਕਿਸੇ ਵੀ ਖੇਤਰ ਵਿੱਚ ਮਰਦਾਂ ਨਾਲੋਂ ਘੱਟ ਨਹੀਂ ਹਨ। ਇਸ ਪੁਸਤਕ ਵਿੱਚ ਜਾਗਦੀਆਂ ਜ਼ਮੀਰਾਂ ਵਾਲੀਆਂ 23 ਸ਼ਹੀਦ ਸੂਰਬੀਰ ਔਰਤਾਂ ਦੇ ਜੀਵਨ ਸੰਘਰਸ ਦੀ ਗਾਥਾ ਬਿਆਨ ਕੀਤੀ ਹੈ। ਮੌਜੂਦਾ ਸਮੇਂ ਦੀਆਂ 8 ਮਹਾਨ ਪ੍ਰੇਰਨਾ ਸਰੋਤ ਔਰਤਾਂ ਸੰਬੰਧੀ ਵੀ ਲੇਖ ਦਰਜ ਹਨ। ਇਸ ਪੁਸਤਕ ਦੇ ਸਰਵਰਕ ਦੇ ਦਰਸ਼ਨ ਕਰਨ ਨਾਲ ਹੀ ਮਨ ਵਿੱਚ ਇੱਕ ਦਲੇਰ ਸੂਰਬੀਰ ਔਰਤ ਦਾ ਨਕਸ਼ਾ ਬਣਦਾ ਹੈ, ਜੋ ਘੋੜੇ ’ਤੇ ਸਵਾਰ ਹੋ ਕੇ ਮੈਦਾਨ ਏ ਜੰਗ ਵਿੱਚ ਜੂਝਣ ਲਈ ਜਾ ਰਹੀ ਹੈ।
ਅਜਿਹੀਆਂ ਔਰਤਾਂ ਵਿੱਚ ਗੁਰਸਿੱਖ ਬੀਬੀ ਬਸੰਤ ਕੌਰ ਦਾ ਜ਼ਿਕਰ ਕਰਦਾ ਲੇਖਕ ਲਿਖਦਾ ਹੈ ਕਿ ਮੀਰ ਮੰਨੂ ਦੇ ਡਰਾਵਿਆਂ ਨੂੰ ਦਰਕਿਨਾਰ ਕਰਕੇ ਬੀਬੀ ਬਸੰਤ ਕੌਰ ਵਰਗੀਆਂ ਗੁਰਸਿੱਖ ਔਰਤਾਂ ਨੇ ਅਨੇਕਾਂ ਤਸੀਹੇ ਝੱਲੇ, ਪਰ ਈਨ ਨਾ ਮੰਨੀ। ਮੁਗ਼ਲਾਂ ਨੇ ਬੀਬੀ ਬਸੰਤ ਕੌਰ ਦੇ ਪੋਤੇ ਅਤੇ ਪੜਪੋਤੇ ਨੂੰ ਕਤਲ ਕਰਕੇ ਉਹਨਾਂ ਦੇ ਟੋਟੇ ਬੀਬੀ ਦੇ ਗਲ ਵਿੱਚ ਪਾਏ। ਉਸਨੂੰ ਅਤੇ ਉਸਦੇ ਪਤੀ ਨੂੰ ਬਾਅਦ ਵਿੱਚ ਸ਼ਹੀਦ ਕੀਤਾ ਗਿਆ। ਉਹਨਾਂ ਆਪਣੇ ਪਰਿਵਾਰ ਦੇ 62 ਮੈਂਬਰਾਂ ਦੀਆਂ ਸ਼ਹੀਦੀਆਂ ਦੇ ਕੇ ਧਰਮ ਦੀ ਰੱਖਿਆ ਕੀਤੀ। ਮਹਾਨ ਸ਼ਹੀਦ ਊਦਾ ਦੇਵੀ ਜੋ ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਜੂਝਦੀ ਹੋਈ ਸ਼ਹੀਦੀ ਜਾਮ ਪੀ ਜਾਂਦੀ ਹੈ, ਪਾਠਕਾਂ ਦਾ ਦਿਲ ਟੁੰਬਦੀ ਹੈ। ਇਸ ਸੂਰਬੀਰ ਦਲਿਤ ਔਰਤ ਨੇ ਮਰਦਾਂ ਵਾਲੇ ਕੱਪੜੇ ਪਹਿਨ ਕੇ ਸੰਘਣੇ ਦਰਖਤ ਵਿੱਚ ਲੁਕ ਕੇ ਅੰਗਰੇਜੀ ਫੌਜ ਦੇ 36 ਜਵਾਨ ਮਾਰ ਮੁਕਾਏ ਸਨ।
ਵੀਅਤਨਾਮ ਦੀ ਬਹਾਦਰ ਔਰਤ ਨਗੂਯਨ ਤਈ ਥੋ ਆਪਣੇ ਲੋਕਾਂ ਦੀ ਆਜ਼ਾਦੀ ਲਈ ਲੜਦੀ ਹੋਈ ਅੰਤਾਂ ਦਾ ਤਸ਼ੱਦਦ ਝਲਦੀ ਹੈ। ਅਮਰੀਕੀ ਫੌਜੀ ਉਸਨੂੰ ਗ੍ਰਿਫਤਾਰ ਕਰਨ ਉਪਰੰਤ ਅਲਫ਼ ਨੰਗੀ ਕਰਕੇ ਮੇਜ਼ ਨਾਲ ਬੰਨ ਕੇ ਉਸਦੇ ਮੂੰਹ ਤੇ ਨੱਕ ਵਿੱਚ ਰਬੜ ਦੀਆਂ ਪਾਈਪਾਂ ਰਾਹੀਂ ਪਾਣੀ ਪਾਉਂਦੇ ਹਨ, ਉਸਦਾ ਪੇਟ ਫੁੱਲ ਜਾਂਦਾ ਹੈ। ਉਸਤੋਂ ਬਾਅਦ ਪਾਈਪਾਂ ਵਿੱਚ ਕੈਮੀਕਲ ਜਾਂ ਲੂਣ ਮਿਰਚਾਂ ਵਾਲੀ ਤਰੀ ਪਾਈ ਜਾਂਦੀ ਹੈ। ਇਸ ਤਰ੍ਹਾਂ ਅੱਤਿਆਚਾਰ ਕਰਕੇ ਜੇਲ੍ਹ ਭੇਜ ਦਿੱਤਾ ਜਿਹੜੀ ਬਹੁਤ ਛੋਟੀ ਤੇ ਤੰਗ ਸੀ। ਪ੍ਰਿੰਸੀਪਲ ਤਾਹਿਰਾ ਕਾਜ਼ੀ ਜੋ ਤਾਲਿਵਾਨੀ ਅੱਤਵਾਦੀਆਂ ਦੇ ਮੂਹਰੇ ਹਿੱਕ ਤਾਣਕੇ ਖੜਦੀ ਹੈ ਅਤੇ ਵਿਦਿਆਰਥੀਆਂ ਦੀ ਰੱਖਿਆ ਨੂੰ ਆਪਣਾ ਧਰਮ ਸਮਝਦੀ ਹੋਈ ਸ਼ਹੀਦ ਹੋ ਜਾਂਦੀ ਹੈ, ਦੀਆਂ ਸੰਖੇਪ ਜੀਵਨੀਆਂ ਮਨਾਂ ਨੂੰ ਹਲੂਣਾ ਦਿੰਦੀਆਂ ਹਨ।
ਵਿਗਿਆਨਕ ਸੋਚ ਦੀ ਧਾਰਨੀ ਸ਼ਹੀਦ ਔਰਤ ਫ਼ਰਖੰਦਾ ਮਲਿਕਜ਼ਾਦਾ ਦੀ ਸ਼ਹੀਦੀ ਵੀ ਕੱਟੜਤਾ ਦਾ ਸਬੂਤ ਪੇਸ਼ ਕਰਦੀ ਹੈ। ਉਸਤੇ ਝੂਠਾ ਦੋਸ਼ ਲਾਇਆ ਕਿ ਉਸਨੇ ਪਵਿੱਤਰ ਕੁਰਾਨ ਨੂੰ ਅੱਗ ਲਾ ਕੇ ਸਾੜ ਦਿੱਤਾ ਹੈ। ਮੌਲਵੀ ਨਾਲ ਬਹਿਸ ਵਿੱਚ ਵੀ ਉਹ ਆਪਣੇ ਵਿਚਾਰਾਂ ਤੇ ਦ੍ਰਿੜਤਾ ਨਾਲ ਪਹਿਰਾ ਦਿੰਦੀ ਹੈ। ਫਿਰ ਗਿਣੀ ਮਿਥੀ ਸਾਜ਼ਿਸ ਅਧੀਨ ਉਸਨੂੰ ਕੱਟੜਪੰਥੀਆਂ ਨੇ ਕਰੂਰਤਾ ਨਾਲ ਮਾਰ ਮੁਕਾਇਆ। ਅਗਾਂਹਵਧੂ ਸੋਚ ਦੀ ਧਾਰਨੀ ਸ਼ਹੀਦ ਗੌਰੀ ਲੰਕੇਸ ਦੀ ਜੀਵਨੀ ਵੀ ਸਮਾਜ ਲਈ ਪ੍ਰੇਰਨਾਸ੍ਰੋਤ ਹੈ। ਜਿਸਨੂੰ ਫਿਰਕਾਪ੍ਰਸਤ ਤਾਕਤਾਂ ਨੇ ਉਸਦੇ ਘਰ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਉਸਦੀ ਵਿਗਿਆਨਕ ਸਮਝ ਦੀ ਉਦਾਹਰਣ ਦਿੰਦਾ ਲੇਖਕ ਲਿਖਦਾ ਹੈ, ਜਦੋਂ ਗੌਰੀ ਦੇ ਪਿਤਾ ਦਾ ਦੇਹਾਂਤ ਹੋ ਗਿਆ ਤਾਂ ਉਹ ਘਰ ਆਈ। ਵੇਖਿਆ ਕਿ ਰਿਸ਼ਤੇਦਾਰ ਧਾਰਮਿਕ ਰਸਮਾਂ ਕਰ ਰਹੇ ਸਨ। ਉਸਨੇ ਤੁਰੰਤ ਰੋਕਦੇ ਹੋਏ ਆਖਿਆ ਕਿ ਮੇਰੇ ਪਿਤਾ ਹਰ ਤਰ੍ਹਾਂ ਦੇ ਅੰਧ ਵਿਸ਼ਵਾਸ਼ਾਂ, ਰਸਮਾਂ ਅਤੇ ਅਰਦਾਸਾਂ ਦੇ ਸਖ਼ਤ ਵਿਰੋਧੀ ਸਨ। ਅਸੀਂ ਉਸਦੀ ਮ੍ਰਿਤਕ ਦੇਹ ਨਾਲ ਅਜਿਹਾ ਨਹੀਂ ਹੋਣ ਦਿਆਂਗੇ। ਇਸ ਤਰ੍ਹਾਂ ਰਿਸਤੇਦਾਰਾਂ ਦੀ ਨਿਰਾਜਗੀ ਝੱਲਦੇ ਹੋਏ ਕੋਈ ਧਾਰਮਿਕ ਰਸਮ ਨਾ ਹੋਣ ਦਿੱਤੀ।
ਇਸ ਪੁਸਤਕ ਵਿੱਚ ਦਰਜ ਸਾਰੀਆਂ ਹੀ ਸ਼ਹੀਦ ਬੀਬੀਆਂ ਦਾ ਕੁਰਬਾਨੀਆਂ ਭਰਿਆ ਸਫ਼ਰ ਇਤਿਹਾਸਕ ਅਤੇ ਲਾਮਿਸਾਲ ਹੈ। ਜਿਸਨੂੰ ਪੜ੍ਹਣ ਉਪਰੰਤ ਉਹਨਾਂ ਦੀ ਸਹਾਦਤ ਅੱਗੇ ਸਿਰ ਝੁਕਦਾ ਹੈ। ਆਪਣੇ ਦੇਸ਼ ਅਤੇ ਲੋਕਾਂ ਪ੍ਰਤੀ ਪ੍ਰੇਮ ਭਾਵਨਾ ਦਾ ਜਜ਼ਬਾ ਪੈਦਾ ਹੁੰਦਾ ਹੈ। ਹੱਕ ਸੱਚ ਲਈ ਲੜਨ ਮਰਨ ਦੀ ਪ੍ਰੇਰਨਾ ਮਿਲਦੀ ਹੈ।
ਮੌਜੂਦਾ ਸਮੇਂ ਦੀਆਂ ਦਰਜ ਅੱਠ ਔਰਤਾਂ ਦਾ ਜੀਵਨ ਸੰਘਰਸ ਵੀ ਸੇਧਮਈ ਹੈ। ਉਹਨਾਂ ਨੇ ਆਰਥਿਕ ਸੰਕਟ ਨਾਲ ਜੂਝਦਿਆਂ ਅਤੇ ਹਰ ਜਬਰ ਜ਼ੁਲਮ ਦਾ ਟਾਕਰਾ ਦਲੇਰੀ ਨਾਲ ਕੀਤਾ, ਅਤੇ ਸਫਲਤਾ ਹਾਸਲ ਕਰਕੇ ਪ੍ਰੇਰਨਾਸ੍ਰੋਤ ਬਣੀਆਂ ਹਨ। ਹਰ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਕੇ ਜੀਵਨ ਵਿੱਚ ਉੱਚਾ ਰੁਤਬਾ ਹਾਸਿਲ ਕੀਤਾ ਹੈ। ਅਜਿਹੀ ਮੁੱਲਵਾਨ ਪੁਸਤਕ ਲੇਖਕ ਦੀ ਮਿਹਨਤ ਦੀ ਗਵਾਹੀ ਭਰਦੀ ਹੈ। ਇਹ ਪੜ੍ਹਨਯੋਗ ਅਤੇ ਸੰਭਾਲਣਯੋਗ ਦਸਤਾਵੇਜ਼ ਹੈ।
ਇਸ ਪੁਸਤਕ ਨੂੰ ਸਾਦਿਕ ਪਬਲੀਕੇਸ਼ਨ ਜੋਧਪੁਰ ਪਾਖਰ ਬਠਿੰਡਾ ਵੱਲੋਂ ਛਾਪਿਆ ਗਿਆ ਹੈ। ਕੁੱਝ ਕੁ ਪਰੂਫ ਦੀਆਂ ਗਲਤੀਆਂ ਰੜਕਦੀਆਂ ਹਨ। ਪਰ ਇਸ ਪੁਸਤਕ ਦੇ ਲੇਖਾਂ ਨੂੰ ਪੜ੍ਹਕੇ ਆਨੰਦ ਆਉਂਦਾ ਹੈ ਅਤੇ ਜੀਵਨ ਪ੍ਰਤੀ ਨਜ਼ਰੀਆ ਸਾਫ਼ ਹੁੰਦਾ ਹੈ।




















