
ਕੈਨੇਡਾ ਦੇ ਵਿੱਤ ਮੰਤਰੀ ਫਰਾਂਸੁਆ-ਫ਼ਿਲਿਪ ਸ਼ੈਂਪੇਨ ਨੇ ਬੁਧਵਾਰ ਨੂੰ ਅਪਣਾ ਪਹਿਲਾ ਫ਼ੈਡਰਲ ਬਜਟ ਪੇਸ਼ ਕੀਤਾ, ਜਿਸ ਵਿਚ ਇਕ ਪਾਸੇ ਆਰਥਕ ਝਟਕਿਆਂ ਨਾਲ ਜੂਝ ਰਹੀ ਅਰਥਵਿਵਸਥਾ ਨੂੰ ਸੰਭਾਲਣ ਲਈ ਵੱਡੇ ਖ਼ਰਚੇ ਸ਼ਾਮਲ ਹਨ, ਤੇ ਦੂਜੇ ਪਾਸੇ ਸਰਕਾਰੀ ਖ਼ਰਚੇ ਘਟਾ ਕੇ ਵਿੱਤੀ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਜਟ ਅਨੁਸਾਰ ਇਮੀਗ੍ਰੇਸ਼ਨ ਵਿਚ ਵੱਡੀ ਕਟੌਤੀ ਕੀਤੀ ਜਾਵੇਗੀ। ਅਸਥਾਈ ਨਿਵਾਸੀ ਜਿਵੇਂ ਕਿ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਲਗਭਗ 50 ਫ਼ੀ ਸਦੀ ਘਟਾਈ ਜਾਵੇਗੀ। ਸਰਕਾਰੀ ਬਿਊਰੋਕਰੇਸੀ ਵਿਚ ਕਰੀਬ 40,000 ਨੌਕਰੀਆਂ ਦੀ ਕਟੌਤੀ -ਸਵੈ-ਇੱਛਾ ਰਿਟਾਇਰਮੈਂਟ ਅਤੇ ਕੁਦਰਤੀ ਤੌਰ ਉਤੇ ਖਾਲੀ ਹੋਈਆਂ ਅਸਾਮੀਆਂ ਨਾ ਭਰਨ ਰਾਹੀਂ।ਹਾਲਾਂਕਿ ਕੈਨੇਡਾ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਅਤੇ ਅਪਣੇ ਨਵੀਂਆਂ ਖੋਜਾਂ ਦੇ ਵਾਤਾਵਰਣ ਨੂੰ ਮਜ਼ਬੂਤ ਕਰਨ ਲਈ ਇਕ ਵਿਆਪਕ ਰਣਨੀਤੀ ਦੇ ਹਿੱਸੇ ਵਜੋਂ ਐਚ-1ਬੀ ਵੀਜ਼ਾ ਧਾਰਕਾਂ ਲਈ ਇਕ ਤੇਜ਼ ਇਮੀਗ੍ਰੇਸ਼ਨ ਮਾਰਗ ਪੇਸ਼ ਕਰ ਰਿਹਾ ਹੈ। ਇਹ ਪਹਿਲ ਹਾਲ ਹੀ ਵਿਚ ਅਮਰੀਕਾ ਦੇ ਐਚ-1ਬੀ ਫੀਸ ਵਾਧੇ ਤੋਂ ਪ੍ਰਭਾਵਤ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਅਤੇ ਸਿਹਤ ਸੰਭਾਲ, ਖੋਜ ਅਤੇ ਉੱਨਤ ਤਕਨਾਲੋਜੀ ਵਰਗੇ ਉੱਚ ਮੰਗ ਵਾਲੇ ਖੇਤਰਾਂ ਵਿਚ ਲੇਬਰ ਪਾੜੇ ਨੂੰ ਭਰਨ ਲਈ ਸ਼ੁਰੂ ਕੀਤੀ ਗਈ ਹੈ।



















